ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bi7 ਸਫ਼ੇ 663-665
  • 6 “ਤਸੀਹੇ ਦੀ ਸੂਲ਼ੀ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 6 “ਤਸੀਹੇ ਦੀ ਸੂਲ਼ੀ”
  • ਪਵਿੱਤਰ ਬਾਈਬਲ
ਪਵਿੱਤਰ ਬਾਈਬਲ
6 “ਤਸੀਹੇ ਦੀ ਸੂਲ਼ੀ”

6 “ਤਸੀਹੇ ਦੀ ਸੂਲ਼ੀ”

ਯੂਨਾਨੀ, σταυρός (“ਸਟਾਉਰੋਸ”); ਲਾਤੀਨੀ, “ਕ੍ਰੱਕਸ”

ਮੱਤੀ 27:40 ਦੱਸਦਾ ਹੈ ਕਿ ਯਿਸੂ ਨੂੰ ਕਲ­ਵਰੀ ਯਾਨੀ “ਖੋਪੜੀ ਦੀ ਜਗ੍ਹਾ” ʼਤੇ “ਤਸੀਹੇ ਦੀ ਸੂਲ਼ੀ” (ਯੂਨਾਨੀ, “ਸਟਾਉਰੋਸ”) ਉੱਤੇ ਟੰਗ ਕੇ ਮਾਰਿਆ ਗਿਆ ਸੀ। ਮਸੀਹ ਤੋਂ ਸਦੀਆਂ ਪਹਿਲਾਂ ਕਈ ਧਰਮਾਂ ਵਿਚ ਪੂਜਾ ਕਰਨ ਲਈ ਕ੍ਰਾਸ ਜਾਂ ਸਲੀਬ ਵਰਤਿਆ ਜਾਂਦਾ ਸੀ, ਪਰ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਆਇਤ ਵਿਚ ਕ੍ਰਾਸ ਜਾਂ ਸਲੀਬ ਦੀ ਗੱਲ ਕੀਤੀ ਜਾ ਰਹੀ ਹੈ।

ਪੁਰਾਣੀ ਯੂਨਾਨੀ ਭਾਸ਼ਾ ਵਿਚ “ਸਟਾਉਰੋਸ” ਦਾ ਮਤਲਬ ਸੀ ਇਕ ਸੂਲ਼ੀ ਜਾਂ ਬੱਲੀ ਜਾਂ ਥੰਮ੍ਹੀ ਜੋ ਨੀਂਹ ਵਿਚ ਵਰਤੀ ਜਾਂਦੀ ਹੈ। ਇਸ ਸ਼ਬਦ ਤੋਂ ਬਣੀ ਕ੍ਰਿਆ (“ਸਟਾਉਰੂ”) ਦਾ ਮਤਲਬ ਹੈ ਬੱਲੀਆਂ ਨਾਲ ਵਾੜ ਲਾਉਣੀ। ਯੂਨਾਨੀ ਲਿਖਤਾਂ ਦੇ ਲੇਖਕਾਂ ਨੇ ਆਪਣੀਆਂ ਕਿਤਾਬਾਂ ਆਮ ਯੂਨਾਨੀ ਭਾਸ਼ਾ (“ਕੋਇਨੀ”) ਵਿਚ ਲਿਖੀਆਂ ਸਨ ਅਤੇ ਉਨ੍ਹਾਂ ਨੇ ਪੁਰਾਣੀ ਯੂਨਾਨੀ ਭਾਸ਼ਾ ਦਾ ਸ਼ਬਦ ਵਰਤਿਆ ਸੀ ਜਿਸ ਦਾ ਮਤਲਬ ਹੈ ਇਕ ਸੂਲ਼ੀ ਜਾਂ ਬੱਲੀ, ਨਾ ਕਿ ਦੋ ਆਡੇਦਾਰ ਜੋੜੀਆਂ ਲੱਕੜਾਂ ਦਾ ਕ੍ਰਾਸ। ਅਜਿਹਾ ਕੋਈ ਸਬੂਤ ਨਹੀਂ ਹੈ ਕਿ ਇਹ ਸਿੱਟਾ ਗ਼ਲਤ ਹੈ। ਜਿਸ ਤਰ੍ਹਾਂ ਦੀ ਸੂਲ਼ੀ ਉੱਤੇ ਯਿਸੂ ਨੂੰ ਟੰਗਿਆ ਗਿਆ ਸੀ, ਉਸ ਲਈ ਪਤਰਸ ਅਤੇ ਪੌਲੁਸ ਰਸੂਲ ਨੇ “ਜ਼ਾਈਲੋਨ” ਸ਼ਬਦ ਵਰਤਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਸੂਲ਼ੀ ਦੋ ਲੱਕੜਾਂ ਨੂੰ ਆਡੇਦਾਰ ਜੋੜ ਕੇ ਨਹੀਂ ਬਣਾਈ ਗਈ ਸੀ, ਸਗੋਂ ਇਹ ਇਕ ਸਿੱਧੀ ਥੰਮ੍ਹੀ ਜਾਂ ਬੱਲੀ ਸੀ ਕਿਉਂਕਿ “ਜ਼ਾਈਲੋਨ” ਦਾ ਖ਼ਾਸ ਕਰਕੇ ਇਹੀ ਮਤਲਬ ਹੈ। (ਰਸੂਲਾਂ ਦੇ ਕੰਮ 5:30; 10:39; 13:29; ਗਲਾਤੀਆਂ 3:13; 1 ਪਤਰਸ 2:24) ਯੂਨਾਨੀ ਸੈਪਟੁਜਿੰਟ ਵਿਚ ਅਜ਼ਰਾ 6:11 (2 ਅਜ਼ਡਰਾਸ 6:11) ਵਿਚ “ਜ਼ਾਈਲੋਨ” ਸ਼ਬਦ ਆਉਂਦਾ ਹੈ ਅਤੇ ਇਸ ਆਇਤ ਵਿਚ ਇਸ ਦਾ ਮਤਲਬ ਹੈ ਇਕ ਸਿੱਧੀ ਥੰਮ੍ਹੀ ਜਿਸ ਉੱਤੇ ਅਪ­ਰਾਧੀ ਨੂੰ ਟੰਗਿਆ ਜਾਂਦਾ ਸੀ। ਇਹੀ ਸ਼ਬਦ ਰਸੂਲਾਂ ਦੇ ਕੰਮ 5:30; 10:39 ਵਿਚ ਆਉਂਦਾ ਹੈ।

“ਸਟਾਉਰੋਸ” ਸ਼ਬਦ ਬਾਰੇ ਇਕ ਵਿਦਵਾਨ ਨੇ ਕਿਹਾ: “ਸਟਾਉਰੋਸ (σταυρός) ਦਾ ਖ਼ਾਸ ਕਰਕੇ ਮਤਲਬ ਹੈ ਇਕ ਸਿੱਧੀ ਥੰਮ੍ਹੀ ਜਾਂ ਇਕ ਸੂਲ਼ੀ। ਇਨ੍ਹਾਂ ਉੱਤੇ ਅਪਰਾਧੀਆਂ ਨੂੰ ਕਿੱਲਾਂ ਠੋਕ ਕੇ ਟੰਗਿਆ ਜਾਂਦਾ ਸੀ। ਨਾਂਵ ਅਤੇ ਕ੍ਰਿਆ, ­‘ਸਟਾਉਰੂ’ (ਯਾਨੀ ਥੰਮ੍ਹੀ ਜਾਂ ਸੂਲ਼ੀ ʼਤੇ ਟੰਗਣਾ) ਨੂੰ ਦੋ ਲੱਕੜਾਂ ਆਡੇਦਾਰ ਜੋੜ ਕੇ ਬਣਾਏ ਕ੍ਰਾਸ ਤੋਂ ਵੱਖਰਾ ਸਮਝਿਆ ਜਾਣਾ ਚਾਹੀਦਾ ਹੈ ਜੋ ਆਮ ਕਰਕੇ ਚਰਚਾਂ ਵਿਚ ਵਰਤਿਆ ਜਾਂਦਾ ਹੈ। ਕ੍ਰਾਸ ਦਾ ਡੀਜ਼ਾਈਨ ਕਸਦੀਆਂ ਦੇ ਦੇਸ਼ ਤੋਂ ਆਇਆ ਹੈ ਅਤੇ ਇਹ ਤੰਮੂਜ਼ ਦੇਵਤੇ ਦਾ ਚਿੰਨ੍ਹ ਸੀ ਜਿਸ ਦੀ ਉਸ ਦੇਸ਼ ਵਿਚ ਅਤੇ ਮਿਸਰ ਤੇ ਆਲੇ-ਦੁਆਲੇ ਦੇ ਦੇਸ਼ਾਂ ਵਿਚ ਪੂਜਾ ਕੀਤੀ ਜਾਂਦੀ ਸੀ (ਕ੍ਰਾਸ ਤੰਮੂਜ਼ ਦੇ ਨਾਂ ਦੇ ਪਹਿਲੇ ਅੱਖਰ ਨਾਲ ਮਿਲਦਾ-ਜੁਲਦਾ ਹੈ ਜੋ ਯੂਨਾਨੀ ਅਤੇ ਅੰਗ੍ਰੇਜ਼ੀ ਵਿਚ “T” ਹੈ)। ਤੀਜੀ ਸਦੀ ਈ. ਦੇ ਅੱਧ ਤਕ ਈਸਾਈ-ਜਗਤ ਦੇ ਚਰਚਾਂ ਨੇ ਕੁਝ ਮਸੀਹੀ ਸਿੱਖਿਆਵਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਸੀ ਜਾਂ ਉਨ੍ਹਾਂ ਵਿਚ ਫੇਰ-ਬਦਲ ਕਰ ਦਿੱਤਾ ਸੀ। ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਇਨ੍ਹਾਂ ਚਰਚਾਂ ਨੇ ਆਪਣੀ ਸ਼ਾਨ ਵਧਾਉਣ ਲਈ ਦੂਸਰੇ ਧਰਮਾਂ ਦੇ ਲੋਕਾਂ ਨੂੰ ਕਬੂਲ ਕਰ ਲਿਆ। ਇਨ੍ਹਾਂ ਲੋਕਾਂ ਤੋਂ ਇਹ ਮੰਗ ਨਹੀਂ ਕੀਤੀ ਗਈ ਕਿ ਉਹ ਮਸੀਹ ʼਤੇ ਨਿਹਚਾ ਕਰਨ, ਸਗੋਂ ਉਨ੍ਹਾਂ ਕੋਲ ਆਪਣੇ ਵੱਖੋ-ਵੱਖਰੇ ਧਰਮਾਂ ਦੇ ਚਿੰਨ੍ਹ ਅਤੇ ਨਿਸ਼ਾਨੀਆਂ ਰੱਖਣ ਦੀ ਆਜ਼ਾਦੀ ਸੀ। ਇਸ ਕਰਕੇ, ਤੰਮੂਜ਼ ਦੇਵਤੇ ਦੇ ਚਿੰਨ੍ਹ ‘T’ ਦੀ ਉਪਰਲੀ ਡੰਡੀ ਥੋੜ੍ਹੀ ਜਿਹੀ ਥੱਲੇ ਕੀਤੀ ਗਈ ਅਤੇ ਇਸ ਨੂੰ ਮਸੀਹ ਦਾ ਕ੍ਰਾਸ ਮੰਨਿਆ ਗਿਆ।”​—⁠ਨਵੇਂ ਨੇਮ ਦੇ ਸ਼ਬਦਾਂ ਦੀ ਡਿਕਸ਼ਨਰੀ (ਅੰਗ੍ਰੇਜ਼ੀ [1966 ਵਿਚ ਦੁਬਾਰਾ ਛਾਪੀ ਗਈ]), ਖੰਡ 1, ਸਫ਼ਾ 256, ਡਬਲਯੂ. ਈ. ਵਾਈਨ।

ਲੂਇਸ ਅਤੇ ਸ਼ੌਰਟ ਦੀ ਲਾਤੀਨੀ ਡਿਕਸ਼ਨਰੀ ਸ਼ਬਦ “ਕ੍ਰੱਕਸ” ਦਾ ਆਮ ਮਤਲਬ ਦੱਸਦੀ ਹੈ: “ਇਕ ਦਰਖ਼ਤ, ਢਾਂਚਾ ਜਾਂ ਮੌਤ ਦੀ ਸਜ਼ਾ ਦੇਣ ਲਈ ਲੱਕੜੀ ਦੀ ਬਣੀ ਹੋਰ ਕੋਈ ਚੀਜ਼ ਜਿਸ ਉੱਤੇ ਅਪਰਾਧੀਆਂ ਨੂੰ ਟੰਗਿਆ ਜਾਂ ਫਾਂਸੀ ਦਿੱਤੀ ਜਾਂਦੀ ਸੀ।” ਇਸ ਸ਼ਬਦ ਨਾਲ ਕ੍ਰਾਸ ਦਾ ਭਾਵ ਬਾਅਦ ਵਿਚ ਜੋੜਿਆ ਗਿਆ ਸੀ। ਲਾਤੀਨੀ ਭਾਸ਼ਾ ਵਿਚ ਅਪਰਾਧੀਆਂ ਨੂੰ ਟੰਗਣ ਲਈ ਇੱਕੋ ਥੰਮ੍ਹੀ ਨੂੰ “ਕ੍ਰੱਕਸ ਸਿੰਪਲੈਕਸ” ਸੱਦਿਆ ਜਾਂਦਾ ਸੀ ਜਿਸ ਦੀ ਤਸਵੀਰ ਅਗਲੇ ਸਫ਼ੇ ʼਤੇ ਦਿੱਤੀ ਗਈ ਹੈ।​—⁠ਡ ਕਰੂਸ ਲਿਬਰੀ ਟ੍ਰੇਸ, ਐਂਟਵਰਪ, 1629, ਸਫ਼ਾ 19, ਜਸਟਸ ਲਿਪਸੀਅਸ (1547-1606)।

ਲੇਖਕ ਹਰਮਨ ਫੁਲਡਾ ਨੇ ਆਪਣੀ ਕਿਤਾਬ ਵਿਚ ਕਿਹਾ: “ਜਿਸ ਜਗ੍ਹਾ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ, ਉੱਥੇ ਹਮੇਸ਼ਾ ਦਰਖ਼ਤ ਨਹੀਂ ਹੁੰਦੇ ਸਨ। ਇਸ ਲਈ ਇਕ ਥੰਮ੍ਹੀ ਨੂੰ ਜ਼ਮੀਨ ਵਿਚ ਗੱਡਿਆ ਜਾਂਦਾ ਸੀ। ਅਪਰਾਧੀਆਂ ਦੇ ਹੱਥ ਉੱਪਰ ਕਰ ਕੇ ਬੰਨ੍ਹ ਦਿੱਤੇ ਜਾਂਦੇ ਸਨ ਜਾਂ ਫਿਰ ਮੇਖਾਂ ਠੋਕ ਦਿੱਤੀਆਂ ਜਾਂਦੀਆਂ ਸਨ। ਕਦੀ-ਕਦੀ ਉਨ੍ਹਾਂ ਦੇ ਪੈਰਾਂ ਨੂੰ ਵੀ ਸੂਲ਼ੀ ਨਾਲ ਬੰਨ੍ਹਿਆਂ ਜਾਂਦਾ ਸੀ ਜਾਂ ਪੈਰਾਂ ਵਿਚ ਮੇਖਾਂ ਠੋਕੀਆਂ ਜਾਂਦੀਆਂ ਸਨ।” ਹੋਰ ਕਾਫ਼ੀ ਸਬੂਤ ਪੇਸ਼ ਕਰਨ ਤੋਂ ਬਾਅਦ, ਫੁਲਡਾ ਨੇ ਸਫ਼ੇ 219-220 ʼਤੇ ਇਹ ਸਿੱਟਾ ਕੱਢ ਕੇ ਲਿਖਿਆ: “ਯਿਸੂ ਇਕ ਆਮ ਜਿਹੀ ਸੂਲ਼ੀ ਉੱਤੇ ਮਰਿਆ ਸੀ: ਇਸ ਦਾ ਸਬੂਤ ਇਹ ਹੈ: (1) ਪੂਰਬੀ ਦੇਸ਼ਾਂ ਵਿਚ ਲੋਕਾਂ ਨੂੰ ਇਸੇ ਤਰ੍ਹਾਂ ਸਜ਼ਾ ਦਿੱਤੀ ਜਾਂਦੀ ਸੀ, (2) ਯਿਸੂ ਦੇ ਤਸੀਹਿਆਂ ਦਾ ਇਤਿਹਾਸ ਅਤੇ (3) ਪੁਰਾਣੇ ਜ਼ਮਾਨੇ ਦੇ ਧਾਰਮਿਕ ਪਾਦਰੀਆਂ ਦੀਆਂ ਬਹੁਤ ਸਾਰੀਆਂ ਗੱਲਾਂ।”​—⁠ਕ੍ਰਾਸ ਅਤੇ ਸਜ਼ਾ, ­ਹਰਮਨ ਫੁਲਡਾ, ਬ੍ਰੇਸਲਾਓ, 1878, ਸਫ਼ਾ 109.

ਪੌਲ ਵਿਲਹੈਲਮ ਸ਼ਮਿਤ, ਜੋ ਬਾਸੇਲ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਸੀ, ਨੇ ਯੂਨਾਨੀ ਸ਼ਬਦ “ਸਟਾਉਰੋਸ” ਉੱਤੇ ਕਾਫ਼ੀ ਖੋਜ ਕੀਤੀ ਸੀ। ਉਸ ਨੇ ਆਪਣੀ ਕਿਤਾਬ ਦੇ ਸਫ਼ੇ 386 ʼਤੇ ਕਿਹਾ: “σταυρός [‘ਸਟਾਉਰੋਸ’] ਸ਼ਬਦ ਦਾ ਮਤਲਬ ਹੈ ਹਰ ਤਰ੍ਹਾਂ ਦੀ ਸਿੱਧੀ ਥੰਮ੍ਹੀ ਜਾਂ ਦਰਖ਼ਤ ਦਾ ਤਣਾ।” ਯਿਸੂ ਦੀ ਸਜ਼ਾ ਬਾਰੇ ਉਸ ਨੇ ਸਫ਼ੇ 387-389 ʼਤੇ ਲਿਖਿਆ: “ਚਾਰ ਇੰਜੀਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਕੋਰੜੇ ਮਾਰਨ ਤੋਂ ਇਲਾਵਾ ਰੋਮੀਆਂ ਨੇ ਉਸ ਨੂੰ ਜਾਨੋਂ ਮਾਰਨ ਲਈ ਸਭ ਤੋਂ ਸਾਧਾਰਣ ਤਰੀਕਾ ਇਸਤੇਮਾਲ ਕੀਤਾ ਸੀ ਯਾਨੀ ਉਸ ਨੂੰ ਨੰਗਾ ਸੂਲ਼ੀ ʼਤੇ ਟੰਗਿਆ ਸੀ। ਇਹ ਵੀ ਯਾਦ ਰੱਖੋ ਕਿ ਯਿਸੂ ਦੀ ਉਦੋਂ ਵੀ ਬਹੁਤ ਬੇਇੱਜ਼ਤੀ ਹੋਈ ਸੀ ਜਦੋਂ ਉਸ ਨੂੰ ਸੂਲ਼ੀ ਚੁੱਕ ਕੇ ਮਰਨ ਸਥਾਨ ਤਕ ਲਿਆਉਣੀ ਪਈ। . . . ਅਸੀਂ ਪੱਕਾ ਕਹਿ ਸਕਦੇ ਹਾਂ ਕਿ ਉਸ ਨੂੰ ਸੂਲ਼ੀ ਉੱਤੇ ਹੀ ਟੰਗਿਆ ਗਿਆ ਸੀ ਕਿਉਂਕਿ ਉਸ ਜ਼ਮਾਨੇ ਵਿਚ ਬਹੁਤ ਸਾਰੇ ਲੋਕਾਂ ਨੂੰ ਇੱਕੋ ਸਮੇਂ ʼਤੇ ਮੌਤ ਦੀ ਸਜ਼ਾ ਦੇਣ ਦਾ ਅਕਸਰ ਇਹੀ ਸਭ ਤੋਂ ਸੌਖਾ ਤਰੀਕਾ ਹੁੰਦਾ ਸੀ। ਮਿਸਾਲ ਲਈ, ­ਸੈਨੇਟਰ ਵਾਰੂਸ ਨੇ (ਜੋਸੀਫ਼ਸ ਦੁਆਰਾ ਯਹੂਦੀਆਂ ਦਾ ਇਤਿਹਾਸ, ਖੰਡ 17, ਅਧਿ. 10, ਪੈਰਾ 10 [ਅੰਗ੍ਰੇਜ਼ੀ]), ਕੁਆਡ੍ਰੇਟਸ ਨੇ (ਯਹੂਦੀ ਯੁੱਧ, ਖੰਡ 2, ਅਧਿ. 12, ਪੈਰਾ 6 [ਅੰਗ੍ਰੇਜ਼ੀ]), ਫ਼ੇਲਿਕਸ ਨੇ (ਯਹੂਦੀ ਯੁੱਧ, ਖੰਡ 2, ਅਧਿ. 15, ਪੈਰਾ 2 [ਅਧਿ. 13, ਪੈਰਾ 2] [ਅੰਗ੍ਰੇਜ਼ੀ]) ਅਤੇ ਜਰਨੈਲ ਟਾਈਟਸ ਨੇ (ਯਹੂਦੀ ਯੁੱਧ, ਖੰਡ 7, ਅਧਿ. 1 [ਖੰਡ 5, ਅਧਿ. 11, ਪੈਰਾ 1] [ਅੰਗ੍ਰੇਜ਼ੀ]) ਇੱਕੋ ਵਾਰ 2,000 ਬੰਦਿਆਂ ਨੂੰ ਇਸ ਤਰੀਕੇ ਨਾਲ ਮਾਰਿਆ ਸੀ।”​—⁠ਯਿਸੂ ਦਾ ਇਤਿਹਾਸ (ਜਰਮਨ), ਖੰਡ 2, ਤੂਬਿੰਗਨ ਅਤੇ ਲੀਪਸਿਗ 1904, ਸਫ਼ੇ 386-394.

ਤਾਂ ਫਿਰ ਕੋਈ ਸਬੂਤ ਨਹੀਂ ਹੈ ਕਿ ਯਿਸੂ ਨੂੰ ਦੋ ਲੱਕੜਾਂ ਨੂੰ ਆਡੇਦਾਰ ਜੋੜ ਕੇ ਬਣਾਏ ਕ੍ਰਾਸ ʼਤੇ ਟੰਗਿਆ ਗਿਆ ਸੀ। ਅਸੀਂ ਪਰਮੇਸ਼ੁਰ ਦੇ ਬਚਨ ਵਿਚ ਕ੍ਰਾਸ ਦੀ ਗ਼ਲਤ ਸਿੱਖਿਆ ਨਹੀਂ ਪਾਉਣੀ ਚਾਹੁੰਦੇ, ਇਸ ਲਈ ਅਸੀਂ “ਸਟਾਉਰੋਸ” ਅਤੇ “ਜ਼ਾਈਲੋਨ” ਨੂੰ ਸਾਧਾਰਣ ਮਤਲਬ ਮੁਤਾਬਕ ਅਨੁਵਾਦ ਕੀਤਾ ਹੈ। ਜਦ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਅਤਿਆਚਾਰ ਅਤੇ ਬੇਇੱਜ਼ਤੀ ਝੱਲਣਗੇ, ਤਾਂ ਉਸ ਨੇ ਇੱਥੇ “ਸਟਾਉਰੋਸ” ਸ਼ਬਦ ਇਸਤੇਮਾਲ ਕੀਤਾ ਸੀ। (ਮੱਤੀ 16:24) ਅਸੀਂ ਇਸ ਆਇਤ ਵਿਚ ਇਸ ਨੂੰ “ਤਸੀਹੇ ਦੀ ਸੂਲ਼ੀ” ਅਨੁਵਾਦ ਕੀਤਾ ਹੈ ਕਿਉਂਕਿ ਇਸ ਦਾ ਭਾਵ ­“ਜ਼ਾਈਲੋਨ” ਤੋਂ ਵੱਖਰਾ ਹੈ ਜਿਸ ਨੂੰ ਅਸੀਂ “ਸੂਲ਼ੀ” ਅਨੁਵਾਦ ਕੀਤਾ ਹੈ।

[ਸਫ਼ਾ 655 ਉੱਤੇ ਤਸਵੀਰ]

“ਕ੍ਰੱਕਸ ਸਿੰਪਲੈਕਸ” ਦੀ ਤਸਵੀਰ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ