ਵਿਸ਼ਾਲ ਸਮੁੰਦਰ ਵਿਚ ਸਫ਼ਰ ਤੈਅ ਕਰਨਾ
ਸ਼ਾਂਤ ਮਹਾਂਸਾਗਰ ਵਿਚ ਤਕਰੀਬਨ 7.5 ਲੱਖ ਵਰਗ ਕਿਲੋਮੀਟਰ ਖੇਤਰ ਵਿਚ ਮਾਰਸ਼ਲ ਦੀਪ-ਸਮੂਹ, 1,200 ਤੋਂ ਵਧ ਵੱਡੇ-ਛੋਟੇ ਟਾਪੂਆਂ ਦਾ ਬਣਿਆ ਹੋਇਆ ਹੈ। ਜ਼ਿਆਦਾਤਰ ਟਾਪੂ ਸਮੁੰਦਰੀ ਤਲ ਤੋਂ ਕੁਝ ਛੇ ਕੁ ਮੀਟਰ ਉੱਚੇ ਹਨ। ਕਈ ਟਾਪੂ ਥੋੜ੍ਹੀ ਹੀ ਦੂਰੀ ਤੇ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ। ਫਿਰ ਵੀ ਪੁਰਾਣੇ ਜ਼ਮਾਨੇ ਵਿਚ ਉੱਥੇ ਦੇ ਜਹਾਜ਼ੀਆਂ ਨੇ ਆਪਣੀਆਂ ਬੇੜੀਆਂ ਵਿਚ ਇਕ ਟਾਪੂ ਤੋਂ ਦੂਜੇ ਟਾਪੂ ਤਕ ਆਸਾਨੀ ਨਾਲ ਸਫ਼ਰ ਤੈਅ ਕੀਤਾ। ਉਨ੍ਹਾਂ ਨੇ ਇਸ ਵਿਸ਼ਾਲ ਸਮੁੰਦਰ ਵਿਚ ਸਫ਼ਰ ਕਿਵੇਂ ਤੈਅ ਕੀਤਾ? ਉਨ੍ਹਾਂ ਨੇ ਸਾਧਾਰਣ ਤੇ ਮਾਅਰਕੇ ਦੇ ਸਮੁੰਦਰੀ ਨਕਸ਼ੇ ਵਰਤੇ ਜਿਨ੍ਹਾਂ ਨੂੰ ਸਟਿੱਕ ਚਾਰਟ ਕਿਹਾ ਜਾਂਦਾ ਹੈ।
ਬਹੁਤ ਸਾਲਾਂ ਦੇ ਤਜਰਬੇ ਤੋਂ ਮਾਰਸ਼ਲ ਦੀਪ-ਸਮੂਹ ਦੇ ਜਹਾਜ਼ੀ ਜਾਣ ਗਏ ਸਨ ਕਿ ਸਮੁੰਦਰ ਵਿਚ ਜਿੱਥੇ-ਕਿੱਥੇ ਟਾਪੂ ਹਨ ਉੱਥੇ ਸਮੁੰਦਰੀ ਲਹਿਰਾਂ ਅਤੇ ਧਾਰਾਵਾਂ ਵਿਚ ਖ਼ਾਸ ਤਬਦੀਲੀ ਆਉਂਦੀ ਹੈ। ਇਸ ਤੋਂ ਜਹਾਜ਼ੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਟਾਪੂ ਕਿਸ ਦਿਸ਼ਾ ਵੱਲ ਸੀ ਚਾਹੇ ਉਹ ਟਾਪੂ ਤੋਂ 30 ਕਿਲੋਮੀਟਰ ਦੂਰ ਸਨ। ਲਹਿਰਾਂ ਵਿਚ ਆਉਂਦੀਆਂ ਕਈ ਕਿਸਮਾਂ ਦੀਆਂ ਤਬਦੀਲੀਆਂ ਸਨ ਜਿਨ੍ਹਾਂ ਨੂੰ ਯਾਦ ਰੱਖਣ ਦੀ ਲੋੜ ਸੀ। ਇਸ ਵਿਚ ਸਟਿੱਕ ਚਾਰਟ ਜਹਾਜ਼ੀਆਂ ਦੀ ਮਦਦ ਕਰਦੇ ਸਨ। ਸਟਿੱਕ ਚਾਰਟ ਦੇਖਣ ਨੂੰ ਕਿਵੇਂ ਲੱਗਦੇ ਹਨ? ਇਹ ਡੰਡੀਆਂ ਦਾ ਬਣਿਆ ਹੁੰਦਾ ਸੀ ਜੋ ਖਜੂਰ ਦੀਆਂ ਜੜ੍ਹਾਂ ਜਾਂ ਨਾਰੀਅਲ ਦੇ ਪੱਤਿਆਂ ਦੀਆਂ ਨਾੜੀਆਂ ਸਨ। ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ, ਇਨ੍ਹਾਂ ਡੰਡੀਆਂ ਨੂੰ ਇਕ-ਦੂਜੇ ਨਾਲ ਬੰਨ੍ਹ ਕੇ ਜਾਲੀ-ਰੂਪ ਨਕਸ਼ਾ ਬਣਾਇਆ ਜਾਂਦਾ ਸੀ ਜੋ ਵੱਖ-ਵੱਖ ਕਿਸਮ ਦੀਆਂ ਲਹਿਰਾਂ ਨੂੰ ਦਰਸਾਉਂਦਾ ਸੀ। ਨਕਸ਼ੇ ਉੱਤੇ ਟਾਪੂਆਂ ਨੂੰ ਦਰਸਾਉਣ ਲਈ ਸਿੱਪੀਆਂ ਲਾਈਆਂ ਜਾਂਦੀਆਂ ਸਨ।
ਬਹੁਤ ਸਾਲਾਂ ਤੋਂ ਸਟਿੱਕ ਚਾਰਟ ਨੂੰ ਵਰਤਣ ਦੀ ਕਲਾ ਇਕ ਰਾਜ਼ ਹੀ ਰਿਹਾ ਤੇ ਕੁਝ ਹੀ ਗਿਣੇ-ਚੁਣੇ ਲੋਕਾਂ ਨੂੰ ਇਸ ਦਾ ਭੇਤ ਖੋਲ੍ਹਿਆ ਗਿਆ ਸੀ। ਸਿੱਖਣ ਵਾਲੇ ਕੇਵਲ ਟ੍ਰੇਨਿੰਗ ਤੇ ਅਭਿਆਸ ਨਾਲ ਹੀ ਇਸ ਹੁਨਰ ਨੂੰ ਪ੍ਰਾਪਤ ਕਰ ਸਕਦੇ ਸੀ। ਉਹ ਕਿੱਦਾਂ? ਮਾਹਰ, ਜਵਾਨ ਜਹਾਜ਼ੀ ਨੂੰ ਇਕੱਲੇ ਨੂੰ ਸਿੱਖਿਆ ਦਿੰਦਾ ਸੀ ਤੇ ਕਦੇ-ਕਦਾਈਂ ਬੇੜੀ ਵਿਚ ਉਸ ਨੂੰ ਨਜ਼ਦੀਕ ਟਾਪੂਆਂ ਵੱਲ ਲੈ ਜਾਂਦਾ ਸੀ। ਜਿਉਂ ਹੀ ਸਿੱਖਣ ਵਾਲਾ ਲਹਿਰਾਂ ਜਾਂ ਧਾਰਾਵਾਂ ਵਿਚ ਆਉਂਦੀਆਂ ਵੱਖ-ਵੱਖ ਕਿਸਮਾਂ ਦੀਆਂ ਤਬਦੀਲੀਆਂ ਪਛਾਣਨ ਲੱਗਦਾ ਸੀ, ਤਿਉਂ ਹੀ ਸਟਿੱਕ ਚਾਰਟ ਵਿਚ ਉਸ ਦਾ ਭਰੋਸਾ ਵਧਦਾ ਸੀ। ਤਦ ਹੀ ਉਹ ਆਪ ਸਫ਼ਰ ਤੈਅ ਕਰਨ ਦੇ ਕਾਬਲ ਬਣਦਾ ਸੀ।
ਸਟਿੱਕ ਚਾਰਟ ਦੀ ਤਰ੍ਹਾਂ ਪਰਮੇਸ਼ੁਰ ਦਾ ਬਚਨ ਬਾਈਬਲ ਜ਼ਿੰਦਗੀ ਦੇ ਸਫ਼ਰ ਵਿਚ ਸਾਨੂੰ ਇਕ ਨਕਸ਼ੇ ਵਾਂਗ ਮਾਰਗ-ਦਰਸ਼ਨ ਦੇ ਸਕਦਾ ਹੈ। ਸ਼ੁਰੂ ਵਿਚ, ਬਾਈਬਲ ਦੀਆਂ ਮੂਲ ਸਿੱਖਿਆਵਾਂ ਦੀ ਸਮਝ ਪ੍ਰਾਪਤ ਕਰਨ ਵਿਚ ਕੋਈ ਸਾਡੀ ਮਦਦ ਕਰ ਸਕਦਾ ਹੈ। ਫਿਰ ਜਿਉਂ ਹੀ ਅਸੀਂ ਬਾਈਬਲ ਦੀ ਡੂੰਘੀ ਸਮਝ ਹਾਸਲ ਕਰਦੇ ਹਾਂ ਅਤੇ ਇਸ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਸਾਡਾ ਭਰੋਸਾ ਬਾਈਬਲ ਵਿਚ ਹੋਰ ਵਧਦਾ ਹੈ। ਇਸਰਾਏਲੀਆਂ ਦੇ ਆਗੂ ਯਹੋਸ਼ੁਆ ਨੂੰ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਦੀ ਹਿਦਾਇਤ ਦਿੱਤੀ ਗਈ ਸੀ ਤਾਂਕਿ ਉਹ ‘ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ।’ ਕਿਉਂ? ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” (ਯਹੋਸ਼ੁਆ 1:8) ਜੀ ਹਾਂ, ਬਾਈਬਲ ਸਾਨੂੰ ਨਿਰਦੇਸ਼ਨ ਦਿੰਦੀ ਹੈ ਤਾਂਕਿ ਅਸੀਂ ਸਹੀ ਰਾਹ ਤੇ ਚੱਲ ਕੇ ਸਫ਼ਲ ਹੋ ਸਕੀਏ।
[ਸਫ਼ਾ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Greg Vaughn