ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਦਸੰਬਰ ਸਫ਼ੇ 3-7
  • ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਭਵਿੱਖ ਵਿਚ ਜ਼ਿੰਦਗੀ ਦਾ ਬਾਗ਼ ਬਣਨ ਦੇ ਸਬੂਤ
  • ਤੂੰ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ!
  • ਤੁਸੀਂ ਕੀ ਉਮੀਦ ਰੱਖ ਸਕਦੇ ਹੋ?
  • ਅਸੀਂ ਇਕ ਅਪਰਾਧੀ ਤੋਂ ਕੀ ਸਿੱਖ ਸਕਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • “ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਜ਼ਿੰਦਗੀ ਦਾ ਬਾਗ਼
    ਜਾਗਰੂਕ ਬਣੋ!—2013
  • ਕੀ ਫਿਰਦੌਸ ਬਾਰੇ ਤੁਹਾਡੀ ਉਮੀਦ ਪੱਕੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਦਸੰਬਰ ਸਫ਼ੇ 3-7
ਬਾਬਲ ਦੀ ਗ਼ੁਲਾਮੀ ਤੋਂ ਬਾਅਦ ਇਜ਼ਰਾਈਲੀ ਆਪਣੇ ਦੇਸ਼ ਵਾਪਸ ਜਾਂਦੇ ਹੋਏ

ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!

“ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।”​—ਲੂਕਾ 23:43.

ਗੀਤ: 19, 55

ਤੁਸੀਂ ਕੀ ਜਵਾਬ ਦਿਓਗੇ?

  • ਅਬਰਾਹਾਮ ਨਾਲ ਕੀਤੇ ਪਰਮੇਸ਼ੁਰ ਦੇ ਵਾਅਦੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ ਬਾਗ਼ ਵਰਗੀ ਬਣ ਜਾਵੇਗੀ?

  • ਯਸਾਯਾਹ ਦੀ ਕਿਤਾਬ ਵਿਚ ਦੱਸੀਆਂ ਕਿਹੜੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਧਰਤੀ ਬਾਗ਼ ਵਰਗੀ ਬਣੇਗੀ?

  • ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਅਤੇ ਅਪਰਾਧੀ ਮਰਨ ʼਤੇ ਉਸੇ ਦਿਨ ਜ਼ਿੰਦਗੀ ਦੇ ਬਾਗ਼ ਵਿਚ ਨਹੀਂ ਗਏ ਸਨ?

1, 2. ਜ਼ਿੰਦਗੀ ਦੇ ਬਾਗ਼ ਬਾਰੇ ਲੋਕਾਂ ਦੇ ਕੀ ਵਿਚਾਰ ਹਨ?

ਕਈ ਦੇਸ਼ਾਂ ਤੋਂ ਬਹੁਤ ਸਾਰੇ ਭੈਣ-ਭਰਾ ਕੋਰੀਆ ਦੇ ਸ਼ਹਿਰ ਸਿਓਲ ਵਿਚ ਵੱਡੇ ਸੰਮੇਲਨ ʼਤੇ ਆਏ ਸਨ। ਸੰਮੇਲਨ ਤੋਂ ਬਾਅਦ ਜਦੋਂ ਇਹ ਭੈਣ-ਭਰਾ ਸਟੇਡੀਅਮ ਤੋਂ ਜਾ ਰਹੇ ਸਨ, ਤਾਂ ਉੱਥੋਂ ਦੇ ਭੈਣ-ਭਰਾ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਉਹ ਨਜ਼ਾਰਾ ਦਿਲ ਨੂੰ ਛੋਹ ਜਾਣ ਵਾਲਾ ਸੀ ਜਦੋਂ ਉਹ ਇਕ-ਦੂਜੇ ਤੋਂ ਵਿਛੜਨ ਲੱਗੇ ਕਹਿ ਰਹੇ ਸਨ: “ਆਪਾਂ ਨਵੀਂ ਦੁਨੀਆਂ ਵਿਚ ਮਿਲਾਂਗੇ!” ਉਹ ਜ਼ਿੰਦਗੀ ਦੇ ਬਾਗ਼ ਬਾਰੇ ਗੱਲ ਕਰ ਰਹੇ ਸਨ।

2 ਦੁਨੀਆਂ ਭਰ ਵਿਚ ਜ਼ਿੰਦਗੀ ਦੇ ਬਾਗ਼ ਬਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਿਰਫ਼ ਇਕ ਸੁਪਨਾ ਹੀ ਹੈ। ਕਈ ਸੋਚਦੇ ਹਨ ਕਿ ਇਹ ਕੋਈ ਵੀ ਜਗ੍ਹਾ ਹੋ ਸਕਦੀ ਹੈ ਜਿੱਥੇ ਲੋਕ ਖ਼ੁਸ਼ ਹੁੰਦੇ ਹਨ। ਤੁਹਾਨੂੰ ਕੀ ਲੱਗਦਾ ਕਿ ਜ਼ਿੰਦਗੀ ਦਾ ਬਾਗ਼ ਹੈ ਕੀ? ਕੀ ਤੁਹਾਨੂੰ ਉਮੀਦ ਹੈ ਕਿ ਧਰਤੀ ਉੱਤੇ ਕਦੇ ਅਜਿਹਾ ਬਾਗ਼ ਬਣੇਗਾ?

3. ਬਾਈਬਲ ਵਿਚ ਪਹਿਲੀ ਵਾਰ ਜ਼ਿੰਦਗੀ ਦੇ ਬਾਗ਼ ਦਾ ਜ਼ਿਕਰ ਕਦੋਂ ਆਉਂਦਾ ਹੈ?

3 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਧਰਤੀ ਉੱਤੇ ਪਹਿਲਾਂ ਵੀ ਅਜਿਹਾ ਇਕ ਬਾਗ਼ ਸੀ ਅਤੇ ਭਵਿੱਖ ਵਿਚ ਵੀ ਹੋਵੇਗਾ। ਬਾਈਬਲ ਦੀ ਪਹਿਲੀ ਕਿਤਾਬ ਵਿਚ ਹੀ ਜ਼ਿੰਦਗੀ ਦੇ ਬਾਗ਼ ਬਾਰੇ ਦੱਸਿਆ ਗਿਆ ਹੈ। ਉਤਪਤ 2:8 ਵਿਚ ਲਿਖਿਆ ਹੈ: “ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ।” ਅਦਨ ਸ਼ਬਦ ਦਾ ਮਤਲਬ ਹੈ “ਖ਼ੁਸ਼ੀਆਂ” ਯਾਨੀ ਅਦਨ ਦੇ ਬਾਗ਼ ਵਿਚ ਢੇਰ ਸਾਰੀਆਂ ਖ਼ੁਸ਼ੀਆਂ ਸਨ। ਇਹ ਸੱਚ-ਮੁੱਚ ਬਹੁਤ ਸੋਹਣਾ ਬਾਗ਼ ਸੀ ਜਿੱਥੇ ਬਹੁਤ ਕੁਝ ਖਾਣ-ਪੀਣ ਨੂੰ ਸੀ ਅਤੇ ਇਨਸਾਨਾਂ ਤੇ ਜਾਨਵਰਾਂ ਵਿਚ ਸ਼ਾਂਤੀ ਸੀ।​—ਉਤ. 1:29-31.

4. ਅਦਨ ਨੂੰ ਜ਼ਿੰਦਗੀ ਦਾ ਬਾਗ਼ ਕਿਉਂ ਕਿਹਾ ਜਾ ਸਕਦਾ ਹੈ?

4 ਪਾਰਾਡੀਸੋਸ ਯੂਨਾਨੀ ਸ਼ਬਦ ਹੈ ਜਿਸ ਦਾ ਇਬਰਾਨੀ ਵਿਚ “ਬਾਗ਼” ਅਨੁਵਾਦ ਕੀਤਾ ਗਿਆ ਹੈ। ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਕਹਿੰਦਾ ਹੈ ਕਿ “ਜਦੋਂ ਕੋਈ ਯੂਨਾਨੀ ਆਦਮੀ ਪਾਰਾਡੀਸੋਸ ਸ਼ਬਦ ਸੁਣਦਾ ਸੀ, ਤਾਂ ਉਸ ਦੇ ਮਨ ਵਿਚ ਸੋਹਣਾ ਤੇ ਵੱਡਾ ਬਾਗ਼ ਆਉਂਦਾ ਸੀ। ਇਕ ਅਜਿਹਾ ਬਾਗ਼ ਜਿੱਥੇ ਕਿਸੇ ਨੂੰ ਕੋਈ ਡਰ ਨਹੀਂ ਹੁੰਦਾ, ਜਿੱਥੇ ਅਲੱਗ-ਅਲੱਗ ਕਿਸਮਾਂ ਦੇ ਫਲਾਂ ਦੇ ਦਰਖ਼ਤ ਹੁੰਦੇ ਹਨ, ਸਾਫ਼ ਪਾਣੀ ਦੀਆਂ ਨਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕੰਢਿਆਂ ʼਤੇ ਘਾਹ ਲੱਗਾ ਹੁੰਦਾ ਹੈ ਅਤੇ ਜਿੱਥੇ ਹਿਰਨ ਤੇ ਭੇਡਾਂ ਚਰ ਰਹੇ ਹੁੰਦੇ ਹਨ।” ਇਨ੍ਹਾਂ ਗੱਲਾਂ ਤੋਂ ਸਾਡੀ ਇਹ ਸਮਝਣ ਵਿਚ ਮਦਦ ਹੁੰਦੀ ਹੈ ਕਿ ਅਦਨ ਦਾ ਬਾਗ਼ ਵਾਕਈ ਜ਼ਿੰਦਗੀ ਦਾ ਬਾਗ਼ ਸੀ।​—ਉਤ. 2:15, 16 ਵਿਚ ਨੁਕਤਾ ਦੇਖੋ।

5, 6. ਆਦਮ ਤੇ ਹੱਵਾਹ ਨੇ ਸੋਹਣੇ ਬਾਗ਼ ਵਿਚ ਰਹਿਣ ਦਾ ਸਨਮਾਨ ਕਿਉਂ ਗੁਆ ਲਿਆ ਅਤੇ ਸ਼ਾਇਦ ਕੁਝ ਲੋਕ ਕੀ ਸੋਚਣ?

5 ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਇਸ ਤਰ੍ਹਾਂ ਦੇ ਸੋਹਣੇ ਬਾਗ਼ ਵਿਚ ਰੱਖਿਆ ਸੀ। ਪਰ ਯਹੋਵਾਹ ਦਾ ਕਹਿਣਾ ਨਾ ਮੰਨਣ ਕਰਕੇ ਉਨ੍ਹਾਂ ਨੇ ਇਸ ਬਾਗ਼ ਵਿਚ ਰਹਿਣ ਦਾ ਸਨਮਾਨ ਗੁਆ ਲਿਆ। ਉਨ੍ਹਾਂ ਦੇ ਬੱਚੇ ਵੀ ਇਸ ਬਾਗ਼ ਵਿਚ ਨਹੀਂ ਰਹਿ ਸਕੇ। (ਉਤ. 3:23, 24) ਭਾਵੇਂ ਕਿ ਅਦਨ ਦੇ ਬਾਗ਼ ਵਿਚ ਹੁਣ ਕੋਈ ਨਹੀਂ ਰਹਿ ਰਿਹਾ ਸੀ, ਪਰ ਲੱਗਦਾ ਹੈ ਕਿ ਇਹ ਬਾਗ਼ ਨੂਹ ਦੇ ਸਮੇਂ ਜਲ-ਪਰਲੋ ਵਿਚ ਨਾਸ਼ ਹੋਇਆ ਸੀ।

6 ਕੁਝ ਲੋਕ ਸ਼ਾਇਦ ਸੋਚਣ: ‘ਕੀ ਦੁਬਾਰਾ ਕਦੇ ਧਰਤੀ ʼਤੇ ਜ਼ਿੰਦਗੀ ਦਾ ਬਾਗ਼ ਬਣੇਗਾ?’ ਸਬੂਤਾਂ ਤੋਂ ਕੀ ਪਤਾ ਲੱਗਦਾ ਹੈ? ਜੇ ਤੁਹਾਨੂੰ ਉਮੀਦ ਹੈ ਕਿ ਤੁਸੀਂ ਇਸ ਬਾਗ਼ ਵਿਚ ਆਪਣੇ ਪਿਆਰਿਆਂ ਨਾਲ ਰਹੋਗੇ, ਤਾਂ ਤੁਹਾਡੇ ਕੋਲ ਇਹ ਉਮੀਦ ਰੱਖਣ ਦੇ ਕਿਹੜੇ ਵਧੀਆ ਕਾਰਨ ਹਨ? ਕੀ ਤੁਸੀਂ ਸਮਝਾ ਸਕਦੇ ਹੋ ਕਿ ਤੁਹਾਨੂੰ ਪੱਕਾ ਯਕੀਨ ਕਿਉਂ ਹੈ ਕਿ ਭਵਿੱਖ ਵਿਚ ਧਰਤੀ ਜ਼ਿੰਦਗੀ ਦਾ ਬਾਗ਼ ਜ਼ਰੂਰ ਬਣੇਗੀ?

ਭਵਿੱਖ ਵਿਚ ਜ਼ਿੰਦਗੀ ਦਾ ਬਾਗ਼ ਬਣਨ ਦੇ ਸਬੂਤ

7, 8. (ੳ) ਪਰਮੇਸ਼ੁਰ ਨੇ ਅਬਰਾਹਾਮ ਨਾਲ ਕਿਹੜਾ ਵਾਅਦਾ ਕੀਤਾ? (ਅ) ਪਰਮੇਸ਼ੁਰ ਦੇ ਵਾਅਦੇ ਕਰਕੇ ਸ਼ਾਇਦ ਅਬਰਾਹਾਮ ਨੇ ਕੀ ਸੋਚਿਆ ਹੋਵੇ?

7 ਜ਼ਿੰਦਗੀ ਦੇ ਬਾਗ਼ ਬਾਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਲੱਭਣੇ ਚਾਹੀਦੇ ਹਨ ਕਿਉਂਕਿ ਇਹ ਕਿਤਾਬ ਯਹੋਵਾਹ ਵੱਲੋਂ ਹੈ ਜਿਸ ਨੇ ਇਹ ਬਾਗ਼ ਲਾਇਆ ਸੀ। ਜ਼ਰਾ ਸੋਚੋ ਕਿ ਪਰਮੇਸ਼ੁਰ ਨੇ ਆਪਣੇ ਦੋਸਤ ਅਬਰਾਹਾਮ ਨੂੰ ਕੀ ਕਿਹਾ ਸੀ। ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ ਸੀ ਕਿ ਉਸ ਦੀ ਸੰਤਾਨ “ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਹੋਵੇਗੀ। ਫਿਰ ਯਹੋਵਾਹ ਨੇ ਅਬਰਾਹਾਮ ਨਾਲ ਇਹ ਬਹੁਤ ਅਹਿਮ ਵਾਅਦਾ ਕੀਤਾ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।” (ਉਤ. 22:17, 18) ਬਾਅਦ ਵਿਚ ਪਰਮੇਸ਼ੁਰ ਨੇ ਇਹੀ ਵਾਅਦਾ ਅਬਰਾਹਾਮ ਦੇ ਮੁੰਡੇ ਅਤੇ ਪੋਤੇ ਨਾਲ ਕੀਤਾ।​—ਉਤਪਤ 26:4; 28:14 ਪੜ੍ਹੋ।

8 ਬਾਈਬਲ ਵਿਚ ਕਿਤੇ ਵੀ ਇਹ ਪਤਾ ਨਹੀਂ ਲੱਗਦਾ ਕਿ ਅਬਰਾਹਾਮ ਨੇ ਸੋਚਿਆ ਸੀ ਕਿ ਇਨਸਾਨਾਂ ਨੂੰ ਆਪਣਾ ਇਹ ਇਨਾਮ ਸਵਰਗ ਵਿਚ ਮਿਲੇਗਾ। ਸੋ ਜਦੋਂ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ “ਧਰਤੀ ਦੀਆਂ ਸਾਰੀਆਂ ਕੌਮਾਂ” ਬਰਕਤਾਂ ਪਾਉਣਗੀਆਂ, ਤਾਂ ਅਬਰਾਹਾਮ ਨੇ ਜ਼ਰੂਰ ਸੋਚਿਆ ਹੋਣਾ ਕਿ ਇਹ ਬਰਕਤਾਂ ਧਰਤੀ ʼਤੇ ਮਿਲਣਗੀਆਂ। ਪਰ ਕੀ ਬਾਈਬਲ ਵਿਚ ਸਿਰਫ਼ ਇੱਥੇ ਹੀ ਸਬੂਤ ਮਿਲਦਾ ਹੈ ਕਿ ਧਰਤੀ ʼਤੇ ਜ਼ਿੰਦਗੀ ਦਾ ਬਾਗ਼ ਬਣੇਗਾ?

9, 10. ਬਾਅਦ ਵਿਚ ਕੀਤੇ ਵਾਅਦਿਆਂ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਧਰਤੀ ʼਤੇ ਜ਼ਿੰਦਗੀ ਦਾ ਬਾਗ਼ ਬਣੇਗਾ?

9 ਪਰਮੇਸ਼ੁਰ ਨੇ ਅਬਰਾਹਾਮ ਦੀ ਪੀੜ੍ਹੀ ਵਿਚ ਪੈਦਾ ਹੋਏ ਦਾਊਦ ਨੂੰ ਭਵਿੱਖ ਵਿਚ ਆਉਣ ਵਾਲੇ ਉਸ ਸਮੇਂ ਬਾਰੇ ਦੱਸਣ ਲਈ ਪ੍ਰੇਰਿਆ ਜਦੋਂ “ਦੁਸ਼ਟ ਨਹੀਂ ਹੋਵੇਗਾ।” (ਜ਼ਬੂ. 37:1, 2, 10) ਉਸ ਸਮੇਂ “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਦਾਊਦ ਨੇ ਇਹ ਵੀ ਭਵਿੱਖਬਾਣੀ ਕੀਤੀ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂ. 37:11, 29; 2 ਸਮੂ. 23:2) ਤੁਹਾਨੂੰ ਕੀ ਲੱਗਦਾ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲਿਆਂ ʼਤੇ ਇਨ੍ਹਾਂ ਵਾਅਦਿਆਂ ਦਾ ਕੀ ਅਸਰ ਪਿਆ ਹੋਣਾ? ਉਨ੍ਹਾਂ ਕੋਲ ਇਹ ਮੰਨਣ ਦਾ ਕਾਰਨ ਸੀ ਕਿ ਇਕ ਦਿਨ ਧਰਮੀ ਲੋਕ ਧਰਤੀ ʼਤੇ ਵੱਸਣਗੇ ਅਤੇ ਧਰਤੀ ʼਤੇ ਦੁਬਾਰਾ ਤੋਂ ਅਦਨ ਦੇ ਬਾਗ਼ ਵਰਗਾ ਜ਼ਿੰਦਗੀ ਦਾ ਬਾਗ਼ ਬਣੇਗਾ।

10 ਸਮੇਂ ਦੇ ਬੀਤਣ ਨਾਲ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਇਜ਼ਰਾਈਲੀਆਂ ਨੇ ਪਰਮੇਸ਼ੁਰ ਅਤੇ ਸੱਚੀ ਭਗਤੀ ਨੂੰ ਠੁਕਰਾ ਦਿੱਤਾ। ਇਸ ਲਈ ਪਰਮੇਸ਼ੁਰ ਨੇ ਬਾਬਲੀਆਂ ਨੂੰ ਆਪਣੇ ਲੋਕਾਂ ʼਤੇ ਜਿੱਤ ਹਾਸਲ ਕਰਨ ਦਿੱਤੀ, ਉਨ੍ਹਾਂ ਦੇ ਦੇਸ਼ ਨੂੰ ਤਬਾਹ ਕਰਨ ਦਿੱਤਾ ਅਤੇ ਜ਼ਿਆਦਾਤਰ ਲੋਕਾਂ ਨੂੰ ਗ਼ੁਲਾਮ ਬਣਾ ਕੇ ਲਿਜਾਣ ਦਿੱਤਾ। (2 ਇਤ. 36:15-21; ਯਿਰ. 4:22-27) ਪਰ ਪਰਮੇਸ਼ੁਰ ਦੇ ਨਬੀਆਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਪਰਮੇਸ਼ੁਰ ਦੇ ਲੋਕ 70 ਸਾਲਾਂ ਬਾਅਦ ਆਪਣੇ ਦੇਸ਼ ਵਾਪਸ ਮੁੜਨਗੇ। ਇਹ ਭਵਿੱਖਬਾਣੀਆਂ ਪੂਰੀਆਂ ਹੋਈਆਂ। ਪਰ ਇਹ ਭਵਿੱਖਬਾਣੀਆਂ ਅੱਜ ਸਾਡੇ ਲਈ ਵੀ ਮਾਅਨੇ ਰੱਖਦੀਆਂ ਹਨ। ਜਦੋਂ ਅਸੀਂ ਇਨ੍ਹਾਂ ਕੁਝ ਭਵਿੱਖਬਾਣੀਆਂ ʼਤੇ ਚਰਚਾ ਕਰਾਂਗੇ, ਤਾਂ ਗੌਰ ਕਰਿਓ ਕਿ ਇਨ੍ਹਾਂ ਭਵਿੱਖਬਾਣੀਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਧਰਤੀ ʼਤੇ ਜ਼ਿੰਦਗੀ ਦਾ ਬਾਗ਼ ਬਣੇਗਾ।

11. ਯਸਾਯਾਹ 11:6-9 ਦੀ ਪਹਿਲੀ ਪੂਰਤੀ ਕਿਵੇਂ ਹੋਈ ਸੀ, ਪਰ ਅਸੀਂ ਸ਼ਾਇਦ ਕਿਹੜਾ ਸਵਾਲ ਪੁੱਛੀਏ?

11 ਯਸਾਯਾਹ 11:6-9 ਪੜ੍ਹੋ। ਪਰਮੇਸ਼ੁਰ ਨੇ ਨਬੀ ਯਸਾਯਾਹ ਰਾਹੀਂ ਪਹਿਲਾਂ ਹੀ ਦੱਸਿਆ ਸੀ ਕਿ ਜਦੋਂ ਇਜ਼ਰਾਈਲੀ ਆਪਣੇ ਦੇਸ਼ ਵਾਪਸ ਆਉਣਗੇ, ਤਾਂ ਉਸ ਦੇਸ਼ ਵਿਚ ਸ਼ਾਂਤੀ ਹੋਵੇਗੀ। ਕਿਸੇ ਨੂੰ ਵੀ ਡਰ ਨਹੀਂ ਹੋਵੇਗਾ ਕਿ ਕੋਈ ਇਨਸਾਨ ਜਾਂ ਜਾਨਵਰ ਉਨ੍ਹਾਂ ʼਤੇ ਹਮਲਾ ਕਰੇਗਾ। ਨਿਆਣੇ-ਸਿਆਣੇ ਸੁਰੱਖਿਅਤ ਹੋਣਗੇ। ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਸੀ। ਕੀ ਇਸ ਤੋਂ ਸਾਨੂੰ ਅਦਨ ਦੇ ਬਾਗ਼ ਦੀ ਝਲਕ ਨਹੀਂ ਮਿਲਦੀ? (ਯਸਾ. 51:3) ਯਸਾਯਾਹ ਨੇ ਇਹ ਵੀ ਪਹਿਲਾਂ ਦੱਸਿਆ ਸੀ ਕਿ ਸਿਰਫ਼ ਇਜ਼ਰਾਈਲ ਕੌਮ ਨਹੀਂ, ਸਗੋਂ ਪੂਰੀ ਧਰਤੀ “ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” ਇੱਦਾਂ ਕਦੋਂ ਹੋਵੇਗਾ? ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇੱਥੇ ਭਵਿੱਖ ਬਾਰੇ ਗੱਲ ਕੀਤੀ ਗਈ ਹੈ।

12. (ੳ) ਬਾਬਲ ਤੋਂ ਵਾਪਸ ਆਉਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ? (ਅ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਸਾਯਾਹ 35:5-10 ਦੀ ਪੂਰਤੀ ਭਵਿੱਖ ਵਿਚ ਵੀ ਹੋਵੇਗੀ?

12 ਯਸਾਯਾਹ 35:5-10 ਪੜ੍ਹੋ। ਗੌਰ ਕਰੋ ਕਿ ਯਸਾਯਾਹ ਨੇ ਦੁਬਾਰਾ ਭਵਿੱਖਬਾਣੀ ਕੀਤੀ ਕਿ ਜਦੋਂ ਇਜ਼ਰਾਈਲੀ ਬਾਬਲ ਤੋਂ ਵਾਪਸ ਆਉਣਗੇ, ਤਾਂ ਕੋਈ ਵੀ ਜਾਨਵਰ ਜਾਂ ਇਨਸਾਨ ਉਨ੍ਹਾਂ ʼਤੇ ਹਮਲਾ ਨਹੀਂ ਕਰੇਗਾ। ਉਸ ਨੇ ਕਿਹਾ ਕਿ ਉਸ ਦੇਸ਼ ਵਿਚ ਬਹੁਤ ਸਾਰਾ ਖਾਣਾ ਹੋਵੇਗਾ ਕਿਉਂਕਿ ਉੱਥੇ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ ਜਿੱਦਾਂ ਅਦਨ ਦੇ ਬਾਗ਼ ਵਿਚ ਪਾਣੀ ਦੀ ਕੋਈ ਕਮੀ ਨਹੀਂ ਸੀ। (ਉਤ. 2:10-14; ਯਿਰ. 31:12) ਕੀ ਇਹ ਭਵਿੱਖਬਾਣੀ ਦੀ ਪੂਰਤੀ ਸਿਰਫ਼ ਇਜ਼ਰਾਈਲੀਆਂ ਦੇ ਸਮੇਂ ਵਿਚ ਹੋਣੀ ਸੀ? ਗੌਰ ਕਰੋ ਕਿ ਭਵਿੱਖਬਾਣੀ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਅੰਨ੍ਹੇ, ਲੰਗੜੇ ਅਤੇ ਬੋਲ਼ੇ ਠੀਕ ਕੀਤੇ ਜਾਣਗੇ। ਪਰ ਜਦੋਂ ਇਜ਼ਰਾਈਲੀ ਬਾਬਲ ਤੋਂ ਵਾਪਸ ਆਏ, ਤਾਂ ਉਨ੍ਹਾਂ ਨਾਲ ਇੱਦਾਂ ਨਹੀਂ ਹੋਇਆ ਸੀ। ਸੋ ਪਰਮੇਸ਼ੁਰ ਇਸ਼ਾਰਾ ਕਰ ਰਿਹਾ ਸੀ ਕਿ ਭਵਿੱਖ ਵਿਚ ਹਰ ਤਰ੍ਹਾਂ ਦੀ ਬੀਮਾਰੀ ਠੀਕ ਕੀਤੀ ਜਾਵੇਗੀ।

ਬਾਬਲ ਦੀ ਗ਼ੁਲਾਮੀ ਤੋਂ ਬਾਅਦ ਇਜ਼ਰਾਈਲੀ ਆਪਣੇ ਦੇਸ਼ ਵਾਪਸ ਜਾਂਦੇ ਹੋਏ

13, 14. ਬਾਬਲ ਤੋਂ ਵਾਪਸ ਮੁੜੇ ਇਜ਼ਰਾਈਲੀਆਂ ʼਤੇ ਯਸਾਯਾਹ 65:21-23 ਕਿਵੇਂ ਪੂਰਾ ਹੋਇਆ, ਪਰ ਇਸ ਭਵਿੱਖਬਾਣੀ ਦਾ ਕਿਹੜਾ ਹਿੱਸਾ ਪੂਰਾ ਹੋਣਾ ਬਾਕੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

13 ਯਸਾਯਾਹ 65:21-23 ਪੜ੍ਹੋ। ਜਦੋਂ ਯਹੂਦੀ ਆਪਣੇ ਦੇਸ਼ ਵਾਪਸ ਆਏ, ਤਾਂ ਉਨ੍ਹਾਂ ਨੂੰ ਨਾ ਤਾਂ ਵਧੀਆ ਘਰ ਮਿਲੇ ਤੇ ਨਾ ਹੀ ਉਨ੍ਹਾਂ ਨੂੰ ਵਾਹੇ ਹੋਏ ਖੇਤ ਤੇ ਅੰਗੂਰਾਂ ਦੇ ਬਾਗ਼ ਮਿਲੇ ਸਨ। ਪਰ ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਦੀ ਬਰਕਤ ਕਰਕੇ ਉਨ੍ਹਾਂ ਦੇ ਹਾਲਾਤ ਬਦਲੇ। ਕਲਪਨਾ ਕਰੋ ਕਿ ਲੋਕ ਕਿੰਨੇ ਖ਼ੁਸ਼ ਹੋਏ ਹੋਣੇ ਜਦੋਂ ਉਨ੍ਹਾਂ ਨੇ ਆਪਣੇ ਘਰ ਬਣਾਏ ਤੇ ਉਨ੍ਹਾਂ ਵਿਚ ਵਸੇ। ਨਾਲੇ ਉਨ੍ਹਾਂ ਨੇ ਅਲੱਗ-ਅਲੱਗ ਖਾਣੇ ਦਾ ਆਨੰਦ ਮਾਣਿਆ ਜੋ ਉਨ੍ਹਾਂ ਨੇ ਉਗਾਇਆ ਸੀ।

14 ਗੌਰ ਕਰੋ ਕਿ ਇਸ ਭਵਿੱਖਬਾਣੀ ਮੁਤਾਬਕ ਸਾਡੇ ਦਿਨ “ਰੁੱਖ ਦੇ ਦਿਨਾਂ ਵਰਗੇ ਹੋਣਗੇ।” ਕੁਝ ਦਰਖ਼ਤ ਹਜ਼ਾਰਾਂ ਸਾਲ ਜੀਉਂਦੇ ਰਹਿੰਦੇ ਹਨ। ਇੰਨੀ ਦੇਰ ਜੀਉਣ ਲਈ ਇਨਸਾਨਾਂ ਨੂੰ ਬਹੁਤ ਜ਼ਿਆਦਾ ਤੰਦਰੁਸਤ ਹੋਣ ਦੀ ਲੋੜ ਹੋਵੇਗੀ। ਨਾਲੇ ਜੇ ਉਹ ਯਸਾਯਾਹ ਦੀ ਭਵਿੱਖਬਾਣੀ ਮੁਤਾਬਕ ਸ਼ਾਂਤਮਈ ਤੇ ਸੋਹਣੇ ਮਾਹੌਲ ਵਿਚ ਰਹਿ ਸਕਣਗੇ, ਤਾਂ ਉਹ ਸੱਚ-ਮੁੱਚ ਜ਼ਿੰਦਗੀ ਦਾ ਬਾਗ਼ ਹੋਵੇਗਾ। ਇਹ ਭਵਿੱਖਬਾਣੀ ਪੂਰੀ ਹੋਵੇਗੀ।

ਯਿਸੂ ਨੇ ਆਪਣੇ ਨਾਲ ਟੰਗੇ ਅਪਰਾਧੀ ਨਾਲ ਵਾਅਦਾ ਕੀਤਾ ਕਿ ਉਹ ਉਸ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਗਾ

ਯਿਸੂ ਵੱਲੋਂ ਜ਼ਿੰਦਗੀ ਦੇ ਬਾਗ਼ ਬਾਰੇ ਕੀਤਾ ਵਾਅਦਾ ਕਿਵੇਂ ਪੂਰਾ ਹੋਵੇਗਾ? (ਪੈਰੇ 15, 16 ਦੇਖੋ)

15. ਯਸਾਯਾਹ ਦੀ ਕਿਤਾਬ ਵਿਚ ਕਿਹੜੀਆਂ ਕੁਝ ਬਰਕਤਾਂ ਬਾਰੇ ਦੱਸਿਆ ਗਿਆ ਹੈ?

15 ਜ਼ਰਾ ਸੋਚੋ ਕਿ ਇਨ੍ਹਾਂ ਵਾਅਦਿਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਧਰਤੀ ʼਤੇ ਜ਼ਿੰਦਗੀ ਦਾ ਬਾਗ਼ ਬਣੇਗਾ। ਪੂਰੀ ਧਰਤੀ ʼਤੇ ਉਹ ਲੋਕ ਹੋਣਗੇ ਜਿਨ੍ਹਾਂ ʼਤੇ ਪਰਮੇਸ਼ੁਰ ਦੀ ਮਿਹਰ ਹੋਵੇਗੀ। ਕਿਸੇ ਨੂੰ ਇਨਸਾਨਾਂ ਜਾਂ ਜਾਨਵਰਾਂ ਦਾ ਕੋਈ ਡਰ ਨਹੀਂ ਹੋਵੇਗਾ। ਅੰਨ੍ਹੇ, ਬੋਲ਼ੇ ਤੇ ਲੰਗੜੇ ਠੀਕ ਕੀਤੇ ਜਾਣਗੇ। ਲੋਕ ਆਪਣੇ ਘਰ ਬਣਾਉਣਗੇ ਤੇ ਖੇਤੀ ਕਰਨਗੇ। ਉਨ੍ਹਾਂ ਦੀ ਜ਼ਿੰਦਗੀ ਦਰਖ਼ਤਾਂ ਨਾਲੋਂ ਲੰਬੀ ਹੋਵੇਗੀ। ਜੀ ਹਾਂ, ਬਾਈਬਲ ਤੋਂ ਸਬੂਤ ਮਿਲਦਾ ਹੈ ਕਿ ਜਲਦੀ ਹੀ ਨਵੀਂ ਦੁਨੀਆਂ ਆਉਣ ਵਾਲੀ ਹੈ। ਪਰ ਕੁਝ ਲੋਕ ਸ਼ਾਇਦ ਕਹਿਣ ਕਿ ਇਹ ਭਵਿੱਖਬਾਣੀਆਂ ਸਾਡੇ ਲਈ ਕੋਈ ਮਾਅਨੇ ਨਹੀਂ ਰੱਖਦੀਆਂ ਕਿ ਧਰਤੀ ʼਤੇ ਕੋਈ ਜ਼ਿੰਦਗੀ ਦਾ ਬਾਗ਼ ਬਣੇਗਾ। ਤੁਸੀਂ ਉਨ੍ਹਾਂ ਨੂੰ ਕੀ ਜਵਾਬ ਦਿਓਗੇ? ਤੁਹਾਡੇ ਕੋਲ ਇੰਤਜ਼ਾਰ ਕਰਨ ਦਾ ਕਿਹੜਾ ਕਾਰਨ ਹੈ ਕਿ ਇਸ ਧਰਤੀ ʼਤੇ ਜ਼ਿੰਦਗੀ ਦਾ ਬਾਗ਼ ਬਣੇਗਾ? ਧਰਤੀ ʼਤੇ ਰਹਿਣ ਵਾਲੇ ਸਭ ਤੋਂ ਮਹਾਨ ਆਦਮੀ ਯਿਸੂ ਨੇ ਇਸ ਸੰਬੰਧੀ ਸਾਨੂੰ ਜਾਇਜ਼ ਕਾਰਨ ਦਿੱਤਾ ਸੀ।

ਤੂੰ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ!

16, 17. ਯਿਸੂ ਨੇ ਜ਼ਿੰਦਗੀ ਦੇ ਬਾਗ਼ ਬਾਰੇ ਗੱਲ ਕਦੋਂ ਕੀਤੀ?

16 ਭਾਵੇਂ ਕਿ ਯਿਸੂ ਬੇਕਸੂਰ ਸੀ, ਫਿਰ ਵੀ ਉਸ ਨੂੰ ਦੋਸ਼ੀ ਕਰਾਰ ਕੀਤਾ ਗਿਆ ਤੇ ਸੂਲ਼ੀ ʼਤੇ ਟੰਗ ਦਿੱਤਾ ਗਿਆ। ਉਸ ਦੇ ਦੋਵੇਂ ਪਾਸੇ ਯਹੂਦੀ ਅਪਰਾਧੀ ਟੰਗੇ ਹੋਏ ਸਨ। ਉਨ੍ਹਾਂ ਵਿੱਚੋਂ ਇਕ ਨੂੰ ਅਹਿਸਾਸ ਹੋਇਆ ਕਿ ਯਿਸੂ ਰਾਜਾ ਸੀ ਤੇ ਉਸ ਨੂੰ ਕਿਹਾ: “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” (ਲੂਕਾ 23:39-42) ਅਪਰਾਧੀ ਨਾਲ ਕੀਤੇ ਯਿਸੂ ਦੇ ਵਾਅਦੇ ਦਾ ਅਸਰ ਤੁਹਾਡੇ ਭਵਿੱਖ ʼਤੇ ਪੈਂਦਾ ਹੈ। ਯਿਸੂ ਦੇ ਸ਼ਬਦ ਲੂਕਾ 23:43 ਵਿਚ ਦਰਜ ਹਨ। ਇਸ ਨੂੰ ਅਨੁਵਾਦ ਕਰਨ ਸੰਬੰਧੀ ਅਲੱਗ-ਅਲੱਗ ਵਿਚਾਰ ਹਨ। ਕੁਝ ਅਨੁਵਾਦ ਇਸ ਤਰ੍ਹਾਂ ਕਹਿੰਦੇ ਹਨ: ‘ਮੈਂ ਤੈਨੂੰ ਸੱਤ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਹੋਵੇਂਗਾ।’ ਪਰ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ “ਅੱਜ” ਕਿਹਾ ਸੀ?

17 ਅੱਜ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਵਾਕ ਦਾ ਮਤਲਬ ਸਮਝਾਉਣ ਲਈ ਵਿਰਾਮ-ਚਿੰਨ੍ਹ ਲਾਏ ਜਾਂਦੇ ਹਨ, ਜਿਵੇਂ ਕਾਮਾ, ਕੋਲਨ ਜਾਂ ਵਾਕ ਦੀ ਬਣਤਰ ਵਿਚ ਤਬਦੀਲੀ। ਪਰ ਪੁਰਾਣੀਆਂ ਯੂਨਾਨੀ ਹੱਥ-ਲਿਖਤਾਂ ਵਿਚ ਵਿਰਾਮ-ਚਿੰਨ੍ਹ ਹਮੇਸ਼ਾ ਨਹੀਂ ਵਰਤੇ ਗਏ। ਸੋ ਸਵਾਲ ਖੜ੍ਹਾ ਹੁੰਦਾ ਹੈ: ਕੀ ਯਿਸੂ ਇਹ ਕਹਿ ਰਿਹਾ ਸੀ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਤੂੰ ਅੱਜ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ”? ਜਾਂ ਉਹ ਇਹ ਕਹਿ ਰਿਹਾ ਸੀ, “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।” ਅਨੁਵਾਦਕ ਯਿਸੂ ਦੀ ਗੱਲ ਦਾ ਅੰਦਾਜ਼ਾ ਲਾ ਕੇ ਸ਼ਾਇਦ ਵਾਕ ਦੀ ਬਣਤਰ ਬਦਲ ਦੇਣ ਜਾਂ ਕੋਈ ਵਿਰਾਮ-ਚਿੰਨ੍ਹ ਲਾ ਦੇਣ। ਇਸ ਕਰਕੇ ਅਲੱਗ-ਅਲੱਗ ਬਾਈਬਲਾਂ ਵਿਚ ਅਲੱਗ ਮਤਲਬ ਨਿਕਲਦਾ ਹੈ।

18, 19. ਕਿਹੜੀ ਗੱਲ ਸਾਡੀ ਇਹ ਸਮਝਣ ਵਿਚ ਮਦਦ ਕਰ ਸਕਦੀ ਹੈ ਕਿ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?

18 ਪਰ ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਬਾਰੇ ਕੀ ਕਿਹਾ ਸੀ। ਉਸ ਨੇ ਕਿਹਾ: “ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਤੇ ਤਿੰਨ ਰਾਤਾਂ ਧਰਤੀ ਦੇ ਗਰਭ ਵਿਚ ਰਹੇਗਾ।” ਉਸ ਨੇ ਇਹ ਵੀ ਕਿਹਾ: “ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ, ਅਤੇ ਉਹ ਉਸ ਨੂੰ ਜਾਨੋਂ ਮਾਰ ਦੇਣਗੇ, ਪਰ ਤਿੰਨਾਂ ਦਿਨਾਂ ਬਾਅਦ ਉਸ ਨੂੰ ਜੀਉਂਦਾ ਕੀਤਾ ਜਾਵੇਗਾ।” (ਮੱਤੀ 12:40; 16:21; 17:22, 23; ਮਰ. 10:34) ਪਤਰਸ ਰਸੂਲ ਨੇ ਦੱਸਿਆ ਕਿ ਇੱਦਾਂ ਹੀ ਹੋਇਆ ਸੀ। (ਰਸੂ. 10:39, 40) ਸੋ ਯਿਸੂ ਉਸੇ ਦਿਨ ਜ਼ਿੰਦਗੀ ਦੇ ਬਾਗ਼ ਵਿਚ ਨਹੀਂ ਗਿਆ ਸੀ ਜਿਸ ਦਿਨ ਉਹ ਅਤੇ ਅਪਰਾਧੀ ਮਰੇ ਸਨ। ਬਾਈਬਲ ਦੱਸਦੀ ਹੈ ਕਿ ਯਿਸੂ ਤਿੰਨ ਦਿਨਾਂ ਤਕ “ਕਬਰ ਵਿਚ” ਸੀ ਜਦੋਂ ਤਕ ਪਰਮੇਸ਼ੁਰ ਨੇ ਉਸ ਨੂੰ ਜੀਉਂਦਾ ਨਹੀਂ ਕੀਤਾ ਸੀ।​—ਰਸੂ. 2:31, 32.a

19 ਸੋ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਅਪਰਾਧੀ ਨਾਲ ਵਾਅਦਾ ਕਰਨ ਲਈ ਇਹ ਸ਼ਬਦ ਕਹੇ ਸਨ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ।” ਇਸ ਤਰ੍ਹਾਂ ਗੱਲ ਕਰਨੀ ਆਮ ਸੀ, ਇੱਥੋਂ ਤਕ ਕਿ ਮੂਸਾ ਦੇ ਸਮੇਂ ਵਿਚ ਵੀ ਇੱਦਾਂ ਗੱਲ ਕੀਤੀ ਜਾਂਦੀ ਸੀ। ਮੂਸਾ ਨੇ ਇਕ ਵਾਰ ਕਿਹਾ. “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ।”​—ਬਿਵ. 6:6; 7:11; 8:1, 19; 30:15.

20. ਕੌਣ ਮੰਨਦੇ ਹਨ ਕਿ ਯਿਸੂ ਦੇ ਸ਼ਬਦਾਂ ਦੀ ਸਾਡੀ ਸਮਝ ਸਹੀ ਹੈ?

20 ਮੱਧ ਪੂਰਬ ਦੇ ਬਾਈਬਲ ਦੇ ਇਕ ਅਨੁਵਾਦਕ ਨੇ ਕਿਹਾ: “ਇਸ ਆਇਤ ਵਿਚ ‘ਅੱਜ’ ਸ਼ਬਦ ʼਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਾਨੂੰ ਇਹ ਆਇਤ ਇਸ ਤਰ੍ਹਾਂ ਪੜ੍ਹਨੀ ਚਾਹੀਦੀ ਹੈ, ‘ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।’ ਇਹ ਵਾਅਦਾ ਉਸ ਦਿਨ ਕੀਤਾ ਗਿਆ ਸੀ ਅਤੇ ਇਹ ਬਾਅਦ ਵਿਚ ਪੂਰਾ ਹੋਣਾ ਸੀ।” ਉਸ ਅਨੁਵਾਦਕ ਨੇ ਇਹ ਵੀ ਕਿਹਾ ਕਿ ਉਸ ਇਲਾਕੇ ਵਿਚ ਲੋਕ ਇਸ ਤਰ੍ਹਾਂ ਗੱਲ ਕਰਦੇ ਸਨ ਅਤੇ ਜਿਸ ਦਾ ਮਤਲਬ ਹੁੰਦਾ ਸੀ ਕਿ “ਵਾਅਦਾ ਕਿਸੇ ਦਿਨ ʼਤੇ ਕੀਤਾ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਨਿਭਾਇਆ ਜਾਂਦਾ ਸੀ।” ਇਸੇ ਕਰਕੇ ਲਗਭਗ 1,600 ਸਾਲ ਪਹਿਲਾਂ ਸੀਰੀਆਈ ਅਨੁਵਾਦ ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਆਮੀਨ, ਮੈਂ ਤੈਨੂੰ ਅੱਜ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਅਦਨ ਦੇ ਬਾਗ਼ ਵਿਚ ਹੋਵੇਂਗਾ।” ਸਾਨੂੰ ਸਾਰਿਆਂ ਨੂੰ ਇਸ ਵਾਅਦੇ ਤੋਂ ਹੌਸਲਾ ਮਿਲਣਾ ਚਾਹੀਦਾ ਹੈ।

21. ਅਪਰਾਧੀ ਨੂੰ ਕਿਹੜਾ ਸਨਮਾਨ ਨਹੀਂ ਦਿੱਤਾ ਗਿਆ ਅਤੇ ਕਿਉਂ?

21 ਮਰ ਰਿਹਾ ਅਪਰਾਧੀ ਨਹੀਂ ਜਾਣਦਾ ਸੀ ਕਿ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨਾਲ ਇਕਰਾਰ ਕੀਤਾ ਸੀ ਕਿ ਉਹ ਉਸ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 22:29) ਇਸ ਤੋਂ ਇਲਾਵਾ, ਉਸ ਅਪਰਾਧੀ ਨੇ ਬਪਤਿਸਮਾ ਵੀ ਨਹੀਂ ਲਿਆ ਸੀ। (ਯੂਹੰ. 3:3-6, 12) ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਜ਼ਰੂਰ ਧਰਤੀ ʼਤੇ ਜ਼ਿੰਦਗੀ ਦੇ ਬਾਗ਼ ਦਾ ਵਾਅਦਾ ਕੀਤਾ ਸੀ। ਸਾਲਾਂ ਬਾਅਦ ਪੌਲੁਸ ਰਸੂਲ ਨੇ ਇਕ ਆਦਮੀ ਦਾ ਦਰਸ਼ਣ ਦੇਖਿਆ ਜਿਸ ਨੂੰ “ਬਹੁਤ ਸੋਹਣੀ ਜਗ੍ਹਾ ਲਿਜਾਇਆ ਗਿਆ ਸੀ।” (2 ਕੁਰਿੰ. 12:1-4) ਮਰ ਰਹੇ ਅਪਰਾਧੀ ਤੋਂ ਉਲਟ ਪੌਲੁਸ ਤੇ ਹੋਰ ਵਫ਼ਾਦਾਰ ਰਸੂਲਾਂ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਸੀ ਜਿਨ੍ਹਾਂ ਨੇ ਯਿਸੂ ਨਾਲ ਰਾਜ ਕਰਨਾ ਸੀ। ਪਰ ਫਿਰ ਵੀ ਪੌਲੁਸ ਨੇ ਆਉਣ ਵਾਲੀ “ਸੋਹਣੀ ਜਗ੍ਹਾ” ਦਾ ਜ਼ਿਕਰ ਕੀਤਾ ਸੀ।b ਕੀ ਇਹ ਸੋਹਣੀ ਜਗ੍ਹਾ ਧਰਤੀ ʼਤੇ ਹੋਵੇਗੀ? ਕੀ ਤੁਸੀਂ ਉੱਥੇ ਹੋਵੋਗੇ?

ਤੁਸੀਂ ਕੀ ਉਮੀਦ ਰੱਖ ਸਕਦੇ ਹੋ?

22, 23. ਤੁਸੀਂ ਕੀ ਉਮੀਦ ਰੱਖ ਸਕਦੇ ਹੋ?

22 ਯਾਦ ਕਰੋ ਕਿ ਦਾਊਦ ਨੇ ਉਸ ਸਮੇਂ ਬਾਰੇ ਗੱਲ ਕੀਤੀ ਸੀ ਜਦੋਂ “ਧਰਮੀ ਧਰਤੀ ਦੇ ਵਾਰਸ ਹੋਣਗੇ।” (ਜ਼ਬੂ. 37:29; 2 ਪਤ. 3:13) ਦਾਊਦ ਉਸ ਸਮੇਂ ਬਾਰੇ ਗੱਲ ਰਿਹਾ ਸੀ ਜਦੋਂ ਪੂਰੀ ਧਰਤੀ ʼਤੇ ਲੋਕ ਪਰਮੇਸ਼ੁਰ ਦੇ ਧਰਮੀ ਮਿਆਰਾਂ ʼਤੇ ਚੱਲਣਗੇ। ਯਸਾਯਾਹ 65:22 ਵਿਚ ਭਵਿੱਖਬਾਣੀ ਕੀਤੀ ਗਈ ਹੈ: “ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ।” ਇਸ ਤੋਂ ਪਤਾ ਲੱਗਦਾ ਹੈ ਕਿ ਨਵੀਂ ਦੁਨੀਆਂ ਵਿਚ ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕ ਹਜ਼ਾਰਾਂ ਸਾਲ ਜੀਉਣਗੇ। ਕੀ ਤੁਸੀਂ ਇਹ ਉਮੀਦ ਰੱਖ ਸਕਦੇ ਹੋ? ਹਾਂਜੀ ਕਿਉਂਕਿ ਪ੍ਰਕਾਸ਼ ਦੀ ਕਿਤਾਬ 21:1-4 ਮੁਤਾਬਕ ਪਰਮੇਸ਼ੁਰ ਮਨੁੱਖਜਾਤੀ ਨੂੰ ਬਰਕਤਾਂ ਦੇਵੇਗਾ ਅਤੇ ਉਨ੍ਹਾਂ ਵਿੱਚੋਂ ਇਕ ਬਰਕਤ ਹੈ ਕਿ ਉਸ ਸਮੇਂ “ਕੋਈ ਨਹੀਂ ਮਰੇਗਾ।”

23 ਜ਼ਿੰਦਗੀ ਦੇ ਬਾਗ਼ ਬਾਰੇ ਹੁਣ ਸਾਨੂੰ ਸਾਫ਼ ਪਤਾ ਲੱਗ ਗਿਆ ਹੈ। ਆਦਮ ਤੇ ਹੱਵਾਹ ਨੇ ਜ਼ਿੰਦਗੀ ਦੇ ਬਾਗ਼ ਵਿਚ ਹਮੇਸ਼ਾ ਰਹਿਣ ਦਾ ਸਨਮਾਨ ਗੁਆ ਲਿਆ ਸੀ, ਪਰ ਧਰਤੀ ʼਤੇ ਦੁਬਾਰਾ ਜ਼ਿੰਦਗੀ ਦਾ ਬਾਗ਼ ਬਣੇਗਾ। ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਧਰਤੀ ʼਤੇ ਲੋਕਾਂ ਨੂੰ ਬਰਕਤਾਂ ਦੇਵੇਗਾ। ਦਾਊਦ ਨੇ ਕਿਹਾ ਸੀ ਕਿ ਨਿਮਰ ਤੇ ਧਰਮੀ ਲੋਕ ਧਰਤੀ ਦੇ ਵਾਰਸ ਹੋਣਗੇ ਅਤੇ ਹਮੇਸ਼ਾ ਲਈ ਇਸ ʼਤੇ ਰਹਿਣਗੇ। ਨਾਲੇ ਯਸਾਯਾਹ ਦੀ ਕਿਤਾਬ ਵਿਚ ਕੀਤੀਆਂ ਭਵਿੱਖਬਾਣੀਆਂ ਕਰਕੇ ਸਾਨੂੰ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਿਚ ਮਦਦ ਮਿਲਦੀ ਹੈ ਜਦੋਂ ਅਸੀਂ ਸੋਹਣੀ ਧਰਤੀ ʼਤੇ ਜ਼ਿੰਦਗੀ ਦਾ ਆਨੰਦ ਮਾਣਾਂਗੇ। ਇੱਦਾਂ ਕਦੋਂ ਹੋਵੇਗਾ? ਜਦੋਂ ਯਿਸੂ ਦਾ ਅਪਰਾਧੀ ਨਾਲ ਕੀਤਾ ਵਾਅਦਾ ਪੂਰਾ ਹੋਵੇਗਾ। ਤੁਸੀਂ ਵੀ ਉਸ ਜ਼ਿੰਦਗੀ ਦੇ ਬਾਗ਼ ਵਿਚ ਜਾ ਸਕਦੇ ਹੋ। ਉਸ ਸਮੇਂ ਕੋਰੀਆ ਵਿਚ ਹੋਏ ਵੱਡੇ ਸੰਮੇਲਨ ਵਿਚ ਭੈਣਾਂ-ਭਰਾਵਾਂ ਨੇ ਜੋ ਕਿਹਾ ਸੀ, ਉਹ ਗੱਲ ਸੱਚ ਸਾਬਤ ਹੋਵੇਗੀ: “ਆਪਾਂ ਨਵੀਂ ਦੁਨੀਆਂ ਵਿਚ ਮਿਲਾਂਗੇ!”

a ਪ੍ਰੋਫ਼ੈਸਰ ਸੀ. ਮਾਰਵਿਨ ਪੇਟ ਨੇ ਲਿਖਿਆ ਕਿ “ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਜਦੋਂ ਯਿਸੂ ਨੇ ‘ਅੱਜ’ ਕਿਹਾ ਸੀ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ਮਰ ਜਾਵੇਗਾ ਤੇ ਉਸੇ ਦਿਨ ਜ਼ਿੰਦਗੀ ਦੇ ਬਾਗ਼ ਵਿਚ ਚਲਾ ਜਾਵੇਗਾ ਯਾਨੀ 24 ਘੰਟਿਆਂ ਦੇ ਅੰਦਰ-ਅੰਦਰ।” ਪ੍ਰੋਫ਼ੈਸਰ ਮਾਰਵਿਨ ਨੇ ਇਹ ਵੀ ਕਿਹਾ ਕਿ “ਸਮੱਸਿਆ ਇਹ ਹੈ ਕਿ ਇਹ ਗੱਲ ਬਾਈਬਲ ਵਿਚ ਦਿੱਤੀਆਂ ਹੋਰ ਗੱਲਾਂ ਨਾਲ ਮੇਲ ਨਹੀਂ ਖਾਂਦੀ। ਮਿਸਾਲ ਲਈ, ਯਿਸੂ ਮਰਨ ਤੋਂ ਬਾਅਦ ਕਬਰ ਵਿਚ ਰਿਹਾ ਅਤੇ ਬਾਅਦ ਵਿਚ ਸਵਰਗ ਗਿਆ।”​—ਮੱਤੀ 12:40; ਰਸੂ. 2:31; ਰੋਮੀ. 10:7.

b ਇਸ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ