ਅਸੀਂ ਯਹੋਵਾਹ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰ ਹਾਂ!
1 ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਯਹੋਵਾਹ ਨੇ ਆਪਣੇ ਭਗਤਾਂ ਉੱਤੇ ਵੱਡੀ ਕਿਰਪਾ ਕੀਤੀ ਹੈ। ਉਸ ਨੇ ਉਨ੍ਹਾਂ ਨੂੰ ਕਈ ਵਿਸ਼ੇਸ਼ ਸਨਮਾਨ ਦਿੱਤੇ, ਭਾਵੇਂ ਉਹ ਆਦਮੀ ਹੋਣ ਜਾਂ ਤੀਵੀਆਂ, ਨਿਆਣੇ ਹੋਣ ਜਾਂ ਸਿਆਣੇ, ਅਮੀਰ ਹੋਣ ਜਾਂ ਗ਼ਰੀਬ। (ਲੂਕਾ 1:41, 42; ਰਸੂ. 7:46; ਫ਼ਿਲਿ. 1:29) ਅੱਜ ਯਹੋਵਾਹ ਸਾਨੂੰ ਕਿਹੜੇ ਵਿਸ਼ੇਸ਼ ਸਨਮਾਨ ਦਿੰਦਾ ਹੈ?
2 ਸਾਡਾ ਵਿਸ਼ੇਸ਼ ਸਨਮਾਨ: ਇਹ ਸਾਡਾ ਵਿਸ਼ੇਸ਼ ਸਨਮਾਨ ਹੀ ਹੈ ਕਿ ਯਹੋਵਾਹ ਆਪ ਸਾਨੂੰ ਸਿਖਾਉਂਦਾ ਹੈ। (ਮੱਤੀ 13:11, 15) ਸਾਨੂੰ ਸਭਾਵਾਂ ਵਿਚ ਟਿੱਪਣੀਆਂ ਕਰ ਕੇ ਯਹੋਵਾਹ ਦੀ ਉਸਤਤ ਕਰਨ ਦਾ ਸਨਮਾਨ ਮਿਲਿਆ ਹੈ। (ਜ਼ਬੂ. 35:18) ਇਸ ਲਈ ਅਸੀਂ ਬੜੇ ਚਾਅ ਨਾਲ ਟਿੱਪਣੀਆਂ ਦਿੰਦੇ ਹਾਂ। ਯਹੋਵਾਹ ਨੇ ਕਲੀਸਿਯਾ ਵਿਚ ਸਾਨੂੰ ਜ਼ਿੰਮੇਵਾਰੀਆਂ ਦੇ ਕੇ ਵੀ ਸਨਮਾਨਿਆ ਹੈ। ਸੋ ਅਸੀਂ ਇਨ੍ਹਾਂ ਨੂੰ ਪੂਰੇ ਦਿਲ ਨਾਲ ਨਿਭਾਉਂਦੇ ਹਾਂ। ਕੀ ਅਸੀਂ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਅਤੇ ਰੱਖ-ਰਖਾਅ ਵਿਚ ਹੱਥ ਵਟਾਉਂਦੇ ਹਾਂ?
3 ਲੱਖਾਂ ਲੋਕ ਇਸ ਉਲਝਣ ਵਿਚ ਪਏ ਹੋਏ ਹਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਦੁਆਵਾਂ ਸੁਣਦਾ ਵੀ ਹੈ ਜਾਂ ਨਹੀਂ। ਪਰ ਅਸੀਂ ਕਿੰਨੇ ਖ਼ੁਸ਼ਨਸੀਬ ਹਾਂ ਕਿ ਪੂਰੇ ਜਹਾਨ ਦਾ ਮਾਲਕ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਕਹਾ. 15:29) ਜੀ ਹਾਂ, ਯਹੋਵਾਹ ਆਪ ਆਪਣੇ ਭਗਤਾਂ ਦੀਆਂ ਦੁਆਵਾਂ ਸੁਣਦਾ ਹੈ। (1 ਪਤ. 3:12) ਉਹ ਸਾਡੇ ਤੇ ਰੋਕ ਨਹੀਂ ਲਾਉਂਦਾ ਕਿ ਅਸੀਂ ਕਿੰਨੀ ਵਾਰੀ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਯਹੋਵਾਹ ਦੇ ਭਗਤਾਂ ਦਾ ਇਹ ਵਿਸ਼ੇਸ਼ ਸਨਮਾਨ ਹੈ ਕਿ ਉਹ “ਹਰ ਸਮੇਂ” ਪ੍ਰਾਰਥਨਾ ਕਰ ਸਕਦੇ ਹਨ!—ਅਫ਼. 6:18.
4 “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ”: ਸਾਨੂੰ ਸਭ ਤੋਂ ਵੱਡਾ ਸਨਮਾਨ ਇਹ ਮਿਲਿਆ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ‘ਕੰਮ ਵਿਚ ਪਰਮੇਸ਼ੁਰ ਦੇ ਸਾਂਝੀ ਹਾਂ।’ (1 ਕੁਰਿੰ. 3:9) ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਸਾਨੂੰ ਗਹਿਰੀ ਸੰਤੁਸ਼ਟੀ ਤੇ ਤਾਜ਼ਗੀ ਮਿਲਦੀ ਹੈ। (ਯੂਹੰ. 4:34) ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਨੂੰ ਇਨਸਾਨਾਂ ਨੂੰ ਵਰਤਣ ਦੀ ਲੋੜ ਨਹੀਂ ਹੈ। ਪਰ ਸਾਡੇ ਨਾਲ ਪਿਆਰ ਹੋਣ ਕਰਕੇ ਉਸ ਨੇ ਸਾਨੂੰ ਇਹ ਕੰਮ ਦੇ ਕੇ ਸਨਮਾਨਿਆ ਹੈ। (ਲੂਕਾ 19:39, 40) ਪਰ ਉਹ ਇਹ ਸਨਮਾਨ ਹਰ ਐਰੇ-ਗ਼ੈਰੇ ਨੂੰ ਨਹੀਂ ਦਿੰਦਾ। ਉਸ ਦੇ ਰਾਜ ਦਾ ਪ੍ਰਚਾਰ ਸਿਰਫ਼ ਉਹੋ ਲੋਕ ਕਰ ਸਕਦੇ ਹਨ ਜੋ ਉਸ ਦੇ ਉੱਚੇ-ਸੁੱਚੇ ਮਿਆਰਾਂ ਤੇ ਖਰੇ ਉੱਤਰਦੇ ਹਨ। (ਯਸਾ. 52:11) ਕੀ ਅਸੀਂ ਹਰ ਹਫ਼ਤੇ ਇਸ ਸੇਵਕਾਈ ਵਿਚ ਹਿੱਸਾ ਲੈ ਕੇ ਦਿਖਾਉਂਦੇ ਹਾਂ ਕਿ ਅਸੀਂ ਇਸ ਵਿਸ਼ੇਸ਼ ਸਨਮਾਨ ਦੀ ਕਦਰ ਕਰਦੇ ਹਾਂ?
5 ਯਹੋਵਾਹ ਦੀਆਂ ਮਿਹਰਬਾਨੀਆਂ ਨਾਲ ਹੀ ਸਾਡੀ ਜ਼ਿੰਦਗੀ ਖ਼ੁਸ਼ਹਾਲ ਹੈ। (ਕਹਾ. 10:22) ਇਨ੍ਹਾਂ ਮਿਹਰਬਾਨੀਆਂ ਨੂੰ ਤੁੱਛ ਨਾ ਸਮਝੋ! ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਵਿਸ਼ੇਸ਼ ਸਨਮਾਨ ਦੀ ਗਹਿਰੀ ਕਦਰ ਕਰ ਕੇ ਅਸੀਂ ਆਪਣੇ ਪਿਤਾ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ ਜੋ ਸਾਨੂੰ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦਿੰਦਾ ਹੈ।—ਯਾਕੂ. 1:17.