ਸੱਚਾਈ ਜ਼ਿੰਦਗੀਆਂ ਬਦਲਦੀ ਹੈ
ਇਹ ਅਫ਼ਸੋਸ ਦੀ ਗੱਲ ਹੈ, ਪਰ ਸੱਚ ਹੈ ਕਿ ਅੱਜ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਔਖੀਆਂ ਹਨ, ਇੱਥੋਂ ਤਕ ਕਿ ਚਿੰਤਾਜਨਕ ਵੀ ਹਨ। ਕੀ ਅਜਿਹੇ ਲੋਕਾਂ ਲਈ ਖ਼ੁਸ਼ੀ ਪ੍ਰਾਪਤ ਕਰਨੀ ਸੰਭਵ ਹੈ? ਕੁਝ ਤਾਂ ਅਪਰਾਧੀ ਹਨ ਅਤੇ ਆਪਣੇ ਸੰਗੀ ਮਾਨਵ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਕੀ ਉਹ ਕਦੀ ਸਮਾਜ ਦੇ ਈਮਾਨਦਾਰ ਮੈਂਬਰ ਬਣ ਸਕਦੇ ਹਨ? ਇਨ੍ਹਾਂ ਦੋਵਾਂ ਸਵਾਲਾਂ ਦਾ ਜਵਾਬ ਹੈ ਹਾਂ। ਲੋਕ ਬਦਲ ਸਕਦੇ ਹਨ। ਜ਼ਿੰਦਗੀਆਂ ਬਦਲੀਆਂ ਜਾ ਸਕਦੀਆਂ ਹਨ। ਪੌਲੁਸ ਰਸੂਲ ਨੇ ਦਿਖਾਇਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜਦੋਂ ਉਸ ਨੇ ਲਿਖਿਆ: “ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”—ਰੋਮੀਆਂ 12:2.
“ਪਰਮੇਸ਼ੁਰ ਦੀ . . . ਪੂਰੀ ਇੱਛਿਆ” ਦਾ ਜ਼ਿਕਰ, ਸ਼ਾਇਦ ਯਿਸੂ ਦੁਆਰਾ ਆਪਣੇ ਚੇਲਿਆਂ ਨੂੰ ਕਹੇ ਗਏ ਸ਼ਬਦਾਂ ਦੀ ਯਾਦ ਦਿਵਾਏ ਜੋ ਉਸ ਨੇ ਪੌਲੁਸ ਦੁਆਰਾ ਉਪਰੋਕਤ ਸ਼ਬਦਾਂ ਦੇ ਲਿਖਣ ਤੋਂ 20 ਤੋਂ ਜ਼ਿਆਦਾ ਸਾਲ ਪਹਿਲਾਂ ਕਹੇ ਸਨ। ਯਿਸੂ ਨੇ ਕਿਹਾ: “[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) “ਸਚਿਆਈ” ਤੋਂ ਯਿਸੂ ਦਾ ਭਾਵ ਈਸ਼ਵਰ ਪ੍ਰੇਰਿਤ ਗਿਆਨ ਸੀ—ਖ਼ਾਸ ਕਰਕੇ ਪਰਮੇਸ਼ੁਰ ਦੀ ਇੱਛਾ ਬਾਰੇ ਗਿਆਨ—ਜੋ ਬਾਈਬਲ ਵਿਚ ਸਾਡੇ ਲਈ ਸੰਭਾਲਿਆ ਗਿਆ ਹੈ। (ਯੂਹੰਨਾ 17:17) ਕੀ ਬਾਈਬਲ ਦੀ ਸੱਚਾਈ ਸੱਚ-ਮੁੱਚ ਲੋਕਾਂ ਨੂੰ ਆਜ਼ਾਦ ਕਰਦੀ ਹੈ? ਕੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਜੀਉਣਾ ਸੱਚ-ਮੁੱਚ ਜ਼ਿੰਦਗੀਆਂ ਬਦਲਦਾ ਹੈ? ਵਾਕਈ ਬਦਲਦਾ ਹੈ। ਕੁਝ ਉਦਾਹਰਣਾਂ ਉੱਤੇ ਵਿਚਾਰ ਕਰੋ।
ਜ਼ਿੰਦਗੀ ਵਿਚ ਮਕਸਦ
ਕੁਝ ਸਮਾਂ ਪਹਿਲਾਂ, ਜਿਬਰਾਲਟਰ ਵਿਚ ਮੌਇਸਸ ਨਾਂ ਦਾ ਇਕ ਆਦਮੀ ਬਹੁਤ ਹੀ ਦੁਖੀ ਸੀ। ਉਹ ਕਹਿੰਦਾ ਹੈ: “ਮੈਂ ਸ਼ਰਾਬੀ ਸੀ, ਅਤੇ ਸੜਕਾਂ ਤੇ ਸੌਂਦਾ ਸੀ। ਮੇਰੀ ਜ਼ਿੰਦਗੀ ਬਿਖਰ ਚੁੱਕੀ ਸੀ। ਮੈਂ ਹਰ ਰਾਤ ਪਰਮੇਸ਼ੁਰ ਨੂੰ ਕਹਿੰਦਾ ਸੀ ਕਿ ਉਹ ਮੇਰੇ ਉੱਤੇ ਦਇਆ ਕਰੇ ਅਤੇ ਦੁੱਖ ਭੁਗਤਣ ਲਈ ਮੈਨੂੰ ਇਕ ਹੋਰ ਦਿਨ ਨਾ ਦਿਖਾਵੇ। ਮੈਂ ਰੋ-ਰੋ ਕੇ ਪਰਮੇਸ਼ੁਰ ਨੂੰ ਪੁੱਛਦਾ ਕਿ ਮੈਂ ਇਸ ਦੁਨੀਆਂ ਵਿਚ ਕਿਉਂ ਆਇਆ ਜੇ ਮੈਂ ਨਿਕੰਮਾ ਹਾਂ, ਮੈਂ ਬੇਰੋਜ਼ਗਾਰ ਕਿਉਂ ਹਾਂ, ਮੇਰਾ ਪਰਿਵਾਰ ਕਿਉਂ ਨਹੀਂ, ਅਤੇ ਮੇਰੀ ਸਹਾਇਤਾ ਕਰਨ ਵਾਲਾ ਕਿਉਂ ਕੋਈ ਨਹੀਂ ਹੈ। ਮੈਂ ਕਿਉਂ ਜੀਉਂਦਾ ਰਹਾਂ?” ਫਿਰ, ਕੁਝ ਵਾਪਰਿਆ।
ਮੌਇਸਸ ਅੱਗੇ ਦੱਸਦਾ ਹੈ: “ਜਦੋਂ ਮੈਂ ਯਹੋਵਾਹ ਦੇ ਇਕ ਗਵਾਹ ਰੋਬਰਟੋ ਨੂੰ ਮਿਲਿਆ, ਤਾਂ ਮੈਂ ਜਾਣ ਗਿਆ ਕਿ ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਸੀ। ਰੋਬਰਟੋ ਨੇ ਮੈਨੂੰ ਬਾਈਬਲ ਅਤੇ ਬਾਈਬਲ ਅਧਿਐਨ ਸਹਾਇਕ ਸਾਧਨ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?a ਦੀ ਇਕ ਕਾਪੀ ਦਿੱਤੀ। ਹਰ ਰੋਜ਼ ਅਸੀਂ ਉਸ ਬੈਂਚ ਉੱਤੇ ਬੈਠ ਕੇ ਬਾਈਬਲ ਅਧਿਐਨ ਕਰਦੇ ਜਿਸ ਉੱਤੇ ਮੈਂ ਰਾਤ ਨੂੰ ਸੌਂਦਾ ਸੀ। ਇਕ ਮਹੀਨੇ ਬਾਅਦ ਰੋਬਰਟੋ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਵਿਚ ਇਕ ਸਭਾ ਵਿਚ ਲੈ ਗਿਆ। ਜਲਦੀ ਹੀ, ਬਾਈਬਲ ਸੱਚਾਈ ਨੇ ਮੇਰਾ ਪੂਰਾ ਨਜ਼ਰੀਆ ਬਦਲ ਦਿੱਤਾ। ਮੈਂ ਹੁਣ ਬਾਹਰ ਗਲੀਆਂ ਵਿਚ ਨਹੀਂ ਸੌਂਦਾ; ਨਾ ਹੀ ਮੈਂ ਸ਼ਰਾਬ ਜਾਂ ਸਿਗਰਟ ਪੀਂਦਾ ਹਾਂ। ਮੇਰੀ ਜ਼ਿੰਦਗੀ ਬਦਲ ਗਈ ਹੈ, ਅਤੇ ਮੈਂ ਖ਼ੁਸ਼ ਹਾਂ। ਮੈਂ ਜਲਦੀ ਹੀ ਬਪਤਿਸਮਾ ਲੈ ਕੇ ਯਹੋਵਾਹ ਦੇ ਇਕ ਗਵਾਹ ਵਜੋਂ ਉਸ ਦੀ ਸੇਵਾ ਕਰਨ ਦੀ ਉਮੀਦ ਰੱਖਦਾ ਹਾਂ।”
ਕਿੰਨਾ ਵਧੀਆ ਪਰਿਵਰਤਨ! ਜਦੋਂ ਲੋਕਾਂ ਨੂੰ ਕੋਈ ਉਮੀਦ ਨਹੀਂ ਹੁੰਦੀ ਹੈ, ਤਾਂ ਇਸ ਦਾ ਕਾਰਨ ਅਕਸਰ ਗਿਆਨ ਦੀ ਘਾਟ ਹੁੰਦਾ ਹੈ। ਉਹ ਪਰਮੇਸ਼ੁਰ ਜਾਂ ਉਸ ਦੇ ਅਦਭੁਤ ਮਕਸਦਾਂ ਬਾਰੇ ਨਹੀਂ ਜਾਣਦੇ ਹਨ। ਮੌਇਸਸ ਦੇ ਸੰਬੰਧ ਵਿਚ, ਜਦੋਂ ਉਸ ਨੇ ਇਹ ਗਿਆਨ ਪ੍ਰਾਪਤ ਕੀਤਾ, ਤਾਂ ਇਸ ਨੇ ਉਸ ਨੂੰ ਆਪਣੀ ਰਹਿਣੀ-ਬਹਿਣੀ ਬਦਲਣ ਲਈ ਬਲ ਅਤੇ ਹੌਸਲਾ ਦਿੱਤਾ। ਮੌਇਸਸ ਦੇ ਮਾਮਲੇ ਵਿਚ, ਜ਼ਬੂਰਾਂ ਦੇ ਲਿਖਾਰੀ ਵੱਲੋਂ ਪਰਮੇਸ਼ੁਰ ਨੂੰ ਕੀਤੀ ਗਈ ਪ੍ਰਾਰਥਨਾ ਸੁਣੀ ਗਈ: “ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ ਕਿ ਓਹ ਮੇਰੀ ਅਗਵਾਈ ਕਰਨ, ਅਤੇ ਓਹ ਮੈਨੂੰ ਤੇਰੇ ਪਵਿੱਤਰ ਪਹਾੜ ਅਰ ਤੇਰਿਆਂ ਡੇਹਰਿਆਂ ਕੋਲ ਪੁਚਾਉਣ।”—ਜ਼ਬੂਰ 43:3.
ਬੇਲੀਜ਼ ਵਿਚ, ਡਾਨਯਲ ਦਾ ਵੀ ਕੁਝ ਅਜਿਹਾ ਅਨੁਭਵ ਸੀ। ਡਾਨਯਲ ਸੜਕਾਂ ਤੇ ਨਹੀਂ ਸੌਂਦਾ ਸੀ, ਬਲਕਿ ਉਸ ਕੋਲ ਇਕ ਮਾਣ ਵਾਲੀ ਨੌਕਰੀ ਸੀ। ਪਰੰਤੂ 20 ਸਾਲਾਂ ਲਈ ਉਸ ਨੇ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਲਤ ਵਿਰੁੱਧ ਸੰਘਰਸ਼ ਕੀਤਾ ਅਤੇ ਇਕ ਅਨੈਤਿਕ ਜ਼ਿੰਦਗੀ ਬਤੀਤ ਕੀਤੀ। ਭਾਵੇਂ ਡਾਨਯਲ ਕੈਥੋਲਿਕ ਧਰਮ ਵਿਚ ਪਲਿਆ ਸੀ, ਫਿਰ ਵੀ ਉਸ ਨੂੰ ਜ਼ਿੰਦਗੀ ਵਿਚ ਕੋਈ ਮਕਸਦ ਨਜ਼ਰ ਨਹੀਂ ਸੀ ਆਉਂਦਾ, ਅਤੇ ਉਸ ਨੂੰ ਪਰਮੇਸ਼ੁਰ ਦੀ ਹੋਂਦ ਉੱਤੇ ਵੀ ਸ਼ੱਕ ਸੀ। ਉਹ ਸਹਾਇਤਾ ਦੀ ਭਾਲ ਵਿਚ ਵੱਖਰੇ-ਵੱਖਰੇ ਗਿਰਜਿਆਂ ਨੂੰ ਗਿਆ ਪਰੰਤੂ ਉਸ ਨੇ ਦੇਖਿਆ ਕਿ ਗਿਰਜੇ ਜਾਣ ਵਾਲੇ ਉਸ ਦੇ ਬਹੁਤ ਸਾਰੇ ਦੋਸਤ, ਅਤੇ ਕੁਝ ਪਾਦਰੀ ਦੋਸਤ ਵੀ ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੀ ਕੁਵਰਤੋਂ ਕਰਦੇ ਸਨ। ਇਸੇ ਦੌਰਾਨ, ਉਸ ਦੀ ਪਤਨੀ ਉਸ ਨੂੰ ਤਲਾਕ ਦੇਣ ਵਾਲੀ ਸੀ।
ਮਾਯੂਸੀ ਵਿਚ, ਡਾਨਯਲ ਸੁਧਾਰ ਕੇਂਦਰ ਵਿਚ ਦਾਖ਼ਲ ਹੋ ਗਿਆ। ਫਿਰ ਵੀ, ਉਹ ਜਾਣਦਾ ਸੀ ਕਿ ਉਸ ਦੇ ਨਿਕਲਣ ਤੋਂ ਬਾਅਦ, ਜੇਕਰ ਉਸ ਨੂੰ ਮਦਦ ਨਾ ਮਿਲੀ, ਤਾਂ ਉਹ ਜਲਦੀ ਹੀ ਦੁਬਾਰਾ ਨਸ਼ੀਲੀਆਂ ਦਵਾਈਆਂ ਲੈਣ ਲੱਗ ਪਵੇਗਾ। ਪਰੰਤੂ ਕਿਸ ਤਰ੍ਹਾਂ ਦੀ ਮਦਦ? ਮਈ 1996 ਵਿਚ, ਸੁਧਾਰ ਕੇਂਦਰ ਛੱਡਣ ਤੋਂ ਦੋ ਦਿਨ ਬਾਅਦ, ਡਾਨਯਲ ਇਕ ਯਹੋਵਾਹ ਦੇ ਗਵਾਹ ਕੋਲ ਗਿਆ ਅਤੇ ਉਸ ਨੂੰ ਇਸ ਬੇਨਤੀ ਨਾਲ ਹੈਰਾਨ ਕੀਤਾ, “ਕਿਰਪਾ ਕਰ ਕੇ ਮੇਰੇ ਨਾਲ ਬਾਈਬਲ ਦਾ ਅਧਿਐਨ ਕਰੋ।” ਉਸ ਗਵਾਹ ਨੇ ਡਾਨਯਲ ਨਾਲ ਹਫ਼ਤੇ ਵਿਚ ਦੋ ਵਾਰ ਬਾਈਬਲ ਦਾ ਅਧਿਐਨ ਕਰਨ ਦਾ ਪ੍ਰਬੰਧ ਕੀਤਾ, ਅਤੇ ਡਾਨਯਲ ਨੇ ਜਲਦੀ ਹੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਪੁਰਾਣੇ ਦੋਸਤ ਛੱਡ ਕੇ ਮਸੀਹੀ ਦੋਸਤ ਬਣਾ ਲਏ ਜੋ ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੀ ਕੁਵਰਤੋਂ ਨਹੀਂ ਕਰਦੇ ਸਨ ਅਤੇ ਜੋ ਅਨੈਤਿਕਤਾ ਤੋਂ ਦੂਰ ਰਹਿੰਦੇ ਸਨ। ਇਸ ਤਰ੍ਹਾਂ ਡਾਨਯਲ ਨੇ ਅਨੁਭਵ ਕੀਤਾ ਕਿ ਬਾਈਬਲ ਦੀ ਗੱਲ ਸੱਚ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਥੋੜ੍ਹੇ ਸਮੇਂ ਬਾਅਦ, ਉਸ ਨੇ ਕਿਹਾ: “ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਜਾਣਿਆ ਹੈ ਕਿ ਸ਼ੁੱਧ ਅੰਤਹਕਰਣ ਰੱਖਣਾ ਕੀ ਹੁੰਦਾ ਹੈ।” ਡਾਨਯਲ ਦੀ ਵੀ ਜ਼ਿੰਦਗੀ ਬਦਲ ਗਈ ਸੀ।
ਪੋਰਟੋ ਰੀਕੋ ਵਿਚ, ਇਕ ਹੋਰ ਆਦਮੀ ਨੇ ਵੀ ਇਕ ਅਨੋਖਾ ਪਰਿਵਰਤਨ ਅਨੁਭਵ ਕੀਤਾ। ਉਹ ਜੇਲ੍ਹ ਵਿਚ ਸੀ ਅਤੇ ਉਸ ਨੂੰ ਬਹੁਤ ਖ਼ਤਰਨਾਕ ਸਮਝਿਆ ਜਾਂਦਾ ਸੀ, ਕਿਉਂਕਿ ਉਸ ਨੇ ਕਈ ਲੋਕਾਂ ਦਾ ਕਤਲ ਕੀਤਾ ਸੀ। ਕੀ ਬਾਈਬਲ ਸੱਚਾਈ ਉਸ ਨੂੰ ਬਦਲ ਸਕਦੀ ਸੀ? ਜੀ ਹਾਂ। ਯਹੋਵਾਹ ਦਾ ਇਕ ਗਵਾਹ ਉਸ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਕੁਝ ਕਾਪੀਆਂ ਦੇ ਸਕਿਆ, ਅਤੇ ਉਸ ਨੇ ਜਲਦੀ ਹੀ ਹੋਰ ਕਾਪੀਆਂ ਮੰਗੀਆਂ। ਉਸ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ, ਅਤੇ ਜਿਉਂ-ਜਿਉਂ ਬਾਈਬਲ ਸੱਚਾਈ ਨੇ ਉਸ ਦੇ ਦਿਲ ਉੱਤੇ ਪ੍ਰਭਾਵ ਪਾਉਣਾ ਸ਼ੁਰੂ ਕੀਤਾ, ਉਸ ਵਿਚ ਆਏ ਪਰਿਵਰਤਨ ਨੂੰ ਸਭ ਲੋਕ ਦੇਖ ਸਕਦੇ ਸਨ। ਉਸ ਦੇ ਪਰਿਵਰਤਨ ਦਾ ਪਹਿਲਾ ਇਕ ਸਬੂਤ ਇਹ ਸੀ ਕਿ ਉਸ ਨੇ ਆਪਣੇ ਲੰਬੇ ਵਾਲ ਛੋਟੇ ਕਟਵਾਏ ਅਤੇ ਆਪਣੀ ਖਿੱਲਰੀ-ਪੁੱਲਰੀ ਦਾੜ੍ਹੀ ਦੀ ਹਜਾਮਤ ਕੀਤੀ।
ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਉਨ੍ਹਾਂ ਪਾਪੀਆਂ ਨੂੰ ਮਾਫ਼ ਕਰਦਾ ਹੈ ਜੋ ਸੱਚ-ਮੁੱਚ ਤੋਬਾ ਕਰਦੇ ਹਨ ਅਤੇ ਆਪਣੇ ਜੀਵਨ-ਢੰਗ ਬਦਲਦੇ ਹਨ। ਪੌਲੁਸ ਨੇ ਲਿਖਿਆ: “ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ? . . . ਅਤੇ ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ . . . ਤੁਸੀਂ ਧੋਤੇ ਗਏ।” (1 ਕੁਰਿੰਥੀਆਂ 6:9, 11) ਬਿਨਾਂ ਸ਼ੱਕ, ਇਨ੍ਹਾਂ ਸ਼ਬਦਾਂ ਨੇ ਇਸ ਆਦਮੀ ਨੂੰ ਦਿਲਾਸਾ ਦਿੱਤਾ, ਜਿਵੇਂ ਕਿ ਰਸੂਲਾਂ ਦੇ ਕਰਤੱਬ 24:15 ਦੇ ਸ਼ਬਦਾਂ ਨੇ ਦਿੱਤਾ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” ਉਸ ਨੇ ਕਿਹਾ: “ਜਦੋਂ ਮਰੇ ਹੋਏ ਲੋਕਾਂ ਦਾ ਪੁਨਰ-ਉਥਾਨ ਹੋਵੇਗਾ ਤਾਂ ਮੈਂ ਉੱਥੇ ਹੋਣਾ ਚਾਹੁੰਦਾ ਹਾਂ ਤਾਂਕਿ ਮੈਂ ਉਨ੍ਹਾਂ ਲੋਕਾਂ ਤੋਂ ਮਾਫ਼ੀ ਮੰਗ ਸਕਾਂ ਜਿਨ੍ਹਾਂ ਦੀਆਂ ਮੈਂ ਜਾਨਾਂ ਲਈਆਂ ਸਨ।”
ਇਕ ਨਵਾਂ ਪਰਿਵਾਰ
ਇਕ ਦਿਨ ਅਰਜਨਟੀਨਾ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਪੂਰਣ-ਕਾਲੀ ਪ੍ਰਚਾਰਕ, ਲੂਈਸ ਨੂੰ ਇਕ ਨੌਜਵਾਨ ਨਾਲ ਮਿਲਾਇਆ ਗਿਆ ਜਿਸ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਸੀ। ਜਨਮ ਵੇਲੇ ਹੀ ਆਪਣੇ ਮਾਪਿਆਂ ਦੁਆਰਾ ਤਿਆਗੇ ਜਾਣ ਤੇ, ਉਹ ਵਿਭਿੰਨ ਆਸ਼ਰਮਾਂ ਵਿਚ ਪਲਿਆ। ਲਗਭਗ 20 ਸਾਲ ਦੀ ਉਮਰ ਤੇ ਉਸ ਨੂੰ ਆਪਣੀ ਮਾਂ ਦਾ ਅਤਾ-ਪਤਾ ਮਿਲਿਆ ਅਤੇ ਉਸ ਨੇ ਆਪਣੀ ਮਾਂ ਦੇ ਨੇੜੇ ਰਹਿਣ ਦਾ ਫ਼ੈਸਲਾ ਕੀਤਾ। ਉਸ ਨੇ ਸਖ਼ਤ ਮਿਹਨਤ ਕੀਤੀ, ਬਹੁਤ ਸਾਰੇ ਪੈਸੇ ਜਮ੍ਹਾ ਕੀਤੇ, ਅਤੇ ਉਸ ਸ਼ਹਿਰ ਨੂੰ ਚਲਾ ਗਿਆ ਜਿੱਥੇ ਉਸ ਦੀ ਮਾਂ ਰਹਿੰਦੀ ਸੀ। ਉਸ ਦੀ ਮਾਂ ਨੇ ਉਸ ਨੂੰ ਆਪਣੇ ਕੋਲ ਉਦੋਂ ਤਕ ਰੱਖਿਆ ਜਦੋਂ ਤਕ ਉਸ ਕੋਲ ਪੈਸੇ ਸਨ, ਅਤੇ ਫਿਰ ਪੈਸੇ ਮੁੱਕ ਜਾਣ ਤੇ ਉਸ ਨੂੰ ਚੱਲੇ ਜਾਣ ਲਈ ਕਿਹਾ। ਇਸ ਤਰ੍ਹਾਂ ਤਿਆਗੇ ਜਾਣ ਕਾਰਨ ਉਸ ਨੇ ਖ਼ੁਦਕਸ਼ੀ ਕਰਨੀ ਚਾਹੀ।
ਪਰੰਤੂ, ਲੂਈਸ ਇਸ ਨੌਜਵਾਨ ਨਾਲ ਬਾਈਬਲ ਸੱਚਾਈ ਸਾਂਝੀ ਕਰ ਸਕਿਆ। ਉਸ ਸੱਚਾਈ ਵਿਚ ਇਹ ਭਰੋਸਾ ਵੀ ਹੈ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰ 27:10) ਇਸ ਨੌਜਵਾਨ ਨੇ ਜਾਣਿਆ ਕਿ ਉਸ ਦਾ ਇਕ ਸਵਰਗੀ ਪਿਤਾ ਸੀ ਜੋ ਉਸ ਨੂੰ ਕਦੇ ਨਹੀਂ ਤਿਆਗੇਗਾ। ਉਹ ਹੁਣ ਇਕ ਨਵੇਂ ਪਰਿਵਾਰ, ਅਰਥਾਤ ਯਹੋਵਾਹ ਦੇ ਪਰਿਵਾਰ ਦਾ ਮੈਂਬਰ ਹੋਣ ਤੇ ਖ਼ੁਸ਼ ਹੈ।
ਇਸੇ ਦੇਸ਼ ਵਿਚ ਇਕ ਹੋਰ ਆਦਮੀ ਨੇ ਇਕ ਯਹੋਵਾਹ ਦੇ ਗਵਾਹ ਨੂੰ ਦੱਸਿਆ ਕਿ ਉਹ ਪਹਿਰਾਬੁਰਜ ਰਸਾਲਾ ਪਸੰਦ ਕਰਦਾ ਸੀ। ਕਿਉਂ? ਕਿਉਂਕਿ ਇਸ ਨੇ ਉਸ ਦੀ ਵਿਆਹੁਤਾ ਜ਼ਿੰਦਗੀ ਨੂੰ ਬਚਾਇਆ ਸੀ। ਇੰਜ ਜਾਪਦਾ ਹੈ ਕਿ ਇਕ ਦਿਨ ਉਸ ਆਦਮੀ ਨੇ ਕੰਮ ਤੋਂ ਮੁੜਦੇ ਸਮੇਂ ਕੂੜੇ ਵਿਚ ਇਕ ਪਹਿਰਾਬੁਰਜ ਰਸਾਲਾ ਦੇਖਿਆ ਜਿਸ ਉੱਤੇ ਵੱਡੇ ਅੱਖਰਾਂ ਵਿਚ “ਤਲਾਕ” ਸਿਰਲੇਖ ਛਪਿਆ ਹੋਇਆ ਸੀ। ਕਿਉਂਕਿ ਉਸ ਦੀ ਵਿਆਹੁਤਾ ਜ਼ਿੰਦਗੀ ਖ਼ਤਰੇ ਵਿਚ ਸੀ ਅਤੇ ਉਸ ਦੀ ਪਤਨੀ ਅਤੇ ਉਸ ਨੇ ਕਾਨੂੰਨੀ ਅਲਹਿਦਗੀ ਲਈ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ, ਉਸ ਨੇ ਰਸਾਲਾ ਚੁੱਕ ਕੇ ਪੜ੍ਹਨਾ ਸ਼ੁਰੂ ਕੀਤਾ। ਉਹ ਇਸ ਨੂੰ ਘਰ ਲੈ ਗਿਆ ਅਤੇ ਆਪਣੀ ਪਤਨੀ ਨਾਲ ਇਸ ਨੂੰ ਪੜ੍ਹਿਆ। ਇਸ ਜੋੜੇ ਨੇ ਰਸਾਲੇ ਵਿਚ ਦਿੱਤੀ ਬਾਈਬਲ-ਆਧਾਰਿਤ ਸਲਾਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। (ਅਫ਼ਸੀਆਂ 5:21–6:4) ਜਲਦੀ ਹੀ, ਉਨ੍ਹਾਂ ਦੇ ਰਿਸ਼ਤੇ ਵਿਚ ਸੁਧਾਰ ਆਇਆ। ਉਨ੍ਹਾਂ ਨੇ ਅਲਹਿਦਗੀ ਕਾਰਵਾਈਆਂ ਰੋਕ ਦਿੱਤੀਆਂ ਅਤੇ ਹੁਣ ਇਕ ਸੰਯੁਕਤ ਵਿਆਹੁਤਾ ਜੋੜੇ ਵਜੋਂ ਬਾਈਬਲ ਦਾ ਅਧਿਐਨ ਕਰ ਰਹੇ ਹਨ।
ਉਰੂਗਵਾਏ ਵਿਚ, ਲੂਈਸ ਨਾਂ ਦੇ ਇਕ ਹੋਰ ਆਦਮੀ ਤੋਂ ਖ਼ੁਸ਼ੀਆਂ ਕੋਹਾਂ ਦੂਰ ਸਨ। ਨਸ਼ੀਲੀਆਂ ਦਵਾਈਆਂ ਦੀ ਲਤ, ਪ੍ਰੇਤਵਾਦ, ਮੂਰਤੀ-ਪੂਜਾ, ਸ਼ਰਾਬ ਦੀ ਕੁਵਰਤੋਂ—ਇਨ੍ਹਾਂ ਕੁਝ ਚੀਜ਼ਾਂ ਨੇ ਉਸ ਦੀ ਜ਼ਿੰਦਗੀ ਵਿਚ ਹਲਚਲ ਮਚਾ ਦਿੱਤੀ ਸੀ। ਅਖ਼ੀਰ ਵਿਚ, ਪੂਰੀ ਤਰ੍ਹਾਂ ਨਿਰਾਸ਼ ਹੋ ਕੇ ਲੂਈਸ ਨਾਸਤਿਕ ਬਣ ਗਿਆ। ਇਕ ਦੋਸਤ ਨੇ ਉਸ ਨੂੰ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ?b (ਅੰਗ੍ਰੇਜ਼ੀ) ਨਾਮਕ ਕਿਤਾਬ ਦਿੱਤੀ। ਇਸ ਦੇ ਸਿੱਟੇ ਵਜੋਂ ਉਸ ਦਾ ਥੋੜ੍ਹੇ ਚਿਰ ਲਈ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਰਿਹਾ, ਪਰੰਤੂ ਲੂਈਸ ਜਲਦੀ ਹੀ ਦੁਬਾਰਾ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਲੈਣ ਲੱਗ ਪਿਆ। ਇਕ ਦਿਨ ਜਦੋਂ ਉਸ ਨੇ ਬਹੁਤ ਦੁਖੀ ਹਾਲਤ ਵਿਚ ਆਪਣੇ ਆਪ ਨੂੰ ਕੂੜੇ ਦੇ ਢੇਰ ਤੇ ਬੈਠੇ ਹੋਏ ਪਾਇਆ, ਤਾਂ ਉਸ ਨੇ ਪ੍ਰਾਰਥਨਾ ਕੀਤੀ। ਕਿਉਂ ਜੋ ਉਹ ਪਰਮੇਸ਼ੁਰ ਦੇ ਨਾਂ ਬਾਰੇ ਯਕੀਨੀ ਨਹੀਂ ਸੀ ਉਸ ਨੇ ਆਪਣੀ ਪ੍ਰਾਰਥਨਾ “ਯਿਸੂ ਮਸੀਹ ਦੇ ਪਿਤਾ” ਨੂੰ ਕੀਤੀ।
ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਇਸ ਦੁਨੀਆਂ ਵਿਚ ਹੋਣ ਦਾ ਕਾਰਨ ਦੱਸੇ। “ਐਨ ਅਗਲੇ ਦਿਨ,” ਲੂਈਸ ਨੇ ਦੱਸਿਆ, “ਇਕ ਵਾਕਫ਼ ਨੇ ਮੈਨੂੰ ਇਕ ਕਿਤਾਬ ਦਿੱਤੀ ਜੋ ਉਸ ਦੇ ਹੋਰ ਕੰਮ ਦੀ ਨਹੀਂ ਸੀ। ਇਸ ਦਾ ਸਿਰਲੇਖ? ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ!”c (ਅੰਗ੍ਰੇਜ਼ੀ) ਇਸ ਕਿਤਾਬ ਨੇ ਉਸ ਨੂੰ ਆਪਣੇ ਸਵਾਲ ਦਾ ਜਵਾਬ ਪ੍ਰਾਪਤ ਕਰਨ ਵਿਚ ਮਦਦ ਦਿੱਤੀ। ਲੂਈਸ ਨੇ ਫਿਰ ਉਸ ਧਰਮ ਦੀ ਭਾਲ ਕਰਨ ਵਿਚ ਮਦਦ ਲਈ ਪ੍ਰਾਰਥਨਾ ਕੀਤੀ ਜੋ ਉਸ ਨੂੰ ਦਿਖਾਵੇਗਾ ਕਿ ਪਰਮੇਸ਼ੁਰ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਕਿੰਨੀ ਹੈਰਾਨੀ ਦੀ ਗੱਲ! ਦਰਵਾਜ਼ੇ ਦੀ ਘੰਟੀ ਵੱਜੀ, ਅਤੇ ਬਾਹਰ ਦੋ ਯਹੋਵਾਹ ਦੇ ਗਵਾਹ ਖੜ੍ਹੇ ਸਨ। ਲੂਈਸ ਨੇ ਤੁਰੰਤ ਉਨ੍ਹਾਂ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕਰ ਦਿੱਤਾ। ਉਸ ਨੇ ਤੇਜ਼ੀ ਨਾਲ ਉੱਨਤੀ ਕੀਤੀ ਅਤੇ ਹੁਣ ਉਹ ਇਕ ਬਪਤਿਸਮਾ-ਪ੍ਰਾਪਤ ਗਵਾਹ ਹੋਣ ਕਰਕੇ ਮੁਬਾਰਕ ਮਹਿਸੂਸ ਕਰਦਾ ਹੈ। ਉਹ ਇਕ ਸਾਫ਼-ਸੁਥਰੀ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਦੂਸਰਿਆਂ ਨੂੰ ਵੀ ਆਪਣੀਆਂ ਜ਼ਿੰਦਗੀਆਂ ਵਿਚ ਮਕਸਦ ਲੱਭਣ ਵਿਚ ਮਦਦ ਦਿੰਦਾ ਹੈ। ਉਸ ਲਈ, ਜ਼ਬੂਰ 65:2 ਦੇ ਸ਼ਬਦ ਸੱਚ ਸਾਬਤ ਹੋਏ ਹਨ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।”
ਫ਼ਿਲਪੀਨ ਵਿਚ, ਐਲਨ ਇਕ ਵਿਦਿਆਰਥੀ ਅੰਦੋਲਨਕਾਰੀ ਸੀ। ਉਹ ਅਜਿਹੀ ਸੰਸਥਾ ਦਾ ਮੈਂਬਰ ਸੀ ਜਿਸ ਦਾ ਮਕਸਦ “ਸਰਕਾਰ ਦਾ ਤਖ਼ਤਾ ਪਲਟਣਾ ਸੀ ਤਾਂਕਿ ਭਾਵੀ ਪੀੜ੍ਹੀਆਂ ਬਰਾਬਰੀ ਦਾ ਆਨੰਦ ਮਾਣ ਸਕਣ।” ਪਰੰਤੂ, ਇਕ ਦਿਨ ਉਸ ਦਾ ਸੰਪਰਕ ਯਹੋਵਾਹ ਦੇ ਗਵਾਹਾਂ ਨਾਲ ਹੋਇਆ ਅਤੇ ਉਸ ਨੇ ਬਾਈਬਲ ਤੋਂ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸਿੱਖਿਆ। ਉਸ ਮਕਸਦ ਵਿਚ ਇਹ ਪ੍ਰੇਰਿਤ ਵਾਅਦਾ ਵੀ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:10, 11) ਐਲਨ ਨੇ ਕਿਹਾ: “ਮੈਂ ਜਲਦੀ ਹੀ ਜਾਣ ਗਿਆ ਕਿ ਸਾਡਾ ਅੰਦੋਲਨ ਜਿਸ ਚੀਜ਼ ਲਈ ਸੰਘਰਸ਼ ਕਰ ਰਿਹਾ ਸੀ ਉਸ ਦਾ ਤਾਂ ਬਾਈਬਲ ਵਿਚ ਕਾਫ਼ੀ ਸਮਾਂ ਪਹਿਲਾਂ ਵਾਅਦਾ ਕੀਤਾ ਗਿਆ ਸੀ। ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਅਸੀਂ ਗਰਮਜੋਸ਼ੀ ਨਾਲ ਇੱਛਾ ਰੱਖਦੇ ਸੀ, ਪਰਮੇਸ਼ੁਰ ਦੇ ਰਾਜ ਅਧੀਨ ਦਿੱਤੀਆਂ ਜਾਣਗੀਆਂ।” ਐਲਨ ਹੁਣ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਦਾ ਹੈ ਅਤੇ ਦੂਸਰਿਆਂ ਨੂੰ ਬਾਈਬਲ ਸੱਚਾਈ ਵਿਚ ਨਿਹਚਾ ਰੱਖਣ ਲਈ ਮਦਦ ਦਿੰਦਾ ਹੈ।
ਜੀ ਹਾਂ, ਜ਼ਿੰਦਗੀਆਂ ਬਦਲਦੀਆਂ ਹਨ ਜਦੋਂ ਲੋਕ ਪਰਮੇਸ਼ੁਰ ਦੇ ਬਚਨ, ਬਾਈਬਲ ਦੀ ਸੱਚਾਈ ਵੱਲ ਧਿਆਨ ਦਿੰਦੇ ਹਨ। ਸੱਚ-ਮੁੱਚ ਹੀ, ਉਹ ਸਮਾਂ ਆਉਂਦਾ ਹੈ ਜਦੋਂ ਸਾਰੀ ਬਚੀ ਹੋਈ ਮਨੁੱਖਜਾਤੀ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਜੀਏਗੀ। ਇਹ ਕਿੰਨਾ ਹੀ ਵਧੀਆ ਪਰਿਵਰਤਨ ਹੋਵੇਗਾ! ਫਿਰ, ਇਹ ਭਵਿੱਖਬਾਣੀ ਪੂਰੀ ਹੋਵੇਗੀ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਯਸਾਯਾਹ 11:9.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।