ਲੂਕਾ
24 ਫਿਰ ਉਹ ਮਸਾਲੇ ਤਿਆਰ ਕਰ ਕੇ ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ ਕਬਰ ʼਤੇ ਆਈਆਂ। 2 ਉਨ੍ਹਾਂ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਹਟਾ ਕੇ ਇਕ ਪਾਸੇ ਕੀਤਾ ਹੋਇਆ ਸੀ, 3 ਅਤੇ ਜਦੋਂ ਉਹ ਕਬਰ ਦੇ ਅੰਦਰ ਵੜੀਆਂ, ਤਾਂ ਪ੍ਰਭੂ ਯਿਸੂ ਦੀ ਲਾਸ਼ ਉੱਥੇ ਨਹੀਂ ਸੀ। 4 ਇਸ ਕਰਕੇ ਉਹ ਪਰੇਸ਼ਾਨ ਹੋ ਗਈਆਂ। ਅਤੇ ਦੇਖੋ! ਉੱਥੇ ਦੋ ਆਦਮੀ ਉਨ੍ਹਾਂ ਕੋਲ ਖੜ੍ਹੇ ਸਨ ਜਿਨ੍ਹਾਂ ਦੇ ਕੱਪੜੇ ਚਮਕ ਰਹੇ ਸਨ। 5 ਉਨ੍ਹਾਂ ਨੂੰ ਦੇਖ ਕੇ ਉਹ ਤੀਵੀਆਂ ਬਹੁਤ ਡਰ ਗਈਆਂ ਅਤੇ ਸਿਰ ਝੁਕਾਈ ਥੱਲੇ ਨੂੰ ਦੇਖਦੀਆਂ ਰਹੀਆਂ। ਉਨ੍ਹਾਂ ਆਦਮੀਆਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜੀਉਂਦੇ ਨੂੰ ਮਰਿਆਂ ਵਿੱਚੋਂ ਕਿਉਂ ਲੱਭ ਰਹੀਆਂ ਹੋ? 6 [ਉਹ ਇੱਥੇ ਨਹੀਂ ਹੈ, ਉਸ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ ਹੈ।]* ਯਾਦ ਕਰੋ ਜਦੋਂ ਉਹ ਗਲੀਲ ਵਿਚ ਸੀ, ਤਾਂ ਉਸ ਨੇ ਤੁਹਾਨੂੰ ਕਿਹਾ ਸੀ 7 ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਸੂਲ਼ੀ ʼਤੇ ਟੰਗ ਦਿੱਤਾ ਜਾਵੇਗਾ, ਪਰ ਉਹ ਤੀਸਰੇ ਦਿਨ ਦੁਬਾਰਾ ਜੀਉਂਦਾ ਹੋ ਜਾਵੇਗਾ।” 8 ਸੋ ਉਨ੍ਹਾਂ ਨੂੰ ਉਸ ਦੀਆਂ ਗੱਲਾਂ ਚੇਤੇ ਆਈਆਂ 9 ਅਤੇ ਕਬਰ ਤੋਂ ਵਾਪਸ ਆ ਕੇ ਉਨ੍ਹਾਂ ਨੇ ਇਹ ਸਾਰਾ ਕੁਝ ਗਿਆਰਾਂ ਰਸੂਲਾਂ ਅਤੇ ਬਾਕੀ ਸਾਰੇ ਚੇਲਿਆਂ ਨੂੰ ਦੱਸਿਆ। 10 ਜਿਨ੍ਹਾਂ ਤੀਵੀਆਂ ਨੇ ਰਸੂਲਾਂ ਨੂੰ ਇਹ ਸਭ ਕੁਝ ਦੱਸਿਆ ਸੀ, ਉਹ ਸਨ ਮਰੀਅਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਤਾ ਮਰੀਅਮ ਅਤੇ ਉਨ੍ਹਾਂ ਦੇ ਨਾਲ ਹੋਰ ਵੀ ਤੀਵੀਆਂ ਸਨ। 11 ਪਰ ਰਸੂਲਾਂ ਤੇ ਦੂਸਰੇ ਚੇਲਿਆਂ ਨੂੰ ਤੀਵੀਆਂ ਦੀਆਂ ਗੱਲਾਂ ਬੇਕਾਰ ਲੱਗੀਆਂ ਅਤੇ ਉਨ੍ਹਾਂ ਨੇ ਇਨ੍ਹਾਂ ਦਾ ਵਿਸ਼ਵਾਸ ਨਾ ਕੀਤਾ।
12 [ਪਰ ਪਤਰਸ ਉੱਠਿਆ ਅਤੇ ਭੱਜ ਕੇ ਕਬਰ ʼਤੇ ਚਲਾ ਗਿਆ। ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ, ਪਰ ਉਸ ਨੂੰ ਉੱਥੇ ਸਿਰਫ਼ ਪੱਟੀਆਂ ਪਈਆਂ ਦਿਸੀਆਂ। ਇਸ ਕਰਕੇ ਉਹ ਉੱਥੋਂ ਚਲਾ ਗਿਆ ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਮਨ ਵਿਚ ਸੋਚਦਾ ਰਿਹਾ।]*
13 ਪਰ ਦੇਖੋ! ਉਸੇ ਦਿਨ ਦੋ ਚੇਲੇ ਇੰਮਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ ਜੋ ਯਰੂਸ਼ਲਮ ਤੋਂ ਲਗਭਗ ਗਿਆਰਾਂ ਕਿਲੋਮੀਟਰ ਦੂਰ ਸੀ। 14 ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਆਪਸ ਵਿਚ ਗੱਲਾਂ ਕਰ ਰਹੇ ਸਨ।
15 ਜਦੋਂ ਉਹ ਗੱਲਾਂ ਕਰ ਰਹੇ ਸਨ, ਤਾਂ ਯਿਸੂ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ; 16 ਪਰ ਉਹ ਉਸ ਨੂੰ ਪਛਾਣ ਨਾ ਸਕੇ। 17 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਆਪਸ ਵਿਚ ਕੀ ਬਹਿਸ ਕਰ ਰਹੇ ਹੋ?” ਉਹ ਖੜ੍ਹੇ ਹੋ ਗਏ ਅਤੇ ਉਨ੍ਹਾਂ ਦੇ ਚਿਹਰੇ ਉਦਾਸੀ ਨਾਲ ਮੁਰਝਾਏ ਹੋਏ ਸਨ। 18 ਫਿਰ ਕਲਿਉਪਸ ਨਾਂ ਦੇ ਚੇਲੇ ਨੇ ਕਿਹਾ: “ਕੀ ਤੂੰ ਯਰੂਸ਼ਲਮ ਵਿਚ ਪਰਦੇਸੀ ਹੈਂ ਅਤੇ ਇਕੱਲਾ ਰਹਿੰਦਾਂ? ਕੀ ਤੂੰ ਕਿਸੇ ਨਾਲ ਮਿਲਦਾ-ਗਿਲਦਾ ਨਹੀਂ? ਤੈਨੂੰ ਨਹੀਂ ਪਤਾ ਕਿ ਇਨ੍ਹੀਂ ਦਿਨੀਂ ਉੱਥੇ ਕੀ-ਕੀ ਹੋਇਆ ਸੀ?” 19 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਹੋਇਆ ਸੀ?” ਉਨ੍ਹਾਂ ਨੇ ਦੱਸਿਆ: “ਜੋ ਯਿਸੂ ਨਾਸਰੀ ਨਾਲ ਹੋਇਆ ਸੀ। ਉਸ ਨੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਕਰ ਕੇ ਅਤੇ ਅਸਰਦਾਰ ਸਿੱਖਿਆ ਦੇ ਕੇ ਆਪਣੇ ਆਪ ਨੂੰ ਨਬੀ ਸਾਬਤ ਕੀਤਾ ਸੀ, 20 ਅਤੇ ਕਿਵੇਂ ਸਾਡੇ ਮੁੱਖ ਪੁਜਾਰੀਆਂ ਅਤੇ ਧਾਰਮਿਕ ਆਗੂਆਂ ਨੇ ਉਸ ਨੂੰ ਮੌਤ ਦੀ ਸਜ਼ਾ ਵਾਸਤੇ ਫੜਵਾ ਦਿੱਤਾ ਸੀ ਅਤੇ ਸੂਲ਼ੀ ʼਤੇ ਟੰਗਵਾ ਦਿੱਤਾ ਸੀ। 21 ਪਰ ਸਾਨੂੰ ਉਮੀਦ ਸੀ ਕਿ ਉਹ ਆਦਮੀ ਇਜ਼ਰਾਈਲ ਨੂੰ ਛੁਟਕਾਰਾ ਦਿਵਾਏਗਾ; ਨਾਲੇ ਇਨ੍ਹਾਂ ਗੱਲਾਂ ਨੂੰ ਹੋਇਆਂ ਅੱਜ ਤਿੰਨ ਦਿਨ ਹੋ ਚੁੱਕੇ ਹਨ। 22 ਇਸ ਤੋਂ ਇਲਾਵਾ, ਇੱਥੇ ਕੁਝ ਤੀਵੀਆਂ ਨੇ ਵੀ ਸਾਨੂੰ ਇਹ ਦੱਸ ਕੇ ਹੈਰਾਨੀ ਵਿਚ ਪਾ ਦਿੱਤਾ ਹੈ ਕਿ ਉਹ ਸਵੇਰੇ-ਸਵੇਰੇ ਉਸ ਦੀ ਕਬਰ ʼਤੇ ਗਈਆਂ ਸਨ 23 ਪਰ ਉਨ੍ਹਾਂ ਨੇ ਦੇਖਿਆ ਕਿ ਉੱਥੇ ਉਸ ਦੀ ਲਾਸ਼ ਨਹੀਂ ਸੀ ਅਤੇ ਆ ਕੇ ਦੱਸਿਆ ਕਿ ਉਨ੍ਹਾਂ ਨੇ ਦੂਤਾਂ ਨੂੰ ਵੀ ਦੇਖਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਉਹ ਜੀਉਂਦਾ ਹੋ ਗਿਆ ਹੈ। 24 ਨਾਲੇ, ਸਾਡੇ ਵਿੱਚੋਂ ਕੁਝ ਚੇਲਿਆਂ ਨੇ ਕਬਰ ʼਤੇ ਜਾ ਕੇ ਦੇਖਿਆ ਕਿ ਤੀਵੀਆਂ ਦੀ ਗੱਲ ਸਹੀ ਸੀ, ਪਰ ਉਨ੍ਹਾਂ ਚੇਲਿਆਂ ਨੇ ਵੀ ਉਸ ਨੂੰ ਜੀਉਂਦਾ ਹੋਣ ਤੋਂ ਬਾਅਦ ਨਹੀਂ ਦੇਖਿਆ।”
25 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਬੇਸਮਝੋ, ਤੁਸੀਂ ਨਬੀਆਂ ਦੀਆਂ ਸਾਰੀਆਂ ਗੱਲਾਂ ਉੱਤੇ ਦਿਲੋਂ ਵਿਸ਼ਵਾਸ ਕਰਨ ਵਿਚ ਢਿੱਲ ਕਿਉਂ ਕਰ ਰਹੇ ਹੋ? 26 ਕੀ ਮਸੀਹ ਲਈ ਜ਼ਰੂਰੀ ਨਹੀਂ ਸੀ ਕਿ ਉਹ ਇਹ ਸਾਰਾ ਕੁਝ ਸਹੇ ਅਤੇ ਮਹਿਮਾ ਪਾਵੇ?” 27 ਅਤੇ ਉਸ ਨੇ ਉਨ੍ਹਾਂ ਨੂੰ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਸਾਰੀਆਂ ਲਿਖਤਾਂ ਤੋਂ ਸ਼ੁਰੂ ਕਰ ਕੇ ਧਰਮ-ਗ੍ਰੰਥ ਵਿਚ ਉਸ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਸਮਝਾਇਆ।
28 ਫਿਰ ਜਦੋਂ ਉਹ ਉਸ ਪਿੰਡ ਦੇ ਲਾਗੇ ਪਹੁੰਚੇ ਜਿੱਥੇ ਉਹ ਜਾ ਰਹੇ ਸਨ, ਤਾਂ ਉਸ ਨੇ ਇੱਦਾਂ ਦਿਖਾਇਆ ਜਿਵੇਂ ਉਹ ਉਸ ਪਿੰਡ ਤੋਂ ਵੀ ਅੱਗੇ ਜਾ ਰਿਹਾ ਹੋਵੇ। 29 ਪਰ ਉਨ੍ਹਾਂ ਨੇ ਉਸ ਉੱਤੇ ਜ਼ੋਰ ਪਾ ਕੇ ਕਿਹਾ: “ਆਜਾ, ਸਾਡੇ ਨਾਲ ਰਹਿ ਲੈ ਕਿਉਂਕਿ ਦਿਨ ਢਲ਼ ਗਿਆ ਹੈ ਅਤੇ ਸ਼ਾਮ ਪੈਣ ਵਾਲੀ ਹੈ।” ਇਸ ਲਈ ਉਹ ਉਨ੍ਹਾਂ ਨਾਲ ਚਲਾ ਗਿਆ। 30 ਅਤੇ ਜਦੋਂ ਉਹ ਖਾਣਾ ਖਾਣ ਬੈਠੇ ਹੋਏ ਸਨ, ਤਾਂ ਉਸ ਨੇ ਰੋਟੀ ਲੈ ਕੇ ਪ੍ਰਾਰਥਨਾ ਕੀਤੀ ਅਤੇ ਰੋਟੀ ਤੋੜ ਕੇ ਉਨ੍ਹਾਂ ਨੂੰ ਦੇਣ ਲੱਗਾ। 31 ਉਦੋਂ ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ, ਪਰ ਉਹ ਉਨ੍ਹਾਂ ਦੇ ਸਾਮ੍ਹਣਿਓਂ ਗਾਇਬ ਹੋ ਗਿਆ। 32 ਉਹ ਦੋਵੇਂ ਇਕ-ਦੂਜੇ ਨੂੰ ਕਹਿਣ ਲੱਗੇ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?” 33 ਅਤੇ ਉਹ ਉਸੇ ਵੇਲੇ ਉੱਠੇ ਅਤੇ ਯਰੂਸ਼ਲਮ ਨੂੰ ਮੁੜ ਆਏ ਅਤੇ ਉਨ੍ਹਾਂ ਨੂੰ ਗਿਆਰਾਂ ਰਸੂਲ ਅਤੇ ਹੋਰ ਚੇਲੇ ਇਕੱਠੇ ਮਿਲੇ, 34 ਜਿਹੜੇ ਕਹਿ ਰਹੇ ਸਨ: “ਪ੍ਰਭੂ ਨੂੰ ਸੱਚੀਂ-ਮੁੱਚੀ ਜੀਉਂਦਾ ਕਰ ਦਿੱਤਾ ਗਿਆ ਹੈ ਅਤੇ ਸ਼ਮਊਨ* ਨੇ ਉਸ ਨੂੰ ਦੇਖਿਆ ਹੈ!” 35 ਫਿਰ ਉਨ੍ਹਾਂ ਦੋਵਾਂ ਨੇ ਵੀ ਦੱਸਿਆ ਕਿ ਰਾਹ ਵਿਚ ਕੀ ਹੋਇਆ ਸੀ ਅਤੇ ਜਦੋਂ ਉਸ ਨੇ ਰੋਟੀ ਤੋੜੀ ਸੀ, ਤਾਂ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ ਸੀ।
36 ਜਦੋਂ ਅਜੇ ਉਹ ਇਹ ਗੱਲਾਂ ਕਰ ਹੀ ਰਹੇ ਸਨ ਕਿ ਯਿਸੂ ਉਨ੍ਹਾਂ ਦੇ ਵਿਚਕਾਰ ਪ੍ਰਗਟ ਹੋਇਆ [ਅਤੇ ਉਨ੍ਹਾਂ ਨੂੰ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।”]* 37 ਪਰ ਡਰ ਨਾਲ ਉਨ੍ਹਾਂ ਦੇ ਸਾਹ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਉਹ ਕਿਸੇ ਦੂਤ ਨੂੰ ਦੇਖ ਰਹੇ ਸਨ। 38 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ ਅਤੇ ਆਪਣੇ ਮਨਾਂ ਵਿਚ ਸ਼ੱਕ ਕਿਉਂ ਕਰ ਰਹੇ ਹੋ? 39 ਆਹ ਦੇਖੋ ਮੇਰੇ ਹੱਥ-ਪੈਰ, ਮੈਂ ਹੀ ਹਾਂ; ਮੈਨੂੰ ਛੂਹ ਕੇ ਦੇਖੋ ਕਿਉਂਕਿ ਦੂਤ ਹੱਡ-ਮਾਸ ਦਾ ਬਣਿਆ ਨਹੀਂ ਹੁੰਦਾ, ਪਰ ਜਿਵੇਂ ਤੁਸੀਂ ਦੇਖ ਰਹੇ ਹੋ, ਮੈਂ ਹੱਡ-ਮਾਸ ਦਾ ਬਣਿਆ ਹਾਂ।” 40 [ਅਤੇ ਇਹ ਕਹਿ ਕੇ ਉਸ ਨੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਦਿਖਾਏ।]* 41 ਪਰ ਖ਼ੁਸ਼ੀ ਅਤੇ ਹੈਰਾਨੀ ਦੇ ਮਾਰੇ ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ?” 42 ਅਤੇ ਉਨ੍ਹਾਂ ਨੇ ਉਸ ਨੂੰ ਭੁੰਨੀ ਹੋਈ ਮੱਛੀ ਦਿੱਤੀ, 43 ਅਤੇ ਉਸ ਨੇ ਮੱਛੀ ਲੈ ਕੇ ਉਨ੍ਹਾਂ ਦੇ ਸਾਮ੍ਹਣੇ ਖਾਧੀ।
44 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਯਾਦ ਕਰੋ ਜਦੋਂ ਮੈਂ ਤੁਹਾਡੇ ਨਾਲ ਸੀ, ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਅਤੇ ਜ਼ਬੂਰ ਵਿਚ ਜੋ ਕੁਝ ਵੀ ਮੇਰੇ ਬਾਰੇ ਲਿਖਿਆ ਗਿਆ ਹੈ, ਉਹ ਜ਼ਰੂਰ ਪੂਰਾ ਹੋਵੇਗਾ।” 45 ਫਿਰ ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ, 46 ਅਤੇ ਉਨ੍ਹਾਂ ਨੂੰ ਕਿਹਾ: “ਧਰਮ-ਗ੍ਰੰਥ ਵਿਚ ਇਹ ਲਿਖਿਆ ਹੈ ਕਿ ਮਸੀਹ ਦੁੱਖ ਝੱਲੇਗਾ ਅਤੇ ਤੀਸਰੇ ਦਿਨ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਜਾਵੇਗਾ, 47 ਅਤੇ ਸਾਰੀਆਂ ਕੌਮਾਂ ਵਿਚ ਉਸ ਦੇ ਨਾਂ ʼਤੇ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪਾਪਾਂ ਦੀ ਮਾਫ਼ੀ ਪਾਉਣ ਲਈ ਤੋਬਾ ਕੀਤੀ ਜਾਵੇ; ਯਰੂਸ਼ਲਮ ਤੋਂ ਸ਼ੁਰੂ ਕਰ ਕੇ 48 ਤੁਸੀਂ ਇਨ੍ਹਾਂ ਗੱਲਾਂ ਦੀ ਗਵਾਹੀ ਦੇਣੀ। 49 ਅਤੇ ਦੇਖੋ! ਮੇਰੇ ਪਿਤਾ ਨੇ ਜਿਸ ਸ਼ਕਤੀ ਦਾ ਵਾਅਦਾ ਕੀਤਾ ਹੈ, ਉਹ ਸ਼ਕਤੀ ਮੈਂ ਤੁਹਾਨੂੰ ਦੇਵਾਂਗਾ। ਪਰ ਤੁਸੀਂ ਉੱਨਾ ਚਿਰ ਸ਼ਹਿਰ ਵਿਚ ਹੀ ਰਹਿਣਾ ਜਿੰਨਾ ਚਿਰ ਤੁਹਾਨੂੰ ਸਵਰਗੋਂ ਇਹ ਸ਼ਕਤੀ ਮਿਲ ਨਹੀਂ ਜਾਂਦੀ।”
50 ਉਹ ਉਨ੍ਹਾਂ ਨੂੰ ਬੈਥਨੀਆ ਤਕ ਲੈ ਆਇਆ ਅਤੇ ਆਪਣੇ ਹੱਥ ਚੁੱਕ ਕੇ ਉਨ੍ਹਾਂ ਨੂੰ ਅਸੀਸ ਦਿੱਤੀ। 51 ਜਦੋਂ ਉਹ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ, ਤਾਂ ਉਹ ਉਨ੍ਹਾਂ ਤੋਂ ਵਿਦਾ ਹੋਣ ਲੱਗਾ ਅਤੇ ਉਸ ਨੂੰ ਸਵਰਗ ਨੂੰ ਉਠਾ ਲਿਆ ਗਿਆ। 52 ਅਤੇ ਉਨ੍ਹਾਂ ਨੇ ਝੁਕ ਕੇ ਉਸ ਅੱਗੇ ਸਿਰ ਨਿਵਾਇਆ ਅਤੇ ਖ਼ੁਸ਼ੀ-ਖ਼ੁਸ਼ੀ ਯਰੂਸ਼ਲਮ ਨੂੰ ਮੁੜ ਆਏ। 53 ਅਤੇ ਉਹ ਮੰਦਰ ਵਿਚ ਜਾਂਦੇ ਰਹੇ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਰਹੇ।