ਸ਼ੁੱਕਰਵਾਰ 10 ਅਕਤੂਬਰ
ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ।—ਕਹਾ. 9:10.
ਮਸੀਹੀ ਹੋਣ ਦੇ ਨਾਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਡੇ ਫ਼ੋਨ, ਟੈਬਲੇਟ ਅਤੇ ਹੋਰ ਇਹੋ ਜਿਹੀਆਂ ਚੀਜ਼ਾਂ ʼਤੇ ਅਚਾਨਕ ਕੋਈ ਗੰਦੀ ਤਸਵੀਰ ਆ ਜਾਵੇ? ਸਾਨੂੰ ਇਕਦਮ ਉਸ ਤਸਵੀਰ ਤੋਂ ਮੂੰਹ ਮੋੜਨਾ ਚਾਹੀਦਾ ਹੈ। ਇੱਦਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਅਸੀਂ ਯਾਦ ਰੱਖ ਸਕਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਜ਼ਿਆਦਾ ਅਨਮੋਲ ਹੈ। ਦਰਅਸਲ, ਕੁਝ ਤਸਵੀਰਾਂ ਇੰਨੀਆਂ ਗੰਦੀਆਂ ਨਹੀਂ ਹੁੰਦੀਆਂ, ਪਰ ਉਹ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਜਗਾ ਸਕਦੀਆਂ ਹਨ। ਸਾਨੂੰ ਅਜਿਹੀਆਂ ਤਸਵੀਰਾਂ ਤੋਂ ਵੀ ਕਿਉਂ ਮੂੰਹ ਮੋੜਨਾ ਚਾਹੀਦਾ ਹੈ? ਕਿਉਂਕਿ ਅਸੀਂ ਇੱਦਾਂ ਦਾ ਕੋਈ ਛੋਟਾ ਜਿਹਾ ਕਦਮ ਵੀ ਨਹੀਂ ਚੁੱਕਣਾ ਚਾਹੁੰਦੇ ਜਿਸ ਕਰਕੇ ਅਸੀਂ ਆਪਣੇ ਦਿਲ ਵਿਚ ਹਰਾਮਕਾਰੀ ਕਰ ਬੈਠੀਏ। (ਮੱਤੀ 5:28, 29) ਥਾਈਲੈਂਡ ਵਿਚ ਰਹਿਣ ਵਾਲੇ ਡੇਵਿਡ ਨਾਂ ਦੇ ਬਜ਼ੁਰਗ ਨੇ ਦੱਸਿਆ: “ਮੈਂ ਆਪਣੇ ਆਪ ਤੋਂ ਪੁੱਛਦਾ ਹਾਂ: ‘ਭਾਵੇਂ ਕਿ ਇਹ ਤਸਵੀਰਾਂ ਇੰਨੀਆਂ ਗੰਦੀਆਂ ਨਹੀਂ ਹਨ, ਪਰ ਜੇ ਮੈਂ ਇਨ੍ਹਾਂ ਵੱਲ ਦੇਖਦਾ ਰਹਾਂਗਾ, ਤਾਂ ਕੀ ਯਹੋਵਾਹ ਮੇਰੇ ਤੋਂ ਖ਼ੁਸ਼ ਹੋਵੇਗਾ?’ ਇਸ ਤਰ੍ਹਾਂ ਸੋਚ-ਵਿਚਾਰ ਕਰ ਕੇ ਮੈਂ ਸਹੀ ਫ਼ੈਸਲੇ ਲੈ ਪਾਉਂਦਾ ਹਾਂ।” ਜਦੋਂ ਅਸੀਂ ਯਹੋਵਾਹ ਨੂੰ ਨਾਰਾਜ਼ ਨਾ ਕਰਨ ਦਾ ਡਰ ਪੈਦਾ ਕਰਦੇ ਹਾਂ, ਤਾਂ ਅਸੀਂ ਸਮਝਦਾਰੀ ਤੋਂ ਕੰਮ ਲੈਣਾ ਸਿੱਖਦੇ ਹਾਂ। ਪਰਮੇਸ਼ੁਰ ਦਾ ਡਰ “ਬੁੱਧ ਦੀ ਸ਼ੁਰੂਆਤ ਹੈ।” w23.06 23 ਪੈਰੇ 12-13
ਸ਼ਨੀਵਾਰ 11 ਅਕਤੂਬਰ
ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓ।—ਯਸਾ. 26:20.
“ਕੋਠੜੀਆਂ” ਸ਼ਾਇਦ ਮੰਡਲੀਆਂ ਨੂੰ ਦਰਸਾਉਂਦੀਆਂ ਹਨ। ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਮਹਾਂਕਸ਼ਟ ਦੌਰਾਨ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਉਸ ਦੀ ਸੇਵਾ ਕਰਦੇ ਰਹਾਂਗੇ, ਤਾਂ ਉਹ ਸਾਡੀ ਹਿਫਾਜ਼ਤ ਕਰੇਗਾ। ਇਸ ਲਈ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿਣ ਵਿਚ ਹੀ ਨਹੀਂ, ਸਗੋਂ ਉਨ੍ਹਾਂ ਨੂੰ ਪਿਆਰ ਕਰਨ ਵਿਚ ਵੀ ਹੁਣ ਤੋਂ ਹੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਹ ਸਾਡੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ! “ਯਹੋਵਾਹ ਦਾ ਮਹਾਨ ਦਿਨ” ਸਾਰੇ ਇਨਸਾਨਾਂ ਲਈ ਬਹੁਤ ਹੀ ਜ਼ਿਆਦਾ ਔਖਾ ਸਮਾਂ ਹੋਵੇਗਾ। (ਸਫ਼. 1:14, 15) ਯਹੋਵਾਹ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈਣਗੀਆਂ। ਪਰ ਜੇ ਅਸੀਂ ਹੁਣ ਤੋਂ ਹੀ ਤਿਆਰੀ ਕਰਾਂਗੇ, ਤਾਂ ਅਸੀਂ ਸ਼ਾਂਤ ਰਹਿ ਸਕਾਂਗੇ ਅਤੇ ਦੂਜਿਆਂ ਦੀ ਮਦਦ ਕਰ ਸਕਾਂਗੇ। ਅਸੀਂ ਆਪਣੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਧੀਰਜ ਨਾਲ ਸਹਿ ਸਕਾਂਗੇ। ਜਦੋਂ ਸਾਡੇ ਭੈਣਾਂ-ਭਰਾਵਾਂ ʼਤੇ ਦੁੱਖ-ਮੁਸੀਬਤਾਂ ਆਉਂਦੀਆਂ ਹਨ, ਤਾਂ ਅਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਉਨ੍ਹਾਂ ਨੂੰ ਹਮਦਰਦੀ ਦਿਖਾਵਾਂਗੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਾਂਗੇ। ਨਾਲੇ ਜੇ ਅਸੀਂ ਹੁਣ ਤੋਂ ਹੀ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਸਿੱਖਿਆ ਹੈ, ਤਾਂ ਅਸੀਂ ਭਵਿੱਖ ਵਿਚ ਵੀ ਉਨ੍ਹਾਂ ਨੂੰ ਪਿਆਰ ਦਿਖਾ ਸਕਾਂਗੇ। ਫਿਰ ਯਹੋਵਾਹ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿੱਥੇ ਅਸੀਂ ਹਰ ਤਰ੍ਹਾਂ ਦੀਆਂ ਆਫ਼ਤਾਂ ਅਤੇ ਦੁੱਖਾਂ ਨੂੰ ਭੁੱਲ ਜਾਵਾਂਗੇ।—ਯਸਾ. 65:17. w23.07 7 ਪੈਰੇ 16-17
ਐਤਵਾਰ 12 ਅਕਤੂਬਰ
[ਯਹੋਵਾਹ] ਤੁਹਾਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।—1 ਪਤ. 5:10.
ਬਾਈਬਲ ਵਿਚ ਅਕਸਰ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਵਫ਼ਾਦਾਰ ਸੇਵਕ ਤਾਕਤਵਰ ਸਨ। ਪਰ ਜੋ ਬਹੁਤ ਤਾਕਤਵਰ ਸਨ, ਉਨ੍ਹਾਂ ਨੂੰ ਵੀ ਹਮੇਸ਼ਾ ਇੱਦਾਂ ਨਹੀਂ ਲੱਗਦਾ ਸੀ ਕਿ ਉਹ ਤਾਕਤਵਰ ਹਨ। ਉਦਾਹਰਣ ਲਈ, ਰਾਜਾ ਦਾਊਦ ਨੂੰ ਕਈ ਮੌਕਿਆਂ ʼਤੇ ਲੱਗਾ ਕਿ ਉਹ “ਪਹਾੜ ਵਾਂਗ ਮਜ਼ਬੂਤ” ਸੀ, ਪਰ ਕੁਝ ਹੋਰ ਮੌਕਿਆਂ ʼਤੇ ਉਹ “ਬਹੁਤ ਡਰ ਗਿਆ” ਸੀ। (ਜ਼ਬੂ. 30:7) ਸਮਸੂਨ ʼਤੇ ਜਦੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕੰਮ ਕਰਦੀ ਸੀ, ਤਾਂ ਉਸ ਵਿਚ ਜ਼ਬਰਦਸਤ ਤਾਕਤ ਆ ਜਾਂਦੀ ਸੀ। ਪਰ ਉਹ ਜਾਣਦਾ ਸੀ ਕਿ ਪਰਮੇਸ਼ੁਰ ਦੀ ਤਾਕਤ ਤੋਂ ਬਗੈਰ ਉਹ ‘ਕਮਜ਼ੋਰ ਹੋ ਜਾਵੇਗਾ ਤੇ ਬਾਕੀ ਸਾਰੇ ਆਦਮੀਆਂ ਵਰਗਾ ਹੋ ਜਾਵੇਗਾ।’ (ਨਿਆ. 14:5, 6; 16:17) ਇਹ ਸਾਰੇ ਵਫ਼ਾਦਾਰ ਇਨਸਾਨ ਸਿਰਫ਼ ਇਸ ਕਰਕੇ ਹੀ ਤਾਕਤਵਰ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਸੀ। ਪੌਲੁਸ ਰਸੂਲ ਜਾਣਦਾ ਸੀ ਕਿ ਉਸ ਨੂੰ ਵੀ ਯਹੋਵਾਹ ਦੀ ਤਾਕਤ ਦੀ ਲੋੜ ਸੀ। (2 ਕੁਰਿੰ. 12:9, 10) ਉਸ ਨੂੰ ਵੀ ਸਿਹਤ ਸਮੱਸਿਆਵਾਂ ਸਨ। (ਗਲਾ. 4:13, 14) ਕਦੇ-ਕਦਾਈਂ ਉਸ ਨੂੰ ਸਹੀ ਕੰਮ ਕਰਨ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਸੀ। (ਰੋਮੀ. 7:18, 19) ਨਾਲੇ ਕਈ ਵਾਰ ਉਹ ਪਰੇਸ਼ਾਨ ਹੁੰਦਾ ਸੀ ਅਤੇ ਉਸ ਨੂੰ ਇਹ ਸੋਚ ਕੇ ਡਰ ਲੱਗਦਾ ਸੀ ਕਿ ਪਤਾ ਨਹੀਂ ਉਸ ਨਾਲ ਅੱਗੇ ਕੀ ਹੋਣਾ। (2 ਕੁਰਿੰ. 1:8, 9) ਫਿਰ ਵੀ ਪੌਲੁਸ ਨੇ ਕਿਹਾ ਕਿ ਜਦੋਂ ਉਹ ਕਮਜ਼ੋਰ ਹੁੰਦਾ ਸੀ, ਉਦੋਂ ਉਹ ਤਾਕਤਵਰ ਹੁੰਦਾ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਹੀ ਉਸ ਨੂੰ ਤਾਕਤ ਦਿੱਤੀ। ਉਸ ਨੇ ਹੀ ਪੌਲੁਸ ਨੂੰ ਤਕੜਾ ਕੀਤਾ। w23.10 12 ਪੈਰੇ 1-2