ਯੂਹੰਨਾ
13 ਪਸਾਹ ਦੇ ਤਿਉਹਾਰ ਤੋਂ ਪਹਿਲਾਂ ਹੀ ਯਿਸੂ ਜਾਣਦਾ ਸੀ ਕਿ ਉਸ ਵਾਸਤੇ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਕੋਲ ਜਾਣ ਦਾ ਸਮਾਂ ਆ ਗਿਆ ਸੀ। ਇਸ ਲਈ, ਦੁਨੀਆਂ ਵਿਚ ਜੋ ਉਸ ਦੇ ਆਪਣੇ ਸਨ, ਜਿਨ੍ਹਾਂ ਨਾਲ ਉਹ ਪਿਆਰ ਕਰਦਾ ਸੀ, ਉਨ੍ਹਾਂ ਨਾਲ ਉਹ ਮਰਦੇ ਦਮ ਤਕ ਪਿਆਰ ਕਰਦਾ ਰਿਹਾ। 2 ਹੁਣ ਸ਼ਾਮ ਦਾ ਖਾਣਾ ਚੱਲ ਰਿਹਾ ਸੀ। ਉਸ ਵੇਲੇ ਤਕ ਸ਼ੈਤਾਨ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਮਨ ਵਿਚ ਇਹ ਗੱਲ ਪਾ ਚੁੱਕਾ ਸੀ ਕਿ ਉਹ ਯਿਸੂ ਨੂੰ ਧੋਖੇ ਨਾਲ ਫੜਵਾ ਦੇਵੇ। 3 ਯਿਸੂ ਜਾਣਦਾ ਸੀ ਕਿ ਪਿਤਾ ਨੇ ਸਾਰੀਆਂ ਚੀਜ਼ਾਂ ਉਸ ਦੇ ਹੱਥ ਸੌਂਪ ਦਿੱਤੀਆਂ ਸਨ ਅਤੇ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਪਰਮੇਸ਼ੁਰ ਕੋਲ ਜਾ ਰਿਹਾ ਸੀ। 4 ਉਹ ਖਾਣਾ ਖਾਂਦਾ-ਖਾਂਦਾ ਉੱਠਿਆ ਅਤੇ ਆਪਣਾ ਚੋਗਾ ਲਾਹ ਕੇ ਇਕ ਪਾਸੇ ਰੱਖ ਦਿੱਤਾ ਅਤੇ ਤੌਲੀਆ ਲੈ ਕੇ ਲੱਕ ਦੁਆਲੇ ਬੰਨ੍ਹ ਲਿਆ। 5 ਇਸ ਤੋਂ ਬਾਅਦ ਉਹ ਇਕ ਬਾਟੇ ਵਿਚ ਪਾਣੀ ਲੈ ਕੇ ਚੇਲਿਆਂ ਦੇ ਪੈਰ ਧੋਣ ਅਤੇ ਲੱਕ ਦੁਆਲੇ ਬੰਨ੍ਹੇ ਤੌਲੀਏ ਨਾਲ ਪੂੰਝਣ ਲੱਗ ਪਿਆ। 6 ਫਿਰ ਜਦੋਂ ਉਹ ਸ਼ਮਊਨ ਪਤਰਸ ਕੋਲ ਆਇਆ, ਤਾਂ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਕੀ ਤੂੰ ਮੇਰੇ ਪੈਰ ਧੋਣ ਲੱਗਾਂ?” 7 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਜੋ ਕਰ ਰਿਹਾ ਹਾਂ, ਉਹ ਤੂੰ ਹੁਣ ਸਮਝ ਨਹੀਂ ਸਕਦਾ, ਪਰ ਬਾਅਦ ਵਿਚ ਸਮਝੇਂਗਾ।” 8 ਪਤਰਸ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਆਪਣੇ ਪੈਰ ਨਹੀਂ ਧੋਣ ਦਿਆਂਗਾ।” ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਮੈਂ ਤੇਰੇ ਪੈਰ ਨਾ ਧੋਵਾਂ, ਤਾਂ ਤੇਰਾ ਮੇਰੇ ਨਾਲ ਕੋਈ ਨਾਤਾ ਨਹੀਂ।” 9 ਸ਼ਮਊਨ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਤਾਂ ਫਿਰ ਤੂੰ ਮੇਰੇ ਪੈਰ ਹੀ ਨਹੀਂ, ਸਗੋਂ ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ।” 10 ਯਿਸੂ ਨੇ ਉਸ ਨੂੰ ਕਿਹਾ: “ਜਿਸ ਨੇ ਨਹਾ ਲਿਆ ਹੈ, ਉਸ ਨੂੰ ਸਿਰਫ਼ ਆਪਣੇ ਪੈਰ ਧੋਣ ਦੀ ਲੋੜ ਹੈ ਕਿਉਂਕਿ ਉਸ ਦਾ ਸਾਰਾ ਸਰੀਰ ਸ਼ੁੱਧ ਹੈ। ਤੁਸੀਂ ਸ਼ੁੱਧ ਹੋ, ਪਰ ਸਾਰੇ ਨਹੀਂ।” 11 ਉਹ ਜਾਣਦਾ ਸੀ ਕਿ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ। ਇਸੇ ਲਈ ਉਸ ਨੇ ਕਿਹਾ ਸੀ: “ਤੁਹਾਡੇ ਵਿੱਚੋਂ ਸਾਰੇ ਸ਼ੁੱਧ ਨਹੀਂ ਹਨ।”
12 ਉਨ੍ਹਾਂ ਦੇ ਪੈਰ ਧੋਣ ਤੋਂ ਬਾਅਦ ਉਹ ਆਪਣਾ ਚੋਗਾ ਪਾ ਕੇ ਦੁਬਾਰਾ ਬੈਠ ਗਿਆ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? 13 ਤੁਸੀਂ ਮੈਨੂੰ ‘ਗੁਰੂ’ ਤੇ ‘ਪ੍ਰਭੂ’ ਬੁਲਾਉਂਦੇ ਹੋ ਅਤੇ ਇਹ ਠੀਕ ਵੀ ਹੈ ਕਿਉਂਕਿ ਮੈਂ ‘ਗੁਰੂ’ ਤੇ ‘ਪ੍ਰਭੂ’ ਹਾਂ। 14 ਸੋ ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ, ਤਾਂ ਤੁਹਾਨੂੰ ਵੀ ਇਕ-ਦੂਸਰੇ ਦੇ ਪੈਰ ਧੋਣੇ ਚਾਹੀਦੇ ਹਨ। 15 ਕਿਉਂਕਿ ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ। 16 ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ, ਨਾ ਹੀ ਘੱਲਿਆ ਗਿਆ ਆਦਮੀ ਆਪਣੇ ਘੱਲਣ ਵਾਲੇ ਨਾਲੋਂ ਵੱਡਾ ਹੁੰਦਾ ਹੈ। 17 ਤੁਸੀਂ ਹੁਣ ਇਹ ਗੱਲਾਂ ਜਾਣ ਗਏ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ। 18 ਮੈਂ ਤੁਹਾਡੇ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ; ਮੈਂ ਜਿਨ੍ਹਾਂ ਨੂੰ ਚੁਣਿਆ ਹੈ, ਉਨ੍ਹਾਂ ਨੂੰ ਜਾਣਦਾ ਹਾਂ। ਪਰ ਇਹ ਇਸ ਕਰਕੇ ਹੋਇਆ ਤਾਂਕਿ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇ, ‘ਜਿਸ ਨੇ ਮੇਰੀ ਰੋਟੀ ਖਾਧੀ, ਉਸੇ ਨੇ ਮੇਰੇ ʼਤੇ ਆਪਣੀ ਲੱਤ ਚੁੱਕੀ।’ 19 ਮੈਂ ਤੁਹਾਨੂੰ ਇਹ ਗੱਲਾਂ ਹੋਣ ਤੋਂ ਪਹਿਲਾਂ ਹੀ ਦੱਸ ਰਿਹਾ ਹਾਂ, ਤਾਂਕਿ ਜਦੋਂ ਇਹ ਗੱਲਾਂ ਹੋਣ, ਤਾਂ ਤੁਹਾਨੂੰ ਵਿਸ਼ਵਾਸ ਹੋ ਜਾਵੇ ਕਿ ਮੈਂ ਉਹੀ ਹਾਂ ਜੋ ਮੈਂ ਕਹਿੰਦਾ ਹਾਂ। 20 ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਜੋ ਉਸ ਇਨਸਾਨ ਨੂੰ ਕਬੂਲ ਕਰਦਾ ਹੈ ਜਿਸ ਨੂੰ ਮੈਂ ਘੱਲਦਾ ਹਾਂ, ਤਾਂ ਉਹ ਮੈਨੂੰ ਵੀ ਕਬੂਲ ਕਰਦਾ ਹੈ; ਇਸੇ ਤਰ੍ਹਾਂ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।”
21 ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਦਾ ਮਨ ਬਹੁਤ ਦੁਖੀ ਹੋਇਆ* ਅਤੇ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਤੁਹਾਡੇ ਵਿੱਚੋਂ ਇਕ ਜਣਾ ਮੈਨੂੰ ਧੋਖੇ ਨਾਲ ਫੜਵਾਏਗਾ।” 22 ਚੇਲੇ ਇਕ-ਦੂਜੇ ਵੱਲ ਦੇਖਣ ਲੱਗ ਪਏ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਕਿਹਦੇ ਬਾਰੇ ਗੱਲ ਕਰ ਰਿਹਾ ਸੀ। 23 ਇਕ ਚੇਲਾ ਯਿਸੂ ਦੇ ਲਾਗੇ* ਬੈਠਾ ਹੋਇਆ ਸੀ ਜਿਸ ਨੂੰ ਯਿਸੂ ਪਿਆਰ ਕਰਦਾ ਸੀ। 24 ਇਸ ਲਈ, ਸ਼ਮਊਨ ਪਤਰਸ ਨੇ ਸਿਰ ਨਾਲ ਇਸ਼ਾਰਾ ਕਰ ਕੇ ਉਸ ਚੇਲੇ ਨੂੰ ਪੁੱਛਿਆ: “ਦੱਸ, ਉਹ ਕੌਣ ਹੈ ਜਿਸ ਬਾਰੇ ਇਹ ਗੱਲ ਕਰ ਰਿਹਾ ਹੈ।” 25 ਇਸ ਲਈ ਉਹ ਚੇਲਾ ਪਿੱਛੇ ਨੂੰ ਮੁੜਿਆ ਅਤੇ ਯਿਸੂ ਦੀ ਹਿੱਕ ਨਾਲ ਢਾਸਣਾ ਲਾ ਕੇ ਪੁੱਛਿਆ: “ਪ੍ਰਭੂ, ਉਹ ਕੌਣ ਹੈ?” 26 ਯਿਸੂ ਨੇ ਜਵਾਬ ਦਿੱਤਾ: “ਉਹੀ ਜਿਸ ਨੂੰ ਮੈਂ ਕੌਲੀ ਵਿਚ ਬੁਰਕੀ ਡੋਬ ਕੇ ਦਿਆਂਗਾ।” ਅਤੇ ਉਸ ਨੇ ਬੁਰਕੀ ਡੋਬ ਕੇ ਸ਼ਮਊਨ ਇਸਕਰਿਓਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ। 27 ਅਤੇ ਜਦੋਂ ਯਹੂਦਾ ਨੇ ਬੁਰਕੀ ਲੈ ਲਈ, ਤਾਂ ਇਸ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਆਪਣੇ ਵੱਸ ਵਿਚ ਕਰ ਲਿਆ। ਇਸ ਲਈ ਯਿਸੂ ਨੇ ਉਸ ਨੂੰ ਕਿਹਾ: “ਤੂੰ ਜੋ ਕਰਨਾ, ਫਟਾਫਟ ਕਰ।” 28 ਪਰ ਉੱਥੇ ਬੈਠੇ ਚੇਲਿਆਂ ਵਿੱਚੋਂ ਕਿਸੇ ਨੂੰ ਪਤਾ ਨਾ ਲੱਗਾ ਕਿ ਯਿਸੂ ਨੇ ਉਸ ਨੂੰ ਇਹ ਕਿਉਂ ਕਿਹਾ ਸੀ। 29 ਅਸਲ ਵਿਚ, ਕਈਆਂ ਨੇ ਸੋਚਿਆ ਕਿ ਯਹੂਦਾ ਕੋਲ ਪੈਸਿਆਂ ਵਾਲਾ ਡੱਬਾ ਹੁੰਦਾ ਸੀ, ਇਸ ਲਈ ਯਿਸੂ ਉਸ ਨੂੰ ਕਹਿ ਰਿਹਾ ਸੀ: “ਤਿਉਹਾਰ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਹਨ, ਉਹ ਖ਼ਰੀਦ ਲੈ,” ਜਾਂ ਕਿ ਉਹ ਗ਼ਰੀਬਾਂ ਵਿਚ ਕੁਝ ਪੈਸੇ ਵੰਡ ਦੇਵੇ। 30 ਇਸ ਲਈ ਬੁਰਕੀ ਲੈਣ ਤੋਂ ਬਾਅਦ ਯਹੂਦਾ ਉਸੇ ਵੇਲੇ ਉੱਥੋਂ ਚਲਾ ਗਿਆ। ਉਹ ਰਾਤ ਦਾ ਵੇਲਾ ਸੀ।
31 ਫਿਰ ਉਸ ਦੇ ਚਲੇ ਜਾਣ ਤੋਂ ਬਾਅਦ ਯਿਸੂ ਨੇ ਕਿਹਾ: “ਹੁਣ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਈ ਹੈ ਅਤੇ ਉਸ ਰਾਹੀਂ ਪਰਮੇਸ਼ੁਰ ਦੀ ਮਹਿਮਾ ਹੋਈ ਹੈ। 32 ਪਰਮੇਸ਼ੁਰ ਆਪ ਪੁੱਤਰ ਦੀ ਮਹਿਮਾ ਕਰੇਗਾ ਅਤੇ ਤੁਰੰਤ ਉਸ ਦੀ ਮਹਿਮਾ ਕਰੇਗਾ। 33 ਪਿਆਰੇ ਬੱਚਿਓ, ਮੈਂ ਹੁਣ ਥੋੜ੍ਹਾ ਚਿਰ ਹੀ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਲੱਭੋਗੇ; ਅਤੇ ਜੋ ਮੈਂ ਯਹੂਦੀਆਂ ਨੂੰ ਕਿਹਾ ਸੀ, ਮੈਂ ਹੁਣ ਤੁਹਾਨੂੰ ਵੀ ਕਹਿ ਰਿਹਾ ਹਾਂ ਕਿ ‘ਜਿੱਥੇ ਮੈਂ ਜਾ ਰਿਹਾ ਹਾਂ, ਉੱਥੇ ਤੁਸੀਂ ਨਹੀਂ ਆ ਸਕਦੇ।’ 34 ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ। 35 ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”
36 ਸ਼ਮਊਨ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਤੂੰ ਕਿੱਥੇ ਜਾ ਰਿਹਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਜਿੱਥੇ ਮੈਂ ਜਾ ਰਿਹਾ ਹਾਂ, ਉੱਥੇ ਹੁਣ ਤੂੰ ਮੇਰੇ ਪਿੱਛੇ ਨਹੀਂ ਆ ਸਕਦਾ, ਪਰ ਤੂੰ ਬਾਅਦ ਵਿਚ ਆਏਂਗਾ।” 37 ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਮੈਂ ਹੁਣ ਕਿਉਂ ਨਹੀਂ ਤੇਰੇ ਪਿੱਛੇ ਆ ਸਕਦਾ? ਮੈਂ ਤਾਂ ਤੇਰੇ ਲਈ ਆਪਣੀ ਜਾਨ ਵੀ ਦੇ ਦਿਆਂਗਾ।” 38 ਯਿਸੂ ਨੇ ਜਵਾਬ ਦਿੱਤਾ: “ਤੂੰ ਦਏਂਗਾ ਆਪਣੀ ਜਾਨ ਮੇਰੀ ਖ਼ਾਤਰ? ਮੈਂ ਤੈਨੂੰ ਸੱਚ-ਸੱਚ ਦੱਸਦਾ ਹਾਂ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”