ਰੋਮੀਆਂ
14 ਉਸ ਇਨਸਾਨ ਨੂੰ ਕਬੂਲ ਕਰੋ ਜਿਸ ਦੀ ਨਿਹਚਾ ਕਮਜ਼ੋਰ ਹੈ, ਪਰ ਉਸ ਦੇ ਨਿੱਜੀ ਵਿਚਾਰਾਂ ਕਰਕੇ ਉਸ ਨੂੰ ਦੋਸ਼ੀ ਨਾ ਠਹਿਰਾਓ। 2 ਇਕ ਇਨਸਾਨ ਆਪਣੀ ਨਿਹਚਾ ਅਨੁਸਾਰ ਸਾਰਾ ਕੁਝ ਖਾਂਦਾ ਹੈ, ਪਰ ਜਿਸ ਦੀ ਨਿਹਚਾ ਕਮਜ਼ੋਰ ਹੈ, ਉਹ ਸਬਜ਼ੀਆਂ ਹੀ ਖਾਂਦਾ ਹੈ। 3 ਜਿਹੜਾ ਇਨਸਾਨ ਸਾਰਾ ਕੁਝ ਖਾਂਦਾ ਹੈ, ਉਹ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਨਹੀਂ ਖਾਂਦਾ ਅਤੇ ਇਸੇ ਤਰ੍ਹਾਂ ਜਿਹੜਾ ਇਨਸਾਨ ਸਾਰਾ ਕੁਝ ਨਹੀਂ ਖਾਂਦਾ, ਉਹ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਖਾਂਦਾ ਹੈ, ਕਿਉਂਕਿ ਪਰਮੇਸ਼ੁਰ ਉਸ ਇਨਸਾਨ ਨੂੰ ਵੀ ਕਬੂਲ ਕਰਦਾ ਹੈ। 4 ਤੂੰ ਕਿਸੇ ਹੋਰ ਦੇ ਨੌਕਰ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਕਿਉਂਕਿ ਇਹ ਫ਼ੈਸਲਾ ਕਰਨਾ ਮਾਲਕ ਦਾ ਹੀ ਹੱਕ ਹੈ ਕਿ ਉਸ ਦਾ ਨੌਕਰ ਉਸ ਅੱਗੇ ਖੜ੍ਹਨ ਦੇ ਯੋਗ ਹੈ ਜਾਂ ਨਹੀਂ। ਉਸ ਨੂੰ ਖੜ੍ਹਾ ਕੀਤਾ ਜਾਵੇਗਾ ਕਿਉਂਕਿ ਯਹੋਵਾਹ ਉਸ ਦੀ ਮਦਦ ਕਰ ਸਕਦਾ ਹੈ।
5 ਕੋਈ ਇਨਸਾਨ ਇਕ ਦਿਨ ਨੂੰ ਦੂਸਰੇ ਦਿਨਾਂ ਨਾਲੋਂ ਖ਼ਾਸ ਸਮਝਦਾ ਹੈ; ਪਰ ਕੋਈ ਹੋਰ ਇਨਸਾਨ ਸਾਰੇ ਦਿਨਾਂ ਨੂੰ ਬਰਾਬਰ ਸਮਝਦਾ ਹੈ; ਹਰ ਇਨਸਾਨ ਨੇ ਆਪਣੇ ਮਨ ਵਿਚ ਜੋ ਵੀ ਠੀਕ ਸਮਝਿਆ ਹੈ, ਉਸ ਉੱਤੇ ਪੂਰਾ ਯਕੀਨ ਰੱਖੇ। 6 ਜਿਹੜਾ ਇਨਸਾਨ ਕਿਸੇ ਦਿਨ ਨੂੰ ਖ਼ਾਸ ਸਮਝਦਾ ਹੈ, ਉਹ ਯਹੋਵਾਹ ਦੀ ਮਹਿਮਾ ਕਰਨ ਲਈ ਇਸ ਨੂੰ ਖ਼ਾਸ ਸਮਝਦਾ ਹੈ। ਇਸੇ ਤਰ੍ਹਾਂ, ਜਿਹੜਾ ਇਨਸਾਨ ਸਾਰਾ ਕੁਝ ਖਾਂਦਾ ਹੈ, ਉਹ ਯਹੋਵਾਹ ਦੀ ਮਹਿਮਾ ਕਰਨ ਲਈ ਖਾਂਦਾ ਹੈ ਕਿਉਂਕਿ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ; ਅਤੇ ਜਿਹੜਾ ਇਨਸਾਨ ਸਾਰਾ ਕੁਝ ਨਹੀਂ ਖਾਂਦਾ, ਉਹ ਯਹੋਵਾਹ ਦੀ ਮਹਿਮਾ ਕਰਨ ਲਈ ਨਹੀਂ ਖਾਂਦਾ ਅਤੇ ਉਹ ਵੀ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। 7 ਅਸਲ ਵਿਚ, ਸਾਡੇ ਵਿੱਚੋਂ ਕੋਈ ਵੀ ਆਪਣੀ ਖ਼ਾਤਰ ਨਹੀਂ ਜੀਉਂਦਾ ਅਤੇ ਨਾ ਹੀ ਕੋਈ ਆਪਣੀ ਖ਼ਾਤਰ ਮਰਦਾ ਹੈ; 8 ਕਿਉਂਕਿ ਜੇ ਅਸੀਂ ਜੀਉਂਦੇ ਹਾਂ, ਤਾਂ ਯਹੋਵਾਹ ਲਈ ਜੀਉਂਦੇ ਹਾਂ ਅਤੇ ਜੇ ਅਸੀਂ ਮਰਦੇ ਹਾਂ, ਤਾਂ ਯਹੋਵਾਹ ਲਈ ਮਰਦੇ ਹਾਂ। ਇਸ ਲਈ ਭਾਵੇਂ ਅਸੀਂ ਜੀਉਂਦੇ ਰਹੀਏ ਜਾਂ ਮਰੀਏ, ਅਸੀਂ ਯਹੋਵਾਹ ਦੇ ਹੀ ਹਾਂ। 9 ਇਸ ਕਰਕੇ ਮਸੀਹ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂਕਿ ਉਹ ਮਰੇ ਹੋਇਆਂ ਅਤੇ ਜੀਉਂਦਿਆਂ ਦਾ ਪ੍ਰਭੂ ਬਣੇ।
10 ਪਰ ਤੂੰ ਆਪਣੇ ਭਰਾ ਉੱਤੇ ਦੋਸ਼ ਕਿਉਂ ਲਾਉਂਦਾ ਹੈਂ? ਜਾਂ ਤੂੰ ਉਸ ਨੂੰ ਤੁੱਛ ਕਿਉਂ ਸਮਝਦਾ ਹੈਂ? ਕਿਉਂਕਿ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹਾਂਗੇ। 11 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ ਦਾ ਕਹਿਣਾ ਹੈ, ‘ਜਿਵੇਂ ਇਹ ਗੱਲ ਪੱਕੀ ਹੈ ਕਿ ਮੈਂ ਜੀਉਂਦਾ ਹਾਂ, ਉਵੇਂ ਇਹ ਗੱਲ ਪੱਕੀ ਹੈ ਕਿ ਮੇਰੇ ਸਾਮ੍ਹਣੇ ਹਰ ਕੋਈ ਆਪਣੇ ਗੋਡੇ ਟੇਕੇਗਾ ਅਤੇ ਹਰ ਕੋਈ ਆਪਣੇ ਮੂੰਹੋਂ ਇਹ ਕਬੂਲ ਕਰੇਗਾ ਕਿ ਮੈਂ ਹੀ ਪਰਮੇਸ਼ੁਰ ਹਾਂ।’” 12 ਸੋ ਅਸੀਂ ਸਾਰੇ ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ ਦਿਆਂਗੇ।
13 ਇਸ ਲਈ, ਆਓ ਆਪਾਂ ਅੱਗੇ ਤੋਂ ਇਕ-ਦੂਜੇ ਉੱਤੇ ਦੋਸ਼ ਨਾ ਲਾਈਏ। ਪਰ ਤੁਸੀਂ ਪੱਕਾ ਧਾਰ ਲਓ ਕਿ ਤੁਸੀਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਠੋਕਰ ਦਾ ਪੱਥਰ ਨਹੀਂ ਰੱਖੋਗੇ ਜਾਂ ਰੁਕਾਵਟ ਖੜ੍ਹੀ ਨਹੀਂ ਕਰੋਗੇ। 14 ਪ੍ਰਭੂ ਯਿਸੂ ਦਾ ਚੇਲਾ ਹੋਣ ਕਰਕੇ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿਚ ਅਸ਼ੁੱਧ ਨਹੀਂ ਹੁੰਦੀ; ਪਰ ਜੇ ਕੋਈ ਇਨਸਾਨ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਲਈ ਉਹ ਚੀਜ਼ ਅਸ਼ੁੱਧ ਹੁੰਦੀ ਹੈ। 15 ਜੇ ਤੇਰੇ ਕਿਸੇ ਚੀਜ਼ ਖਾਣ ਕਰਕੇ ਤੇਰੇ ਭਰਾ ਨੂੰ ਠੇਸ ਲੱਗਦੀ ਹੈ, ਤਾਂ ਤੂੰ ਪਿਆਰ ਦੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਕੋਈ ਚੀਜ਼ ਖਾਣ ਦੁਆਰਾ ਤੂੰ ਉਸ ਇਨਸਾਨ ਨੂੰ ਤਬਾਹ* ਨਾ ਕਰ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ। 16 ਇਸ ਲਈ ਜਿਹੜੇ ਚੰਗੇ ਕੰਮ ਤੁਸੀਂ ਕਰਦੇ ਹੋ, ਉਨ੍ਹਾਂ ਕੰਮਾਂ ਦੀ ਲੋਕਾਂ ਵਿਚ ਬਦਨਾਮੀ ਨਾ ਹੋਣ ਦਿਓ। 17 ਕਿਉਂਕਿ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਖਾਣ-ਪੀਣ ਉੱਤੇ ਨਿਰਭਰ ਨਹੀਂ ਕਰਦਾ, ਸਗੋਂ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸਹੀ ਕੰਮ ਕਰੀਏ, ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੀਏ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਖ਼ੁਸ਼ ਰਹੀਏ। 18 ਜਿਹੜਾ ਇਨਸਾਨ ਮਸੀਹ ਦਾ ਦਾਸ ਹੈ ਅਤੇ ਜਿਸ ਵਿਚ ਇਹ ਸਾਰੇ ਗੁਣ ਹਨ, ਉਸ ਇਨਸਾਨ ਤੋਂ ਪਰਮੇਸ਼ੁਰ ਅਤੇ ਲੋਕ ਖ਼ੁਸ਼ ਹੁੰਦੇ ਹਨ।
19 ਇਸ ਲਈ ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ। 20 ਭੋਜਨ ਦੀ ਖ਼ਾਤਰ ਪਰਮੇਸ਼ੁਰ ਦਾ ਕੰਮ ਖ਼ਰਾਬ ਕਰਨੋਂ ਹਟ ਜਾਓ। ਇਹ ਸੱਚ ਹੈ ਕਿ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਜੇ ਕੋਈ ਇਨਸਾਨ ਇਹ ਪਤਾ ਹੁੰਦੇ ਹੋਏ ਵੀ ਕੋਈ ਚੀਜ਼ ਖਾਂਦਾ ਹੈ ਕਿ ਉਸ ਦੇ ਖਾਣ ਨਾਲ ਦੂਸਰਿਆਂ ਦੀ ਨਿਹਚਾ ਕਮਜ਼ੋਰ ਹੁੰਦੀ ਹੈ, ਤਾਂ ਉਸ ਲਈ ਇਸ ਦੇ ਬੁਰੇ ਨਤੀਜੇ ਨਿਕਲਣਗੇ। 21 ਇਸ ਲਈ ਇਹੀ ਚੰਗਾ ਹੈ ਕਿ ਤੂੰ ਨਾ ਮੀਟ ਖਾਵੇਂ, ਨਾ ਸ਼ਰਾਬ ਪੀਵੇਂ ਅਤੇ ਨਾ ਹੀ ਹੋਰ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਕਰਕੇ ਤੇਰੇ ਭਰਾ ਦੀ ਨਿਹਚਾ ਕਮਜ਼ੋਰ ਹੁੰਦੀ ਹੈ। 22 ਤੇਰੇ ਵਿਚ ਜੋ ਨਿਹਚਾ ਹੈ, ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਪਣੀ ਇਸ ਨਿਹਚਾ ਮੁਤਾਬਕ ਆਪ ਚੱਲ। ਖ਼ੁਸ਼ ਹੈ ਉਹ ਇਨਸਾਨ ਜਿਹੜਾ ਆਪਣੇ ਫ਼ੈਸਲਿਆਂ ਕਰਕੇ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ। 23 ਪਰ ਜੇ ਉਹ ਆਪਣੇ ਮਨ ਵਿਚ ਸ਼ੱਕ ਹੁੰਦੇ ਹੋਏ ਵੀ ਖਾਂਦਾ ਹੈ, ਤਾਂ ਉਸ ਨੇ ਆਪਣੇ ਆਪ ਨੂੰ ਦੋਸ਼ੀ ਠਹਿਰਾ ਦਿੱਤਾ ਹੈ, ਕਿਉਂਕਿ ਉਹ ਆਪਣੀ ਨਿਹਚਾ ਅਨੁਸਾਰ ਨਹੀਂ ਖਾਂਦਾ। ਵਾਕਈ, ਉਹ ਹਰ ਕੰਮ ਪਾਪ ਹੈ ਜੋ ਨਿਹਚਾ ਅਨੁਸਾਰ ਨਹੀਂ ਕੀਤਾ ਜਾਂਦਾ।