ਇਬਰਾਨੀਆਂ
1 ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਨਬੀਆਂ ਰਾਹੀਂ ਸਾਡੇ ਪਿਉ-ਦਾਦਿਆਂ ਨਾਲ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ ਸੀ। 2 ਇਸ ਸਮੇਂ* ਉਸ ਨੇ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਬਣਾਇਆ ਹੈ ਅਤੇ ਜਿਸ ਰਾਹੀਂ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਬਣਾਈਆਂ ਸਨ।* 3 ਉਸ ਰਾਹੀਂ ਪਰਮੇਸ਼ੁਰ ਦੀ ਮਹਿਮਾ ਝਲਕਦੀ ਹੈ ਅਤੇ ਉਹ ਹੂ-ਬਹੂ ਪਰਮੇਸ਼ੁਰ ਵਰਗਾ ਹੈ ਅਤੇ ਉਸ ਦੇ ਸ਼ਕਤੀਸ਼ਾਲੀ ਬਚਨ ਰਾਹੀਂ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ; ਅਤੇ ਸਾਨੂੰ ਪਾਪਾਂ ਤੋਂ ਮੁਕਤ ਕਰਨ ਤੋਂ ਬਾਅਦ ਉਹ ਸਵਰਗ ਵਿਚ ਮਹਾਰਾਜ ਦੇ ਸੱਜੇ ਪਾਸੇ ਬੈਠ ਗਿਆ। 4 ਇਸ ਲਈ ਉਸ ਦੀ ਪਦਵੀ ਦੂਤਾਂ ਨਾਲੋਂ ਉੱਚੀ ਹੋ ਗਈ ਹੈ ਕਿਉਂਕਿ ਉਸ ਨੂੰ ਦੂਤਾਂ ਦੇ ਨਾਵਾਂ ਨਾਲੋਂ ਉੱਚਾ ਨਾਂ ਦਿੱਤਾ ਗਿਆ ਹੈ।
5 ਮਿਸਾਲ ਲਈ, ਪਰਮੇਸ਼ੁਰ ਨੇ ਆਪਣੇ ਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ ਹੈ: “ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣ ਗਿਆ ਹਾਂ”? ਜਾਂ: “ਮੈਂ ਆਪ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਬਣੇਗਾ”? 6 ਪਰ ਉਸ ਸਮੇਂ ਬਾਰੇ ਗੱਲ ਕਰਦੇ ਹੋਏ ਜਦੋਂ ਉਹ ਆਪਣੇ ਜੇਠੇ ਪੁੱਤਰ ਨੂੰ ਧਰਤੀ ਉੱਤੇ ਦੁਬਾਰਾ ਘੱਲੇਗਾ, ਉਹ ਕਹਿੰਦਾ ਹੈ: “ਪਰਮੇਸ਼ੁਰ ਦੇ ਸਾਰੇ ਦੂਤ ਝੁਕ ਕੇ ਉਸ ਨੂੰ ਨਮਸਕਾਰ ਕਰਨ।”
7 ਨਾਲੇ, ਪਰਮੇਸ਼ੁਰ ਦੂਤਾਂ ਬਾਰੇ ਕਹਿੰਦਾ ਹੈ: “ਉਹ ਆਪਣੇ ਦੂਤਾਂ ਨੂੰ ਤਾਕਤਵਰ ਸ਼ਕਤੀਆਂ* ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ।” 8 ਪਰ ਆਪਣੇ ਪੁੱਤਰ ਬਾਰੇ ਉਹ ਕਹਿੰਦਾ ਹੈ: “ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ* ਅਤੇ ਤੇਰਾ ਰਾਜ-ਡੰਡਾ* ਸੱਚ ਦਾ ਰਾਜ-ਡੰਡਾ ਹੈ। 9 ਤੈਨੂੰ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ। ਇਸੇ ਕਰਕੇ ਪਰਮੇਸ਼ੁਰ ਨੇ, ਹਾਂ ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ ਤੈਨੂੰ ਚੁਣਿਆ ਹੈ ਅਤੇ ਤੈਨੂੰ ਤੇਰੇ ਹਿੱਸੇਦਾਰਾਂ* ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।” 10 ਅਤੇ: “ਪ੍ਰਭੂ, ਤੂੰ ਸ਼ੁਰੂ ਵਿਚ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਰਚਨਾ ਹੈ। 11 ਧਰਤੀ ਅਤੇ ਆਕਾਸ਼ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਤਕ ਰਹੇਂਗਾ; ਅਤੇ ਉਹ ਕੱਪੜੇ ਵਾਂਗ ਪੁਰਾਣੇ ਪੈ ਜਾਣਗੇ, 12 ਤੂੰ ਉਨ੍ਹਾਂ ਨੂੰ ਚੋਗੇ ਵਾਂਗ ਤਹਿ ਲਾ ਕੇ ਰੱਖ ਦੇਵੇਂਗਾ ਅਤੇ ਤੂੰ ਉਨ੍ਹਾਂ ਨੂੰ ਕੱਪੜਿਆਂ ਵਾਂਗ ਬਦਲ ਦੇਵੇਂਗਾ, ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਉਮਰ ਦੀ ਕੋਈ ਸੀਮਾ ਨਹੀਂ ਹੈ।”
13 ਅਤੇ ਪਰਮੇਸ਼ੁਰ ਨੇ ਆਪਣੇ ਦੂਤਾਂ ਵਿੱਚੋਂ ਕਿਸ ਬਾਰੇ ਕਦੇ ਇਹ ਕਿਹਾ ਹੈ: “ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ ਜਦੋਂ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ”? 14 ਕੀ ਸਾਰੇ ਦੂਤ* ਪਵਿੱਤਰ ਸੇਵਾ ਕਰਨ ਲਈ ਨਹੀਂ ਹਨ ਅਤੇ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਲਈ ਨਹੀਂ ਘੱਲੇ ਗਏ ਜਿਨ੍ਹਾਂ ਨੂੰ ਮੁਕਤੀ ਮਿਲੇਗੀ?