ਗਲਾਤੀਆਂ
5 ਇਸੇ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ। ਇਸ ਲਈ ਇਸ ਆਜ਼ਾਦੀ ਦੀ ਰਾਖੀ ਕਰੋ ਅਤੇ ਗ਼ੁਲਾਮੀ ਦਾ ਬੋਝ ਆਪਣੀਆਂ ਧੌਣਾਂ ਉੱਤੇ ਦੁਬਾਰਾ ਨਾ ਰੱਖੋ।
2 ਧਿਆਨ ਨਾਲ ਮੇਰੀ ਗੱਲ ਸੁਣੋ! ਮੈਂ ਪੌਲੁਸ ਤੁਹਾਨੂੰ ਦੱਸ ਰਿਹਾ ਹਾਂ ਕਿ ਜੇ ਤੁਸੀਂ ਆਪਣੀ ਸੁੰਨਤ ਕਰਾਓਗੇ, ਤਾਂ ਮਸੀਹ ਨੇ ਜੋ ਵੀ ਕੀਤਾ ਹੈ, ਉਸ ਦਾ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। 3 ਨਾਲੇ ਮੈਂ ਇਕ ਵਾਰ ਫਿਰ ਤੁਹਾਨੂੰ ਯਾਦ ਕਰਾਉਂਦਾ ਹਾਂ ਕਿ ਹਰ ਇਨਸਾਨ ਜੋ ਸੁੰਨਤ ਕਰਾਉਂਦਾ ਹੈ, ਉਸ ਨੂੰ ਮੂਸਾ ਦੇ ਕਾਨੂੰਨ ਵਿਚ ਲਿਖੀ ਹਰ ਗੱਲ ਪੂਰੀ ਕਰਨੀ ਪਵੇਗੀ। 4 ਤੁਹਾਡੇ ਵਿੱਚੋਂ ਜਿਹੜੇ ਵੀ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰ ਕੇ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਮਸੀਹ ਤੋਂ ਦੂਰ ਹੋ ਚੁੱਕੇ ਹਨ; ਅਤੇ ਉਹ ਉਸ ਦੀ ਅਪਾਰ ਕਿਰਪਾ ਗੁਆ ਬੈਠੇ ਹਨ। 5 ਪਰ ਅਸੀਂ ਪਵਿੱਤਰ ਸ਼ਕਤੀ ਰਾਹੀਂ ਨਿਹਚਾ ਦੇ ਆਧਾਰ ʼਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਏ ਜਾਣ ਦੀ ਉਮੀਦ ਰੱਖਦੇ ਹਾਂ। 6 ਯਿਸੂ ਮਸੀਹ ਦੇ ਚੇਲਿਆਂ ਲਈ ਸੁੰਨਤ ਕਰਵਾਉਣੀ ਜਾਂ ਨਾ ਕਰਵਾਉਣੀ ਕੋਈ ਮਾਅਨੇ ਨਹੀਂ ਰੱਖਦੀ, ਸਗੋਂ ਉਨ੍ਹਾਂ ਲਈ ਪਿਆਰ ਨਾਲ ਨਿਹਚਾ ਦੇ ਕੰਮ ਕਰਨੇ ਜ਼ਰੂਰੀ ਹਨ।
7 ਤੁਸੀਂ ਤਾਂ ਸੱਚਾਈ ਦੇ ਰਾਹ ʼਤੇ ਚੰਗੇ-ਭਲੇ ਚੱਲ ਰਹੇ ਸੀ।* ਫਿਰ ਕਿਸ ਨੇ ਤੁਹਾਨੂੰ ਸੱਚਾਈ ਦੇ ਰਾਹ ʼਤੇ ਚੱਲਦੇ ਰਹਿਣ ਤੋਂ ਰੋਕ ਦਿੱਤਾ? 8 ਜਿਸ ਨੇ ਤੁਹਾਨੂੰ ਸੱਦਿਆ ਹੈ, ਉਸ ਨੇ ਆਪਣੀਆਂ ਦਲੀਲਾਂ ਦੇ ਕੇ ਤੁਹਾਨੂੰ ਨਹੀਂ ਰੋਕਿਆ ਹੈ। 9 ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ। 10 ਮੈਨੂੰ ਭਰੋਸਾ ਹੈ ਕਿ ਤੁਸੀਂ ਜੋ ਪ੍ਰਭੂ ਦੇ ਚੇਲੇ ਹੋ, ਇਸ ਗੱਲ ਵਿਚ ਮੇਰੇ ਨਾਲ ਸਹਿਮਤ ਹੋ; ਪਰ ਜਿਹੜਾ ਇਨਸਾਨ ਤੁਹਾਡੇ ਲਈ ਮੁਸੀਬਤ ਖੜ੍ਹੀ ਕਰਦਾ ਹੈ, ਉਹ ਚਾਹੇ ਜੋ ਵੀ ਹੋਵੇ, ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। 11 ਪਰ ਭਰਾਵੋ, ਜਿੱਥੋਂ ਤਕ ਮੇਰੀ ਗੱਲ ਹੈ, ਜੇ ਮੈਂ ਹਾਲੇ ਵੀ ਸੁੰਨਤ ਕਰਾਉਣ ਦਾ ਪ੍ਰਚਾਰ ਕਰਦਾ ਹਾਂ, ਤਾਂ ਫਿਰ ਮੇਰੇ ਉੱਤੇ ਜ਼ੁਲਮ ਕਿਉਂ ਕੀਤਾ ਜਾ ਰਿਹਾ ਹੈ? ਜੇ ਮੈਂ ਸੁੰਨਤ ਦਾ ਪ੍ਰਚਾਰ ਕਰਦਾ ਹਾਂ, ਤਾਂ ਮਸੀਹ ਦੀ ਸੂਲ਼ੀ ਦਾ ਮਸਲਾ ਹੀ ਖ਼ਤਮ ਹੋ ਗਿਆ ਹੈ ਤੇ ਇਸ ਕਰਕੇ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। 12 ਮੈਂ ਚਾਹੁੰਦਾ ਹਾਂ ਕਿ ਜਿਹੜੇ ਆਦਮੀ ਤੁਹਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਆਪਣਾ ਹੀ ਅੰਗ ਕਟਵਾ ਲੈਣ।*
13 ਭਰਾਵੋ, ਤੁਹਾਨੂੰ ਇਹ ਆਜ਼ਾਦੀ ਪ੍ਰਾਪਤ ਕਰਨ ਲਈ ਸੱਦਿਆ ਗਿਆ ਸੀ; ਪਰ ਆਪਣੀ ਇਸ ਆਜ਼ਾਦੀ ਨੂੰ ਸਰੀਰ ਦੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਨ ਲਈ ਨਾ ਵਰਤੋ, ਸਗੋਂ ਪਿਆਰ ਨਾਲ ਇਕ-ਦੂਜੇ ਦੀ ਸੇਵਾ ਕਰੋ। 14 ਕਿਉਂਕਿ ਇਹ ਹੁਕਮ ਮੂਸਾ ਦੇ ਕਾਨੂੰਨ ਦਾ ਨਿਚੋੜ ਹੈ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” 15 ਪਰ ਜੇ ਤੁਸੀਂ ਇਕ-ਦੂਜੇ ਨੂੰ ਵੱਢ ਖਾਣ ਵਿਚ ਲੱਗੇ ਰਹੋਗੇ, ਤਾਂ ਖ਼ਬਰਦਾਰ ਰਹੋ, ਕਿਤੇ ਤੁਸੀਂ ਇਕ-ਦੂਜੇ ਦਾ ਨਾਸ਼ ਨਾ ਕਰ ਬੈਠੋ।
16 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹੋਗੇ, ਤਾਂ ਤੁਸੀਂ ਸਰੀਰ ਦੀ ਕੋਈ ਵੀ ਗ਼ਲਤ ਇੱਛਾ ਪੂਰੀ ਨਹੀਂ ਕਰੋਗੇ। 17 ਕਿਉਂਕਿ ਸਰੀਰ ਦੀਆਂ ਗ਼ਲਤ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਗ਼ਲਤ ਇੱਛਾਵਾਂ ਦੇ ਵਿਰੁੱਧ ਹੈ; ਇਨ੍ਹਾਂ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ, ਇਸ ਲਈ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ। 18 ਇਸ ਤੋਂ ਇਲਾਵਾ, ਜੇ ਤੁਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹੋ, ਤਾਂ ਤੁਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹੋ।
19 ਹੁਣ ਸਰੀਰ ਦੇ ਕੰਮ ਸਾਫ਼ ਦੇਖੇ ਜਾ ਸਕਦੇ ਹਨ ਅਤੇ ਇਹ ਕੰਮ ਹਨ: ਹਰਾਮਕਾਰੀ,* ਗੰਦ-ਮੰਦ, ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨੇ, 20 ਮੂਰਤੀ-ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਧੜੇਬਾਜ਼ੀ, 21 ਖਾਰ ਖਾਣੀ, ਸ਼ਰਾਬੀ ਹੋਣਾ, ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਅਤੇ ਹੋਰ ਇਹੋ ਜਿਹੇ ਕੰਮ। ਮੈਂ ਤੁਹਾਨੂੰ ਇਨ੍ਹਾਂ ਕੰਮਾਂ ਤੋਂ ਖ਼ਬਰਦਾਰ ਕਰ ਰਿਹਾ ਹਾਂ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਖ਼ਬਰਦਾਰ ਕਰ ਚੁੱਕਾ ਹਾਂ ਕਿ ਜਿਹੜੇ ਲੋਕ ਇਨ੍ਹਾਂ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।
22 ਦੂਜੇ ਪਾਸੇ, ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ* ਪੈਦਾ ਹੁੰਦੇ ਹਨ: ਪਿਆਰ, ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ,* ਨਿਹਚਾ, 23 ਨਰਮਾਈ, ਸੰਜਮ। ਅਜਿਹੇ ਗੁਣਾਂ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹੈ। 24 ਇਸ ਤੋਂ ਇਲਾਵਾ, ਜਿਹੜੇ ਮਸੀਹ ਯਿਸੂ ਦੇ ਹਨ, ਉਨ੍ਹਾਂ ਨੇ ਆਪਣੇ ਸਰੀਰ ਦੀਆਂ ਲਾਲਸਾਵਾਂ ਅਤੇ ਬੁਰੀਆਂ ਇੱਛਾਵਾਂ ਨੂੰ ਮਾਰ ਦਿੱਤਾ ਹੈ।*
25 ਜੇ ਅਸੀਂ ਪਵਿੱਤਰ ਸ਼ਕਤੀ ਅਨੁਸਾਰ ਜ਼ਿੰਦਗੀ ਜੀਉਂਦੇ ਹਾਂ, ਤਾਂ ਆਓ ਆਪਾਂ ਇਸ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਰਹੀਏ। 26 ਆਓ ਆਪਾਂ ਨਾ ਹੀ ਹੰਕਾਰ ਕਰੀਏ, ਨਾ ਹੀ ਮੁਕਾਬਲਾ ਕਰਨ ਲਈ ਇਕ-ਦੂਜੇ ਨੂੰ ਉਕਸਾਈਏ ਅਤੇ ਨਾ ਹੀ ਇਕ-ਦੂਜੇ ਨਾਲ ਈਰਖਾ ਕਰੀਏ।