ਅਫ਼ਸੀਆਂ
5 ਇਸ ਲਈ, ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ 2 ਅਤੇ ਪਿਆਰ ਕਰਦੇ ਰਹੋ ਜਿਵੇਂ ਮਸੀਹ ਨੇ ਤੁਹਾਡੇ ਨਾਲ ਪਿਆਰ ਕੀਤਾ ਅਤੇ ਤੁਹਾਡੀ ਖ਼ਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਜੋ ਕਿ ਪਰਮੇਸ਼ੁਰ ਅੱਗੇ ਇਕ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਸੀ।
3 ਤੁਹਾਡੇ ਵਿਚ ਹਰਾਮਕਾਰੀ* ਦਾ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲੋਭ ਦਾ ਜ਼ਿਕਰ ਤਕ ਨਾ ਕੀਤਾ ਜਾਵੇ ਕਿਉਂਕਿ ਪਵਿੱਤਰ ਸੇਵਕਾਂ ਲਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ; 4 ਅਤੇ ਨਾ ਹੀ ਤੁਸੀਂ ਬੇਸ਼ਰਮੀ ਭਰੇ ਕੰਮ ਕਰੋ, ਨਾ ਬੇਹੂਦਾ ਗੱਲਾਂ ਤੇ ਨਾ ਹੀ ਗੰਦੇ ਮਜ਼ਾਕ ਕਰੋ ਕਿਉਂਕਿ ਇਹ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦੇ, ਇਸ ਦੀ ਬਜਾਇ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੋ। 5 ਤੁਸੀਂ ਆਪ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਹਰਾਮਕਾਰ ਜਾਂ ਗੰਦੇ ਕੰਮ ਕਰਨ ਵਾਲਾ ਜਾਂ ਲੋਭ ਕਰਨ ਵਾਲਾ, ਜੋ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਹੋਵੇਗਾ।
6 ਤੁਸੀਂ ਕਿਸੇ ਵੀ ਇਨਸਾਨ ਦੀਆਂ ਖੋਖਲੀਆਂ ਗੱਲਾਂ ਦੇ ਧੋਖੇ ਵਿਚ ਨਾ ਆਓ, ਕਿਉਂਕਿ ਅਜਿਹੇ ਕੰਮਾਂ ਕਰਕੇ ਅਣਆਗਿਆਕਾਰ ਲੋਕਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ। 7 ਇਸ ਲਈ ਉਨ੍ਹਾਂ ਦੇ ਨਾਲ ਕੋਈ ਵਾਸਤਾ ਨਾ ਰੱਖੋ; 8 ਕਿਉਂਕਿ ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਚਾਨਣ ਵਿਚ ਹੋ। ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ 9 ਕਿਉਂਕਿ ਚਾਨਣ ਦਾ ਫਲ ਹੈ ਹਰ ਤਰ੍ਹਾਂ ਦੀ ਭਲਾਈ ਅਤੇ ਧਾਰਮਿਕਤਾ ਅਤੇ ਸੱਚ। 10 ਤੁਸੀਂ ਹਮੇਸ਼ਾ ਪਤਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ; 11 ਅਤੇ ਹਨੇਰੇ ਦੇ ਵਿਅਰਥ ਕੰਮ ਕਰਨੇ ਛੱਡ ਦਿਓ, ਸਗੋਂ ਇਨ੍ਹਾਂ ਕੰਮਾਂ ਦਾ ਪਰਦਾਫ਼ਾਸ਼ ਕਰੋ। 12 ਕਿਉਂਕਿ ਜਿਹੜੇ ਕੰਮ ਉਹ ਲੋਕ ਚੋਰੀ-ਛਿਪੇ ਕਰਦੇ ਹਨ, ਉਨ੍ਹਾਂ ਦਾ ਜ਼ਿਕਰ ਕਰਦਿਆਂ ਵੀ ਸ਼ਰਮ ਆਉਂਦੀ ਹੈ। 13 ਚਾਨਣ ਨਾਲ ਸਾਰੇ ਕੰਮਾਂ ਦਾ ਪਰਦਾਫ਼ਾਸ਼ ਕੀਤਾ ਜਾਂਦਾ ਹੈ ਕਿਉਂਕਿ ਹਰ ਕੰਮ ਦੀ ਅਸਲੀਅਤ ਜੋ ਸਾਮ੍ਹਣੇ ਆਉਂਦੀ ਹੈ, ਉਹ ਚਾਨਣ ਹੈ। 14 ਇਸ ਲਈ ਪਰਮੇਸ਼ੁਰ ਕਹਿੰਦਾ ਹੈ: “ਸੌਣ ਵਾਲਿਆ, ਜਾਗ ਅਤੇ ਮਰੇ ਹੋਇਆਂ ਵਿੱਚੋਂ ਉੱਠ ਖੜ੍ਹ, ਅਤੇ ਮਸੀਹ ਤੇਰੇ ਉੱਤੇ ਚਾਨਣ ਪਾਵੇਗਾ।”
15 ਇਸ ਲਈ, ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। 16 ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ* ਕਿਉਂਕਿ ਜ਼ਮਾਨਾ ਖ਼ਰਾਬ ਹੈ। 17 ਇਸ ਲਈ ਹੁਣ ਮੂਰਖ ਨਾ ਬਣੋ, ਸਗੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੋ ਕਿ ਯਹੋਵਾਹ ਦੀ ਕੀ ਇੱਛਾ ਹੈ। 18 ਨਾਲੇ ਸ਼ਰਾਬੀ ਨਾ ਹੋਵੋ ਕਿਉਂਕਿ ਸ਼ਰਾਬੀ ਇਨਸਾਨ ਬਦਕਾਰੀ ਕਰਨ ਲੱਗ ਪੈਂਦਾ ਹੈ, ਪਰ ਪਵਿੱਤਰ ਸ਼ਕਤੀ ਨਾਲ ਭਰਪੂਰ ਹੁੰਦੇ ਜਾਓ। 19 ਇਕ-ਦੂਜੇ ਨਾਲ ਜ਼ਬੂਰ ਤੇ ਭਜਨ ਗਾਉਂਦੇ ਹੋਏ ਪਰਮੇਸ਼ੁਰ ਦੇ ਗੁਣ ਗਾਓ ਅਤੇ ਆਪਣੇ ਦਿਲਾਂ ਵਿਚ ਯਹੋਵਾਹ ਦੇ ਗੀਤ ਗਾਓ, 20 ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਸਾਰੀਆਂ ਚੀਜ਼ਾਂ ਲਈ ਸਾਡੇ ਪਿਤਾ ਪਰਮੇਸ਼ੁਰ ਦਾ ਹਮੇਸ਼ਾ ਧੰਨਵਾਦ ਕਰਦੇ ਰਹੋ।
21 ਮਸੀਹ ਦਾ ਆਦਰ ਕਰਦੇ ਹੋਏ ਇਕ-ਦੂਜੇ ਦੇ ਅਧੀਨ ਹੋਵੋ। 22 ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਤੁਸੀਂ ਪ੍ਰਭੂ ਦੇ ਅਧੀਨ ਹੋ, 23 ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ* ਹੈ, ਠੀਕ ਜਿਵੇਂ ਮਸੀਹ ਆਪਣੇ ਸਰੀਰ ਯਾਨੀ ਮੰਡਲੀ ਦਾ ਸਿਰ ਅਤੇ ਮੁਕਤੀਦਾਤਾ ਹੈ। 24 ਅਸਲ ਵਿਚ ਜਿਵੇਂ ਮੰਡਲੀ ਮਸੀਹ ਦੇ ਅਧੀਨ ਹੈ, ਉਸੇ ਤਰ੍ਹਾਂ ਪਤਨੀਆਂ ਨੂੰ ਹਰ ਗੱਲ ਵਿਚ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ। 25 ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ, ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ, 26 ਤਾਂਕਿ ਉਹ ਇਸ ਨੂੰ ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਪਵਿੱਤਰ ਕਰੇ। 27 ਉਹ ਚਾਹੁੰਦਾ ਹੈ ਕਿ ਮੰਡਲੀ ਉਸ ਦੀਆਂ ਨਜ਼ਰਾਂ ਵਿਚ ਸ਼ਾਨਦਾਰ ਬਣ ਜਾਵੇ ਅਤੇ ਉਸ ʼਤੇ ਕੋਈ ਦਾਗ਼ ਨਾ ਲੱਗਾ ਹੋਵੇ ਜਾਂ ਉਸ ਵਿਚ ਕੋਈ ਨੁਕਸ ਜਾਂ ਹੋਰ ਕੋਈ ਇਹੋ ਜਿਹੀ ਗੱਲ ਨਾ ਹੋਵੇ। ਹਾਂ, ਉਹ ਚਾਹੁੰਦਾ ਹੈ ਕਿ ਮੰਡਲੀ ਪਵਿੱਤਰ ਅਤੇ ਬੇਦਾਗ਼ ਹੋਵੇ।
28 ਇਸੇ ਤਰ੍ਹਾਂ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ। ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ 29 ਕਿਉਂਕਿ ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ, ਠੀਕ ਜਿਵੇਂ ਮਸੀਹ ਮੰਡਲੀ ਦੀ ਦੇਖ-ਭਾਲ ਕਰਦਾ ਹੈ, 30 ਕਿਉਂਕਿ ਅਸੀਂ ਸਾਰੇ ਉਸ ਦੇ ਸਰੀਰ ਦੇ ਅੰਗ ਹਾਂ। 31 “ਇਸੇ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।” 32 ਪਰਮੇਸ਼ੁਰ ਦਾ ਭੇਤ ਬਹੁਤ ਮਹੱਤਵਪੂਰਣ ਹੈ। ਇੱਥੇ ਤਾਂ ਮੈਂ ਮਸੀਹ ਅਤੇ ਮੰਡਲੀ ਬਾਰੇ ਗੱਲ ਕਰ ਰਿਹਾ ਹਾਂ। 33 ਪਰ ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।