ਮੱਤੀ
20 “ਸਵਰਗ ਦਾ ਰਾਜ ਇਕ ਆਦਮੀ ਵਰਗਾ ਹੈ ਜਿਸ ਕੋਲ ਅੰਗੂਰਾਂ ਦਾ ਬਾਗ਼ ਹੈ ਅਤੇ ਉਹ ਸਵੇਰੇ-ਸਵੇਰੇ ਉੱਠ ਕੇ ਆਪਣੇ ਬਾਗ਼ ਵਿਚ ਕੰਮ ਕਰਨ ਵਾਸਤੇ ਮਜ਼ਦੂਰਾਂ ਨੂੰ ਲੈਣ ਗਿਆ। 2 ਮਜ਼ਦੂਰਾਂ ਨਾਲ ਇਕ-ਇਕ ਦੀਨਾਰ* ਮਜ਼ਦੂਰੀ ਤੈਅ ਕੀਤੀ ਅਤੇ ਫਿਰ ਉਨ੍ਹਾਂ ਨੂੰ ਆਪਣੇ ਬਾਗ਼ ਵਿਚ ਕੰਮ ਕਰਨ ਲਈ ਘੱਲ ਦਿੱਤਾ। 3 ਫਿਰ ਜਦ ਉਹ ਸਵੇਰੇ ਨੌਂ ਕੁ ਵਜੇ* ਬਾਹਰ ਗਿਆ, ਤਾਂ ਉਸ ਨੇ ਬਾਜ਼ਾਰ ਵਿਚ ਕਈਆਂ ਨੂੰ ਵਿਹਲੇ ਖੜ੍ਹੇ ਦੇਖਿਆ, 4 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ ਅਤੇ ਜੋ ਮਜ਼ਦੂਰੀ ਬਣਦੀ ਹੈ, ਮੈਂ ਤੁਹਾਨੂੰ ਦਿਆਂਗਾ।’ 5 ਅਤੇ ਉਹ ਵੀ ਕੰਮ ਕਰਨ ਚਲੇ ਗਏ। ਫਿਰ ਉਸ ਨੇ ਦੁਪਹਿਰ ਦੇ ਬਾਰਾਂ ਕੁ ਵਜੇ* ਤੇ ਤਿੰਨ ਕੁ ਵਜੇ* ਵੀ ਇਸੇ ਤਰ੍ਹਾਂ ਕੀਤਾ। 6 ਅਖ਼ੀਰ ਵਿਚ, ਉਸ ਨੇ ਸ਼ਾਮ ਦੇ ਪੰਜ ਕੁ ਵਜੇ* ਬਾਹਰ ਜਾ ਕੇ ਹੋਰ ਕਈਆਂ ਨੂੰ ਖੜ੍ਹੇ ਦੇਖਿਆ ਤੇ ਪੁੱਛਿਆ, ‘ਤੁਸੀਂ ਇੱਥੇ ਸਾਰਾ ਦਿਨ ਕਿਉਂ ਵਿਹਲੇ ਖੜ੍ਹੇ ਰਹੇ?’ 7 ਉਨ੍ਹਾਂ ਨੇ ਕਿਹਾ, ‘ਕਿਉਂਕਿ ਸਾਨੂੰ ਕਿਸੇ ਨੇ ਕੰਮ ʼਤੇ ਨਹੀਂ ਲਾਇਆ।’ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ।’
8 “ਜਦ ਸ਼ਾਮ ਹੋਈ, ਤਾਂ ਮਾਲਕ ਨੇ ਬਾਗ਼ ਦੀ ਦੇਖ-ਰੇਖ ਕਰਨ ਵਾਲੇ ਨੂੰ ਕਿਹਾ, ‘ਸਾਰੇ ਮਜ਼ਦੂਰਾਂ ਨੂੰ ਬੁਲਾ ਅਤੇ ਜਿਹੜੇ ਅਖ਼ੀਰ ਵਿਚ ਕੰਮ ʼਤੇ ਆਏ ਸਨ, ਉਨ੍ਹਾਂ ਤੋਂ ਮਜ਼ਦੂਰੀ ਦੇਣੀ ਸ਼ੁਰੂ ਕਰ।’ 9 ਜਿਨ੍ਹਾਂ ਨੇ ਪੰਜ ਕੁ ਵਜੇ* ਤੋਂ ਕੰਮ ਕੀਤਾ ਸੀ, ਉਨ੍ਹਾਂ ਸਾਰਿਆਂ ਨੂੰ ਇਕ-ਇਕ ਦੀਨਾਰ ਮਜ਼ਦੂਰੀ ਮਿਲੀ। 10 ਇਸ ਲਈ, ਜਦ ਸਾਰਿਆਂ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਵਾਲਿਆਂ ਦੀ ਵਾਰੀ ਆਈ, ਤਾਂ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਜ਼ਿਆਦਾ ਮਜ਼ਦੂਰੀ ਮਿਲੇਗੀ, ਪਰ ਉਨ੍ਹਾਂ ਨੂੰ ਵੀ ਇਕ-ਇਕ ਦੀਨਾਰ ਹੀ ਮਿਲਿਆ। 11 ਮਜ਼ਦੂਰੀ ਮਿਲਣ ਤੇ ਉਹ ਮਾਲਕ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ। 12 ਉਨ੍ਹਾਂ ਨੇ ਕਿਹਾ, ‘ਇਹ ਜਿਹੜੇ ਬਾਅਦ ਵਿਚ ਆਏ ਸਨ, ਇਨ੍ਹਾਂ ਨੇ ਇੱਕੋ ਘੰਟਾ ਕੰਮ ਕੀਤਾ, ਜਦ ਕਿ ਅਸੀਂ ਸਾਰਾ ਦਿਨ ਧੁੱਪੇ ਟੁੱਟ-ਟੁੱਟ ਕੇ ਕੰਮ ਕੀਤਾ, ਫਿਰ ਵੀ ਤੂੰ ਉਨ੍ਹਾਂ ਨੂੰ ਸਾਡੇ ਜਿੰਨੇ ਪੈਸੇ ਦਿੱਤੇ!’ 13 ਪਰ ਉਸ ਨੇ ਉਨ੍ਹਾਂ ਵਿੱਚੋਂ ਇਕ ਨੂੰ ਕਿਹਾ, ‘ਭਰਾਵਾ, ਮੈਂ ਤੇਰੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ। ਕੀ ਤੂੰ ਇਕ ਦੀਨਾਰ ਮਜ਼ਦੂਰੀ ਲਈ ਨਹੀਂ ਮੰਨਿਆ ਸੀ? 14 ਆਪਣੇ ਪੈਸੇ ਲੈ ਤੇ ਜਾਹ। ਜਿਨ੍ਹਾਂ ਨੇ ਇਕ ਘੰਟਾ ਕੰਮ ਕੀਤਾ, ਮੈਂ ਉਨ੍ਹਾਂ ਨੂੰ ਵੀ ਤੇਰੇ ਜਿੰਨੀ ਮਜ਼ਦੂਰੀ ਦੇਣੀ ਚਾਹੁੰਦਾ ਹਾਂ। 15 ਕੀ ਮੇਰਾ ਹੱਕ ਨਹੀਂ ਬਣਦਾ ਕਿ ਮੈਂ ਆਪਣੇ ਪੈਸੇ ਨਾਲ ਜੋ ਜੀਅ ਚਾਹੇ ਕਰਾਂ? ਕੀ ਤੈਨੂੰ ਇਸ ਗੱਲ ਦਾ ਸਾੜਾ ਹੈ ਕਿ ਮੈਂ ਇਨ੍ਹਾਂ ਦਾ ਭਲਾ ਕੀਤਾ?’ 16 ਇਸ ਤਰ੍ਹਾਂ, ਜਿਹੜੇ ਪਿੱਛੇ ਹਨ ਉਹ ਅੱਗੇ ਹੋ ਜਾਣਗੇ, ਅਤੇ ਜਿਹੜੇ ਅੱਗੇ ਹਨ ਉਹ ਪਿੱਛੇ ਹੋ ਜਾਣਗੇ।”
17 ਜਦ ਉਹ ਯਰੂਸ਼ਲਮ ਨੂੰ ਜਾ ਰਹੇ ਸਨ, ਤਾਂ ਰਾਹ ਵਿਚ ਯਿਸੂ ਨੇ ਆਪਣੇ ਬਾਰਾਂ ਚੇਲਿਆਂ ਨੂੰ ਇਕ ਪਾਸੇ ਲੈ ਜਾ ਕੇ ਦੱਸਿਆ: 18 “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਉੱਥੇ ਮਨੁੱਖ ਦੇ ਪੁੱਤਰ ਨੂੰ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਸੁਣਾਉਣਗੇ। 19 ਫਿਰ ਉਹ ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕਰਨਗੇ, ਅਤੇ ਲੋਕ ਉਸ ਦਾ ਮਜ਼ਾਕ ਉਡਾਉਣਗੇ, ਉਸ ਨੂੰ ਕੋਰੜੇ ਮਾਰਨਗੇ ਅਤੇ ਸੂਲ਼ੀ ਉੱਤੇ ਟੰਗ ਦੇਣਗੇ, ਪਰ ਉਸ ਨੂੰ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਕੀਤਾ ਜਾਵੇਗਾ।”
20 ਫਿਰ ਜ਼ਬਦੀ ਦੇ ਪੁੱਤਰ ਆਪਣੀ ਮਾਂ ਨਾਲ ਆਏ ਅਤੇ ਯਿਸੂ ਨੂੰ ਨਮਸਕਾਰ ਕੀਤਾ। ਉਨ੍ਹਾਂ ਦੀ ਮਾਂ ਉਸ ਤੋਂ ਕੁਝ ਮੰਗਣ ਆਈ ਸੀ। 21 ਯਿਸੂ ਨੇ ਉਸ ਨੂੰ ਪੁੱਛਿਆ: “ਤੂੰ ਕੀ ਚਾਹੁੰਦੀ ਹੈਂ?” ਉਸ ਨੇ ਕਿਹਾ: “ਵਾਅਦਾ ਕਰ ਕਿ ਤੂੰ ਆਪਣੇ ਰਾਜ ਵਿਚ ਮੇਰੇ ਇਨ੍ਹਾਂ ਦੋਵਾਂ ਪੁੱਤਰਾਂ ਵਿੱਚੋਂ ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ ਬਿਠਾਏਂਗਾ।” 22 ਯਿਸੂ ਨੇ ਉਸ ਦੇ ਪੁੱਤਰਾਂ ਨੂੰ ਕਿਹਾ: “ਤੁਹਾਨੂੰ ਨਹੀਂ ਪਤਾ ਤੁਸੀਂ ਕੀ ਮੰਗ ਰਹੇ ਹੋ। ਕੀ ਤੁਸੀਂ ਉਹ ਪਿਆਲਾ* ਪੀ ਸਕਦੇ ਹੋ ਜੋ ਮੈਂ ਪੀਣ ਵਾਲਾ ਹਾਂ?” ਉਨ੍ਹਾਂ ਨੇ ਉਸ ਨੂੰ ਕਿਹਾ: “ਹਾਂ, ਅਸੀਂ ਪੀ ਸਕਦੇ ਹਾਂ।” 23 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰਾ ਪਿਆਲਾ ਜ਼ਰੂਰ ਪੀਓਗੇ। ਪਰ ਇਹ ਫ਼ੈਸਲਾ ਕਰਨ ਦਾ ਅਧਿਕਾਰ ਮੇਰੇ ਕੋਲ ਨਹੀਂ ਹੈ ਕਿ ਕੌਣ ਮੇਰੇ ਸੱਜੇ ਪਾਸੇ ਅਤੇ ਕੌਣ ਖੱਬੇ ਪਾਸੇ ਬੈਠੇਗਾ, ਸਗੋਂ ਮੇਰਾ ਪਿਤਾ ਇਸ ਗੱਲ ਦਾ ਫ਼ੈਸਲਾ ਕਰੇਗਾ।”
24 ਜਦੋਂ ਬਾਕੀ ਦਸਾਂ ਚੇਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਦੋਵਾਂ ਭਰਾਵਾਂ ʼਤੇ ਬਹੁਤ ਗੁੱਸੇ ਹੋਏ। 25 ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। 26 ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ, 27 ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਨੌਕਰ ਬਣੇ। 28 ਠੀਕ ਜਿਵੇਂ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।”
29 ਹੁਣ ਉਹ ਯਰੀਹੋ ਤੋਂ ਬਾਹਰ ਜਾ ਰਹੇ ਸਨ ਤੇ ਭੀੜ ਉਸ ਦੇ ਪਿੱਛੇ-ਪਿੱਛੇ ਜਾ ਰਹੀ ਸੀ। 30 ਅਤੇ ਦੇਖੋ! ਰਾਹ ਵਿਚ ਬੈਠੇ ਦੋ ਅੰਨ੍ਹਿਆਂ ਨੇ ਜਦੋਂ ਸੁਣਿਆ ਕਿ ਯਿਸੂ ਉੱਧਰੋਂ ਦੀ ਲੰਘ ਰਿਹਾ ਸੀ, ਤਾਂ ਉਹ ਉੱਚੀ-ਉੱਚੀ ਕਹਿਣ ਲੱਗੇ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ!” 31 ਲੋਕਾਂ ਨੇ ਉਨ੍ਹਾਂ ਨੂੰ ਝਿੜਕਿਆ ਤੇ ਮੂੰਹ ਬੰਦ ਰੱਖਣ ਲਈ ਕਿਹਾ; ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗ ਪਏ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ!” 32 ਇਹ ਸੁਣ ਕੇ ਯਿਸੂ ਤੁਰਿਆ ਜਾਂਦਾ ਖੜ੍ਹ ਗਿਆ ਤੇ ਉਨ੍ਹਾਂ ਨੂੰ ਕੋਲ ਬੁਲਾ ਕੇ ਪੁੱਛਿਆ: “ਦੱਸੋ, ਮੈਂ ਤੁਹਾਡੇ ਲਈ ਕੀ ਕਰਾਂ?” 33 ਉਨ੍ਹਾਂ ਨੇ ਕਿਹਾ: “ਪ੍ਰਭੂ, ਅਸੀਂ ਸੁਜਾਖੇ ਹੋਣਾ ਚਾਹੁੰਦੇ ਹਾਂ।” 34 ਯਿਸੂ ਨੂੰ ਉਨ੍ਹਾਂ ʼਤੇ ਦਇਆ ਆਈ ਅਤੇ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਤੇ ਉਸੇ ਵੇਲੇ ਉਨ੍ਹਾਂ ਨੂੰ ਦਿਸਣ ਲੱਗ ਪਿਆ ਅਤੇ ਉਹ ਉਸ ਦੇ ਨਾਲ ਤੁਰ ਪਏ।