ਮੱਤੀ
1 ਇਸ ਕਿਤਾਬ ਵਿਚ ਯਿਸੂ ਮਸੀਹ* ਦੀ ਜ਼ਿੰਦਗੀ ਦੀ ਕਹਾਣੀ ਦੱਸੀ ਗਈ ਹੈ। ਉਹ ਦਾਊਦ ਦੀ ਪੀੜ੍ਹੀ ਵਿੱਚੋਂ ਸੀ ਅਤੇ ਦਾਊਦ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਸੀ। ਇਹ ਹੈ ਯਿਸੂ ਦੀ ਵੰਸ਼ਾਵਲੀ:
2 ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ;
ਇਸਹਾਕ ਤੋਂ ਯਾਕੂਬ ਪੈਦਾ ਹੋਇਆ;
ਯਾਕੂਬ ਤੋਂ ਯਹੂਦਾਹ ਅਤੇ ਉਸ ਦੇ ਹੋਰ ਮੁੰਡੇ ਪੈਦਾ ਹੋਏ;
3 ਯਹੂਦਾਹ ਤੋਂ ਪਰਸ ਅਤੇ ਜ਼ਰਾਹ ਪੈਦਾ ਹੋਏ ਜਿਨ੍ਹਾਂ ਦੀ ਮਾਤਾ ਦਾ ਨਾਂ ਤਾਮਾਰ ਸੀ;
ਪਰਸ ਤੋਂ ਹਸਰੋਨ ਪੈਦਾ ਹੋਇਆ;
ਹਸਰੋਨ ਤੋਂ ਰਾਮ ਪੈਦਾ ਹੋਇਆ;
4 ਰਾਮ ਤੋਂ ਅਮੀਨਾਦਾਬ ਪੈਦਾ ਹੋਇਆ;
ਅਮੀਨਾਦਾਬ ਤੋਂ ਨਹਸ਼ੋਨ ਪੈਦਾ ਹੋਇਆ;
ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ;
5 ਸਲਮੋਨ ਤੋਂ ਬੋਅਜ਼ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰਾਹਾਬ ਸੀ;
ਬੋਅਜ਼ ਤੋਂ ਓਬੇਦ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰੂਥ ਸੀ;
ਓਬੇਦ ਤੋਂ ਯੱਸੀ ਪੈਦਾ ਹੋਇਆ;
6 ਯੱਸੀ ਤੋਂ ਰਾਜਾ ਦਾਊਦ ਪੈਦਾ ਹੋਇਆ।
ਦਾਊਦ ਤੋਂ ਸੁਲੇਮਾਨ ਪੈਦਾ ਹੋਇਆ, ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ;
7 ਸੁਲੇਮਾਨ ਤੋਂ ਰਹਬੁਆਮ ਪੈਦਾ ਹੋਇਆ;
ਰਹਬੁਆਮ ਤੋਂ ਅਬੀਯਾਹ ਪੈਦਾ ਹੋਇਆ;
ਅਬੀਯਾਹ ਤੋਂ ਆਸਾ ਪੈਦਾ ਹੋਇਆ;
8 ਆਸਾ ਤੋਂ ਯਹੋਸ਼ਾਫ਼ਾਟ ਪੈਦਾ ਹੋਇਆ;
ਯਹੋਸ਼ਾਫ਼ਾਟ ਤੋਂ ਯਹੋਰਾਮ ਪੈਦਾ ਹੋਇਆ;
ਯਹੋਰਾਮ ਤੋਂ ਉਜ਼ੀਯਾਹ ਪੈਦਾ ਹੋਇਆ;
9 ਉਜ਼ੀਯਾਹ ਤੋਂ ਯੋਥਾਮ ਪੈਦਾ ਹੋਇਆ;
ਯੋਥਾਮ ਤੋਂ ਆਹਾਜ਼ ਪੈਦਾ ਹੋਇਆ;
ਆਹਾਜ਼ ਤੋਂ ਹਿਜ਼ਕੀਯਾਹ ਪੈਦਾ ਹੋਇਆ;
10 ਹਿਜ਼ਕੀਯਾਹ ਤੋਂ ਮਨੱਸ਼ਹ ਪੈਦਾ ਹੋਇਆ;
ਮਨੱਸ਼ਹ ਤੋਂ ਆਮੋਨ ਪੈਦਾ ਹੋਇਆ;
ਆਮੋਨ ਤੋਂ ਯੋਸੀਯਾਹ ਪੈਦਾ ਹੋਇਆ;
11 ਯੋਸੀਯਾਹ ਤੋਂ ਯਕਾਨਯਾਹ ਅਤੇ ਉਸ ਦੇ ਹੋਰ ਮੁੰਡੇ ਪੈਦਾ ਹੋਏ। ਉਨ੍ਹਾਂ ਦੇ ਜ਼ਮਾਨੇ ਵਿਚ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ ਸੀ।
12 ਬਾਬਲ ਵਿਚ, ਯਕਾਨਯਾਹ ਤੋਂ ਸ਼ਅਲਤੀਏਲ ਪੈਦਾ ਹੋਇਆ;
ਸ਼ਅਲਤੀਏਲ ਤੋਂ ਜ਼ਰੁੱਬਾਬਲ ਪੈਦਾ ਹੋਇਆ;
13 ਜ਼ਰੁੱਬਾਬਲ ਤੋਂ ਅਬੀਹੂਦ ਪੈਦਾ ਹੋਇਆ;
ਅਬੀਹੂਦ ਤੋਂ ਅਲਯਾਕੀਮ ਪੈਦਾ ਹੋਇਆ;
ਅਲਯਾਕੀਮ ਤੋਂ ਅਜ਼ੋਰ ਪੈਦਾ ਹੋਇਆ;
14 ਅਜ਼ੋਰ ਤੋਂ ਸਾਦੋਕ ਪੈਦਾ ਹੋਇਆ;
ਸਾਦੋਕ ਤੋਂ ਯਾਕੀਮ ਪੈਦਾ ਹੋਇਆ;
ਯਾਕੀਮ ਤੋਂ ਅਲੀਹੂਦ ਪੈਦਾ ਹੋਇਆ;
15 ਅਲੀਹੂਦ ਤੋਂ ਅਲਆਜ਼ਾਰ ਪੈਦਾ ਹੋਇਆ;
ਅਲਆਜ਼ਾਰ ਤੋਂ ਮੱਥਾਨ ਪੈਦਾ ਹੋਇਆ;
ਮੱਥਾਨ ਤੋਂ ਯਾਕੂਬ ਪੈਦਾ ਹੋਇਆ;
16 ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਮਰੀਅਮ ਦਾ ਪਤੀ ਸੀ, ਮਰੀਅਮ ਦੀ ਕੁੱਖੋਂ ਯਿਸੂ ਪੈਦਾ ਹੋਇਆ ਜੋ ਮਸੀਹ ਹੈ।
17 ਅਬਰਾਹਾਮ ਤੋਂ ਲੈ ਕੇ ਦਾਊਦ ਤਕ ਕੁੱਲ ਚੌਦਾਂ ਪੀੜ੍ਹੀਆਂ ਸਨ। ਦਾਊਦ ਤੋਂ ਲੈ ਕੇ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲੈ ਜਾਏ ਜਾਣ ਦੇ ਸਮੇਂ ਤਕ ਕੁੱਲ ਚੌਦਾਂ ਪੀੜ੍ਹੀਆਂ ਸਨ। ਬਾਬਲ ਵਿਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤਕ ਕੁੱਲ ਚੌਦਾਂ ਪੀੜ੍ਹੀਆਂ ਸਨ।
18 ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ: ਜਦੋਂ ਉਸ ਦੀ ਮਾਤਾ ਮਰੀਅਮ ਦੀ ਕੁੜਮਾਈ ਯੂਸੁਫ਼ ਨਾਲ ਹੋਈ ਸੀ, ਤਾਂ ਵਿਆਹ ਤੋਂ ਪਹਿਲਾਂ ਹੀ ਉਹ ਪਵਿੱਤਰ ਸ਼ਕਤੀ* ਨਾਲ ਗਰਭਵਤੀ ਹੋ ਗਈ ਸੀ। 19 ਪਰ ਉਸ ਦਾ ਪਤੀ* ਯੂਸੁਫ਼ ਨੇਕ ਬੰਦਾ ਸੀ ਅਤੇ ਉਹ ਲੋਕਾਂ ਸਾਮ੍ਹਣੇ ਮਰੀਅਮ ਦਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਮਰੀਅਮ ਨੂੰ ਚੁੱਪ-ਚੁਪੀਤੇ ਤਲਾਕ* ਦੇਣ ਦਾ ਫ਼ੈਸਲਾ ਕੀਤਾ। 20 ਫਿਰ ਇਨ੍ਹਾਂ ਗੱਲਾਂ ਬਾਰੇ ਸੋਚਣ ਤੋਂ ਬਾਅਦ ਜਦ ਉਹ ਸੌਂ ਰਿਹਾ ਸੀ, ਤਾਂ ਦੇਖੋ! ਯਹੋਵਾਹ* ਦਾ ਇਕ ਦੂਤ ਉਸ ਦੇ ਸੁਪਨੇ ਵਿਚ ਆਇਆ ਅਤੇ ਉਸ ਨੇ ਕਿਹਾ: “ਹੇ ਯੂਸੁਫ਼, ਦਾਊਦ ਦੇ ਪੁੱਤਰ, ਮਰੀਅਮ ਆਪਣੀ ਪਤਨੀ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਉਹ ਪਵਿੱਤਰ ਸ਼ਕਤੀ ਨਾਲ ਗਰਭਵਤੀ ਹੋਈ ਹੈ। 21 ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯਿਸੂ* ਰੱਖੀਂ ਕਿਉਂਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।” 22 ਇਹ ਸਾਰਾ ਕੁਝ ਯਹੋਵਾਹ ਦੇ ਕਹੇ ਮੁਤਾਬਕ ਹੋਇਆ ਸੀ ਜੋ ਉਸ ਨੇ ਆਪਣੇ ਨਬੀ ਰਾਹੀਂ ਪਹਿਲਾਂ ਹੀ ਦੱਸਿਆ ਸੀ: 23 “ਦੇਖੋ! ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਗੀ, ਅਤੇ ਉਹ ਉਸ ਦਾ ਨਾਂ ਇੰਮਾਨੂਏਲ ਰੱਖਣਗੇ।” ਉਸ ਦੇ ਨਾਂ ਦਾ ਮਤਲਬ ਹੈ: “ਪਰਮੇਸ਼ੁਰ ਸਾਡੇ ਨਾਲ ਹੈ।”
24 ਫਿਰ ਯੂਸੁਫ਼ ਸੌਂ ਕੇ ਉੱਠਿਆ ਅਤੇ ਉਸ ਨੇ ਯਹੋਵਾਹ ਦੇ ਦੂਤ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਆਪਣੀ ਪਤਨੀ ਨੂੰ ਘਰ ਲੈ ਆਇਆ। 25 ਪਰ ਉਸ ਨੇ ਮਰੀਅਮ ਨਾਲ ਉਦੋਂ ਤਕ ਜਿਨਸੀ ਸੰਬੰਧ ਕਾਇਮ ਨਹੀਂ ਕੀਤੇ ਜਦੋਂ ਤਕ ਮਰੀਅਮ ਨੇ ਪੁੱਤਰ ਨੂੰ ਜਨਮ ਨਹੀਂ ਦੇ ਦਿੱਤਾ ਅਤੇ ਯੂਸੁਫ਼ ਨੇ ਮੁੰਡੇ ਦਾ ਨਾਂ ਯਿਸੂ ਰੱਖਿਆ।