ਮੱਤੀ
14 ਉਸ ਸਮੇਂ ਜ਼ਿਲ੍ਹੇ ਦੇ ਹਾਕਮ ਹੇਰੋਦੇਸ* ਨੇ ਯਿਸੂ ਬਾਰੇ ਸੁਣਿਆ 2 ਅਤੇ ਆਪਣੇ ਸੇਵਕਾਂ ਨੂੰ ਕਿਹਾ: “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਹੈ, ਅਤੇ ਇਸੇ ਲਈ ਉਹ ਕਰਾਮਾਤਾਂ ਕਰ ਰਿਹਾ ਹੈ।” 3 ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਹਿਣ ʼਤੇ ਯੂਹੰਨਾ ਨੂੰ ਗਿਰਫ਼ਤਾਰ ਕਰ ਕੇ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁੱਟ ਦਿੱਤਾ ਸੀ, 4 ਕਿਉਂਕਿ ਯੂਹੰਨਾ ਉਸ ਨੂੰ ਵਾਰ-ਵਾਰ ਇਹ ਕਹਿ ਰਿਹਾ ਸੀ: “ਤੇਰੇ ਲਈ ਹੇਰੋਦਿਆਸ ਨੂੰ ਰੱਖਣਾ ਨਾਜਾਇਜ਼ ਹੈ।” 5 ਭਾਵੇਂ ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਲੋਕਾਂ ਤੋਂ ਡਰਦਾ ਸੀ, ਕਿਉਂਕਿ ਲੋਕ ਯੂਹੰਨਾ ਨੂੰ ਨਬੀ ਮੰਨਦੇ ਸਨ। 6 ਪਰ ਜਦ ਹੇਰੋਦੇਸ ਆਪਣਾ ਜਨਮ-ਦਿਨ ਮਨਾ ਰਿਹਾ ਸੀ, ਤਾਂ ਹੇਰੋਦਿਆਸ ਦੀ ਧੀ ਨੇ ਮਹਿਮਾਨਾਂ ਅੱਗੇ ਨੱਚ ਕੇ ਹੇਰੋਦੇਸ ਨੂੰ ਇੰਨਾ ਖ਼ੁਸ਼ ਕੀਤਾ 7 ਕਿ ਉਸ ਨੇ ਸਹੁੰ ਖਾ ਕੇ ਵਾਅਦਾ ਕੀਤਾ ਕਿ ਉਹ ਜੋ ਮੰਗੇਗੀ, ਉਸ ਨੂੰ ਦੇਵੇਗਾ। 8 ਫਿਰ ਉਸ ਕੁੜੀ ਨੇ ਆਪਣੀ ਮਾਂ ਦੀ ਚੁੱਕ ਵਿਚ ਆ ਕੇ ਕਿਹਾ: “ਮੈਨੂੰ ਥਾਲ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿੱਤਾ ਜਾਵੇ।” 9 ਭਾਵੇਂ ਰਾਜੇ ਨੂੰ ਦੁੱਖ ਤਾਂ ਹੋਇਆ, ਪਰ ਸਹੁੰਆਂ ਖਾਧੀਆਂ ਹੋਣ ਕਰਕੇ ਅਤੇ ਆਪਣੇ ਮਹਿਮਾਨਾਂ ਦੇ ਕਾਰਨ ਉਸ ਨੇ ਹੁਕਮ ਦਿੱਤਾ ਕਿ ਕੁੜੀ ਦੀ ਮੰਗ ਪੂਰੀ ਕੀਤੀ ਜਾਵੇ। 10 ਰਾਜੇ ਨੇ ਕਿਸੇ ਨੂੰ ਘੱਲ ਕੇ ਕੈਦ ਵਿਚ ਯੂਹੰਨਾ ਦਾ ਸਿਰ ਵਢਵਾ ਦਿੱਤਾ 11 ਅਤੇ ਉਸ ਦਾ ਸਿਰ ਥਾਲ ਵਿਚ ਰੱਖ ਕੇ ਕੁੜੀ ਨੂੰ ਦਿੱਤਾ ਗਿਆ ਅਤੇ ਕੁੜੀ ਨੇ ਆਪਣੀ ਮਾਂ ਨੂੰ ਦੇ ਦਿੱਤਾ। 12 ਬਾਅਦ ਵਿਚ ਯੂਹੰਨਾ ਦੇ ਚੇਲੇ ਆ ਕੇ ਉਸ ਦੀ ਲਾਸ਼ ਲੈ ਗਏ ਅਤੇ ਉਸ ਨੂੰ ਦਫ਼ਨਾ ਦਿੱਤਾ ਅਤੇ ਜਾ ਕੇ ਯਿਸੂ ਨੂੰ ਸਾਰੀ ਗੱਲ ਦੱਸੀ। 13 ਇਹ ਸੁਣ ਕੇ ਯਿਸੂ ਕਿਸ਼ਤੀ ਵਿਚ ਬੈਠ ਕੇ ਕਿਸੇ ਇਕਾਂਤ ਜਗ੍ਹਾ ਚਲਾ ਗਿਆ, ਪਰ ਜਦੋਂ ਸ਼ਹਿਰਾਂ ਦੇ ਲੋਕਾਂ ਨੂੰ ਇਸ ਦਾ ਪਤਾ ਲੱਗਾ, ਤਾਂ ਉਹ ਵੀ ਪੈਦਲ ਉਸ ਦੇ ਪਿੱਛੇ ਚਲੇ ਗਏ।
14 ਹੁਣ ਜਦ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਉਸ ਨੇ ਵੱਡੀ ਭੀੜ ਦੇਖੀ ਅਤੇ ਉਸ ਨੂੰ ਲੋਕਾਂ ʼਤੇ ਤਰਸ ਆਇਆ ਅਤੇ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ। 15 ਫਿਰ ਸ਼ਾਮ ਹੋ ਜਾਣ ʼਤੇ ਉਸ ਦੇ ਚੇਲਿਆਂ ਨੇ ਉਸ ਨੂੰ ਕਿਹਾ: “ਇਹ ਜਗ੍ਹਾ ਉਜਾੜ ਹੈ ਅਤੇ ਦੁਪਹਿਰ ਢਲ਼ ਚੁੱਕੀ ਹੈ; ਲੋਕਾਂ ਨੂੰ ਘੱਲ ਦੇ ਤਾਂਕਿ ਉਹ ਪਿੰਡਾਂ ਵਿਚ ਜਾ ਕੇ ਆਪਣੇ ਖਾਣ ਵਾਸਤੇ ਕੁਝ ਖ਼ਰੀਦ ਲੈਣ।” 16 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” 17 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਡੇ ਕੋਲ ਪੰਜ ਰੋਟੀਆਂ ਤੇ ਦੋ ਮੱਛੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਹੈ।” 18 ਉਸ ਨੇ ਕਿਹਾ: “ਲਿਆਓ ਮੈਨੂੰ ਦਿਓ।” 19 ਫਿਰ ਉਸ ਨੇ ਲੋਕਾਂ ਨੂੰ ਘਾਹ ʼਤੇ ਬੈਠਣ ਲਈ ਕਿਹਾ; ਫਿਰ ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਅਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫਿਰ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ। 20 ਸਾਰਿਆਂ ਨੇ ਰੱਜ ਕੇ ਖਾਧਾ। ਫਿਰ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਬਾਰਾਂ ਟੋਕਰੀਆਂ ਭਰ ਗਈਆਂ। 21 ਉਦੋਂ ਤੀਵੀਆਂ ਅਤੇ ਬੱਚਿਆਂ ਤੋਂ ਇਲਾਵਾ 5,000 ਆਦਮੀਆਂ ਨੇ ਖਾਣਾ ਖਾਧਾ ਸੀ। 22 ਫਿਰ ਉਸ ਨੇ ਉਸੇ ਵੇਲੇ ਆਪਣੇ ਚੇਲਿਆਂ ʼਤੇ ਜ਼ੋਰ ਪਾਇਆ ਕਿ ਉਹ ਕਿਸ਼ਤੀ ਵਿਚ ਬੈਠ ਕੇ ਉਸ ਦੇ ਅੱਗੇ-ਅੱਗੇ ਝੀਲ ਦੇ ਦੂਜੇ ਪਾਸੇ ਚਲੇ ਜਾਣ ਅਤੇ ਉਸ ਨੇ ਆਪ ਭੀੜ ਨੂੰ ਵਿਦਾ ਕੀਤਾ।
23 ਫਿਰ ਭੀੜ ਨੂੰ ਵਿਦਾ ਕਰਨ ਤੋਂ ਬਾਅਦ ਉਹ ਆਪ ਪਹਾੜ ʼਤੇ ਪ੍ਰਾਰਥਨਾ ਕਰਨ ਚਲਾ ਗਿਆ। ਭਾਵੇਂ ਹੁਣ ਰਾਤ ਹੋ ਚੁੱਕੀ ਸੀ, ਪਰ ਉਹ ਇਕੱਲਾ ਪਹਾੜ ʼਤੇ ਸੀ। 24 ਉਸ ਵੇਲੇ ਕਿਸ਼ਤੀ ਝੀਲ ਦੇ ਕੰਢੇ ਤੋਂ ਬਹੁਤ ਦੂਰ ਜਾ ਚੁੱਕੀ ਸੀ, ਅਤੇ ਲਹਿਰਾਂ ਦੇ ਕਾਰਨ ਡਿੱਕੋ-ਡੋਲ਼ੇ ਖਾ ਰਹੀ ਸੀ ਅਤੇ ਸਾਮ੍ਹਣਿਓਂ ਹਨੇਰੀ ਚੱਲ ਰਹੀ ਸੀ। 25 ਪਰ ਰਾਤ ਦੇ ਚੌਥੇ ਪਹਿਰ* ਉਹ ਪਾਣੀ ਉੱਤੇ ਤੁਰ ਕੇ ਉਨ੍ਹਾਂ ਵੱਲ ਆਇਆ। 26 ਜਦ ਉਨ੍ਹਾਂ ਨੇ ਉਸ ਨੂੰ ਪਾਣੀ ਉੱਤੇ ਤੁਰਦਿਆਂ ਦੇਖਿਆ, ਤਾਂ ਉਹ ਬਹੁਤ ਘਬਰਾ ਗਏ ਅਤੇ ਕਹਿਣ ਲੱਗੇ: “ਆਹ ਕੀ ਆ ਰਿਹਾ?” ਅਤੇ ਉਹ ਡਰ ਦੇ ਮਾਰੇ ਚੀਕਾਂ ਮਾਰਨ ਲੱਗ ਪਏ। 27 ਪਰ ਉਦੋਂ ਹੀ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।” 28 ਫਿਰ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਜੇ ਤੂੰ ਹੀ ਹੈਂ, ਤਾਂ ਮੈਨੂੰ ਵੀ ਪਾਣੀ ʼਤੇ ਤੁਰ ਕੇ ਆਪਣੇ ਵੱਲ ਆਉਣ ਦਾ ਹੁਕਮ ਦੇ।” 29 ਉਸ ਨੇ ਕਿਹਾ: “ਆ ਜਾਹ!” ਇਸ ਲਈ, ਪਤਰਸ ਕਿਸ਼ਤੀ ਤੋਂ ਉੱਤਰ ਕੇ ਪਾਣੀ ʼਤੇ ਤੁਰਦਾ ਹੋਇਆ ਯਿਸੂ ਵੱਲ ਚਲਾ ਗਿਆ। 30 ਪਰ ਤੂਫ਼ਾਨ ਨੂੰ ਦੇਖ ਕੇ ਪਤਰਸ ਡਰ ਗਿਆ ਅਤੇ ਉਹ ਡੁੱਬਣ ਲੱਗ ਪਿਆ ਤੇ ਉੱਚੀ-ਉੱਚੀ ਕਹਿਣ ਲੱਗਾ: “ਪ੍ਰਭੂ, ਮੈਨੂੰ ਬਚਾ ਲੈ!” 31 ਉਸੇ ਵੇਲੇ ਯਿਸੂ ਨੇ ਆਪਣਾ ਹੱਥ ਅੱਗੇ ਕਰ ਕੇ ਉਸ ਨੂੰ ਫੜ ਲਿਆ ਅਤੇ ਕਿਹਾ: “ਹੇ ਥੋੜ੍ਹੀ ਨਿਹਚਾ ਰੱਖਣ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?” 32 ਅਤੇ ਫਿਰ ਉਹ ਦੋਵੇਂ ਕਿਸ਼ਤੀ ʼਤੇ ਚੜ੍ਹ ਗਏ ਅਤੇ ਤੂਫ਼ਾਨ ਸ਼ਾਂਤ ਹੋ ਗਿਆ। 33 ਫਿਰ ਕਿਸ਼ਤੀ ʼਤੇ ਸਵਾਰ ਸਾਰਿਆਂ ਨੇ ਗੋਡੇ ਟੇਕ ਕੇ ਕਿਹਾ: “ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ।” 34 ਅਤੇ ਉਹ ਝੀਲ ਪਾਰ ਕਰ ਕੇ ਗੰਨੇਸਰਤ ਪਹੁੰਚੇ।
35 ਉਸ ਜਗ੍ਹਾ ਦੇ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਸੁਨੇਹਾ ਘੱਲਿਆ ਅਤੇ ਲੋਕ ਉਸ ਕੋਲ ਬੀਮਾਰਾਂ ਨੂੰ ਲੈ ਕੇ ਆਏ। 36 ਅਤੇ ਬੀਮਾਰਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਆਪਣੇ ਚੋਗੇ ਦੀ ਝਾਲਰ ਨੂੰ ਹੀ ਛੂਹ ਲੈਣ ਦੇਵੇ। ਅਤੇ ਜਿੰਨਿਆਂ ਨੇ ਵੀ ਉਸ ਦੇ ਚੋਗੇ ਨੂੰ ਛੂਹਿਆ ਉਹ ਸਭ ਬਿਲਕੁਲ ਠੀਕ ਹੋ ਗਏ।