1 ਕੁਰਿੰਥੀਆਂ
4 ਲੋਕ ਸਾਨੂੰ ਇਹੋ ਸਮਝਣ ਕਿ ਅਸੀਂ ਮਸੀਹ ਦੇ ਸੇਵਕ ਹਾਂ ਅਤੇ ਸਾਨੂੰ ਪਰਮੇਸ਼ੁਰ ਦੇ ਭੇਤਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 2 ਇਕ ਸੇਵਕ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਪੂਰੀ ਕਰੇ। 3 ਮੇਰੇ ਲਈ ਇਹ ਗੱਲ ਕੋਈ ਅਹਿਮੀਅਤ ਨਹੀਂ ਰੱਖਦੀ ਕਿ ਤੁਸੀਂ ਮੇਰੇ ਤੋਂ ਪੁੱਛ-ਪੜਤਾਲ ਕਰੋ ਜਾਂ ਇਨਸਾਨਾਂ ਦੀ ਕਚਹਿਰੀ ਵਿਚ ਮੇਰੀ ਪੁੱਛ-ਪੜਤਾਲ ਹੋਵੇ। ਮੈਂ ਆਪ ਵੀ ਆਪਣੀ ਜਾਂਚ ਨਹੀਂ ਕਰਦਾ। 4 ਕਿਉਂਕਿ ਮੇਰੀ ਜ਼ਮੀਰ ਸਾਫ਼ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਧਰਮੀ ਸਾਬਤ ਹੋ ਗਿਆ ਹਾਂ, ਸਗੋਂ ਮੇਰੀ ਜਾਂਚ ਕਰਨ ਵਾਲਾ ਤਾਂ ਯਹੋਵਾਹ ਹੈ। 5 ਇਸ ਲਈ, ਪ੍ਰਭੂ ਦੇ ਆਉਣ ਦੇ ਮਿਥੇ ਸਮੇਂ ਤੋਂ ਪਹਿਲਾਂ ਕਿਸੇ ਦਾ ਨਿਆਂ ਨਾ ਕਰੋ। ਉਹ ਹਨੇਰੇ ਵਿਚ ਲੁਕੀਆਂ ਗੱਲਾਂ ਨੂੰ ਚਾਨਣ ਵਿਚ ਲਿਆਵੇਗਾ ਅਤੇ ਮਨ ਦੇ ਇਰਾਦਿਆਂ ਨੂੰ ਜ਼ਾਹਰ ਕਰੇਗਾ ਅਤੇ ਫਿਰ ਹਰ ਕੋਈ ਪਰਮੇਸ਼ੁਰ ਤੋਂ ਵਡਿਆਈ ਪਾਵੇਗਾ।
6 ਭਰਾਵੋ, ਮੈਂ ਆਪਣੀ ਅਤੇ ਅਪੁੱਲੋਸ ਦੀ ਮਿਸਾਲ ਵਰਤ ਕੇ ਇਹ ਗੱਲਾਂ ਤੁਹਾਡੇ ਭਲੇ ਲਈ ਕਹੀਆਂ ਹਨ ਤਾਂਕਿ ਤੁਸੀਂ ਇਸ ਅਸੂਲ ਤੋਂ ਸਿੱਖੋ: “ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ ਕਰੋ,” ਤਾਂਕਿ ਤੁਸੀਂ ਘਮੰਡ ਨਾਲ ਫੁੱਲ ਨਾ ਜਾਓ ਅਤੇ ਇਕ ਨੂੰ ਦੂਸਰੇ ਨਾਲੋਂ ਚੰਗਾ ਨਾ ਸਮਝੋ। 7 ਤੁਹਾਡੇ ਵਿਚ ਕਿਹੜੀ ਖ਼ੂਬੀ ਹੈ? ਤੁਹਾਡੇ ਕੋਲ ਕਿਹੜੀ ਚੀਜ਼ ਹੈ ਜੋ ਤੁਹਾਨੂੰ ਪਰਮੇਸ਼ੁਰ ਤੋਂ ਨਹੀਂ ਮਿਲੀ ਹੈ? ਜੇ ਤੁਹਾਨੂੰ ਸਾਰੀਆਂ ਚੀਜ਼ਾਂ ਪਰਮੇਸ਼ੁਰ ਤੋਂ ਮਿਲੀਆਂ ਹਨ, ਤਾਂ ਫਿਰ ਤੁਸੀਂ ਇਸ ਤਰ੍ਹਾਂ ਸ਼ੇਖ਼ੀਆਂ ਕਿਉਂ ਮਾਰਦੇ ਹੋ ਜਿਵੇਂ ਕਿ ਤੁਸੀਂ ਇਹ ਚੀਜ਼ਾਂ ਆਪਣੀ ਤਾਕਤ ਨਾਲ ਪ੍ਰਾਪਤ ਕੀਤੀਆਂ ਹਨ?
8 ਕੀ ਤੁਸੀਂ ਪਹਿਲਾਂ ਹੀ ਰੱਜ ਚੁੱਕੇ ਹੋ? ਕੀ ਤੁਸੀਂ ਪਹਿਲਾਂ ਹੀ ਅਮੀਰ ਬਣ ਗਏ ਹੋ? ਕੀ ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜਿਆਂ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ? ਅਸਲ ਵਿਚ, ਮੇਰੀ ਇਹੀ ਇੱਛਾ ਹੈ ਕਿ ਤੁਸੀਂ ਸੱਚ-ਮੁੱਚ ਰਾਜਿਆਂ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੁੰਦਾ ਤਾਂਕਿ ਅਸੀਂ ਵੀ ਤੁਹਾਡੇ ਨਾਲ ਰਾਜਿਆਂ ਵਜੋਂ ਰਾਜ ਕਰ ਸਕਦੇ। 9 ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਅਖ਼ੀਰ ਵਿਚ ਨੁਮਾਇਸ਼ ਦੇ ਤੌਰ ਤੇ ਸਟੇਡੀਅਮ ਵਿਚ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਸਾਡੇ ਉੱਤੇ ਲੱਗੀਆਂ ਹੋਈਆਂ ਹਨ, ਦੂਤਾਂ ਦੀਆਂ ਅਤੇ ਇਨਸਾਨਾਂ ਦੀਆਂ। 10 ਮਸੀਹ ਦੇ ਚੇਲੇ ਹੋਣ ਕਰਕੇ ਸਾਨੂੰ ਮੂਰਖ ਸਮਝਿਆ ਜਾਂਦਾ ਹੈ, ਪਰ ਤੁਸੀਂ ਮਸੀਹ ਦੇ ਚੇਲੇ ਹੋਣ ਕਰਕੇ ਆਪਣੇ ਆਪ ਨੂੰ ਬੜੇ ਅਕਲਮੰਦ ਸਮਝਦੇ ਹੋ; ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਤਾਕਤਵਰ ਹੋ; ਤੁਹਾਡੀ ਇੱਜ਼ਤ ਕੀਤੀ ਜਾਂਦੀ ਹੈ, ਪਰ ਸਾਨੂੰ ਬੇਇੱਜ਼ਤ ਕੀਤਾ ਜਾਂਦਾ ਹੈ। 11 ਹੁਣ ਤਕ ਅਸੀਂ ਭੁੱਖੇ-ਪਿਆਸੇ ਹਾਂ ਅਤੇ ਲੀਰਾਂ ਪਾਈ ਫਿਰਦੇ ਹਾਂ ਅਤੇ ਬੇਘਰ ਹਾਂ ਅਤੇ ਦੂਜਿਆਂ ਦੀਆਂ ਬਦਸਲੂਕੀਆਂ ਸਹਿੰਦੇ ਹਾਂ* 12 ਅਤੇ ਮਿਹਨਤ ਨਾਲ ਆਪਣੇ ਹੱਥੀਂ ਕੰਮ-ਧੰਦੇ ਕਰਦੇ ਹਾਂ। ਜਦੋਂ ਲੋਕ ਸਾਡੀ ਬੇਇੱਜ਼ਤੀ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਅਸੀਸਾਂ ਦਿੰਦੇ ਹਾਂ; ਜਦੋਂ ਸਾਡੇ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਅਸੀਂ ਧੀਰਜ ਨਾਲ ਸਹਿ ਲੈਂਦੇ ਹਾਂ; 13 ਅਤੇ ਜਦੋਂ ਸਾਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਅਸੀਂ ਨਰਮਾਈ ਨਾਲ ਜਵਾਬ ਦਿੰਦੇ ਹਾਂ। ਹੁਣ ਤਕ ਸਾਨੂੰ ਦੁਨੀਆਂ ਦਾ ਗੰਦ ਅਤੇ ਕੂੜਾ-ਕਰਕਟ ਸਮਝਿਆ ਜਾਂਦਾ ਹੈ।
14 ਮੈਂ ਤੁਹਾਨੂੰ ਸ਼ਰਮਿੰਦਾ ਕਰਨ ਲਈ ਇਹ ਗੱਲਾਂ ਨਹੀਂ ਲਿਖ ਰਿਹਾ, ਸਗੋਂ ਆਪਣੇ ਪਿਆਰੇ ਬੱਚਿਆਂ ਵਾਂਗ ਨਸੀਹਤ ਦੇਣ ਲਈ ਤੁਹਾਨੂੰ ਲਿਖ ਰਿਹਾ ਹਾਂ। 15 ਭਾਵੇਂ ਤੁਹਾਨੂੰ ਮਸੀਹ ਦੇ ਰਾਹ ਦੀ ਸਿੱਖਿਆ ਦੇਣ ਲਈ ਹਜ਼ਾਰਾਂ ਹੀ ਸਿੱਖਿਅਕ ਹੋਣ, ਪਰ ਤੁਹਾਡੇ ਪਿਤਾ ਬਹੁਤੇ ਨਹੀਂ ਹਨ। ਮੈਂ ਇਕ ਪਿਤਾ ਵਾਂਗ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ ਹੈ ਅਤੇ ਮਸੀਹ ਯਿਸੂ ਦੇ ਰਾਹ ਉੱਤੇ ਚੱਲਣਾ ਸਿਖਾਇਆ ਹੈ। 16 ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਮੇਰੀ ਮਿਸਾਲ ਉੱਤੇ ਚੱਲੋ। 17 ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲ ਰਿਹਾ ਹਾਂ ਕਿਉਂਕਿ ਮਸੀਹ ਦੀ ਸੇਵਾ ਵਿਚ ਉਹ ਮੇਰਾ ਪਿਆਰਾ ਤੇ ਵਫ਼ਾਦਾਰ ਬੱਚਾ ਹੈ; ਅਤੇ ਉਹ ਤੁਹਾਨੂੰ ਮੇਰੇ ਕੰਮ ਕਰਨ ਦੇ ਸਾਰੇ ਤਰੀਕੇ ਯਾਦ ਕਰਾਵੇਗਾ ਜਿਹੜੇ ਮੈਂ ਮਸੀਹ ਯਿਸੂ ਦੀ ਸੇਵਾ ਕਰਦੇ ਹੋਏ ਵਰਤਦਾ ਹਾਂ, ਜਿਵੇਂ ਮੈਂ ਹਰ ਜਗ੍ਹਾ ਸਾਰੀਆਂ ਮੰਡਲੀਆਂ ਨੂੰ ਇਹ ਤਰੀਕੇ ਸਿਖਾਉਂਦਾ ਹਾਂ।
18 ਤੁਹਾਡੇ ਵਿੱਚੋਂ ਕਈ ਇਹ ਸੋਚ ਰਹੇ ਹਨ ਕਿ ਮੈਂ ਤੁਹਾਡੇ ਕੋਲ ਨਹੀਂ ਆ ਰਿਹਾ, ਇਸੇ ਲਈ ਉਹ ਘਮੰਡ ਨਾਲ ਫੁੱਲੇ ਹੋਏ ਹਨ। 19 ਪਰ ਜੇ ਯਹੋਵਾਹ ਨੇ ਚਾਹਿਆ, ਤਾਂ ਮੈਂ ਜਲਦੀ ਹੀ ਤੁਹਾਡੇ ਕੋਲ ਆਵਾਂਗਾ। ਅਤੇ ਮੈਂ ਆ ਕੇ ਇਹ ਨਹੀਂ ਦੇਖਾਂਗਾ ਕਿ ਘਮੰਡ ਨਾਲ ਫੁੱਲੇ ਹੋਏ ਲੋਕ ਕਾਹਦੇ ਬਾਰੇ ਗੱਲਾਂ ਕਰਦੇ ਹਨ, ਸਗੋਂ ਇਹ ਦੇਖਾਂਗਾ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ ਜਾਂ ਨਹੀਂ। 20 ਕਿਉਂਕਿ ਕਿਸੇ ਦੀਆਂ ਗੱਲਾਂ ਤੋਂ ਇਹ ਪਤਾ ਨਹੀਂ ਲੱਗਦਾ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਅਧੀਨ ਹੈ ਜਾਂ ਨਹੀਂ, ਸਗੋਂ ਪਰਮੇਸ਼ੁਰ ਦੀ ਸ਼ਕਤੀ ਮੁਤਾਬਕ ਕੀਤੇ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਹੈ। 21 ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਹਾਡੇ ਕੋਲ ਡੰਡਾ ਲੈ ਕੇ ਆਵਾਂ ਜਾਂ ਫਿਰ ਪਿਆਰ ਤੇ ਨਰਮਾਈ ਨਾਲ ਆਵਾਂ?