ਮੱਤੀ
21 ਜਦ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਪਹਾੜ ਉੱਤੇ ਬੈਤਫ਼ਗਾ ਲਾਗੇ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ 2 ਇਹ ਕਹਿ ਕੇ ਘੱਲਿਆ: “ਉਹ ਪਿੰਡ ਜਿਹੜਾ ਤੁਸੀਂ ਦੇਖਦੇ ਹੋ ਉੱਥੇ ਜਾਓ ਅਤੇ ਪਿੰਡ ਵਿਚ ਵੜਦਿਆਂ ਸਾਰ ਤੁਸੀਂ ਇਕ ਗਧੀ ਅਤੇ ਉਸ ਦੇ ਬੱਚੇ ਨੂੰ ਬੱਝਾ ਹੋਇਆ ਦੇਖੋਗੇ, ਉਨ੍ਹਾਂ ਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਓ। 3 ਅਤੇ ਜੇ ਕੋਈ ਤੁਹਾਨੂੰ ਇਸ ਬਾਰੇ ਕੁਝ ਪੁੱਛੇ, ਤਾਂ ਤੁਸੀਂ ਕਹਿਣਾ, ‘ਪ੍ਰਭੂ ਨੂੰ ਇਨ੍ਹਾਂ ਦੀ ਲੋੜ ਹੈ।’ ਉਹ ਉਸੇ ਵੇਲੇ ਤੁਹਾਨੂੰ ਉਨ੍ਹਾਂ ਨੂੰ ਲੈ ਜਾਣ ਦੇਵੇਗਾ।”
4 ਇਸ ਤਰ੍ਹਾਂ ਨਬੀ ਦੀ ਇਹ ਗੱਲ ਪੂਰੀ ਹੋਈ: 5 “ਸੀਓਨ* ਦੀ ਧੀ ਨੂੰ ਦੱਸ: ‘ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ, ਉਸ ਦਾ ਸੁਭਾਅ ਬੜਾ ਨਰਮ ਹੈ, ਅਤੇ ਉਹ ਗਧੇ ਉੱਤੇ ਯਾਨੀ ਭਾਰ ਢੋਣ ਵਾਲੀ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।’”
6 ਇਸ ਲਈ ਚੇਲਿਆਂ ਨੇ ਜਾ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ। 7 ਉਹ ਗਧੀ ਅਤੇ ਉਸ ਦੇ ਬੱਚੇ ਨੂੰ ਆਪਣੇ ਨਾਲ ਲੈ ਆਏ ਅਤੇ ਉਨ੍ਹਾਂ ਦੋਵਾਂ ʼਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਗਧੀ ਦੇ ਬੱਚੇ ਉੱਤੇ ਬੈਠ ਗਿਆ। 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਰਾਹ ਵਿਚ ਵਿਛਾਈਆਂ। 9 ਉਸ ਦੇ ਅੱਗੇ-ਪਿੱਛੇ ਜਾ ਰਹੀ ਭੀੜ ਉੱਚੀ-ਉੱਚੀ ਕਹਿ ਰਹੀ ਸੀ: “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ ਦੇ ਨਾਂ ਉੱਤੇ ਆ ਰਿਹਾ ਹੈ! ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!”
10 ਹੁਣ ਜਦੋਂ ਉਹ ਯਰੂਸ਼ਲਮ ਵਿਚ ਵੜਿਆ, ਤਾਂ ਸਾਰੇ ਸ਼ਹਿਰ ਵਿਚ ਹਲਚਲ ਮਚੀ ਹੋਈ ਸੀ। ਲੋਕ ਪੁੱਛ ਰਹੇ ਸਨ: “ਇਹ ਕੌਣ ਹੈ?” 11 ਭੀੜ ਉਨ੍ਹਾਂ ਨੂੰ ਕਹਿ ਰਹੀ ਸੀ: “ਇਹ ਵਾਅਦਾ ਕੀਤਾ ਹੋਇਆ ਨਬੀ ਯਿਸੂ ਹੈ ਜੋ ਗਲੀਲ ਦੇ ਨਾਸਰਤ ਤੋਂ ਆਇਆ ਹੈ!”
12 ਅਤੇ ਯਿਸੂ ਮੰਦਰ ਵਿਚ ਗਿਆ ਅਤੇ ਉਸ ਨੇ ਮੰਦਰ ਵਿਚ ਚੀਜ਼ਾਂ ਵੇਚਣ ਤੇ ਖ਼ਰੀਦਣ ਵਾਲੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੇ ਬੈਂਚ ਉਲਟਾ ਦਿੱਤੇ। 13 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਲਿਖਿਆ ਹੈ: ‘ਮੇਰਾ ਘਰ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ,’ ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।” 14 ਫਿਰ ਮੰਦਰ ਵਿਚ ਉਸ ਕੋਲ ਕਈ ਅੰਨ੍ਹੇ ਤੇ ਲੰਗੜੇ ਆਏ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।
15 ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਇਹ ਚਮਤਕਾਰ ਦੇਖੇ ਅਤੇ ਮੁੰਡਿਆਂ ਨੂੰ ਮੰਦਰ ਵਿਚ ਇਹ ਕਹਿੰਦੇ ਸੁਣਿਆ: “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!” ਇਹ ਸਭ ਦੇਖ ਕੇ ਉਹ ਕ੍ਰੋਧ ਵਿਚ ਆ ਗਏ 16 ਅਤੇ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਤੈਨੂੰ ਸੁਣਦਾ ਨਹੀਂ ਇਹ ਕੀ ਕਹਿ ਰਹੇ ਹਨ?” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹਾਂ, ਸੁਣਦਾ ਹੈ। ਕੀ ਤੁਸੀਂ ਇਹ ਨਹੀਂ ਪੜ੍ਹਿਆ: ‘ਤੂੰ ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ ਆਪਣੀ ਵਡਿਆਈ ਕਰਾਈ’?” 17 ਫਿਰ ਉਹ ਯਰੂਸ਼ਲਮ ਤੋਂ ਬੈਥਨੀਆ ਚਲਾ ਗਿਆ ਅਤੇ ਉੱਥੇ ਰਾਤ ਕੱਟੀ।
18 ਸਵੇਰੇ-ਸਵੇਰੇ ਯਰੂਸ਼ਲਮ ਨੂੰ ਜਾਂਦੇ ਵੇਲੇ ਉਸ ਨੂੰ ਭੁੱਖ ਲੱਗੀ। 19 ਅਤੇ ਉਸ ਨੇ ਰਾਹ ਵਿਚ ਅੰਜੀਰ ਦਾ ਦਰਖ਼ਤ ਦੇਖਿਆ। ਉਸ ਨੇ ਕੋਲ ਜਾ ਕੇ ਦੇਖਿਆ ਕਿ ਉਸ ਉੱਤੇ ਪੱਤਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ, ਇਸ ਲਈ ਉਸ ਨੇ ਦਰਖ਼ਤ ਨੂੰ ਕਿਹਾ: “ਅੱਜ ਤੋਂ ਬਾਅਦ ਤੈਨੂੰ ਕਦੀ ਫਲ ਨਹੀਂ ਲੱਗੇਗਾ।” ਅਤੇ ਦਰਖ਼ਤ ਉਸੇ ਵੇਲੇ ਸੁੱਕ ਗਿਆ। 20 ਪਰ ਜਦੋਂ ਚੇਲਿਆਂ ਨੇ ਇਹ ਦੇਖਿਆ, ਤਾਂ ਉਹ ਹੈਰਾਨ ਹੋ ਕੇ ਪੁੱਛਣ ਲੱਗੇ: “ਅੰਜੀਰ ਦਾ ਦਰਖ਼ਤ ਇੰਨੀ ਛੇਤੀ ਕਿੱਦਾਂ ਸੁੱਕ ਗਿਆ?” 21 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਹਾਡੇ ਵਿਚ ਨਿਹਚਾ ਹੈ ਅਤੇ ਤੁਸੀਂ ਸ਼ੱਕ ਨਾ ਕਰੋ, ਤਾਂ ਤੁਸੀਂ ਵੀ ਅੰਜੀਰ ਦੇ ਦਰਖ਼ਤ ਨਾਲ ਉਹੀ ਕਰ ਸਕੋਗੇ ਜੋ ਮੈਂ ਕੀਤਾ ਹੈ, ਨਾਲੇ ਜੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਉੱਠ ਕੇ ਸਮੁੰਦਰ ਵਿਚ ਚਲਾ ਜਾਹ,’ ਤਾਂ ਇਹ ਚਲਾ ਜਾਵੇਗਾ। 22 ਨਿਹਚਾ ਕਰ ਕੇ ਤੁਸੀਂ ਪ੍ਰਾਰਥਨਾ ਵਿਚ ਜੋ ਵੀ ਮੰਗੋਗੇ, ਉਹ ਸਭ ਕੁਝ ਤੁਹਾਨੂੰ ਮਿਲੇਗਾ।”
23 ਹੁਣ ਜਦ ਉਹ ਮੰਦਰ ਵਿਚ ਆ ਕੇ ਲੋਕਾਂ ਨੂੰ ਸਿੱਖਿਆ ਦੇ ਰਿਹਾ ਸੀ, ਤਾਂ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਉਸ ਕੋਲ ਆ ਕੇ ਪੁੱਛਿਆ: “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਅਤੇ ਤੈਨੂੰ ਕਿਸ ਨੇ ਇਹ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ?” 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਵੀ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ। ਜੇ ਤੁਸੀਂ ਜਵਾਬ ਦਿਓਗੇ, ਤਾਂ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 25 ਮੈਨੂੰ ਦੱਸੋ: ਕੀ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਸਵਰਗੋਂ ਮਿਲਿਆ ਸੀ ਜਾਂ ਇਨਸਾਨਾਂ ਤੋਂ?” ਉਹ ਸੋਚਣ ਲੱਗ ਪਏ ਤੇ ਇਕ-ਦੂਜੇ ਨੂੰ ਕਹਿਣ ਲੱਗੇ: “ਜੇ ਅਸੀਂ ਕਹੀਏ, ‘ਸਵਰਗੋਂ,’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ʼਤੇ ਯਕੀਨ ਕਿਉਂ ਨਹੀਂ ਕੀਤਾ?’ 26 ਪਰ ਜੇ ਅਸੀਂ ਕਹੀਏ, ‘ਇਨਸਾਨਾਂ ਤੋਂ,’ ਤਾਂ ਲੋਕਾਂ ਨੇ ਸਾਨੂੰ ਨਹੀਂ ਛੱਡਣਾ ਕਿਉਂਕਿ ਉਹ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ।” 27 ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਸਾਨੂੰ ਨਹੀਂ ਪਤਾ।” ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”
28 “ਚਲੋ ਦੱਸੋ ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ: ਇਕ ਆਦਮੀ ਦੇ ਦੋ ਪੁੱਤਰ ਸਨ। ਉਸ ਨੇ ਜਾ ਕੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤ, ਅੱਜ ਤੂੰ ਅੰਗੂਰਾਂ ਦੇ ਬਾਗ਼ ਵਿਚ ਜਾ ਕੇ ਕੰਮ ਕਰ।’ 29 ਪੁੱਤਰ ਨੇ ਕਿਹਾ: ਜੀ ਪਿਤਾ ਜੀ, ਪਰ ਉਹ ਨਹੀਂ ਗਿਆ। 30 ਫਿਰ ਉਸ ਨੇ ਛੋਟੇ ਪੁੱਤਰ ਨੂੰ ਬਾਗ਼ ਵਿਚ ਜਾ ਕੇ ਕੰਮ ਕਰਨ ਲਈ ਕਿਹਾ। ਉਸ ਪੁੱਤਰ ਨੇ ਕਿਹਾ, ‘ਮੈਂ ਨਹੀਂ ਜਾਣਾ।’ ਪਰ ਬਾਅਦ ਵਿਚ ਉਹ ਪਛਤਾਇਆ ਤੇ ਕੰਮ ਕਰਨ ਚਲਾ ਗਿਆ। 31 ਇਨ੍ਹਾਂ ਦੋਵਾਂ ਵਿੱਚੋਂ ਕਿਸ ਨੇ ਆਪਣੇ ਪਿਤਾ ਦਾ ਕਹਿਣਾ ਮੰਨਿਆ?” ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਕਿਹਾ: “ਛੋਟੇ ਪੁੱਤਰ ਨੇ।” ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਟੈਕਸ ਵਸੂਲਣ ਵਾਲੇ ਅਤੇ ਵੇਸਵਾਵਾਂ ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਤੁਹਾਡੇ ਤੋਂ ਅੱਗੇ ਨਿਕਲ ਰਹੇ ਹਨ। 32 ਕਿਉਂਕਿ ਯੂਹੰਨਾ ਨੇ ਆ ਕੇ ਤੁਹਾਨੂੰ ਧਾਰਮਿਕਤਾ ਦੀ ਸਿੱਖਿਆ ਦਿੱਤੀ, ਪਰ ਤੁਸੀਂ ਉਸ ਦੀ ਗੱਲ ਉੱਤੇ ਵਿਸ਼ਵਾਸ ਨਹੀਂ ਕੀਤਾ। ਪਰ ਟੈਕਸ ਵਸੂਲਣ ਵਾਲਿਆਂ ਅਤੇ ਵੇਸਵਾਵਾਂ ਨੇ ਉਸ ਦੀ ਗੱਲ ਉੱਤੇ ਵਿਸ਼ਵਾਸ ਕੀਤਾ। ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਵੀ ਪਛਤਾਵਾ ਤੇ ਵਿਸ਼ਵਾਸ ਨਾ ਕੀਤਾ।
33 “ਹੁਣ ਇਹ ਮਿਸਾਲ ਸੁਣੋ: ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾ ਕੇ ਉਸ ਦੇ ਆਲੇ-ਦੁਆਲੇ ਵਾੜ ਲਾਈ ਅਤੇ ਰਸ ਕੱਢਣ ਲਈ ਚੁਬੱਚਾ ਬਣਾਇਆ ਅਤੇ ਇਕ ਬੁਰਜ ਖੜ੍ਹਾ ਕੀਤਾ। ਫਿਰ ਉਹ ਬਾਗ਼ ਠੇਕੇ ʼਤੇ ਦੇ ਕੇ ਆਪ ਕਿਸੇ ਹੋਰ ਦੇਸ਼ ਚਲਾ ਗਿਆ। 34 ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਅੰਗੂਰਾਂ ਵਿੱਚੋਂ ਆਪਣਾ ਹਿੱਸਾ ਲੈਣ ਲਈ ਆਪਣੇ ਨੌਕਰਾਂ ਨੂੰ ਠੇਕੇਦਾਰਾਂ ਕੋਲ ਘੱਲਿਆ। 35 ਪਰ ਠੇਕੇਦਾਰਾਂ ਨੇ ਉਸ ਦੇ ਨੌਕਰਾਂ ਨੂੰ ਫੜ ਕੇ ਇਕ ਨੂੰ ਕੁੱਟਿਆ, ਦੂਜੇ ਦੀ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ। 36 ਫਿਰ ਮਾਲਕ ਨੇ ਪਹਿਲਾਂ ਨਾਲੋਂ ਜ਼ਿਆਦਾ ਨੌਕਰ ਘੱਲੇ, ਪਰ ਉਨ੍ਹਾਂ ਦਾ ਵੀ ਉਹੀ ਹਸ਼ਰ ਹੋਇਆ। 37 ਅਖ਼ੀਰ ਵਿਚ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਭੇਜਿਆ, ‘ਉਹ ਮੇਰੇ ਪੁੱਤਰ ਦੀ ਜ਼ਰੂਰ ਇੱਜ਼ਤ ਕਰਨਗੇ।’ 38 ਪੁੱਤਰ ਨੂੰ ਦੇਖ ਕੇ ਠੇਕੇਦਾਰਾਂ ਨੇ ਆਪਸ ਵਿਚ ਸਲਾਹ ਕੀਤੀ, ‘ਸਾਰੀ ਜ਼ਮੀਨ-ਜਾਇਦਾਦ ਦਾ ਵਾਰਸ ਇਹੀ ਹੈ। ਆਓ ਆਪਾਂ ਇਸ ਨੂੰ ਮਾਰ ਕੇ ਇਸ ਦੀ ਜ਼ਮੀਨ-ਜਾਇਦਾਦ ਉੱਤੇ ਕਬਜ਼ਾ ਕਰ ਲਈਏ!’ 39 ਇਸ ਲਈ, ਉਨ੍ਹਾਂ ਨੇ ਉਸ ਨੂੰ ਬਾਗ਼ੋਂ ਬਾਹਰ ਲਿਜਾ ਕੇ ਜਾਨੋਂ ਮਾਰ ਦਿੱਤਾ। 40 ਤਾਂ ਫਿਰ, ਬਾਗ਼ ਦਾ ਮਾਲਕ ਆ ਕੇ ਠੇਕੇਦਾਰਾਂ ਨਾਲ ਕੀ ਕਰੇਗਾ?” 41 ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਉਸ ਨੂੰ ਕਿਹਾ: “ਉਹ ਉਨ੍ਹਾਂ ਦੁਸ਼ਟਾਂ ਦਾ ਸਰਬਨਾਸ਼ ਕਰ ਦੇਵੇਗਾ। ਅਤੇ ਬਾਗ਼ ਹੋਰ ਠੇਕੇਦਾਰਾਂ ਨੂੰ ਦੇ ਦੇਵੇਗਾ ਜਿਹੜੇ ਅੰਗੂਰਾਂ ਦਾ ਮੌਸਮ ਆਉਣ ਤੇ ਉਸ ਨੂੰ ਉਸ ਦਾ ਹਿੱਸਾ ਦੇਣਗੇ।”
42 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਨਹੀਂ ਪੜ੍ਹਿਆ: ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ, ਉਹੀ ਕੋਨੇ ਦਾ ਮੁੱਖ ਪੱਥਰ ਬਣ ਗਿਆ ਹੈ? ਇਹ ਪੱਥਰ ਯਹੋਵਾਹ ਵੱਲੋਂ ਆਇਆ ਹੈ ਅਤੇ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ।’ 43 ਇਸੇ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਪਰਮੇਸ਼ੁਰ ਦਾ ਰਾਜ ਤੁਹਾਡੇ ਤੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਦਿੱਤਾ ਜਾਵੇਗਾ ਜਿਹੜੀ ਇਸ ਰਾਜ ਵਿਚ ਜਾਣ ਦੇ ਯੋਗ ਫਲ ਪੈਦਾ ਕਰਦੀ ਹੈ। 44 ਨਾਲੇ ਜਿਹੜਾ ਵੀ ਇਸ ਪੱਥਰ ਉੱਤੇ ਡਿਗੇਗਾ, ਉਹ ਚੂਰ-ਚੂਰ ਹੋ ਜਾਵੇਗਾ। ਅਤੇ ਜਿਸ ਉੱਤੇ ਇਹ ਪੱਥਰ ਡਿਗੇਗਾ, ਉਹ ਕੁਚਲ਼ਿਆ ਜਾਵੇਗਾ।”
45 ਹੁਣ ਜਦ ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਇਹ ਮਿਸਾਲਾਂ ਸੁਣੀਆਂ, ਤਾਂ ਉਹ ਸਮਝ ਗਏ ਕਿ ਉਹ ਉਨ੍ਹਾਂ ਬਾਰੇ ਹੀ ਗੱਲ ਕਰ ਰਿਹਾ ਸੀ। 46 ਉਹ ਉਸ ਨੂੰ ਫੜਨਾ ਚਾਹੁੰਦੇ ਸਨ, ਪਰ ਲੋਕਾਂ ਤੋਂ ਡਰਦੇ ਸਨ ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ।