ਮੱਤੀ
9 ਇਸ ਲਈ ਉਹ ਕਿਸ਼ਤੀ ਵਿਚ ਬੈਠ ਕੇ ਝੀਲ ਦੇ ਦੂਜੇ ਪਾਸੇ ਆਪਣੇ ਸ਼ਹਿਰ* ਨੂੰ ਚਲਾ ਗਿਆ। 2 ਅਤੇ ਦੇਖੋ! ਕੁਝ ਲੋਕ ਇਕ ਅਧਰੰਗੀ ਨੂੰ ਮੰਜੀ ਉੱਤੇ ਲੈ ਕੇ ਆਏ। ਉਨ੍ਹਾਂ ਦੀ ਨਿਹਚਾ ਦੇਖ ਕੇ ਯਿਸੂ ਨੇ ਅਧਰੰਗੀ ਨੂੰ ਕਿਹਾ: “ਹੌਸਲਾ ਰੱਖ ਮੇਰੇ ਬੱਚੇ, ਤੇਰੇ ਪਾਪ ਮਾਫ਼ ਹੋ ਗਏ ਹਨ।” 3 ਅਤੇ ਦੇਖੋ! ਕੁਝ ਗ੍ਰੰਥੀ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਬੰਦਾ ਪਰਮੇਸ਼ੁਰ ਦੀ ਨਿੰਦਿਆ ਕਰ ਰਿਹਾ ਹੈ।” 4 ਯਿਸੂ ਨੇ ਉਨ੍ਹਾਂ ਦੇ ਵਿਚਾਰ ਜਾਣਦੇ ਹੋਏ ਕਿਹਾ: “ਤੁਸੀਂ ਆਪਣੇ ਦਿਲਾਂ ਵਿਚ ਇਹ ਬੁਰੇ ਵਿਚਾਰ ਕਿਉਂ ਲਿਆ ਰਹੇ ਹੋ? 5 ਕੀ ਕਹਿਣਾ ਸੌਖਾ ਹੈ: ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਕਿ ‘ਉੱਠ ਅਤੇ ਜਾਹ’? 6 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ . . .” ਫਿਰ ਉਸ ਨੇ ਅਧਰੰਗੀ ਨੂੰ ਕਿਹਾ: “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।” 7 ਅਧਰੰਗੀ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ। 8 ਇਹ ਦੇਖ ਕੇ ਭੀੜ ਡਰ ਗਈ ਅਤੇ ਲੋਕਾਂ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ ਜਿਸ ਨੇ ਇਨਸਾਨ ਨੂੰ ਇਹ ਅਧਿਕਾਰ ਦਿੱਤਾ ਸੀ।
9 ਫਿਰ ਜਦੋਂ ਯਿਸੂ ਉੱਥੋਂ ਜਾ ਰਿਹਾ ਸੀ, ਤਾਂ ਉਸ ਨੇ ਮੱਤੀ ਨਾਂ ਦੇ ਇਕ ਆਦਮੀ ਨੂੰ ਟੈਕਸ ਵਸੂਲਣ ਵਾਲੀ ਜਗ੍ਹਾ ਬੈਠਾ ਦੇਖਿਆ। ਉਸ ਨੇ ਮੱਤੀ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” ਇਹ ਸੁਣ ਕੇ ਉਹ ਉੱਠਿਆ ਅਤੇ ਉਸ ਦੇ ਪਿੱਛੇ-ਪਿੱਛੇ* ਤੁਰ ਪਿਆ। 10 ਬਾਅਦ ਵਿਚ ਉਹ ਮੱਤੀ ਦੇ ਘਰ ਆਪਣੇ ਚੇਲਿਆਂ ਨਾਲ ਮੇਜ਼ ਦੁਆਲੇ ਬੈਠਾ ਸੀ ਅਤੇ ਦੇਖੋ! ਕਈ ਟੈਕਸ ਵਸੂਲਣ ਵਾਲੇ ਅਤੇ ਪਾਪੀ ਆਏ ਤੇ ਉਨ੍ਹਾਂ ਨਾਲ ਬੈਠ ਕੇ ਖਾਣਾ ਖਾਣ ਲੱਗੇ। 11 ਇਹ ਦੇਖ ਕੇ ਫ਼ਰੀਸੀ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ: “ਤੁਹਾਡਾ ਗੁਰੂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ-ਪੀਂਦਾ ਹੈ?” 12 ਉਨ੍ਹਾਂ ਦੀ ਗੱਲ ਸੁਣ ਕੇ ਉਸ ਨੇ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ। 13 ਜਾਓ ਤੇ ਪਹਿਲਾਂ ਇਸ ਦਾ ਮਤਲਬ ਜਾਣੋ: ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ।’ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।”
14 ਫਿਰ ਯੂਹੰਨਾ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਅਸੀਂ ਅਤੇ ਫ਼ਰੀਸੀ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?” 15 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਲਾੜੇ ਦੇ ਨਾਲ ਹੁੰਦਿਆਂ ਬਰਾਤੀਆਂ* ਨੂੰ ਸੋਗ ਮਨਾਉਣ ਦੀ ਲੋੜ ਹੈ? ਪਰ ਉਹ ਦਿਨ ਵੀ ਆਉਣਗੇ ਜਦੋਂ ਲਾੜੇ ਨੂੰ ਉਨ੍ਹਾਂ ਤੋਂ ਦੂਰ ਕੀਤਾ ਜਾਵੇਗਾ ਅਤੇ ਉਹ ਵਰਤ ਰੱਖਣਗੇ। 16 ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ* ਦੀ ਟਾਕੀ ਨਹੀਂ ਲਾਉਂਦਾ, ਕਿਉਂਕਿ ਨਵੇਂ ਕੱਪੜੇ ਦੇ ਜ਼ੋਰ ਨਾਲ ਪੁਰਾਣਾ ਕੱਪੜਾ ਹੋਰ ਵੀ ਫੱਟ ਜਾਂਦਾ ਹੈ। 17 ਨਾ ਹੀ ਕੋਈ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ* ਵਿਚ ਪਾਉਂਦਾ ਹੈ। ਪਰ ਜੇ ਪਾਉਂਦਾ ਹੈ, ਤਾਂ ਮਸ਼ਕਾਂ ਪਾਟ ਜਾਂਦੀਆਂ ਹਨ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਅਤੇ ਮਸ਼ਕਾਂ ਖ਼ਰਾਬ ਹੋ ਜਾਂਦੀਆਂ ਹਨ। ਪਰ ਲੋਕ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਉਂਦੇ ਹਨ। ਇਸ ਤਰ੍ਹਾਂ ਦੋਵੇਂ ਚੀਜ਼ਾਂ ਬਚੀਆਂ ਰਹਿੰਦੀਆਂ ਹਨ।”
18 ਜਦੋਂ ਯਿਸੂ ਉਨ੍ਹਾਂ ਨਾਲ ਇਹ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਸਭਾ ਘਰ ਦਾ ਇਕ ਨਿਗਾਹਬਾਨ ਆਇਆ ਅਤੇ ਉਸ ਨੇ ਝੁਕ ਕੇ ਯਿਸੂ ਨੂੰ ਨਮਸਕਾਰ ਕੀਤਾ ਅਤੇ ਕਿਹਾ: “ਹੁਣ ਤਕ ਤਾਂ ਮੇਰੀ ਧੀ ਮਰ ਵੀ ਗਈ ਹੋਣੀ, ਪਰ ਆ ਕੇ ਉਸ ਉੱਤੇ ਆਪਣਾ ਹੱਥ ਰੱਖ, ਤਾਂ ਉਹ ਦੁਬਾਰਾ ਜੀਉਂਦੀ ਹੋ ਜਾਵੇਗੀ।”
19 ਫਿਰ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਨਿਗਾਹਬਾਨ ਦੇ ਨਾਲ ਚਲਾ ਗਿਆ। 20 ਅਤੇ ਦੇਖੋ! ਇਕ ਤੀਵੀਂ ਆਈ ਜਿਸ ਦੇ ਬਾਰਾਂ ਸਾਲਾਂ ਤੋਂ ਲਹੂ ਵਹਿ ਰਿਹਾ ਸੀ। ਉਸ ਨੇ ਪਿੱਛਿਓਂ ਦੀ ਆ ਕੇ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ; 21 ਕਿਉਂਕਿ ਉਹ ਮਨ ਹੀ ਮਨ ਕਹਿੰਦੀ ਰਹੀ: “ਜੇ ਮੈਂ ਉਸ ਦੇ ਕੱਪੜੇ ਨੂੰ ਹੀ ਛੂਹ ਲਵਾਂ, ਤਾਂ ਮੈਂ ਠੀਕ ਹੋ ਜਾਵਾਂਗੀ।” 22 ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ: “ਹੌਸਲਾ ਰੱਖ ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ।” ਅਤੇ ਉਹ ਤੀਵੀਂ ਉਸੇ ਵੇਲੇ ਠੀਕ ਹੋ ਗਈ।
23 ਨਿਗਾਹਬਾਨ ਦੇ ਘਰ ਪਹੁੰਚ ਕੇ ਉਸ ਨੇ ਲੋਕਾਂ ਨੂੰ ਬੰਸਰੀਆਂ ਉੱਤੇ ਮਾਤਮੀ ਧੁਨਾਂ ਵਜਾਉਂਦੇ ਅਤੇ ਚੀਕ-ਚਿਹਾੜਾ ਪਾਉਂਦੇ ਦੇਖਿਆ। 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇੱਥੋਂ ਚਲੇ ਜਾਓ, ਕੁੜੀ ਮਰੀ ਨਹੀਂ ਹੈ, ਸਗੋਂ ਸੁੱਤੀ ਪਈ ਹੈ।” ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ। 25 ਭੀੜ ਦੇ ਬਾਹਰ ਚਲੇ ਜਾਣ ਤੋਂ ਬਾਅਦ ਉਸ ਨੇ ਅੰਦਰ ਜਾ ਕੇ ਕੁੜੀ ਦਾ ਹੱਥ ਫੜਿਆ, ਅਤੇ ਕੁੜੀ ਉੱਠ ਖੜ੍ਹੀ ਹੋਈ। 26 ਇਹ ਗੱਲ ਪੂਰੇ ਇਲਾਕੇ ਵਿਚ ਫੈਲ ਗਈ।
27 ਜਦ ਯਿਸੂ ਉੱਥੋਂ ਤੁਰ ਪਿਆ, ਤਾਂ ਦੋ ਅੰਨ੍ਹੇ ਉਸ ਦੇ ਮਗਰ-ਮਗਰ ਤੁਰ ਪਏ ਅਤੇ ਉਹ ਉੱਚੀ-ਉੱਚੀ ਕਹਿਣ ਲੱਗੇ: “ਹੇ ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ।” 28 ਯਿਸੂ ਜਦ ਘਰ ਦੇ ਅੰਦਰ ਵੜਿਆ, ਤਾਂ ਉਹ ਦੋਵੇਂ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਹਾਨੂੰ ਨਿਹਚਾ ਹੈ ਕਿ ਮੈਂ ਤੁਹਾਡੀਆਂ ਅੱਖਾਂ ਖੋਲ੍ਹ ਸਕਦਾ ਹਾਂ?” ਉਨ੍ਹਾਂ ਨੇ ਕਿਹਾ: “ਹਾਂ, ਪ੍ਰਭੂ।” 29 ਫਿਰ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਕਿਹਾ: “ਤੁਸੀਂ ਨਿਹਚਾ ਨਾਲ ਜੋ ਮੰਗਿਆ ਹੈ, ਉਹੀ ਤੁਹਾਡੇ ਲਈ ਹੋ ਜਾਵੇ।” 30 ਉਦੋਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ। ਪਰ ਯਿਸੂ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ: “ਸੁਣੋ, ਕਿਸੇ ਨੂੰ ਇਸ ਗੱਲ ਬਾਰੇ ਪਤਾ ਨਾ ਲੱਗੇ।” 31 ਪਰ ਉਨ੍ਹਾਂ ਦੋਵਾਂ ਨੇ ਬਾਹਰ ਜਾ ਕੇ ਸਾਰੇ ਇਲਾਕੇ ਵਿਚ ਯਿਸੂ ਬਾਰੇ ਰੌਲਾ ਪਾ ਦਿੱਤਾ।
32 ਹੁਣ ਜਦ ਉਹ ਦੋਵੇਂ ਚਲੇ ਗਏ, ਤਾਂ ਦੇਖੋ! ਲੋਕ ਯਿਸੂ ਕੋਲ ਇਕ ਗੁੰਗੇ ਆਦਮੀ ਨੂੰ ਲਿਆਏ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ; 33 ਅਤੇ ਜਦ ਯਿਸੂ ਨੇ ਗੁੰਗੇ ਵਿੱਚੋਂ ਦੁਸ਼ਟ ਦੂਤ ਨੂੰ ਕੱਢ ਦਿੱਤਾ, ਤਾਂ ਉਹ ਬੋਲਣ ਲੱਗ ਪਿਆ। ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਉਨ੍ਹਾਂ ਨੇ ਕਿਹਾ: “ਅਸੀਂ ਇਜ਼ਰਾਈਲ ਵਿਚ ਪਹਿਲਾਂ ਕਦੀ ਇਹੋ ਜਿਹੀ ਗੱਲ ਨਹੀਂ ਦੇਖੀ।” 34 ਪਰ ਫ਼ਰੀਸੀਆਂ ਨੇ ਕਿਹਾ: “ਉਹ ਇਹ ਕੰਮ ਦੁਸ਼ਟ ਦੂਤਾਂ ਦੇ ਸਰਦਾਰ ਦੀ ਮਦਦ ਨਾਲ ਹੀ ਕਰਦਾ ਹੈ।”
35 ਫਿਰ ਉਹ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਗਿਆ ਅਤੇ ਉਸ ਨੇ ਉਨ੍ਹਾਂ ਦੇ ਸਭਾ ਘਰਾਂ ਵਿਚ ਸਿੱਖਿਆ ਦਿੱਤੀ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕੀਤਾ। 36 ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ। 37 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਸੱਚ ਹੈ ਕਿ ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। 38 ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।”