ਯੂਹੰਨਾ
2 ਹੁਣ ਤੀਜੇ ਦਿਨ ਗਲੀਲ ਦੇ ਕਾਨਾ ਸ਼ਹਿਰ ਵਿਚ ਇਕ ਵਿਆਹ ਸੀ ਅਤੇ ਯਿਸੂ ਦੀ ਮਾਤਾ ਉੱਥੇ ਸੀ। 2 ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਦਾਅਵਤ ਵਿਚ ਸੱਦਿਆ ਗਿਆ ਸੀ।
3 ਜਦ ਦਾਅਵਤ ਵਿਚ ਦਾਖਰਸ ਖ਼ਤਮ ਹੋ ਗਿਆ, ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਕਿਹਾ: “ਉਨ੍ਹਾਂ ਕੋਲ ਦਾਖਰਸ ਨਹੀਂ ਹੈ।” 4 ਪਰ ਯਿਸੂ ਨੇ ਉਸ ਨੂੰ ਕਿਹਾ: “ਆਪਾਂ ਕੀ ਲੈਣਾ?* ਮੇਰਾ ਸਮਾਂ ਅਜੇ ਨਹੀਂ ਆਇਆ ਹੈ।” 5 ਉਸ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ: “ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸੇ ਤਰ੍ਹਾਂ ਕਰਨਾ।” 6 ਯਹੂਦੀਆਂ ਦੇ ਸ਼ੁੱਧ ਕਰਨ ਦੇ ਨਿਯਮਾਂ ਮੁਤਾਬਕ ਉੱਥੇ ਪਾਣੀ ਵਾਸਤੇ ਪੱਥਰ ਦੇ ਛੇ ਘੜੇ ਪਏ ਸਨ ਅਤੇ ਹਰ ਘੜੇ ਵਿਚ ਤਕਰੀਬਨ ਚੁਤਾਲ਼ੀ ਤੋਂ ਛਿਆਹਠ ਲੀਟਰ ਪਾਣੀ ਭਰਿਆ ਜਾ ਸਕਦਾ ਸੀ। 7 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਘੜਿਆਂ ਨੂੰ ਪਾਣੀ ਨਾਲ ਭਰ ਦਿਓ।” ਅਤੇ ਉਨ੍ਹਾਂ ਨੇ ਘੜੇ ਨੱਕੋ-ਨੱਕ ਭਰ ਦਿੱਤੇ। 8 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਦਾਅਵਤ ਦੇ ਪ੍ਰਧਾਨ ਕੋਲ ਲੈ ਜਾਓ,” ਅਤੇ ਉਹ ਲੈ ਗਏ। 9 ਪ੍ਰਧਾਨ ਨੇ ਪਾਣੀ ਦਾ ਸੁਆਦ ਚੱਖਿਆ ਜੋ ਦਾਖਰਸ ਬਣ ਚੁੱਕਾ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਦਾਖਰਸ ਕਿੱਥੋਂ ਆਇਆ ਸੀ, ਪਰ ਨੌਕਰਾਂ ਨੂੰ ਪਤਾ ਸੀ ਜਿਨ੍ਹਾਂ ਨੇ ਘੜਿਆਂ ਵਿੱਚੋਂ ਪਾਣੀ ਕੱਢਿਆ ਸੀ। ਫਿਰ ਪ੍ਰਧਾਨ ਨੇ ਲਾੜੇ ਨੂੰ ਬੁਲਾ ਕੇ ਕਿਹਾ: 10 “ਹਰ ਕੋਈ ਪਹਿਲਾਂ ਮਹਿਮਾਨਾਂ ਅੱਗੇ ਵਧੀਆ ਦਾਖਰਸ ਰੱਖਦਾ ਹੈ ਅਤੇ ਜਦੋਂ ਉਹ ਪੀ ਕੇ ਨਸ਼ੇ ਵਿਚ ਮਸਤ ਹੋ ਜਾਂਦੇ ਹਨ, ਫਿਰ ਘਟੀਆ ਦਾਖਰਸ ਕੱਢਦਾ ਹੈ। ਪਰ ਤੂੰ ਤਾਂ ਵਧੀਆ ਦਾਖਰਸ ਹੁਣ ਤਕ ਰੱਖ ਛੱਡਿਆ।” 11 ਇਸ ਤਰ੍ਹਾਂ ਗਲੀਲ ਦੇ ਕਾਨਾ ਵਿਚ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਰ ਕੇ ਆਪਣੀ ਸ਼ਕਤੀ ਦਾ ਸਬੂਤ ਦਿੱਤਾ; ਅਤੇ ਉਸ ਦੇ ਚੇਲਿਆਂ ਨੇ ਉਸ ʼਤੇ ਨਿਹਚਾ ਕੀਤੀ।
12 ਇਸ ਤੋਂ ਬਾਅਦ ਯਿਸੂ, ਉਸ ਦੀ ਮਾਤਾ, ਉਸ ਦੇ ਭਰਾ ਅਤੇ ਚੇਲੇ ਕਫ਼ਰਨਾਹੂਮ ਨੂੰ ਗਏ, ਪਰ ਉੱਥੇ ਥੋੜ੍ਹੇ ਦਿਨ ਰੁਕੇ।
13 ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਆ ਗਿਆ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ। 14 ਉਸ ਨੇ ਮੰਦਰ ਵਿਚ ਪਸ਼ੂ, ਭੇਡਾਂ ਅਤੇ ਕਬੂਤਰ ਵੇਚਣ ਵਾਲਿਆਂ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਨੂੰ ਬੈਠੇ ਦੇਖਿਆ। 15 ਇਸ ਲਈ ਉਸ ਨੇ ਰੱਸੀਆਂ ਦਾ ਇਕ ਕੋਰੜਾ ਬਣਾਇਆ ਅਤੇ ਉਨ੍ਹਾਂ ਸਾਰਿਆਂ ਨੂੰ ਭੇਡਾਂ ਅਤੇ ਪਸ਼ੂਆਂ ਸਣੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਪੈਸੇ ਖਿਲਾਰ ਦਿੱਤੇ ਅਤੇ ਉਨ੍ਹਾਂ ਦੇ ਮੇਜ਼ ਉਲਟਾ ਦਿੱਤੇ। 16 ਅਤੇ ਉਸ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ: “ਇਨ੍ਹਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ!” 17 ਉਸ ਦੇ ਚੇਲਿਆਂ ਨੂੰ ਧਰਮ-ਗ੍ਰੰਥ ਵਿਚ ਲਿਖੀ ਇਹ ਗੱਲ ਯਾਦ ਆਈ: “ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ।”
18 ਇਹ ਸਭ ਦੇਖ ਕੇ ਯਹੂਦੀਆਂ ਨੇ ਉਸ ਨੂੰ ਪੁੱਛਿਆ: “ਕੀ ਤੂੰ ਕੋਈ ਚਮਤਕਾਰ ਕਰ ਕੇ ਸਾਬਤ ਕਰ ਸਕਦਾ ਹੈਂ ਕਿ ਤੇਰੇ ਕੋਲ ਇਹ ਕਰਨ ਦਾ ਅਧਿਕਾਰ ਹੈ?” 19 ਜਵਾਬ ਵਿਚ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਮੰਦਰ ਨੂੰ ਢਾਹ ਦਿਓ ਅਤੇ ਮੈਂ ਤਿੰਨਾਂ ਦਿਨਾਂ ਵਿਚ ਇਸ ਨੂੰ ਦੁਬਾਰਾ ਖੜ੍ਹਾ ਕਰ ਦੇਵਾਂਗਾ।” 20 ਇਸ ਲਈ ਯਹੂਦੀਆਂ ਨੇ ਕਿਹਾ: “ਇਸ ਮੰਦਰ ਨੂੰ ਬਣਾਉਣ ਵਿਚ ਛਿਆਲ਼ੀ ਸਾਲ ਲੱਗੇ। ਤੂੰ ਕਿੱਦਾਂ ਇਸ ਨੂੰ ਤਿੰਨਾਂ ਦਿਨਾਂ ਵਿਚ ਦੁਬਾਰਾ ਖੜ੍ਹਾ ਕਰ ਸਕਦਾ ਹੈਂ?” 21 ਅਸਲ ਵਿਚ ਉਹ ਇੱਥੇ ਮੰਦਰ ਦੀ ਨਹੀਂ, ਸਗੋਂ ਆਪਣੇ ਸਰੀਰ ਦੀ ਗੱਲ ਕਰ ਰਿਹਾ ਸੀ। 22 ਅਤੇ ਜਦ ਉਸ ਨੂੰ ਮਰਿਆਂ ਵਿੱਚੋਂ ਜੀਉਂਦਾ ਕੀਤਾ ਗਿਆ, ਤਾਂ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਉਸ ਨੇ ਇਹ ਗੱਲ ਕਈ ਵਾਰ ਕਹੀ ਸੀ; ਅਤੇ ਉਨ੍ਹਾਂ ਨੇ ਧਰਮ-ਗ੍ਰੰਥ ਅਤੇ ਯਿਸੂ ਦੀ ਇਸ ਗੱਲ ਉੱਤੇ ਨਿਹਚਾ ਕੀਤੀ।
23 ਫਿਰ ਜਦ ਉਹ ਪਸਾਹ ਦੇ ਤਿਉਹਾਰ ਦੌਰਾਨ ਯਰੂਸ਼ਲਮ ਵਿਚ ਸੀ, ਤਾਂ ਬਹੁਤ ਲੋਕਾਂ ਨੇ ਉਸ ਦੇ ਚਮਤਕਾਰ ਦੇਖ ਕੇ ਉਸ ਦੇ ਨਾਂ ʼਤੇ ਨਿਹਚਾ ਕੀਤੀ। 24 ਪਰ ਯਿਸੂ ਨੇ ਉਨ੍ਹਾਂ ʼਤੇ ਜ਼ਿਆਦਾ ਭਰੋਸਾ ਨਹੀਂ ਕੀਤਾ ਕਿਉਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਾਣਦਾ ਸੀ 25 ਅਤੇ ਉਸ ਨੂੰ ਕਿਸੇ ਇਨਸਾਨ ਬਾਰੇ ਦੂਸਰਿਆਂ ਤੋਂ ਪੁੱਛਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਆਪ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਸੀ।