ਪ੍ਰਕਾਸ਼ ਦੀ ਕਿਤਾਬ
3 “ਸਾਰਦੀਸ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਕੋਲ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ* ਅਤੇ ਸੱਤ ਤਾਰੇ ਹਨ, ਉਹ ਇਹ ਗੱਲਾਂ ਕਹਿੰਦਾ ਹੈ, ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਦੇਖਣ ਨੂੰ ਜੀਉਂਦਾ ਲੱਗਦਾ ਹੈਂ, ਪਰ ਅਸਲ ਵਿਚ ਤੂੰ ਮਰਿਆ ਹੋਇਆ ਹੈਂ। 2 ਸਾਵਧਾਨ ਹੋ ਜਾ ਅਤੇ ਜੋ ਕੁਝ ਮਰਨ ਕਿਨਾਰੇ ਹੈ, ਉਸ ਨੂੰ ਤਕੜਾ ਕਰ ਕਿਉਂਕਿ ਮੈਂ ਦੇਖਿਆ ਹੈ ਕਿ ਮੇਰੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੇਰੇ ਕੰਮ ਹਾਲੇ ਅਧੂਰੇ ਹਨ। 3 ਇਸ ਲਈ ਜੋ ਕੁਝ ਤੈਨੂੰ ਮਿਲਿਆ ਹੈ ਅਤੇ ਜੋ ਕੁਝ ਤੂੰ ਸੁਣਿਆ ਹੈ, ਉਸ ਨੂੰ ਤੂੰ ਚੇਤੇ ਰੱਖ ਅਤੇ ਉਸ ਮੁਤਾਬਕ ਚੱਲਦਾ ਰਹਿ ਅਤੇ ਤੋਬਾ ਕਰ। ਜੇ ਤੂੰ ਨੀਂਦ ਤੋਂ ਨਾ ਜਾਗਿਆ, ਤਾਂ ਮੈਂ ਚੋਰ ਵਾਂਗ ਆਵਾਂਗਾ ਅਤੇ ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ।
4 “‘ਫਿਰ ਵੀ, ਤੇਰੇ ਕੋਲ ਸਾਰਦੀਸ ਵਿਚ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਗੰਦੇ ਨਹੀਂ ਹੋਣ ਦਿੱਤੇ। ਉਹ ਚਿੱਟੇ ਕੱਪੜੇ ਪਾ ਕੇ ਮੇਰੇ ਨਾਲ-ਨਾਲ ਤੁਰਨਗੇ ਕਿਉਂਕਿ ਉਹ ਇਸ ਸਨਮਾਨ ਦੇ ਲਾਇਕ ਹਨ। 5 ਇਸ ਲਈ ਜਿਹੜਾ ਜਿੱਤੇਗਾ, ਉਸ ਨੂੰ ਚਿੱਟੇ ਕੱਪੜੇ ਪਹਿਨਾਏ ਜਾਣਗੇ ਅਤੇ ਮੈਂ ਉਸ ਦਾ ਨਾਂ ਜੀਵਨ ਦੀ ਕਿਤਾਬ ਵਿੱਚੋਂ ਕਦੀ ਨਹੀਂ ਮਿਟਾਵਾਂਗਾ, ਪਰ ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਾਮ੍ਹਣੇ ਉਸ ਨੂੰ ਕਬੂਲ ਕਰਾਂਗਾ। 6 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’
7 “ਫ਼ਿਲਦਲਫ਼ੀਆ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਹੜਾ ਪਵਿੱਤਰ ਅਤੇ ਸੱਚਾ ਹੈ, ਜਿਸ ਕੋਲ ਦਾਊਦ ਦੀ ਚਾਬੀ ਹੈ, ਜਿਸ ਦੁਆਰਾ ਖੋਲ੍ਹੇ ਦਰਵਾਜ਼ੇ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਬੰਦ ਕੀਤੇ ਦਰਵਾਜ਼ੇ ਨੂੰ ਕੋਈ ਖੋਲ੍ਹ ਨਹੀਂ ਸਕਦਾ, ਉਹ ਇਹ ਗੱਲਾਂ ਕਹਿੰਦਾ ਹੈ, 8 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਦੇਖ! ਮੈਂ ਤੇਰੇ ਲਈ ਦਰਵਾਜ਼ਾ ਖੋਲ੍ਹਿਆ ਹੋਇਆ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਮੈਂ ਇਹ ਵੀ ਜਾਣਦਾ ਹਾਂ ਕਿ ਤੇਰੇ ਵਿਚ ਥੋੜ੍ਹੀ ਜਿਹੀ ਤਾਕਤ ਤਾਂ ਹੈ ਅਤੇ ਤੂੰ ਮੇਰੇ ਬਚਨ ਦੀ ਪਾਲਣਾ ਕੀਤੀ ਹੈ ਅਤੇ ਤੂੰ ਮੇਰੇ* ਨਾਲ ਦਗ਼ਾ ਨਹੀਂ ਕੀਤਾ। 9 ਸ਼ੈਤਾਨ ਦੀ ਟੋਲੀ* ਦੇ ਲੋਕ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ, ਪਰ ਨਹੀਂ ਹਨ ਸਗੋਂ ਉਹ ਝੂਠ ਬੋਲਦੇ ਹਨ। ਦੇਖ! ਉਨ੍ਹਾਂ ਨੂੰ ਮੈਂ ਤੇਰੇ ਕੋਲ ਲੈ ਕੇ ਆਵਾਂਗਾ ਅਤੇ ਉਹ ਤੇਰੇ ਪੈਰੀਂ ਪੈਣਗੇ ਅਤੇ ਮੈਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਵਾਂਗਾ ਕਿ ਮੈਂ ਤੈਨੂੰ ਪਿਆਰ ਕੀਤਾ ਹੈ। 10 ਕਿਉਂਕਿ ਤੂੰ ਮੇਰੇ ਧੀਰਜ ਦੀ ਮਿਸਾਲ ਉੱਤੇ ਚੱਲਿਆ ਹੈਂ, ਇਸ ਲਈ ਮੈਂ ਅਜ਼ਮਾਇਸ਼ ਦੀ ਘੜੀ ਵਿਚ ਤੇਰੀ ਹਿਫਾਜ਼ਤ ਕਰਾਂਗਾ। ਇਹ ਅਜ਼ਮਾਇਸ਼ ਸਾਰੀ ਦੁਨੀਆਂ ਉੱਤੇ ਆਉਣ ਵਾਲੀ ਹੈ ਤਾਂਕਿ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਪਰਖਿਆ ਜਾਵੇ। 11 ਮੈਂ ਜਲਦੀ ਆ ਰਿਹਾ ਹਾਂ। ਜੋ ਕੁਝ ਤੇਰੇ ਕੋਲ ਹੈ, ਉਸ ਨੂੰ ਘੁੱਟ ਕੇ ਫੜੀ ਰੱਖ ਤਾਂਕਿ ਕੋਈ ਵੀ ਤੇਰਾ ਇਨਾਮ* ਨਾ ਲੈ ਲਵੇ।
12 “‘ਜਿਹੜਾ ਜਿੱਤੇਗਾ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੇ ਮੰਦਰ ਵਿਚ ਥੰਮ੍ਹ ਬਣਾਵਾਂਗਾ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਉੱਥੋਂ ਹਟਾਇਆ ਨਹੀਂ ਜਾ ਸਕੇਗਾ ਅਤੇ ਮੈਂ ਉਸ ਉੱਤੇ ਆਪਣੇ ਪਰਮੇਸ਼ੁਰ ਦਾ ਨਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰ ਨਵੇਂ ਯਰੂਸ਼ਲਮ ਦਾ ਨਾਂ, ਜੋ ਸ਼ਹਿਰ ਸਵਰਗੋਂ ਮੇਰੇ ਪਰਮੇਸ਼ੁਰ ਕੋਲੋਂ ਉੱਤਰਿਆ ਹੈ, ਅਤੇ ਆਪਣਾ ਨਵਾਂ ਨਾਂ ਲਿਖਾਂਗਾ। 13 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’
14 “ਲਾਉਦਿਕੀਆ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਦਾ ਨਾਂ ਆਮੀਨ ਹੈ ਅਤੇ ਜਿਹੜਾ ਵਫ਼ਾਦਾਰ ਤੇ ਸੱਚਾ ਗਵਾਹ ਹੈ ਅਤੇ ਜਿਸ ਨੂੰ ਪਰਮੇਸ਼ੁਰ ਨੇ ਸ੍ਰਿਸ਼ਟੀ ਵਿਚ ਸਭ ਤੋਂ ਪਹਿਲਾਂ ਬਣਾਇਆ ਸੀ, ਉਹ ਇਹ ਗੱਲਾਂ ਕਹਿੰਦਾ ਹੈ, 15 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਢਾ ਹੈਂ ਅਤੇ ਨਾ ਹੀ ਗਰਮ। ਕਾਸ਼ ਤੂੰ ਠੰਢਾ ਹੁੰਦਾ ਜਾਂ ਫਿਰ ਗਰਮ ਹੁੰਦਾ! 16 ਤੂੰ ਗਰਮ ਜਾਂ ਠੰਢਾ ਹੋਣ ਦੀ ਬਜਾਇ ਕੋਸਾ ਹੈਂ, ਇਸ ਕਰਕੇ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਦਿਆਂਗਾ। 17 ਤੂੰ ਕਹਿੰਦਾ ਹੈਂ: “ਮੈਂ ਅਮੀਰ ਹਾਂ ਅਤੇ ਮੈਂ ਧਨ-ਦੌਲਤ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ,” ਪਰ ਤੂੰ ਨਹੀਂ ਜਾਣਦਾ ਕਿ ਤੇਰੀ ਹਾਲਤ ਕਿੰਨੀ ਬੁਰੀ ਤੇ ਤਰਸਯੋਗ ਹੈ ਅਤੇ ਤੂੰ ਗ਼ਰੀਬ, ਅੰਨ੍ਹਾ ਅਤੇ ਨੰਗਾ ਹੈਂ, 18 ਇਸ ਲਈ ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਮੇਰੇ ਤੋਂ ਸੋਨਾ ਖ਼ਰੀਦ ਜੋ ਅੱਗ ਵਿਚ ਸ਼ੁੱਧ ਕੀਤਾ ਗਿਆ ਹੈ, ਤਾਂਕਿ ਤੂੰ ਅਮੀਰ ਹੋ ਜਾਵੇਂ, ਅਤੇ ਚਿੱਟੇ ਕੱਪੜੇ ਖ਼ਰੀਦ ਤਾਂਕਿ ਤੇਰਾ ਸਰੀਰ ਢਕਿਆ ਜਾਵੇ ਅਤੇ ਦੂਸਰੇ ਤੇਰਾ ਨੰਗੇਜ਼ ਨਾ ਦੇਖਣ ਅਤੇ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ, ਅਤੇ ਅੱਖਾਂ ਵਿਚ ਪਾਉਣ ਲਈ ਦਵਾਈ ਖ਼ਰੀਦ ਤਾਂਕਿ ਤੂੰ ਦੇਖ ਸਕੇਂ।
19 “‘ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਮੈਂ ਝਿੜਕਦਾ ਅਤੇ ਤਾੜਨਾ ਦਿੰਦਾ ਹਾਂ। ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ। 20 ਦੇਖ! ਮੈਂ ਬਾਹਰ ਖੜ੍ਹਾ ਦਰਵਾਜ਼ਾ ਖੜਕਾ ਰਿਹਾ ਹਾਂ। ਜੇ ਕੋਈ ਮੇਰੀ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹਦਾ ਹੈ, ਤਾਂ ਮੈਂ ਉਸ ਦੇ ਘਰ ਅੰਦਰ ਆ ਕੇ ਉਸ ਨਾਲ ਰਾਤ ਨੂੰ ਰੋਟੀ ਖਾਵਾਂਗਾ ਤੇ ਉਹ ਮੇਰੇ ਨਾਲ ਖਾਵੇਗਾ। 21 ਜਿਹੜਾ ਜਿੱਤੇਗਾ, ਉਸ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ, ਜਿਵੇਂ ਮੈਂ ਜਿੱਤ ਹਾਸਲ ਕਰ ਕੇ ਆਪਣੇ ਪਿਤਾ ਨਾਲ ਉਸ ਦੇ ਸਿੰਘਾਸਣ ਉੱਤੇ ਬੈਠ ਗਿਆ ਸੀ। 22 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’”