ਮੱਤੀ
27 ਸਵੇਰਾ ਹੋਣ ਤੇ ਸਾਰੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਯਿਸੂ ਨੂੰ ਜਾਨੋਂ ਮਾਰਨ ਲਈ ਸਲਾਹ-ਮਸ਼ਵਰਾ ਕੀਤਾ। 2 ਅਤੇ ਉਹ ਉਸ ਦੇ ਹੱਥ ਬੰਨ੍ਹ ਕੇ ਲੈ ਗਏ ਅਤੇ ਉਸ ਨੂੰ ਰਾਜਪਾਲ ਪਿਲਾਤੁਸ ਦੇ ਹਵਾਲੇ ਕਰ ਦਿੱਤਾ।
3 ਫਿਰ ਜਦੋਂ ਯਿਸੂ ਨੂੰ ਧੋਖੇ ਨਾਲ ਫੜਵਾਉਣ ਵਾਲੇ ਯਹੂਦਾ ਨੇ ਦੇਖਿਆ ਕਿ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਤਾਂ ਉਸ ਨੂੰ ਆਪਣੀ ਕੀਤੀ ʼਤੇ ਅਫ਼ਸੋਸ ਹੋਇਆ। ਉਸ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੂੰ ਚਾਂਦੀ ਦੇ ਤੀਹ ਸਿੱਕੇ ਵਾਪਸ ਕਰਦੇ ਹੋਏ 4 ਕਿਹਾ: “ਮੈਂ ਉਸ ਧਰਮੀ ਬੰਦੇ ਦੇ ਖ਼ੂਨ ਦਾ ਸੌਦਾ ਕਰ ਕੇ ਪਾਪ ਕੀਤਾ ਹੈ।” ਉਨ੍ਹਾਂ ਨੇ ਕਿਹਾ: “ਸਾਨੂੰ ਕੀ? ਤੂੰ ਜਾਣੇ ਤੇ ਤੇਰਾ ਕੰਮ ਜਾਣੇ!” 5 ਤੇ ਉਹ ਚਾਂਦੀ ਦੇ ਸਿੱਕੇ ਮੰਦਰ ਵਿਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ। 6 ਪਰ ਮੁੱਖ ਪੁਜਾਰੀਆਂ ਨੇ ਉਹ ਚਾਂਦੀ ਦੇ ਸਿੱਕੇ ਲੈ ਕੇ ਕਿਹਾ: “ਇਨ੍ਹਾਂ ਨੂੰ ਮੰਦਰ ਦੇ ਖ਼ਜ਼ਾਨੇ ਵਿਚ ਪਾਉਣਾ ਠੀਕ ਨਹੀਂ ਹੈ ਕਿਉਂਕਿ ਇਹ ਲਹੂ ਦੀ ਕੀਮਤ ਹੈ।” 7 ਉਨ੍ਹਾਂ ਨੇ ਸਲਾਹ ਕਰ ਕੇ ਅਜਨਬੀਆਂ ਨੂੰ ਦੱਬਣ ਲਈ ਉਨ੍ਹਾਂ ਸਿੱਕਿਆਂ ਨਾਲ ਇਕ ਘੁਮਿਆਰ ਦੀ ਜ਼ਮੀਨ ਖ਼ਰੀਦ ਲਈ। 8 ਇਸ ਲਈ ਅੱਜ ਵੀ ਉਸ ਜ਼ਮੀਨ ਨੂੰ “ਲਹੂ ਦੀ ਜ਼ਮੀਨ” ਕਿਹਾ ਜਾਂਦਾ ਹੈ। 9 ਇਸ ਤਰ੍ਹਾਂ ਯਿਰਮਿਯਾਹ* ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਈ: “ਅਤੇ ਉਨ੍ਹਾਂ ਨੇ ਚਾਂਦੀ ਦੇ ਤੀਹ ਸਿੱਕੇ ਲਏ, ਜੋ ਕਿ ਇਜ਼ਰਾਈਲ ਦੇ ਕੁਝ ਪੁੱਤਰਾਂ ਨੇ ਉਸ ਦੀ ਕੀਮਤ ਰੱਖੀ ਸੀ, 10 ਅਤੇ ਉਨ੍ਹਾਂ ਨੇ ਉਹ ਸਿੱਕੇ ਘੁਮਿਆਰ ਦੀ ਜ਼ਮੀਨ ਲਈ ਦਿੱਤੇ, ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ।”
11 ਹੁਣ ਯਿਸੂ ਪਿਲਾਤੁਸ ਦੇ ਸਾਮ੍ਹਣੇ ਖੜ੍ਹਾ ਸੀ ਅਤੇ ਉਸ ਨੇ ਯਿਸੂ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ।” 12 ਪਰ ਜਦੋਂ ਮੁੱਖ ਪੁਜਾਰੀ ਅਤੇ ਬਜ਼ੁਰਗ ਉਸ ਉੱਤੇ ਇਲਜ਼ਾਮ ਲਾ ਰਹੇ ਸਨ, ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ। 13 ਫਿਰ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੈਨੂੰ ਸੁਣਾਈ ਨਹੀਂ ਦਿੰਦਾ, ਉਹ ਤੇਰੇ ਖ਼ਿਲਾਫ਼ ਕਿੰਨਾ ਕੁਝ ਕਹਿ ਰਹੇ ਹਨ?” 14 ਫਿਰ ਵੀ ਉਸ ਨੇ ਕੋਈ ਜਵਾਬ ਨਾ ਦਿੱਤਾ ਜਿਸ ਕਰਕੇ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ।
15 ਹਰ ਪਸਾਹ ਦੇ ਤਿਉਹਾਰ ʼਤੇ ਪਿਲਾਤੁਸ ਇਕ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ ਜਿਸ ਨੂੰ ਲੋਕ ਰਿਹਾ ਕਰਾਉਣਾ ਚਾਹੁੰਦੇ ਸਨ। 16 ਉਸ ਵੇਲੇ ਬਰਬਾਸ ਨਾਂ ਦਾ ਇਕ ਬਦਨਾਮ ਮੁਜਰਮ ਜੇਲ੍ਹ ਵਿਚ ਸੀ। 17 ਇਸ ਲਈ, ਜਦੋਂ ਲੋਕ ਪਿਲਾਤੁਸ ਕੋਲ ਇਕੱਠੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਮੈਂ ਤੁਹਾਡੇ ਲਈ ਕਿਸ ਨੂੰ ਰਿਹਾ ਕਰਾਂ, ਬਰਬਾਸ ਨੂੰ ਜਾਂ ਯਿਸੂ ਨੂੰ ਜੋ ਮਸੀਹ ਕਹਾਉਂਦਾ ਹੈ?” 18 ਪਿਲਾਤੁਸ ਜਾਣਦਾ ਸੀ ਕਿ ਲੋਕ ਯਿਸੂ ਨਾਲ ਖਾਰ ਖਾਂਦੇ ਸਨ ਅਤੇ ਇਸੇ ਕਰਕੇ ਉਨ੍ਹਾਂ ਨੇ ਉਸ ਨੂੰ ਫੜਵਾਇਆ ਸੀ। 19 ਇਸ ਤੋਂ ਇਲਾਵਾ, ਜਦੋਂ ਪਿਲਾਤੁਸ ਨਿਆਂ ਦੀ ਕੁਰਸੀ ʼਤੇ ਬੈਠਾ ਹੋਇਆ ਸੀ, ਤਾਂ ਉਸ ਦੀ ਪਤਨੀ ਨੇ ਉਸ ਨੂੰ ਇਹ ਸੁਨੇਹਾ ਘੱਲਿਆ ਸੀ: “ਉਸ ਨੇਕ ਬੰਦੇ ਨੂੰ ਹੱਥ ਨਾ ਲਾਈਂ ਕਿਉਂਕਿ ਅੱਜ ਮੈਂ ਉਸ ਕਰਕੇ ਇਕ ਭੈੜਾ ਸੁਪਨਾ ਦੇਖਿਆ ਸੀ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ।” 20 ਪਰ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਚੁੱਕਿਆ ਕਿ ਉਹ ਬਰਬਾਸ ਨੂੰ ਰਿਹਾ ਕਰਨ ਦੀ ਮੰਗ ਕਰਨ, ਪਰ ਯਿਸੂ ਨੂੰ ਜਾਨੋਂ ਮਾਰਨ ਦੀ। 21 ਪਿਲਾਤੁਸ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ: “ਮੈਂ ਤੁਹਾਡੇ ਲਈ ਇਨ੍ਹਾਂ ਦੋਵਾਂ ਵਿੱਚੋਂ ਕਿਸ ਨੂੰ ਰਿਹਾ ਕਰਾਂ?” ਉਨ੍ਹਾਂ ਨੇ ਕਿਹਾ: “ਬਰਬਾਸ ਨੂੰ।” 22 ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਤਾਂ ਫਿਰ ਯਿਸੂ ਜਿਹੜਾ ਮਸੀਹ ਕਹਾਉਂਦਾ ਹੈ, ਮੈਂ ਉਸ ਨਾਲ ਕੀ ਕਰਾਂ?” ਉਨ੍ਹਾਂ ਸਾਰਿਆਂ ਨੇ ਕਿਹਾ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ!” 23 ਪਿਲਾਤੁਸ ਨੇ ਕਿਹਾ: “ਪਰ ਕਿਉਂ? ਉਸ ਨੇ ਕੀ ਬੁਰਾ ਕੰਮ ਕੀਤਾ ਹੈ?” ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ!”
24 ਪਿਲਾਤੁਸ ਨੇ ਦੇਖਿਆ ਕਿ ਉਸ ਦੇ ਕਹਿਣ ਦਾ ਕੋਈ ਫ਼ਾਇਦਾ ਨਹੀਂ ਸੀ, ਸਗੋਂ ਭੀੜ ਹੋਰ ਭੜਕ ਰਹੀ ਸੀ। ਇਸ ਕਰਕੇ ਉਸ ਨੇ ਪਾਣੀ ਲਿਆ ਅਤੇ ਸਾਰੀ ਭੀੜ ਸਾਮ੍ਹਣੇ ਆਪਣੇ ਹੱਥ ਧੋ ਕੇ ਕਿਹਾ: “ਮੈਂ ਇਸ ਆਦਮੀ ਦੇ ਖ਼ੂਨ ਤੋਂ ਨਿਰਦੋਸ਼ ਹਾਂ। ਇਸ ਦੇ ਜ਼ਿੰਮੇਵਾਰ ਤੁਸੀਂ ਹੋ।” 25 ਇਹ ਸੁਣ ਕੇ ਸਾਰੇ ਲੋਕਾਂ ਨੇ ਕਿਹਾ: “ਇਸ ਦਾ ਖ਼ੂਨ ਸਾਡੇ ਸਿਰ ਅਤੇ ਸਾਡੇ ਬੱਚਿਆਂ ਦੇ ਸਿਰ ਪਵੇ।” 26 ਫਿਰ ਉਸ ਨੇ ਬਰਬਾਸ ਨੂੰ ਰਿਹਾ ਕਰ ਦਿੱਤਾ, ਪਰ ਯਿਸੂ ਨੂੰ ਕੋਰੜੇ ਮਰਵਾ ਕੇ ਸੂਲ਼ੀ ʼਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।
27 ਹੁਣ ਫ਼ੌਜੀ ਉਸ ਨੂੰ ਰਾਜਪਾਲ ਦੇ ਮਹਿਲ ਵਿਚ ਲੈ ਗਏ ਅਤੇ ਉਨ੍ਹਾਂ ਨੇ ਬਾਕੀ ਸਾਰੇ ਫ਼ੌਜੀਆਂ ਨੂੰ ਇਕੱਠਾ ਕਰ ਲਿਆ। 28 ਉਨ੍ਹਾਂ ਨੇ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਗੂੜ੍ਹੇ ਲਾਲ ਰੰਗ ਦਾ ਕੱਪੜਾ ਪਹਿਨਾਇਆ 29 ਅਤੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ʼਤੇ ਰੱਖਿਆ ਅਤੇ ਇਕ ਕਾਨਾ ਉਸ ਦੇ ਸੱਜੇ ਹੱਥ ਵਿਚ ਫੜਾ ਦਿੱਤਾ। ਫਿਰ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: “ਜੈ ਹੋਵੇ, ਯਹੂਦੀਆਂ ਦੇ ਰਾਜੇ ਦੀ!” 30 ਅਤੇ ਉਨ੍ਹਾਂ ਨੇ ਉਸ ʼਤੇ ਥੁੱਕਿਆ ਅਤੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਨ ਲੱਗ ਪਏ। 31 ਉਸ ਦਾ ਮਜ਼ਾਕ ਉਡਾਉਣ ਤੋਂ ਬਾਅਦ ਉਨ੍ਹਾਂ ਨੇ ਲਾਲ ਰੰਗ ਦਾ ਕੱਪੜਾ ਲਾਹ ਕੇ ਉਸ ਦੇ ਆਪਣੇ ਕੱਪੜੇ ਪੁਆ ਦਿੱਤੇ ਅਤੇ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਲੈ ਗਏ।
32 ਅਤੇ ਜਦੋਂ ਫ਼ੌਜੀ ਉਸ ਨੂੰ ਲੈ ਕੇ ਜਾ ਰਹੇ ਸਨ, ਤਾਂ ਰਾਹ ਵਿਚ ਉਨ੍ਹਾਂ ਨੇ ਕੁਰੇਨੇ ਦੇ ਰਹਿਣ ਵਾਲੇ ਸ਼ਮਊਨ ਨੂੰ ਦੇਖਿਆ ਅਤੇ ਧੱਕੇ ਨਾਲ ਉਸ ਨੂੰ ਯਿਸੂ ਦੀ ਤਸੀਹੇ ਦੀ ਸੂਲ਼ੀ ਚੁਕਾ ਦਿੱਤੀ। 33 ਅਤੇ ਜਦੋਂ ਉਹ “ਗਲਗਥਾ” ਨਾਂ ਦੀ ਜਗ੍ਹਾ ਯਾਨੀ “ਖੋਪੜੀ ਦੀ ਜਗ੍ਹਾ” ਆਏ, 34 ਤਾਂ ਉਨ੍ਹਾਂ ਨੇ ਦਾਖਰਸ ਵਿਚ ਪਿੱਤ* ਰਲ਼ਾ ਕੇ ਯਿਸੂ ਨੂੰ ਪੀਣ ਲਈ ਦਿੱਤਾ, ਪਰ ਚੱਖਣ ਤੋਂ ਬਾਅਦ ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ। 35 ਫਿਰ ਉਸ ਨੂੰ ਸੂਲ਼ੀ ʼਤੇ ਟੰਗਣ ਤੋਂ ਬਾਅਦ ਉਨ੍ਹਾਂ ਨੇ ਗੁਣੇ ਪਾ ਕੇ ਉਸ ਦੇ ਕੱਪੜੇ ਆਪਸ ਵਿਚ ਵੰਡ ਲਏ, 36 ਅਤੇ ਉਸ ʼਤੇ ਨਜ਼ਰ ਰੱਖਣ ਲਈ ਉੱਥੇ ਬੈਠ ਗਏ। 37 ਨਾਲੇ ਉਨ੍ਹਾਂ ਨੇ ਉਸ ਦੇ ਸਿਰ ਦੇ ਉੱਪਰ ਸੂਲ਼ੀ ʼਤੇ ਫੱਟੀ ਲਾ ਦਿੱਤੀ ਜਿਸ ਉੱਤੇ ਉਸ ਦਾ ਜੁਰਮ ਲਿਖਿਆ ਹੋਇਆ ਸੀ: “ਇਹ ਯਹੂਦੀਆਂ ਦਾ ਰਾਜਾ ਯਿਸੂ ਹੈ।”
38 ਫਿਰ ਉਸ ਦੇ ਨਾਲ ਦੋ ਲੁਟੇਰਿਆਂ ਨੂੰ ਵੀ ਸੂਲ਼ੀ ʼਤੇ ਟੰਗਿਆ ਗਿਆ, ਇਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ। 39 ਉੱਥੋਂ ਲੰਘਣ ਵਾਲੇ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ ਅਤੇ ਘਿਰਣਾ ਨਾਲ ਸਿਰ ਹਿਲਾ ਕੇ 40 ਕਹਿੰਦੇ ਸਨ: “ਓਏ ਮੰਦਰ ਦੇ ਢਾਹੁਣ ਵਾਲਿਆ ਤੇ ਤਿੰਨਾਂ ਦਿਨਾਂ ਵਿਚ ਇਸ ਨੂੰ ਬਣਾਉਣ ਵਾਲਿਆ, ਆਪਣੇ ਆਪ ਨੂੰ ਬਚਾ! ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਤਸੀਹੇ ਦੀ ਸੂਲ਼ੀ ਤੋਂ ਥੱਲੇ ਉੱਤਰ ਆ!” 41 ਇਸੇ ਤਰ੍ਹਾਂ, ਗ੍ਰੰਥੀਆਂ ਤੇ ਬਜ਼ੁਰਗਾਂ ਨਾਲ ਮਿਲ ਕੇ ਮੁੱਖ ਪੁਜਾਰੀ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: 42 “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਆਪਣੇ ਆਪ ਨੂੰ ਤਾਂ ਬਚਾ ਨਹੀਂ ਸਕਦਾ! ਇਹ ਤਾਂ ਇਜ਼ਰਾਈਲ ਦਾ ਰਾਜਾ ਹੈ; ਹੁਣ ਜੇ ਇਹ ਤਸੀਹੇ ਦੀ ਸੂਲ਼ੀ ਤੋਂ ਉੱਤਰ ਕੇ ਦਿਖਾਵੇ, ਤਾਂ ਅਸੀਂ ਇਸ ʼਤੇ ਵਿਸ਼ਵਾਸ ਕਰਾਂਗੇ। 43 ਇਹ ਦਾ ਭਰੋਸਾ ਤਾਂ ਪਰਮੇਸ਼ੁਰ ʼਤੇ ਹੈ; ਜੇ ਪਰਮੇਸ਼ੁਰ ਵਾਕਈ ਇਸ ਤੋਂ ਖ਼ੁਸ਼ ਹੈ, ਤਾਂ ਉਹੀ ਆ ਕੇ ਇਸ ਨੂੰ ਬਚਾਵੇ। ਇਹ ਨੇ ਆਪੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’” 44 ਇੱਥੋਂ ਤਕ ਕਿ ਉਸ ਦੇ ਨਾਲ ਟੰਗੇ ਲੁਟੇਰੇ ਵੀ ਉਸ ਦੀ ਬੇਇੱਜ਼ਤੀ ਕਰਨ ਲੱਗ ਪਏ।
45 ਫਿਰ ਦੁਪਹਿਰ ਦੇ ਬਾਰਾਂ ਕੁ ਵਜੇ* ਤੋਂ ਲੈ ਕੇ ਤਿੰਨ ਕੁ ਵਜੇ* ਤਕ ਸਾਰੀ ਧਰਤੀ ʼਤੇ ਹਨੇਰਾ ਛਾਇਆ ਰਿਹਾ। 46 ਤਿੰਨ ਕੁ ਵਜੇ* ਯਿਸੂ ਨੇ ਉੱਚੀ-ਉੱਚੀ ਕਿਹਾ: “ਏਲੀ ਏਲੀ ਲਾਮਾ ਸਬਕਤਾਨੀ?” ਇਸ ਦਾ ਮਤਲਬ ਹੈ, “ਹੇ ਮੇਰਿਆ ਰੱਬਾ, ਹੇ ਮੇਰਿਆ ਰੱਬਾ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?” 47 ਇਹ ਸੁਣ ਕੇ ਉੱਥੇ ਖੜ੍ਹੇ ਕਈ ਜਣੇ ਕਹਿਣ ਲੱਗੇ: “ਇਹ ਏਲੀਯਾਹ ਨਬੀ ਨੂੰ ਬੁਲਾ ਰਿਹਾ ਹੈ।” 48 ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇਕ ਜਣੇ ਨੇ ਸਿਰਕੇ* ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੱਤਾ; 49 ਪਰ ਬਾਕੀ ਸਾਰੇ ਕਹਿਣ ਲੱਗੇ: “ਚਲੋ ਦੇਖਦੇ ਹਾਂ ਕਿ ਏਲੀਯਾਹ ਨਬੀ ਉਸ ਨੂੰ ਬਚਾਉਣ ਆਉਂਦਾ ਹੈ ਜਾਂ ਨਹੀਂ।” [ਇਕ ਹੋਰ ਬੰਦੇ ਨੇ ਬਰਛਾ ਲੈ ਕੇ ਉਸ ਦੀ ਵੱਖੀ ਵਿਚ ਮਾਰਿਆ। ਉਸ ਦੇ ਸਰੀਰ ਵਿੱਚੋਂ ਲਹੂ ਤੇ ਪਾਣੀ ਨਿਕਲਿਆ।]* 50 ਦੁਬਾਰਾ ਯਿਸੂ ਨੇ ਉੱਚੀ ਆਵਾਜ਼ ਕੱਢੀ ਅਤੇ ਦਮ ਤੋੜ ਦਿੱਤਾ।
51 ਅਤੇ ਦੇਖੋ! ਮੰਦਰ ਦਾ ਪਰਦਾ* ਉੱਪਰੋਂ ਲੈ ਕੇ ਹੇਠਾਂ ਤਕ ਪਾਟ ਕੇ ਦੋ ਹਿੱਸੇ ਹੋ ਗਿਆ, ਅਤੇ ਭੁਚਾਲ਼ ਆਇਆ ਤੇ ਚਟਾਨਾਂ ਪਾਟ ਗਈਆਂ। 52 ਕਬਰਾਂ ਵੀ ਖੁੱਲ੍ਹ ਗਈਆਂ ਤੇ ਮਰ ਚੁੱਕੇ ਕਈ ਪਵਿੱਤਰ ਸੇਵਕਾਂ ਦੀਆਂ ਲੋਥਾਂ ਬਾਹਰ ਆ ਡਿਗੀਆਂ, 53 ਅਤੇ ਕਈ ਲੋਕਾਂ ਨੇ ਇਹ ਲੋਥਾਂ ਦੇਖੀਆਂ (ਅਤੇ ਜਿਹੜੇ ਲੋਕ ਕਬਰਸਤਾਨ ਵਿਚ ਗਏ ਸਨ, ਉਹ ਯਿਸੂ ਦੇ ਜੀ ਉੱਠਣ ਤੋਂ ਬਾਅਦ ਪਵਿੱਤਰ ਸ਼ਹਿਰ* ਵਿਚ ਗਏ)।* 54 ਪਰ ਯਿਸੂ ਉੱਤੇ ਨਿਗਰਾਨੀ ਰੱਖ ਰਹੇ ਫ਼ੌਜੀ ਅਫ਼ਸਰ ਤੇ ਉਸ ਦੇ ਬੰਦੇ ਭੁਚਾਲ਼ ਅਤੇ ਹੋਰ ਘਟਨਾਵਾਂ ਨੂੰ ਦੇਖ ਕੇ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ: “ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।”
55 ਉਨ੍ਹਾਂ ਤੋਂ ਇਲਾਵਾ, ਉੱਥੇ ਕਈ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਹ ਤੀਵੀਆਂ ਯਿਸੂ ਦੀ ਸੇਵਾ ਕਰਨ ਉਸ ਦੇ ਨਾਲ ਹੀ ਗਲੀਲ ਤੋਂ ਆਈਆਂ ਸਨ; 56 ਇਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ, ਯਾਕੂਬ ਤੇ ਯੋਸੇਸ ਦੀ ਮਾਂ ਮਰੀਅਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਂ ਵੀ ਸੀ।
57 ਹੁਣ ਦੁਪਹਿਰ ਢਲ਼ ਚੁੱਕੀ ਸੀ। ਉਦੋਂ ਅਰਿਮਥੀਆ ਦਾ ਰਹਿਣ ਵਾਲਾ ਇਕ ਅਮੀਰ ਆਦਮੀ ਯੂਸੁਫ਼ ਆਇਆ। ਉਹ ਵੀ ਯਿਸੂ ਦਾ ਚੇਲਾ ਸੀ, 58 ਅਤੇ ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ। ਪਿਲਾਤੁਸ ਨੇ ਆਪਣੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਲਾਸ਼ ਦਿੱਤੀ ਜਾਵੇ। 59 ਅਤੇ ਯੂਸੁਫ਼ ਲਾਸ਼ ਲੈ ਗਿਆ ਅਤੇ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟ ਕੇ 60 ਆਪਣੀ ਨਵੀਂ ਕਬਰ ਵਿਚ ਰੱਖਿਆ ਜੋ ਉਸ ਨੇ ਇਕ ਚਟਾਨ ਨੂੰ ਤਰਾਸ਼ ਕੇ ਬਣਵਾਈ ਸੀ। ਇਕ ਵੱਡਾ ਪੱਥਰ ਕਬਰ ਦੇ ਮੂੰਹ ʼਤੇ ਰੱਖਣ ਤੋਂ ਬਾਅਦ ਉਹ ਚਲਾ ਗਿਆ। 61 ਪਰ ਮਰੀਅਮ ਮਗਦਲੀਨੀ ਤੇ ਦੂਸਰੀ ਮਰੀਅਮ ਕਬਰ ਦੇ ਮੋਹਰੇ ਬੈਠੀਆਂ ਰਹੀਆਂ।
62 ਤਿਆਰੀ ਦੇ ਦਿਨ* ਤੋਂ ਇਕ ਦਿਨ ਬਾਅਦ ਮੁੱਖ ਪੁਜਾਰੀ ਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਕੋਲ ਗਏ ਅਤੇ 63 ਉਸ ਨੂੰ ਕਿਹਾ: “ਜਨਾਬ, ਸਾਨੂੰ ਯਾਦ ਹੈ ਜਦੋਂ ਉਹ ਫਰੇਬੀ ਜੀਉਂਦਾ ਸੀ, ਤਾਂ ਉਸ ਨੇ ਕਿਹਾ ਸੀ, ‘ਮੈਨੂੰ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’ 64 ਇਸ ਲਈ ਤੀਸਰੇ ਦਿਨ ਤਕ ਕਬਰ ਉੱਤੇ ਨਿਗਰਾਨੀ ਰੱਖਣ ਦਾ ਹੁਕਮ ਦਿਓ ਤਾਂਕਿ ਉਸ ਦੇ ਚੇਲੇ ਆ ਕੇ ਉਸ ਦੀ ਲਾਸ਼ ਚੋਰੀ ਕਰ ਕੇ ਨਾ ਲੈ ਜਾਣ ਤੇ ਫਿਰ ਲੋਕਾਂ ਨੂੰ ਕਹਿਣ, ‘ਉਹ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ!’ ਫਿਰ ਸਾਨੂੰ ਇਸ ਝੂਠ ਦਾ ਪਹਿਲੇ ਝੂਠ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਵੇਗਾ।” 65 ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਨਾਲ ਪਹਿਰੇਦਾਰ ਲੈ ਜਾਓ ਤੇ ਜਿਵੇਂ ਤੁਸੀਂ ਚਾਹੁੰਦੇ ਹੋ, ਕਬਰ ʼਤੇ ਪਹਿਰਾ ਲਾ ਦਿਓ।” 66 ਅਤੇ ਉਨ੍ਹਾਂ ਨੇ ਜਾ ਕੇ ਕਬਰ ਮੋਹਰੇ ਰੱਖੇ ਪੱਥਰ ਨੂੰ ਸੀਲਬੰਦ ਕਰ ਦਿੱਤਾ ਅਤੇ ਪਹਿਰੇਦਾਰਾਂ ਨੂੰ ਖੜ੍ਹਾ ਕਰ ਦਿੱਤਾ।