ਪ੍ਰਕਾਸ਼ ਦੀ ਕਿਤਾਬ
15 ਅਤੇ ਮੈਂ ਸਵਰਗ ਵਿਚ ਇਕ ਹੋਰ ਵੱਡਾ ਅਤੇ ਅਨੋਖਾ ਨਿਸ਼ਾਨ ਦੇਖਿਆ: ਸੱਤ ਦੂਤ ਜਿਨ੍ਹਾਂ ਕੋਲ ਸੱਤ ਬਿਪਤਾਵਾਂ ਸਨ। ਇਹ ਆਖ਼ਰੀ ਬਿਪਤਾਵਾਂ ਹਨ ਕਿਉਂਕਿ ਇਨ੍ਹਾਂ ਤੋਂ ਬਾਅਦ ਪਰਮੇਸ਼ੁਰ ਦੇ ਗੁੱਸੇ ਦੀ ਅੱਗ ਬੁੱਝ ਜਾਵੇਗੀ।
2 ਅਤੇ ਮੈਂ ਕੱਚ ਵਰਗਾ ਇਕ ਸਮੁੰਦਰ ਜਿਹਾ ਦੇਖਿਆ ਜਿਸ ਵਿਚ ਅੱਗ ਮਿਲੀ ਹੋਈ ਸੀ ਅਤੇ ਉਸ ਕੱਚ ਵਰਗੇ ਸਮੁੰਦਰ ਲਾਗੇ ਉਨ੍ਹਾਂ ਲੋਕਾਂ ਨੂੰ ਖੜ੍ਹੇ ਦੇਖਿਆ ਜਿਹੜੇ ਉਸ ਵਹਿਸ਼ੀ ਦਰਿੰਦੇ ਉੱਤੇ ਅਤੇ ਉਸ ਦੀ ਮੂਰਤੀ ਉੱਤੇ ਤੇ ਉਸ ਦੇ ਨਾਂ ਦੇ ਨੰਬਰ ਉੱਤੇ ਜਿੱਤ ਹਾਸਲ ਕਰਦੇ ਹਨ ਅਤੇ ਉਨ੍ਹਾਂ ਕੋਲ ਪਰਮੇਸ਼ੁਰ ਦੇ ਰਬਾਬ ਸਨ। 3 ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾ ਰਹੇ ਹਨ:
“ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ। ਹੇ ਯੁਗਾਂ-ਯੁਗਾਂ ਦੇ ਮਹਾਰਾਜ, ਤੇਰੇ ਰਾਹ ਸਹੀ ਅਤੇ ਸੱਚੇ ਹਨ। 4 ਯਹੋਵਾਹ, ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਂ ਦੀ ਮਹਿਮਾ ਨਾ ਕਰੇਗਾ? ਕਿਉਂਕਿ ਸਿਰਫ਼ ਤੂੰ ਹੀ ਵਫ਼ਾਦਾਰ ਹੈਂ। ਸਾਰੀਆਂ ਕੌਮਾਂ ਆ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ ਕਿਉਂਕਿ ਇਹ ਜ਼ਾਹਰ ਹੋ ਗਿਆ ਹੈ ਕਿ ਤੇਰੇ ਫ਼ਰਮਾਨ ਸਹੀ ਹਨ।”
5 ਅਤੇ ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਦੇਖਿਆ ਕਿ ਸਵਰਗ ਵਿਚ ਗਵਾਹੀ ਦਾ ਤੰਬੂ* ਖੁੱਲ੍ਹਾ ਹੋਇਆ ਸੀ 6 ਅਤੇ ਉਸ ਵਿੱਚੋਂ ਸੱਤ ਦੂਤ ਸੱਤ ਬਿਪਤਾਵਾਂ ਲੈ ਕੇ ਨਿਕਲੇ। ਉਨ੍ਹਾਂ ਨੇ ਸਾਫ਼ ਤੇ ਲਿਸ਼ਕਦੇ ਕੱਪੜੇ ਪਾਏ ਹੋਏ ਸਨ ਅਤੇ ਸੋਨੇ ਦੇ ਸੀਨੇਬੰਦ ਬੰਨ੍ਹੇ ਹੋਏ ਸਨ। 7 ਚਾਰ ਕਰੂਬੀਆਂ ਵਿੱਚੋਂ ਇਕ ਨੇ ਸੱਤਾਂ ਦੂਤਾਂ ਨੂੰ ਸੱਤ ਸੋਨੇ ਦੇ ਕਟੋਰੇ ਦਿੱਤੇ ਜਿਹੜੇ ਹਮੇਸ਼ਾ-ਹਮੇਸ਼ਾ ਜੀਉਣ ਵਾਲੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ। 8 ਅਤੇ ਪਰਮੇਸ਼ੁਰ ਦੀ ਮਹਿਮਾ ਅਤੇ ਉਸ ਦੀ ਤਾਕਤ ਕਰਕੇ ਤੰਬੂ ਧੂੰਏਂ ਨਾਲ ਭਰ ਗਿਆ ਅਤੇ ਕੋਈ ਵੀ ਉਦੋਂ ਤਕ ਉਸ ਵਿਚ ਜਾ ਨਾ ਸਕਿਆ ਜਦ ਤਕ ਉਹ ਸੱਤ ਬਿਪਤਾਵਾਂ ਖ਼ਤਮ ਨਾ ਹੋ ਗਈਆਂ ਜਿਹੜੀਆਂ ਸੱਤ ਦੂਤਾਂ ਕੋਲ ਸਨ।