ਮਰਕੁਸ
8 ਉਨ੍ਹੀਂ ਦਿਨੀਂ, ਜਦੋਂ ਉਸ ਕੋਲ ਦੁਬਾਰਾ ਵੱਡੀ ਭੀੜ ਇਕੱਠੀ ਹੋਈ ਸੀ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਬੁਲਾ ਕੇ ਕਿਹਾ: 2 “ਮੈਨੂੰ ਭੀੜ ਉੱਤੇ ਤਰਸ ਆ ਰਿਹਾ ਹੈ ਕਿਉਂਕਿ ਤਿੰਨਾਂ ਦਿਨਾਂ ਤੋਂ ਇਹ ਲੋਕ ਮੇਰੇ ਨਾਲ ਹਨ ਅਤੇ ਇਨ੍ਹਾਂ ਨੇ ਕੁਝ ਨਹੀਂ ਖਾਧਾ। 3 ਹੁਣ ਜੇ ਮੈਂ ਇਨ੍ਹਾਂ ਨੂੰ ਘਰ ਭੁੱਖੇ ਹੀ ਘੱਲ ਦੇਵਾਂ, ਤਾਂ ਇਹ ਰਾਹ ਵਿਚ ਹੀ ਡਿਗ ਪੈਣਗੇ। ਨਾਲੇ ਕਈ ਤਾਂ ਬੜੀ ਦੂਰੋਂ ਆਏ ਹਨ।” 4 ਪਰ ਚੇਲਿਆਂ ਨੇ ਉਸ ਨੂੰ ਕਿਹਾ: “ਇਨ੍ਹਾਂ ਲੋਕਾਂ ਨੂੰ ਰਜਾਉਣ ਲਈ ਇਸ ਉਜਾੜ ਥਾਂ ਵਿਚ ਕਿਹਦੇ ਕੋਲ ਇੰਨੀਆਂ ਰੋਟੀਆਂ ਹੋਣਗੀਆਂ?” 5 ਫਿਰ ਵੀ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ: “ਸੱਤ।” 6 ਅਤੇ ਉਸ ਨੇ ਭੀੜ ਨੂੰ ਜ਼ਮੀਨ ʼਤੇ ਬੈਠਣ ਲਈ ਕਿਹਾ। ਫਿਰ ਉਸ ਨੇ ਸੱਤ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕਰਨ ਤੋਂ ਬਾਅਦ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਵਰਤਾਉਣ ਲਈ ਦਿੱਤੀਆਂ ਅਤੇ ਉਨ੍ਹਾਂ ਨੇ ਰੋਟੀਆਂ ਭੀੜ ਨੂੰ ਵਰਤਾਈਆਂ। 7 ਇਸੇ ਤਰ੍ਹਾਂ ਉਨ੍ਹਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ ਅਤੇ ਪਰਮੇਸ਼ੁਰ ਦਾ ਧੰਨਵਾਦ ਕਰ ਕੇ ਉਸ ਨੇ ਚੇਲਿਆਂ ਨੂੰ ਕਿਹਾ ਕਿ ਇਹ ਵੀ ਭੀੜ ਨੂੰ ਵਰਤਾਈਆਂ ਜਾਣ। 8 ਸਾਰਿਆਂ ਨੇ ਰੱਜ ਕੇ ਖਾਧਾ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਸੱਤ ਵੱਡੀਆਂ ਟੋਕਰੀਆਂ ਭਰ ਗਈਆਂ। 9 ਉੱਥੇ ਲਗਭਗ 4,000 ਆਦਮੀ ਸਨ। ਇਸ ਤੋਂ ਬਾਅਦ ਉਸ ਨੇ ਭੀੜ ਨੂੰ ਘੱਲ ਦਿੱਤਾ।
10 ਅਤੇ ਉਹ ਉਸੇ ਵੇਲੇ ਆਪਣੇ ਚੇਲਿਆਂ ਨਾਲ ਕਿਸ਼ਤੀ ਵਿਚ ਬੈਠ ਕੇ ਦਲਮਨੂਥਾ ਦੇ ਇਲਾਕੇ ਵਿਚ ਆਇਆ। 11 ਉੱਥੇ ਫ਼ਰੀਸੀ ਆਏ ਅਤੇ ਉਸ ਨਾਲ ਬਹਿਸ ਕਰਨ ਲੱਗੇ। ਉਨ੍ਹਾਂ ਨੇ ਉਸ ਨੂੰ ਅਜ਼ਮਾਉਣ ਲਈ ਉਸ ʼਤੇ ਜ਼ੋਰ ਪਾਇਆ ਕਿ ਉਹ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ। 12 ਇਸ ਕਰਕੇ ਉਹ ਮਨ ਵਿਚ ਬੜਾ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਇਹ ਪੀੜ੍ਹੀ ਕਿਉਂ ਨਿਸ਼ਾਨੀ ਦੇਖਣਾ ਚਾਹੁੰਦੀ ਹੈ? ਮੈਂ ਸੱਚ ਦੱਸਦਾ ਹਾਂ: ਇਸ ਪੀੜ੍ਹੀ ਨੂੰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।” 13 ਇਹ ਕਹਿ ਕੇ ਉਹ ਉਨ੍ਹਾਂ ਕੋਲੋਂ ਚਲਾ ਗਿਆ ਅਤੇ ਦੁਬਾਰਾ ਕਿਸ਼ਤੀ ਵਿਚ ਬੈਠ ਕੇ ਝੀਲ ਦੇ ਦੂਜੇ ਪਾਸੇ ਆ ਗਿਆ।
14 ਪਰ ਉਹ ਆਪਣੇ ਨਾਲ ਰੋਟੀਆਂ ਲਿਆਉਣੀਆਂ ਭੁੱਲ ਗਏ ਅਤੇ ਉਨ੍ਹਾਂ ਕੋਲ ਇਕ ਰੋਟੀ ਤੋਂ ਛੁੱਟ ਕਿਸ਼ਤੀ ਵਿਚ ਹੋਰ ਕੁਝ ਵੀ ਖਾਣ ਲਈ ਨਹੀਂ ਸੀ। 15 ਅਤੇ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਹੁਕਮ ਦਿੱਤਾ: “ਖ਼ਬਰਦਾਰ ਰਹੋ! ਫ਼ਰੀਸੀਆਂ ਦੇ ਖਮੀਰ ਤੋਂ ਅਤੇ ਹੇਰੋਦੇਸ ਦੇ ਖਮੀਰ ਤੋਂ ਬਚ ਕੇ ਰਹੋ।” 16 ਅਤੇ ਉਹ ਆਪਸ ਵਿਚ ਇਸ ਗੱਲ ʼਤੇ ਬਹਿਸਣ ਲੱਗੇ ਕਿ ਉਨ੍ਹਾਂ ਵਿੱਚੋਂ ਕੋਈ ਰੋਟੀਆਂ ਕਿਉਂ ਨਹੀਂ ਲੈ ਕੇ ਆਇਆ। 17 ਇਹ ਦੇਖ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਸ ਗੱਲ ʼਤੇ ਕਿਉਂ ਝਗੜ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? ਕੀ ਤੁਹਾਨੂੰ ਅਜੇ ਵੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ? ਕੀ ਤੁਹਾਨੂੰ ਅਜੇ ਵੀ ਪਤਾ ਨਹੀਂ ਲੱਗਾ? 18 ‘ਕੀ ਅੱਖਾਂ ਹੁੰਦੇ ਹੋਏ ਵੀ ਤੁਸੀਂ ਨਹੀਂ ਦੇਖਦੇ, ਅਤੇ ਕੰਨ ਹੁੰਦੇ ਹੋਏ ਵੀ ਨਹੀਂ ਸੁਣਦੇ?’ ਅਤੇ ਕੀ ਤੁਹਾਨੂੰ ਯਾਦ ਨਹੀਂ 19 ਜਦੋਂ ਮੈਂ ਪੰਜ ਰੋਟੀਆਂ 5,000 ਆਦਮੀਆਂ ਵਿਚ ਵੰਡੀਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਉਨ੍ਹਾਂ ਨੇ ਕਿਹਾ: “ਬਾਰਾਂ।” 20 “ਜਦੋਂ ਮੈਂ ਸੱਤ ਰੋਟੀਆਂ 4,000 ਆਦਮੀਆਂ ਵਿਚ ਵੰਡੀਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਉਨ੍ਹਾਂ ਨੇ ਕਿਹਾ: “ਸੱਤ।” 21 ਫਿਰ ਉਸ ਨੇ ਕਿਹਾ: “ਕੀ ਤੁਸੀਂ ਅਜੇ ਵੀ ਨਹੀਂ ਸਮਝੇ?”
22 ਹੁਣ ਉਹ ਬੈਤਸੈਦਾ ਵਿਚ ਆਏ। ਉੱਥੇ ਲੋਕ ਯਿਸੂ ਕੋਲ ਇਕ ਅੰਨ੍ਹੇ ਆਦਮੀ ਨੂੰ ਲਿਆਏ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਸ ਅੰਨ੍ਹੇ ਨੂੰ ਠੀਕ ਕਰੇ। 23 ਅਤੇ ਯਿਸੂ ਅੰਨ੍ਹੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲਿਆਇਆ। ਫਿਰ ਉਸ ਦੀਆਂ ਅੱਖਾਂ ʼਤੇ ਥੁੱਕਿਆ ਅਤੇ ਆਪਣੇ ਹੱਥ ਉਸ ਉੱਤੇ ਰੱਖ ਕੇ ਪੁੱਛਿਆ: “ਕੀ ਤੈਨੂੰ ਕੁਝ ਦਿਖਾਈ ਦਿੰਦਾ ਹੈ?” 24 ਉਸ ਆਦਮੀ ਨੇ ਇੱਧਰ-ਉੱਧਰ ਦੇਖਿਆ ਅਤੇ ਕਿਹਾ: “ਮੈਨੂੰ ਇਨਸਾਨ ਤਾਂ ਦਿਖਾਈ ਦਿੰਦੇ ਹਨ, ਪਰ ਇੱਦਾਂ ਲੱਗਦਾ ਹੈ ਜਿਵੇਂ ਉਹ ਤੁਰਦੇ-ਫਿਰਦੇ ਦਰਖ਼ਤ ਹੋਣ।” 25 ਫਿਰ ਉਸ ਨੇ ਦੁਬਾਰਾ ਆਪਣੇ ਹੱਥ ਆਦਮੀ ਦੀਆਂ ਅੱਖਾਂ ਉੱਤੇ ਰੱਖੇ ਅਤੇ ਉਸ ਆਦਮੀ ਨੂੰ ਦਿਸਣ ਲੱਗ ਪਿਆ ਅਤੇ ਉਸ ਦੀ ਨਜ਼ਰ ਠੀਕ ਹੋ ਗਈ ਅਤੇ ਉਸ ਨੂੰ ਸਾਰੀਆਂ ਚੀਜ਼ਾਂ ਸਾਫ਼-ਸਾਫ਼ ਦਿਸਣ ਲੱਗ ਪਈਆਂ। 26 ਫਿਰ ਉਸ ਨੇ ਆਦਮੀ ਨੂੰ ਘਰ ਘੱਲਦੇ ਹੋਏ ਕਿਹਾ: “ਤੂੰ ਪਿੰਡ ਵਾਪਸ ਨਾ ਜਾਈਂ।”
27 ਹੁਣ ਯਿਸੂ ਅਤੇ ਉਸ ਦੇ ਚੇਲੇ ਕੈਸਰੀਆ ਫ਼ਿਲਿੱਪੀ ਦੇ ਪਿੰਡਾਂ ਵੱਲ ਨੂੰ ਤੁਰ ਪਏ ਅਤੇ ਰਾਹ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮੈਂ ਕੌਣ ਹਾਂ?” 28 ਉਨ੍ਹਾਂ ਨੇ ਉਸ ਨੂੰ ਕਿਹਾ: “ਕੁਝ ਲੋਕ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ, ਦੂਸਰੇ ਕਹਿੰਦੇ ਹਨ ਏਲੀਯਾਹ ਨਬੀ ਅਤੇ ਕਈ ਹੋਰ ਕਹਿੰਦੇ ਹਨ, ਨਬੀਆਂ ਵਿੱਚੋਂ ਕੋਈ ਨਬੀ।” 29 ਅਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ: “ਤੂੰ ਮਸੀਹ ਹੈਂ।” 30 ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ। 31 ਨਾਲੇ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਅਤਿਆਚਾਰ ਸਹਿਣੇ ਪੈਣਗੇ ਅਤੇ ਬਜ਼ੁਰਗ, ਮੁੱਖ ਪੁਜਾਰੀ ਤੇ ਗ੍ਰੰਥੀ ਉਸ ਨੂੰ ਕਬੂਲ ਨਹੀਂ ਕਰਨਗੇ ਅਤੇ ਲੋਕ ਉਸ ਨੂੰ ਜਾਨੋਂ ਮਾਰ ਦੇਣਗੇ, ਪਰ ਉਹ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਹੋ ਜਾਵੇਗਾ। 32 ਉਸ ਨੇ ਇਹ ਗੱਲ ਸਾਫ਼-ਸਾਫ਼ ਕਹੀ। ਪਰ ਪਤਰਸ ਨੇ ਉਸ ਨੂੰ ਇਕ ਪਾਸੇ ਲਿਜਾ ਕੇ ਝਿੜਕਿਆ। 33 ਉਸ ਨੇ ਮੁੜ ਕੇ ਆਪਣੇ ਚੇਲਿਆਂ ਵੱਲ ਦੇਖਿਆ ਅਤੇ ਪਤਰਸ ਨੂੰ ਝਿੜਕਦੇ ਹੋਏ ਕਿਹਾ: “ਹੇ ਸ਼ੈਤਾਨ, ਪਰੇ ਹਟ! ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।”
34 ਹੁਣ ਉਸ ਨੇ ਆਪਣੇ ਚੇਲਿਆਂ ਦੇ ਨਾਲ ਭੀੜ ਨੂੰ ਵੀ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਤਸੀਹੇ ਦੀ ਸੂਲ਼ੀ ਚੁੱਕੇ ਅਤੇ ਮੇਰੇ ਪਿੱਛੇ-ਪਿੱਛੇ ਹਮੇਸ਼ਾ ਚੱਲਦਾ ਰਹੇ। 35 ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾਵੇਗਾ। 36 ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ? 37 ਜੇ ਇਨਸਾਨ ਆਪਣਾ ਸਭ ਕੁਝ ਦੇ ਦੇਵੇ, ਤਾਂ ਕੀ ਉਹ ਆਪਣੀ ਜਾਨ ਬਚਾ ਸਕੇਗਾ? 38 ਜਿਹੜਾ ਇਨਸਾਨ ਇਸ ਹਰਾਮਕਾਰ* ਅਤੇ ਪਾਪੀ ਪੀੜ੍ਹੀ ਸਾਮ੍ਹਣੇ ਮੇਰਾ ਚੇਲਾ ਹੋਣ ਅਤੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਵਿਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ, ਤਾਂ ਮਨੁੱਖ ਦਾ ਪੁੱਤਰ ਵੀ ਉਸ ਨੂੰ ਆਪਣਾ ਚੇਲਾ ਮੰਨਣ ਵਿਚ ਸ਼ਰਮਿੰਦਗੀ ਮਹਿਸੂਸ ਕਰੇਗਾ ਜਦੋਂ ਉਹ ਆਪਣੇ ਪਵਿੱਤਰ ਦੂਤਾਂ ਸਣੇ ਆਪਣੇ ਪਿਤਾ ਦੀ ਸ਼ਾਨੋ-ਸ਼ੌਕਤ ਨਾਲ ਆਵੇਗਾ।”