ਪ੍ਰਕਾਸ਼ ਦੀ ਕਿਤਾਬ
7 ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰਾਂ ਖੂੰਜਿਆਂ ʼਤੇ ਚਾਰ ਦੂਤ ਖੜ੍ਹੇ ਦੇਖੇ ਜਿਨ੍ਹਾਂ ਨੇ ਧਰਤੀ ਦੀਆਂ ਚਾਰੇ ਹਵਾਵਾਂ ਨੂੰ ਮਜ਼ਬੂਤੀ ਨਾਲ ਫੜ ਕੇ ਰੋਕ ਰੱਖਿਆ ਸੀ, ਤਾਂਕਿ ਹਵਾ ਨਾ ਧਰਤੀ ਉੱਤੇ, ਨਾ ਸਮੁੰਦਰ ਉੱਤੇ ਅਤੇ ਨਾ ਹੀ ਕਿਸੇ ਦਰਖ਼ਤ ਉੱਤੇ ਵਗੇ। 2 ਅਤੇ ਮੈਂ ਇਕ ਹੋਰ ਦੂਤ ਨੂੰ ਸੂਰਜ ਦੇ ਚੜ੍ਹਦੇ ਪਾਸਿਓਂ* ਉੱਪਰ ਆਉਂਦੇ ਦੇਖਿਆ। ਉਸ ਦੇ ਹੱਥ ਵਿਚ ਜੀਉਂਦੇ ਪਰਮੇਸ਼ੁਰ ਦੀ ਮੁਹਰ ਸੀ ਅਤੇ ਉਸ ਨੇ ਚਾਰਾਂ ਦੂਤਾਂ ਨੂੰ, ਜਿਨ੍ਹਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਉੱਚੀ ਆਵਾਜ਼ ਵਿਚ 3 ਕਿਹਾ: “ਜਦੋਂ ਤਕ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥਿਆਂ ਉੱਤੇ ਮੁਹਰ ਨਹੀਂ ਲਾ ਦਿੰਦੇ, ਉਦੋਂ ਤਕ ਧਰਤੀ ਜਾਂ ਸਮੁੰਦਰ ਜਾਂ ਦਰਖ਼ਤਾਂ ਨੂੰ ਨੁਕਸਾਨ ਨਾ ਪਹੁੰਚਾਇਓ।”
4 ਅਤੇ ਇਜ਼ਰਾਈਲੀਆਂ ਦੇ ਹਰ ਗੋਤ ਵਿੱਚੋਂ ਜਿਨ੍ਹਾਂ ਉੱਤੇ ਮੁਹਰ ਲਾਈ ਗਈ ਸੀ, ਮੈਂ ਉਨ੍ਹਾਂ ਦੀ ਗਿਣਤੀ ਸੁਣੀ। ਉਨ੍ਹਾਂ ਦੀ ਗਿਣਤੀ 1,44,000 ਸੀ:
5 ਯਹੂਦਾਹ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਰਊਬੇਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਗਾਦ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
6 ਆਸ਼ੇਰ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਨਫ਼ਤਾਲੀ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਮਨੱਸ਼ਹ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
7 ਸ਼ਿਮਓਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਲੇਵੀ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਯਿੱਸਾਕਾਰ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
8 ਜ਼ਬੂਲੁਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਯੂਸੁਫ਼ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ।
9 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ ਦੇਖੀ ਜਿਸ ਨੂੰ ਕੋਈ ਵੀ ਗਿਣ ਨਾ ਸਕਿਆ। ਉਹ ਲੋਕ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਚਿੱਟੇ ਚੋਗੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਖਜੂਰ ਦੀਆਂ ਟਾਹਣੀਆਂ ਸਨ। 10 ਅਤੇ ਉਹ ਉੱਚੀ-ਉੱਚੀ ਕਹਿ ਰਹੇ ਸਨ: “ਅਸੀਂ ਆਪਣੇ ਪਰਮੇਸ਼ੁਰ ਦੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੈ, ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਸਾਨੂੰ ਮੁਕਤੀ ਦਿੱਤੀ ਹੈ।”
11 ਅਤੇ ਸਾਰੇ ਦੂਤ ਅਤੇ ਬਜ਼ੁਰਗ ਅਤੇ ਚਾਰੇ ਕਰੂਬੀ ਸਿੰਘਾਸਣ ਦੇ ਆਲੇ-ਦੁਆਲੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਸਿੰਘਾਸਣ ਦੇ ਸਾਮ੍ਹਣੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ 12 ਅਤੇ ਉਨ੍ਹਾਂ ਨੇ ਕਿਹਾ: “ਆਮੀਨ! ਸਾਡੇ ਪਰਮੇਸ਼ੁਰ ਦੀ ਵਡਿਆਈ, ਮਹਿਮਾ, ਆਦਰ ਅਤੇ ਧੰਨਵਾਦ ਯੁਗੋ-ਯੁਗ ਹੁੰਦਾ ਰਹੇ ਅਤੇ ਬੁੱਧ, ਤਾਕਤ ਅਤੇ ਬਲ ਹਮੇਸ਼ਾ ਉਸੇ ਦਾ ਰਹੇ। ਆਮੀਨ।”
13 ਇਹ ਸੁਣ ਕੇ ਇਕ ਬਜ਼ੁਰਗ ਨੇ ਮੈਨੂੰ ਪੁੱਛਿਆ: “ਜਿਨ੍ਹਾਂ ਲੋਕਾਂ ਨੇ ਚਿੱਟੇ ਚੋਗੇ ਪਾਏ ਹੋਏ ਹਨ, ਉਹ ਕੌਣ ਹਨ ਅਤੇ ਕਿੱਥੋਂ ਆਏ ਹਨ?” 14 ਮੈਂ ਉਸੇ ਵੇਲੇ ਉਸ ਨੂੰ ਕਿਹਾ: “ਮੇਰੇ ਪ੍ਰਭੂ, ਤੂੰ ਹੀ ਇਹ ਗੱਲ ਜਾਣਦਾ ਹੈਂ।” ਉਸ ਨੇ ਮੈਨੂੰ ਕਿਹਾ: “ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ ਅਤੇ ਇਨ੍ਹਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ। 15 ਇਸੇ ਕਰਕੇ ਇਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹੇ ਹਨ ਅਤੇ ਉਸ ਦੇ ਮੰਦਰ ਵਿਚ ਦਿਨ-ਰਾਤ ਉਸ ਦੀ ਭਗਤੀ ਕਰਦੇ ਹਨ; ਅਤੇ ਪਰਮੇਸ਼ੁਰ ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਹੈ, ਉਨ੍ਹਾਂ ਦੀ ਰੱਖਿਆ ਕਰੇਗਾ।* 16 ਉਨ੍ਹਾਂ ਨੂੰ ਅੱਗੇ ਤੋਂ ਨਾ ਭੁੱਖ ਲੱਗੇਗੀ ਅਤੇ ਨਾ ਹੀ ਪਿਆਸ ਲੱਗੇਗੀ ਅਤੇ ਨਾ ਹੀ ਉਨ੍ਹਾਂ ਉੱਤੇ ਸੂਰਜ ਦੀ ਤਪਦੀ ਧੁੱਪ ਪਵੇਗੀ ਅਤੇ ਨਾ ਹੀ ਉਨ੍ਹਾਂ ਉੱਤੇ ਲੂ ਵਗੇਗੀ, 17 ਕਿਉਂਕਿ ਸਿੰਘਾਸਣ ਦੇ ਕੋਲ ਖੜ੍ਹਾ ਲੇਲਾ ਚਰਵਾਹੇ ਵਾਂਗ ਉਨ੍ਹਾਂ ਦੀ ਦੇਖ-ਭਾਲ ਕਰੇਗਾ ਅਤੇ ਉਨ੍ਹਾਂ ਨੂੰ ਅੰਮ੍ਰਿਤ ਜਲ* ਦੇ ਚਸ਼ਮਿਆਂ ਕੋਲ ਲੈ ਜਾਵੇਗਾ। ਅਤੇ ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।”