-
ਮੱਤੀ 13:18-23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਹੁਣ ਤੁਸੀਂ ਬੀ ਬੀਜਣ ਵਾਲੇ ਦੀ ਮਿਸਾਲ ਧਿਆਨ ਨਾਲ ਸੁਣੋ।+ 19 ਰਾਹ ਦੇ ਕੰਢੇ-ਕੰਢੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਰਾਜ ਬਾਰੇ ਪਰਮੇਸ਼ੁਰ ਦਾ ਬਚਨ ਸੁਣਦਾ ਹੈ, ਪਰ ਬਚਨ ਦਾ ਮਤਲਬ ਨਹੀਂ ਸਮਝਦਾ ਅਤੇ ਉਸ ਦੇ ਦਿਲ ਵਿਚ ਜੋ ਬੀਜਿਆ ਗਿਆ ਸੀ,+ ਸ਼ੈਤਾਨ+ ਆ ਕੇ ਉਸ ਨੂੰ ਕੱਢ ਕੇ ਲੈ ਜਾਂਦਾ ਹੈ। 20 ਪਥਰੀਲੀ ਜ਼ਮੀਨ ਉੱਤੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਪਰਮੇਸ਼ੁਰ ਦਾ ਬਚਨ ਸੁਣ ਕੇ ਝੱਟ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦਾ ਹੈ।+ 21 ਪਰ ਬਚਨ ਨੇ ਉਸ ਦੇ ਦਿਲ ਵਿਚ ਜੜ੍ਹ ਨਹੀਂ ਫੜੀ, ਫਿਰ ਵੀ ਉਹ ਥੋੜ੍ਹਾ ਚਿਰ ਮੰਨਦਾ ਰਹਿੰਦਾ ਹੈ ਅਤੇ ਜਦੋਂ ਬਚਨ ਨੂੰ ਮੰਨਣ ਕਰਕੇ ਉਸ ਉੱਤੇ ਮੁਸੀਬਤਾਂ ਆਉਂਦੀਆਂ ਹਨ ਜਾਂ ਅਤਿਆਚਾਰ ਹੁੰਦੇ ਹਨ, ਤਾਂ ਉਹ ਇਕਦਮ ਬਚਨ ਉੱਤੇ ਨਿਹਚਾ ਕਰਨੀ ਛੱਡ ਦਿੰਦਾ ਹੈ। 22 ਕੰਡਿਆਲ਼ੀਆਂ ਝਾੜੀਆਂ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਤਾਂ ਹੈ, ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਬਚਨ ਨੂੰ ਦਬਾ ਦਿੰਦੀ ਹੈ ਅਤੇ ਉਹ ਕੋਈ ਫਲ ਨਹੀਂ ਦਿੰਦਾ।+ 23 ਚੰਗੀ ਜ਼ਮੀਨ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਹੈ ਅਤੇ ਇਸ ਦਾ ਮਤਲਬ ਸਮਝਦਾ ਹੈ ਅਤੇ ਉਹ ਜ਼ਰੂਰ ਫਲ ਦਿੰਦਾ ਹੈ, ਕੋਈ 100 ਗੁਣਾ, ਕੋਈ 60 ਗੁਣਾ ਅਤੇ ਕੋਈ 30 ਗੁਣਾ।”+
-
-
ਮਰਕੁਸ 4:14-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਬੀ ਬੀਜਣ ਵਾਲਾ ਬਚਨ ਬੀਜਦਾ ਹੈ।+ 15 ਰਾਹ ਦੇ ਕੰਢੇ-ਕੰਢੇ ਡਿਗੇ ਬੀ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਦੇ ਦਿਲਾਂ ਵਿਚ ਬਚਨ ਬੀਜਿਆ ਗਿਆ, ਪਰ ਉਨ੍ਹਾਂ ਦੇ ਸੁਣਦਿਆਂ ਸਾਰ ਸ਼ੈਤਾਨ ਆਉਂਦਾ ਹੈ+ ਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ।+ 16 ਇਸੇ ਤਰ੍ਹਾਂ ਪਥਰੀਲੀ ਜ਼ਮੀਨ ਉੱਤੇ ਡਿਗੇ ਬੀ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦੇ ਹਨ।+ 17 ਪਰ ਉਹ ਜੜ੍ਹ ਨਹੀਂ ਫੜਦੇ, ਫਿਰ ਵੀ ਥੋੜ੍ਹਾ ਚਿਰ ਵਧਦੇ ਹਨ; ਫਿਰ ਜਦ ਬਚਨ ਕਰਕੇ ਉਨ੍ਹਾਂ ਉੱਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਅਤਿਆਚਾਰ ਹੁੰਦਾ ਹੈ, ਤਾਂ ਉਹ ਨਿਹਚਾ ਕਰਨੀ ਛੱਡ ਦਿੰਦੇ ਹਨ।* 18 ਕਈ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ। ਇਹ ਉਹ ਹਨ ਜਿਹੜੇ ਬਚਨ ਨੂੰ ਸੁਣਦੇ ਤਾਂ ਹਨ,+ 19 ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ+ ਅਤੇ ਹੋਰ ਚੀਜ਼ਾਂ ਦੀਆਂ ਇੱਛਾਵਾਂ+ ਉਨ੍ਹਾਂ ਦੇ ਦਿਲ ਵਿਚ ਆ ਕੇ ਬਚਨ ਨੂੰ ਦਬਾ ਲੈਂਦੀਆਂ ਹਨ ਅਤੇ ਉਹ ਕੋਈ ਫਲ ਨਹੀਂ ਦਿੰਦਾ। 20 ਅਖ਼ੀਰ ਵਿਚ ਚੰਗੀ ਜ਼ਮੀਨ ʼਤੇ ਡਿਗਣ ਵਾਲੇ ਬੀ ਉਹ ਹਨ ਜੋ ਬਚਨ ਨੂੰ ਸੁਣਦੇ ਤੇ ਮੰਨ ਲੈਂਦੇ ਹਨ ਅਤੇ ਫਲ ਦਿੰਦੇ ਹਨ, ਕੋਈ 30 ਗੁਣਾ, ਕੋਈ 60 ਗੁਣਾ ਅਤੇ ਕੋਈ 100 ਗੁਣਾ।”+
-