ਦੂਜਾ ਇਤਿਹਾਸ
23 ਯਹੋਯਾਦਾ ਨੇ ਸੱਤਵੇਂ ਸਾਲ ਦਲੇਰੀ ਦਿਖਾਈ ਅਤੇ ਸੌ-ਸੌ ਦੇ ਮੁਖੀਆਂ ਯਾਨੀ ਯਰੋਹਾਮ ਦੇ ਪੁੱਤਰ ਅਜ਼ਰਯਾਹ, ਯਹੋਹਾਨਾਨ ਦੇ ਪੁੱਤਰ ਇਸਮਾਏਲ, ਓਬੇਦ ਦੇ ਪੁੱਤਰ ਅਜ਼ਰਯਾਹ, ਅਦਾਯਾਹ ਦੇ ਪੁੱਤਰ ਮਾਸੇਯਾਹ ਅਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨਾਲ ਇਕਰਾਰ ਕੀਤਾ।+ 2 ਫਿਰ ਉਹ ਸਾਰੇ ਯਹੂਦਾਹ ਵਿਚ ਗਏ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਦੇ ਲੇਵੀਆਂ ਨੂੰ+ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਜਦੋਂ ਉਹ ਯਰੂਸ਼ਲਮ ਆਏ, 3 ਤਾਂ ਸਾਰੀ ਮੰਡਲੀ ਨੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਰਾਜੇ ਨਾਲ ਇਕਰਾਰ ਕੀਤਾ+ ਤੇ ਇਸ ਤੋਂ ਬਾਅਦ ਯਹੋਯਾਦਾ ਨੇ ਉਨ੍ਹਾਂ ਨੂੰ ਕਿਹਾ:
“ਦੇਖੋ! ਰਾਜੇ ਦਾ ਪੁੱਤਰ ਹਕੂਮਤ ਕਰੇਗਾ ਜਿਵੇਂ ਯਹੋਵਾਹ ਨੇ ਦਾਊਦ ਦੇ ਪੁੱਤਰਾਂ ਬਾਰੇ ਵਾਅਦਾ ਕੀਤਾ ਸੀ।+ 4 ਤੁਸੀਂ ਇੱਦਾਂ ਕਰਨਾ: ਸਬਤ ਦੇ ਦਿਨ ਜਿਹੜੇ ਪੁਜਾਰੀ ਅਤੇ ਲੇਵੀ ਕੰਮ ਕਰ ਰਹੇ ਹੋਣਗੇ,+ ਉਨ੍ਹਾਂ ਵਿੱਚੋਂ ਇਕ-ਤਿਹਾਈ ਜਣੇ ਦਰਬਾਨਾਂ ਵਜੋਂ ਕੰਮ ਕਰਨਗੇ;+ 5 ਇਕ-ਤਿਹਾਈ ਰਾਜੇ ਦੇ ਮਹਿਲ ਕੋਲ+ ਅਤੇ ਇਕ-ਤਿਹਾਈ ਨੀਂਹ ਫਾਟਕ ʼਤੇ ਖੜ੍ਹੇ ਹੋਣਗੇ ਅਤੇ ਸਾਰੇ ਲੋਕ ਯਹੋਵਾਹ ਦੇ ਭਵਨ ਦੇ ਵਿਹੜਿਆਂ ਵਿਚ ਹੋਣਗੇ।+ 6 ਸੇਵਾ ਕਰਨ ਵਾਲੇ ਪੁਜਾਰੀਆਂ ਅਤੇ ਲੇਵੀਆਂ ਤੋਂ ਸਿਵਾਇ ਹੋਰ ਕਿਸੇ ਨੂੰ ਵੀ ਯਹੋਵਾਹ ਦੇ ਭਵਨ ਵਿਚ ਦਾਖ਼ਲ ਨਾ ਹੋਣ ਦਿਓ।+ ਇਹ ਦਾਖ਼ਲ ਹੋ ਸਕਦੇ ਹਨ ਕਿਉਂਕਿ ਇਹ ਪਵਿੱਤਰ ਸਮੂਹ ਹੈ ਅਤੇ ਸਾਰੇ ਲੋਕ ਯਹੋਵਾਹ ਪ੍ਰਤੀ ਆਪਣਾ ਫ਼ਰਜ਼ ਨਿਭਾਉਣਗੇ। 7 ਲੇਵੀ ਆਪਣੇ ਹੱਥਾਂ ਵਿਚ ਹਥਿਆਰ ਲਈ ਰਾਜੇ ਦੁਆਲੇ ਘੇਰਾ ਬਣਾ ਕੇ ਤੈਨਾਤ ਰਹਿਣ। ਜੇ ਕੋਈ ਭਵਨ ਵਿਚ ਵੜੇ, ਤਾਂ ਉਸ ਨੂੰ ਮਾਰ ਸੁੱਟਿਆ ਜਾਵੇ। ਰਾਜਾ ਜਿੱਥੇ ਵੀ ਜਾਵੇ,* ਤੁਸੀਂ ਉਸ ਦੇ ਨਾਲ-ਨਾਲ ਰਹਿਓ।”
8 ਲੇਵੀਆਂ ਤੇ ਸਾਰੇ ਯਹੂਦਾਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਪੁਜਾਰੀ ਨੇ ਹੁਕਮ ਦਿੱਤਾ ਸੀ। ਹਰੇਕ ਨੇ ਆਪਣੇ ਆਦਮੀਆਂ ਨੂੰ ਨਾਲ ਲਿਆ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਲੱਗੀ ਸੀ ਤੇ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਨਹੀਂ ਵੀ ਲੱਗੀ ਸੀ+ ਕਿਉਂਕਿ ਯਹੋਯਾਦਾ ਪੁਜਾਰੀ ਨੇ ਅਜੇ ਤਕ ਟੋਲੀਆਂ ਨੂੰ ਕੰਮ ਤੋਂ ਛੁੱਟੀ ਨਹੀਂ ਸੀ ਦਿੱਤੀ।+ 9 ਫਿਰ ਯਹੋਯਾਦਾ ਪੁਜਾਰੀ ਨੇ ਸੌ-ਸੌ ਦੇ ਮੁਖੀਆਂ+ ਨੂੰ ਰਾਜਾ ਦਾਊਦ ਦੇ ਬਰਛੇ, ਛੋਟੀਆਂ ਢਾਲਾਂ* ਅਤੇ ਗੋਲ ਢਾਲਾਂ ਦਿੱਤੀਆਂ+ ਜੋ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਪਈਆਂ ਸਨ।+ 10 ਫਿਰ ਉਸ ਨੇ ਸਾਰੇ ਲੋਕਾਂ ਨੂੰ ਭਵਨ ਦੇ ਸੱਜੇ ਪਾਸੇ ਤੋਂ ਲੈ ਕੇ ਭਵਨ ਦੇ ਖੱਬੇ ਪਾਸੇ ਤਕ ਵੇਦੀ ਅਤੇ ਭਵਨ ਦੇ ਲਾਗੇ ਯਾਨੀ ਰਾਜੇ ਦੇ ਚਾਰੇ ਪਾਸੇ ਤੈਨਾਤ ਕਰ ਦਿੱਤਾ ਤੇ ਹਰੇਕ ਨੇ ਹੱਥ ਵਿਚ ਆਪਣਾ ਹਥਿਆਰ ਫੜਿਆ ਹੋਇਆ ਸੀ। 11 ਫਿਰ ਉਹ ਰਾਜੇ ਦੇ ਪੁੱਤਰ+ ਨੂੰ ਬਾਹਰ ਲੈ ਆਏ ਤੇ ਉਸ ਦੇ ਸਿਰ ʼਤੇ ਤਾਜ ਰੱਖਿਆ ਅਤੇ ਫਿਰ ਗਵਾਹੀ-ਪੱਤਰੀ*+ ਰੱਖੀ ਤੇ ਉਸ ਨੂੰ ਰਾਜਾ ਬਣਾ ਦਿੱਤਾ ਅਤੇ ਯਹੋਯਾਦਾ ਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਨਿਯੁਕਤ* ਕੀਤਾ। ਫਿਰ ਉਨ੍ਹਾਂ ਨੇ ਕਿਹਾ: “ਰਾਜਾ ਯੁਗੋ-ਯੁਗ ਜੀਵੇ!”+
12 ਜਦੋਂ ਅਥਲਯਾਹ ਨੇ ਦੌੜ-ਭੱਜ ਰਹੇ ਅਤੇ ਰਾਜੇ ਦਾ ਗੁਣਗਾਨ ਕਰ ਰਹੇ ਲੋਕਾਂ ਦਾ ਰੌਲ਼ਾ ਸੁਣਿਆ, ਤਾਂ ਉਹ ਉਸੇ ਵੇਲੇ ਲੋਕਾਂ ਕੋਲ ਯਹੋਵਾਹ ਦੇ ਭਵਨ ਆਈ।+ 13 ਫਿਰ ਉਸ ਨੇ ਦੇਖਿਆ ਕਿ ਰਾਜਾ ਲਾਂਘੇ ʼਤੇ ਆਪਣੇ ਥੰਮ੍ਹ ਕੋਲ ਖੜ੍ਹਾ ਸੀ। ਹਾਕਮ+ ਅਤੇ ਤੁਰ੍ਹੀਆਂ ਵਜਾਉਣ ਵਾਲੇ ਰਾਜੇ ਦੇ ਨਾਲ ਸਨ ਅਤੇ ਦੇਸ਼ ਦੇ ਸਾਰੇ ਲੋਕ ਖ਼ੁਸ਼ੀਆਂ ਮਨਾ ਰਹੇ ਸਨ+ ਤੇ ਤੁਰ੍ਹੀਆਂ ਵਜਾ ਰਹੇ ਸਨ ਅਤੇ ਗਾਇਕ ਸਾਜ਼ਾਂ ਨਾਲ ਮਹਿਮਾ ਕਰਨ ਵਿਚ ਅਗਵਾਈ ਕਰ ਰਹੇ ਸਨ।* ਇਹ ਦੇਖ ਕੇ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਤੇ ਚੀਕ-ਚੀਕ ਕੇ ਕਹਿਣ ਲੱਗੀ: “ਇਹ ਸਾਜ਼ਸ਼ ਹੈ! ਸਾਜ਼ਸ਼!” 14 ਪਰ ਯਹੋਯਾਦਾ ਪੁਜਾਰੀ ਨੇ ਫ਼ੌਜ ʼਤੇ ਨਿਯੁਕਤ ਸੌ-ਸੌ ਦੇ ਮੁਖੀਆਂ ਨੂੰ ਲਿਆਂਦਾ ਤੇ ਉਨ੍ਹਾਂ ਨੂੰ ਕਿਹਾ: “ਇਹਨੂੰ ਫ਼ੌਜੀਆਂ ਦੇ ਘੇਰੇ ਵਿੱਚੋਂ ਲੈ ਜਾਓ ਤੇ ਜੇ ਕੋਈ ਇਹਦੇ ਮਗਰ ਆਇਆ, ਤਾਂ ਉਹਨੂੰ ਤਲਵਾਰ ਨਾਲ ਵੱਢ ਸੁੱਟਿਓ!” ਕਿਉਂਕਿ ਪੁਜਾਰੀ ਨੇ ਕਿਹਾ ਸੀ: “ਇਹਨੂੰ ਯਹੋਵਾਹ ਦੇ ਭਵਨ ਵਿਚ ਨਾ ਮਾਰਿਓ।” 15 ਉਨ੍ਹਾਂ ਨੇ ਉਸ ਨੂੰ ਫੜ ਲਿਆ ਤੇ ਜਦੋਂ ਉਹ ਰਾਜੇ ਦੇ ਮਹਿਲ ਦੇ ਘੋੜਾ ਫਾਟਕ ਦੇ ਲਾਂਘੇ ʼਤੇ ਪਹੁੰਚੀ, ਤਾਂ ਉੱਥੇ ਉਨ੍ਹਾਂ ਨੇ ਉਸੇ ਵੇਲੇ ਉਸ ਨੂੰ ਮਾਰ ਦਿੱਤਾ।
16 ਫਿਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਤੇ ਰਾਜੇ ਵਿਚਕਾਰ ਇਕਰਾਰ ਕੀਤਾ ਕਿ ਉਹ ਯਹੋਵਾਹ ਦੀ ਪਰਜਾ ਬਣੇ ਰਹਿਣਗੇ।+ 17 ਇਸ ਤੋਂ ਬਾਅਦ ਸਾਰੇ ਲੋਕ ਬਆਲ ਦੇ ਮੰਦਰ* ਵਿਚ ਆਏ ਤੇ ਉਸ ਨੂੰ ਢਾਹ ਦਿੱਤਾ+ ਅਤੇ ਉਨ੍ਹਾਂ ਨੇ ਉਸ ਦੀਆਂ ਵੇਦੀਆਂ ਤੇ ਉਸ ਦੀਆਂ ਮੂਰਤੀਆਂ ਨੂੰ ਚਕਨਾਚੂਰ ਕਰ ਦਿੱਤਾ+ ਅਤੇ ਵੇਦੀਆਂ ਦੇ ਸਾਮ੍ਹਣੇ ਬਆਲ ਦੇ ਪੁਜਾਰੀ ਮੱਤਾਨ ਨੂੰ ਮਾਰ ਦਿੱਤਾ।+ 18 ਫਿਰ ਯਹੋਯਾਦਾ ਨੇ ਯਹੋਵਾਹ ਦੇ ਭਵਨ ਦੀ ਨਿਗਰਾਨੀ ਦਾ ਕੰਮ ਪੁਜਾਰੀਆਂ ਤੇ ਲੇਵੀਆਂ ਦੇ ਹੱਥਾਂ ਵਿਚ ਸੌਂਪ ਦਿੱਤਾ ਜਿਨ੍ਹਾਂ ਨੂੰ ਟੋਲੀਆਂ ਵਿਚ ਵੰਡ ਕੇ ਦਾਊਦ ਨੇ ਯਹੋਵਾਹ ਦੇ ਭਵਨ ਉੱਤੇ ਠਹਿਰਾਇਆ ਸੀ ਕਿ ਉਹ ਦਾਊਦ ਦੇ ਨਿਰਦੇਸ਼ਨ* ਮੁਤਾਬਕ ਖ਼ੁਸ਼ੀਆਂ ਮਨਾਉਂਦੇ ਹੋਏ ਤੇ ਗੀਤ ਗਾਉਂਦੇ ਹੋਏ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾਉਣ+ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੈ।+ 19 ਨਾਲੇ ਉਸ ਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ʼਤੇ ਦਰਬਾਨਾਂ+ ਨੂੰ ਤੈਨਾਤ ਕੀਤਾ ਤਾਂਕਿ ਅਜਿਹਾ ਕੋਈ ਵੀ ਅੰਦਰ ਦਾਖ਼ਲ ਨਾ ਹੋ ਸਕੇ ਜੋ ਕਿਸੇ ਵੀ ਤਰ੍ਹਾਂ ਅਸ਼ੁੱਧ ਹੋਵੇ। 20 ਫਿਰ ਉਸ ਨੇ ਸੌ-ਸੌ ਦੇ ਮੁਖੀਆਂ,+ ਰੁਤਬੇਦਾਰ ਆਦਮੀਆਂ, ਲੋਕਾਂ ਦੇ ਹਾਕਮਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਲਿਆ ਅਤੇ ਉਹ ਯਹੋਵਾਹ ਦੇ ਭਵਨ ਤੋਂ ਰਾਜੇ ਨੂੰ ਲੈ ਗਏ। ਫਿਰ ਉਹ ਉੱਪਰਲੇ ਦਰਵਾਜ਼ੇ ਰਾਹੀਂ ਰਾਜੇ ਦੇ ਮਹਿਲ ਵਿਚ ਆਏ ਤੇ ਉਨ੍ਹਾਂ ਨੇ ਰਾਜੇ ਨੂੰ ਰਾਜ-ਸਿੰਘਾਸਣ+ ʼਤੇ ਬਿਠਾ ਦਿੱਤਾ।+ 21 ਇਸ ਲਈ ਦੇਸ਼ ਦੇ ਸਾਰੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ ਅਤੇ ਸ਼ਹਿਰ ਵਿਚ ਸ਼ਾਂਤੀ ਕਾਇਮ ਹੋ ਗਈ ਕਿਉਂਕਿ ਉਨ੍ਹਾਂ ਨੇ ਅਥਲਯਾਹ ਨੂੰ ਤਲਵਾਰ ਨਾਲ ਮਾਰ ਸੁੱਟਿਆ ਸੀ।