ਪਹਿਲਾ ਸਮੂਏਲ
27 ਪਰ ਦਾਊਦ ਨੇ ਮਨ ਹੀ ਮਨ ਕਿਹਾ: “ਇਕ-ਨਾ-ਇਕ ਦਿਨ ਮੈਂ ਸ਼ਾਊਲ ਦੇ ਹੱਥੋਂ ਮਾਰਿਆ ਜਾਣਾ। ਇਸ ਲਈ ਵਧੀਆ ਹੋਵੇਗਾ ਕਿ ਮੈਂ ਫਲਿਸਤੀਆਂ ਦੇ ਦੇਸ਼ ਭੱਜ ਜਾਵਾਂ;+ ਫਿਰ ਸ਼ਾਊਲ ਮੈਨੂੰ ਸਾਰੇ ਇਜ਼ਰਾਈਲ ਵਿਚ ਲੱਭਣਾ ਛੱਡ ਦੇਵੇਗਾ+ ਤੇ ਮੈਂ ਉਸ ਦੇ ਹੱਥ ਆਉਣ ਤੋਂ ਬਚ ਜਾਵਾਂਗਾ।” 2 ਇਸ ਲਈ ਦਾਊਦ ਉੱਠਿਆ ਤੇ ਆਪਣੇ ਨਾਲ ਦੇ 600 ਆਦਮੀਆਂ+ ਨੂੰ ਲੈ ਕੇ ਗਥ ਦੇ ਰਾਜੇ ਆਕੀਸ਼+ ਕੋਲ ਚਲਾ ਗਿਆ ਜੋ ਮਾਓਕ ਦਾ ਪੁੱਤਰ ਸੀ। 3 ਦਾਊਦ ਗਥ ਵਿਚ ਆਕੀਸ਼ ਕੋਲ ਰਹਿਣ ਲੱਗਾ, ਉਹ ਅਤੇ ਉਸ ਦੇ ਆਦਮੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਰਹਿਣ ਲੱਗੇ। ਦਾਊਦ ਨਾਲ ਉਸ ਦੀਆਂ ਦੋ ਪਤਨੀਆਂ ਸਨ, ਯਿਜ਼ਰਾਏਲ ਦੀ ਅਹੀਨੋਅਮ+ ਅਤੇ ਕਰਮਲ ਦੀ ਅਬੀਗੈਲ+ ਜੋ ਨਾਬਾਲ ਦੀ ਵਿਧਵਾ ਸੀ। 4 ਜਦੋਂ ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਗਥ ਨੂੰ ਭੱਜ ਗਿਆ ਸੀ, ਤਾਂ ਉਸ ਨੇ ਉਸ ਦੀ ਭਾਲ ਕਰਨੀ ਛੱਡ ਦਿੱਤੀ।+
5 ਫਿਰ ਦਾਊਦ ਨੇ ਆਕੀਸ਼ ਨੂੰ ਕਿਹਾ: “ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ʼਤੇ ਹੈ, ਤਾਂ ਮੈਨੂੰ ਸ਼ਹਿਰ ਦੇ ਬਾਹਰ ਕਿਸੇ ਇਕ ਕਸਬੇ ਵਿਚ ਰਹਿਣ ਲਈ ਥਾਂ ਦੇ। ਤੇਰਾ ਸੇਵਕ ਤੇਰੇ ਕੋਲ ਸ਼ਾਹੀ ਸ਼ਹਿਰ ਵਿਚ ਕਿਉਂ ਰਹੇ?” 6 ਇਸ ਲਈ ਆਕੀਸ਼ ਨੇ ਉਸ ਦਿਨ ਸਿਕਲਗ+ ਸ਼ਹਿਰ ਉਸ ਨੂੰ ਦੇ ਦਿੱਤਾ। ਇਸੇ ਕਰਕੇ ਸਿਕਲਗ ਅੱਜ ਤਕ ਯਹੂਦਾਹ ਦੇ ਰਾਜਿਆਂ ਅਧੀਨ ਹੈ।
7 ਦਾਊਦ ਫਲਿਸਤੀਆਂ ਦੇ ਕਸਬੇ ਵਿਚ ਜਿੰਨਾ ਸਮਾਂ* ਰਿਹਾ, ਉਹ ਇਕ ਸਾਲ ਤੇ ਚਾਰ ਮਹੀਨੇ ਸਨ।+ 8 ਦਾਊਦ ਆਪਣੇ ਆਦਮੀਆਂ ਨਾਲ ਗਸ਼ੂਰੀਆਂ,+ ਗਿਰਜ਼ੀਆਂ ਅਤੇ ਅਮਾਲੇਕੀਆਂ+ ʼਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਜਾਂਦਾ ਸੀ। ਉਨ੍ਹਾਂ ਲੋਕਾਂ ਦਾ ਇਲਾਕਾ ਤੇਲਾਮ ਤੋਂ ਲੈ ਕੇ ਸ਼ੂਰ+ ਅਤੇ ਥੱਲੇ ਮਿਸਰ ਤਕ ਫੈਲਿਆ ਹੋਇਆ ਸੀ। 9 ਜਦੋਂ ਦਾਊਦ ਇਸ ਇਲਾਕੇ ਉੱਤੇ ਹਮਲਾ ਕਰਨ ਜਾਂਦਾ ਸੀ, ਤਾਂ ਉਹ ਨਾ ਤਾਂ ਕਿਸੇ ਆਦਮੀ ਨੂੰ ਤੇ ਨਾ ਹੀ ਕਿਸੇ ਔਰਤ ਨੂੰ ਜੀਉਂਦਾ ਛੱਡਦਾ ਸੀ,+ ਪਰ ਉਹ ਭੇਡਾਂ-ਬੱਕਰੀਆਂ, ਡੰਗਰ, ਗਧੇ, ਊਠ ਅਤੇ ਕੱਪੜੇ ਲੁੱਟ ਕੇ ਆਕੀਸ਼ ਕੋਲ ਵਾਪਸ ਆ ਜਾਂਦਾ ਸੀ। 10 ਫਿਰ ਆਕੀਸ਼ ਉਸ ਨੂੰ ਪੁੱਛਦਾ ਸੀ: “ਅੱਜ ਤੂੰ ਕਿੱਥੇ ਲੁੱਟ-ਮਾਰ ਕਰਨ ਗਿਆ ਸੀ?” ਦਾਊਦ ਜਵਾਬ ਦਿੰਦਾ ਸੀ: “ਯਹੂਦਾਹ ਦੇ ਦੱਖਣ* ਵਿਚ”+ ਜਾਂ “ਯਰਹਮਏਲੀਆਂ ਦੇ ਦੱਖਣੀ ਇਲਾਕੇ ਵਿਚ”+ ਜਾਂ “ਕੇਨੀਆਂ ਦੇ ਦੱਖਣੀ ਇਲਾਕੇ ਵਿਚ।”+ 11 ਦਾਊਦ ਕਿਸੇ ਆਦਮੀ ਜਾਂ ਤੀਵੀਂ ਨੂੰ ਜੀਉਂਦਾ ਨਹੀਂ ਛੱਡਦਾ ਸੀ ਤਾਂਕਿ ਉਸ ਨੂੰ ਗਥ ਵਿਚ ਨਾ ਲਿਆਉਣਾ ਪਵੇ ਕਿਉਂਕਿ ਉਹ ਸੋਚਦਾ ਸੀ: “ਕਿਤੇ ਉਹ ਸਾਡੇ ਬਾਰੇ ਉਨ੍ਹਾਂ ਨੂੰ ਦੱਸ ਨਾ ਦੇਣ ਤੇ ਇਹ ਨਾ ਕਹਿਣ, ‘ਦਾਊਦ ਨੇ ਇਹ-ਇਹ ਕੀਤਾ।’” (ਉਹ ਇਸੇ ਤਰ੍ਹਾਂ ਕਰਦਾ ਹੁੰਦਾ ਸੀ ਜਿੰਨਾ ਚਿਰ ਉਹ ਫਲਿਸਤੀਆਂ ਦੇ ਕਸਬੇ ਵਿਚ ਰਿਹਾ।) 12 ਆਕੀਸ਼ ਨੇ ਦਾਊਦ ʼਤੇ ਯਕੀਨ ਕਰ ਲਿਆ ਕਿਉਂਕਿ ਉਸ ਨੇ ਸੋਚਿਆ: ‘ਇਜ਼ਰਾਈਲ ਵਿਚ ਉਸ ਦੇ ਲੋਕ ਹੁਣ ਤਕ ਜ਼ਰੂਰ ਉਸ ਨੂੰ ਨਫ਼ਰਤ ਕਰਨ ਲੱਗ ਪਏ ਹੋਣੇ, ਇਸ ਲਈ ਉਹ ਹਮੇਸ਼ਾ ਲਈ ਮੇਰਾ ਸੇਵਕ ਬਣਿਆ ਰਹੇਗਾ।’