ਨਿਆਈਆਂ
1 ਯਹੋਸ਼ੁਆ ਦੀ ਮੌਤ ਤੋਂ ਬਾਅਦ+ ਇਜ਼ਰਾਈਲੀਆਂ* ਨੇ ਯਹੋਵਾਹ ਤੋਂ ਸਲਾਹ ਮੰਗੀ:+ “ਸਾਡੇ ਵਿੱਚੋਂ ਪਹਿਲਾਂ ਕੌਣ ਕਨਾਨੀਆਂ ਨਾਲ ਲੜਨ ਲਈ ਜਾਵੇਗਾ?” 2 ਯਹੋਵਾਹ ਨੇ ਜਵਾਬ ਦਿੱਤਾ: “ਯਹੂਦਾਹ ਜਾਵੇਗਾ।+ ਦੇਖੋ! ਮੈਂ ਇਹ ਦੇਸ਼ ਉਸ ਦੇ ਹੱਥ ਵਿਚ ਦੇ ਰਿਹਾ ਹਾਂ।”* 3 ਫਿਰ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਕਿਹਾ: “ਕਨਾਨੀਆਂ ਨਾਲ ਲੜਨ ਲਈ ਮੇਰੇ ਨਾਲ ਉਸ ਇਲਾਕੇ* ਵਿਚ ਚੱਲ ਜੋ ਮੈਨੂੰ ਦਿੱਤਾ ਗਿਆ ਹੈ।+ ਫਿਰ ਮੈਂ ਤੇਰੇ ਨਾਲ ਉਸ ਇਲਾਕੇ ਵਿਚ ਜਾਵਾਂਗਾ ਜੋ ਤੈਨੂੰ ਦਿੱਤਾ ਗਿਆ ਹੈ।” ਇਸ ਲਈ ਸ਼ਿਮਓਨ ਉਸ ਨਾਲ ਚਲਾ ਗਿਆ।
4 ਜਦੋਂ ਯਹੂਦਾਹ ਲੜਨ ਗਿਆ, ਤਾਂ ਯਹੋਵਾਹ ਨੇ ਕਨਾਨੀਆਂ ਅਤੇ ਪਰਿੱਜੀਆਂ ਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿੱਤਾ+ ਅਤੇ ਉਨ੍ਹਾਂ ਨੇ ਬਜ਼ਕ ਵਿਚ 10,000 ਆਦਮੀਆਂ ਨੂੰ ਹਰਾ ਦਿੱਤਾ। 5 ਬਜ਼ਕ ਵਿਚ ਉਨ੍ਹਾਂ ਦਾ ਸਾਮ੍ਹਣਾ ਅਦੋਨੀ-ਬਜ਼ਕ ਨਾਲ ਹੋਇਆ ਅਤੇ ਉਹ ਉੱਥੇ ਉਸ ਨਾਲ ਲੜੇ ਅਤੇ ਉਨ੍ਹਾਂ ਨੇ ਕਨਾਨੀਆਂ+ ਤੇ ਪਰਿੱਜੀਆਂ ਨੂੰ ਹਰਾ ਦਿੱਤਾ।+ 6 ਜਦੋਂ ਅਦੋਨੀ-ਬਜ਼ਕ ਭੱਜ ਗਿਆ, ਤਾਂ ਉਨ੍ਹਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ ਅਤੇ ਉਸ ਦੇ ਹੱਥਾਂ-ਪੈਰਾਂ ਦੇ ਅੰਗੂਠੇ ਕੱਟ ਦਿੱਤੇ। 7 ਫਿਰ ਅਦੋਨੀ-ਬਜ਼ਕ ਨੇ ਕਿਹਾ: “70 ਰਾਜੇ ਹਨ ਜਿਨ੍ਹਾਂ ਦੇ ਹੱਥਾਂ-ਪੈਰਾਂ ਦੇ ਅੰਗੂਠੇ ਕੱਟ ਦਿੱਤੇ ਗਏ ਸਨ ਅਤੇ ਉਹ ਮੇਰੇ ਮੇਜ਼ ਤੋਂ ਡਿਗਿਆ ਹੋਇਆ ਖਾਣਾ ਖਾਂਦੇ ਹਨ। ਜਿਵੇਂ ਮੈਂ ਕੀਤਾ, ਉਸੇ ਤਰ੍ਹਾਂ ਪਰਮੇਸ਼ੁਰ ਨੇ ਮੇਰੇ ਨਾਲ ਕੀਤਾ ਹੈ।” ਇਸ ਤੋਂ ਬਾਅਦ ਉਹ ਉਸ ਨੂੰ ਯਰੂਸ਼ਲਮ+ ਲੈ ਆਏ ਤੇ ਉਹ ਉੱਥੇ ਮਰ ਗਿਆ।
8 ਫਿਰ ਯਹੂਦਾਹ ਦੇ ਆਦਮੀ ਯਰੂਸ਼ਲਮ ਖ਼ਿਲਾਫ਼ ਲੜੇ+ ਅਤੇ ਇਸ ʼਤੇ ਕਬਜ਼ਾ ਕਰ ਲਿਆ; ਉਨ੍ਹਾਂ ਨੇ ਇਸ ਦੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ ਤੇ ਸ਼ਹਿਰ ਨੂੰ ਅੱਗ ਲਾ ਦਿੱਤੀ। 9 ਇਸ ਤੋਂ ਬਾਅਦ, ਯਹੂਦਾਹ ਦੇ ਆਦਮੀ ਉਨ੍ਹਾਂ ਕਨਾਨੀਆਂ ਨਾਲ ਲੜਨ ਗਏ ਜੋ ਪਹਾੜੀ ਇਲਾਕੇ, ਨੇਗੇਬ ਅਤੇ ਸ਼ੇਫਲਾਹ ਵਿਚ ਰਹਿੰਦੇ ਸਨ।+ 10 ਫਿਰ ਯਹੂਦਾਹ ਹਬਰੋਨ ਵਿਚ ਵੱਸਦੇ ਕਨਾਨੀਆਂ ਖ਼ਿਲਾਫ਼ ਗਿਆ (ਹਬਰੋਨ ਦਾ ਨਾਂ ਪਹਿਲਾਂ ਕਿਰਯਥ-ਅਰਬਾ ਹੁੰਦਾ ਸੀ) ਅਤੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਮੁਕਾਇਆ।+
11 ਉੱਥੋਂ ਉਨ੍ਹਾਂ ਨੇ ਦਬੀਰ ਦੇ ਵਾਸੀਆਂ ਉੱਤੇ ਚੜ੍ਹਾਈ ਕੀਤੀ।+ (ਦਬੀਰ ਦਾ ਨਾਂ ਪਹਿਲਾਂ ਕਿਰਯਥ-ਸੇਫਰ ਹੁੰਦਾ ਸੀ।)+ 12 ਫਿਰ ਕਾਲੇਬ+ ਨੇ ਕਿਹਾ: “ਜਿਹੜਾ ਆਦਮੀ ਕਿਰਯਥ-ਸੇਫਰ ਉੱਤੇ ਹਮਲਾ ਕਰ ਕੇ ਇਸ ʼਤੇ ਕਬਜ਼ਾ ਕਰੇਗਾ, ਉਸ ਦਾ ਵਿਆਹ ਮੈਂ ਆਪਣੀ ਧੀ ਅਕਸਾਹ ਨਾਲ ਕਰ ਦਿਆਂਗਾ।”+ 13 ਅਤੇ ਆਥਨੀਏਲ+ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਉਹ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ।+ ਇਸ ਲਈ ਉਸ ਨੇ ਉਸ ਦਾ ਵਿਆਹ ਆਪਣੀ ਧੀ ਅਕਸਾਹ ਨਾਲ ਕਰ ਦਿੱਤਾ। 14 ਜਦੋਂ ਉਹ ਘਰ ਜਾ ਰਹੀ ਸੀ, ਤਾਂ ਉਸ ਨੇ ਆਥਨੀਏਲ ʼਤੇ ਜ਼ੋਰ ਪਾਇਆ ਕਿ ਉਹ ਉਸ ਦੇ ਪਿਤਾ ਕੋਲੋਂ ਜ਼ਮੀਨ ਦਾ ਕੁਝ ਹਿੱਸਾ ਮੰਗੇ। ਫਿਰ ਉਹ ਆਪਣੇ ਗਧੇ ਤੋਂ ਉੱਤਰ ਗਈ।* ਕਾਲੇਬ ਨੇ ਉਸ ਨੂੰ ਪੁੱਛਿਆ: “ਤੂੰ ਕੀ ਚਾਹੁੰਦੀ ਹੈਂ?” 15 ਉਸ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਅਸੀਸ ਦੇ। ਤੂੰ ਮੈਨੂੰ ਦੱਖਣ* ਵਿਚ ਤਾਂ ਜ਼ਮੀਨ ਦਾ ਹਿੱਸਾ ਦਿੱਤਾ ਹੈ; ਮੈਨੂੰ ਗੁਲੋਥ-ਮਾਇਮ* ਵੀ ਦੇ।” ਇਸ ਲਈ ਕਾਲੇਬ ਨੇ ਉਸ ਨੂੰ ਉੱਪਰਲਾ ਗੁਲੋਥ ਅਤੇ ਹੇਠਲਾ ਗੁਲੋਥ ਦੇ ਦਿੱਤਾ।
16 ਮੂਸਾ ਦਾ ਸਹੁਰਾ+ ਕੇਨੀਆਂ ਵਿੱਚੋਂ ਸੀ ਜਿਸ ਦੀ ਔਲਾਦ+ ਯਹੂਦਾਹ ਦੇ ਲੋਕਾਂ ਨਾਲ ਖਜੂਰ ਦੇ ਦਰਖ਼ਤਾਂ ਦੇ ਸ਼ਹਿਰ+ ਤੋਂ ਅਰਾਦ+ ਦੇ ਦੱਖਣ ਵਿਚ ਯਹੂਦਾਹ ਦੀ ਉਜਾੜ ਵਿਚ ਗਈ। ਉਹ ਉੱਥੇ ਜਾ ਕੇ ਉੱਥੇ ਦੇ ਲੋਕਾਂ ਵਿਚਕਾਰ ਜਾ ਵੱਸੇ।+ 17 ਪਰ ਯਹੂਦਾਹ ਆਪਣੇ ਭਰਾ ਸ਼ਿਮਓਨ ਨਾਲ ਗਿਆ ਅਤੇ ਉਨ੍ਹਾਂ ਨੇ ਸਫਾਥ ਵਿਚ ਰਹਿੰਦੇ ਕਨਾਨੀਆਂ ʼਤੇ ਹਮਲਾ ਕੀਤਾ ਅਤੇ ਸ਼ਹਿਰ ਨੂੰ ਨਾਸ਼ ਕਰ ਦਿੱਤਾ।+ ਉਨ੍ਹਾਂ ਨੇ ਉਸ ਸ਼ਹਿਰ ਦਾ ਨਾਂ ਹਾਰਮਾਹ* ਰੱਖਿਆ।+ 18 ਫਿਰ ਯਹੂਦਾਹ ਨੇ ਗਾਜ਼ਾ+ ਤੇ ਇਸ ਦੇ ਇਲਾਕੇ, ਅਸ਼ਕਲੋਨ+ ਤੇ ਇਸ ਦੇ ਇਲਾਕੇ ਅਤੇ ਅਕਰੋਨ+ ਤੇ ਇਸ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ। 19 ਯਹੋਵਾਹ ਯਹੂਦਾਹ ਦੇ ਨਾਲ ਸੀ ਅਤੇ ਉਨ੍ਹਾਂ ਨੇ ਪਹਾੜੀ ਇਲਾਕੇ ʼਤੇ ਕਬਜ਼ਾ ਕਰ ਲਿਆ, ਪਰ ਉਹ ਮੈਦਾਨੀ ਇਲਾਕੇ ਦੇ ਵਾਸੀਆਂ ਨੂੰ ਭਜਾ ਨਹੀਂ ਸਕੇ ਕਿਉਂਕਿ ਉਨ੍ਹਾਂ ਕੋਲ ਯੁੱਧ ਦੇ ਰਥ ਸਨ ਜਿਨ੍ਹਾਂ ਨੂੰ ਲੋਹੇ ਦੀਆਂ ਦਾਤੀਆਂ ਲੱਗੀਆਂ ਹੋਈਆਂ ਸਨ।*+ 20 ਉਨ੍ਹਾਂ ਨੇ ਕਾਲੇਬ ਨੂੰ ਹਬਰੋਨ ਦੇ ਦਿੱਤਾ, ਠੀਕ ਜਿਵੇਂ ਮੂਸਾ ਨੇ ਵਾਅਦਾ ਕੀਤਾ ਸੀ+ ਅਤੇ ਉਸ ਨੇ ਉੱਥੋਂ ਅਨਾਕ ਦੇ ਤਿੰਨ ਪੁੱਤਰਾਂ ਨੂੰ ਭਜਾ ਦਿੱਤਾ।+
21 ਪਰ ਬਿਨਯਾਮੀਨੀਆਂ ਨੇ ਯਰੂਸ਼ਲਮ ਵਿਚ ਰਹਿੰਦੇ ਯਬੂਸੀਆਂ ਨੂੰ ਨਹੀਂ ਭਜਾਇਆ, ਇਸ ਲਈ ਯਬੂਸੀ ਅੱਜ ਤਕ ਯਰੂਸ਼ਲਮ ਵਿਚ ਬਿਨਯਾਮੀਨੀਆਂ ਨਾਲ ਵੱਸਦੇ ਹਨ।+
22 ਇਸੇ ਸਮੇਂ ਦੌਰਾਨ ਯੂਸੁਫ਼ ਦਾ ਘਰਾਣਾ+ ਬੈਤੇਲ ਖ਼ਿਲਾਫ਼ ਗਿਆ ਅਤੇ ਯਹੋਵਾਹ ਉਨ੍ਹਾਂ ਨਾਲ ਸੀ।+ 23 ਯੂਸੁਫ਼ ਦਾ ਘਰਾਣਾ ਬੈਤੇਲ ਦੀ ਜਾਸੂਸੀ ਕਰ ਰਿਹਾ ਸੀ (ਇਸ ਸ਼ਹਿਰ ਦਾ ਨਾਂ ਪਹਿਲਾਂ ਲੂਜ਼ ਹੁੰਦਾ ਸੀ)+ 24 ਅਤੇ ਜਾਸੂਸਾਂ ਨੇ ਇਕ ਆਦਮੀ ਨੂੰ ਸ਼ਹਿਰ ਤੋਂ ਬਾਹਰ ਜਾਂਦਿਆਂ ਦੇਖਿਆ। ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਸਾਨੂੰ ਸ਼ਹਿਰ ਵਿਚ ਵੜਨ ਦਾ ਰਾਹ ਦੱਸ ਤੇ ਅਸੀਂ ਤੇਰੇ ʼਤੇ ਕਿਰਪਾ ਕਰਾਂਗੇ।”* 25 ਇਸ ਲਈ ਉਸ ਆਦਮੀ ਨੇ ਉਨ੍ਹਾਂ ਨੂੰ ਸ਼ਹਿਰ ਵਿਚ ਵੜਨ ਦਾ ਰਾਹ ਦਿਖਾਇਆ ਅਤੇ ਉਨ੍ਹਾਂ ਨੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਸੁੱਟਿਆ, ਪਰ ਉਨ੍ਹਾਂ ਨੇ ਉਸ ਆਦਮੀ ਨੂੰ ਤੇ ਉਸ ਦੇ ਸਾਰੇ ਪਰਿਵਾਰ ਨੂੰ ਛੱਡ ਦਿੱਤਾ।+ 26 ਉਹ ਆਦਮੀ ਹਿੱਤੀਆਂ ਦੇ ਦੇਸ਼ ਵਿਚ ਗਿਆ ਤੇ ਇਕ ਸ਼ਹਿਰ ਉਸਾਰਿਆ ਜਿਸ ਦਾ ਨਾਂ ਉਸ ਨੇ ਲੂਜ਼ ਰੱਖਿਆ ਤੇ ਅੱਜ ਤਕ ਇਹੀ ਇਸ ਦਾ ਨਾਂ ਹੈ।
27 ਮਨੱਸ਼ਹ ਨੇ ਇਨ੍ਹਾਂ ਇਲਾਕਿਆਂ ʼਤੇ ਕਬਜ਼ਾ ਨਹੀਂ ਕੀਤਾ: ਬੈਤ-ਸ਼ਿਆਨ ਤੇ ਇਸ ਦੇ ਅਧੀਨ ਆਉਂਦੇ* ਕਸਬੇ, ਤਾਨਾਕ+ ਤੇ ਇਸ ਦੇ ਅਧੀਨ ਆਉਂਦੇ ਕਸਬੇ, ਦੋਰ ਦੇ ਵਾਸੀ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਯਿਬਲਾਮ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਮਗਿੱਦੋ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ।+ ਕਨਾਨੀ ਇਸ ਦੇਸ਼ ਵਿਚ ਰਹਿਣ ਤੇ ਅੜੇ ਹੋਏ ਸਨ। 28 ਜਦੋਂ ਇਜ਼ਰਾਈਲੀ ਤਕੜੇ ਹੋਏ, ਤਾਂ ਉਹ ਕਨਾਨੀਆਂ ਤੋਂ ਜਬਰੀ ਮਜ਼ਦੂਰੀ ਕਰਾਉਣ ਲੱਗ ਪਏ,+ ਪਰ ਉਨ੍ਹਾਂ ਨੇ ਉਨ੍ਹਾਂ ਸਾਰਿਆਂ ਨੂੰ ਨਹੀਂ ਭਜਾਇਆ।+
29 ਇਫ਼ਰਾਈਮੀਆਂ ਨੇ ਵੀ ਗਜ਼ਰ ਵਿੱਚੋਂ ਕਨਾਨੀਆਂ ਨੂੰ ਨਹੀਂ ਭਜਾਇਆ। ਕਨਾਨੀ ਗਜ਼ਰ ਵਿਚ ਉਨ੍ਹਾਂ ਵਿਚਕਾਰ ਵੱਸਦੇ ਰਹੇ।+
30 ਜ਼ਬੂਲੁਨ ਨੇ ਕਟਰੋਨ ਦੇ ਵਾਸੀਆਂ ਅਤੇ ਨਹਲੋਲ+ ਦੇ ਵਾਸੀਆਂ ਨੂੰ ਨਹੀਂ ਭਜਾਇਆ। ਕਨਾਨੀ ਉਨ੍ਹਾਂ ਵਿਚਕਾਰ ਵੱਸਦੇ ਰਹੇ ਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।+
31 ਆਸ਼ੇਰ ਨੇ ਅੱਕੋ ਦੇ ਵਾਸੀਆਂ ਅਤੇ ਸੀਦੋਨ,+ ਅਹਲਾਬ, ਅਕਜ਼ੀਬ,+ ਹਲਬਾਹ, ਅਫੀਕ+ ਤੇ ਰਹੋਬ+ ਦੇ ਵਾਸੀਆਂ ਨੂੰ ਨਹੀਂ ਭਜਾਇਆ। 32 ਆਸ਼ੇਰੀ ਦੇਸ਼ ਵਿਚ ਰਹਿੰਦੇ ਕਨਾਨੀਆਂ ਵਿਚਕਾਰ ਵੱਸਦੇ ਰਹੇ ਕਿਉਂਕਿ ਆਸ਼ੇਰੀਆਂ ਨੇ ਉੱਥੋਂ ਉਨ੍ਹਾਂ ਨੂੰ ਨਹੀਂ ਭਜਾਇਆ।
33 ਨਫ਼ਤਾਲੀ ਨੇ ਬੈਤ-ਸ਼ਮਸ਼ ਦੇ ਵਾਸੀਆਂ ਅਤੇ ਬੈਤ-ਅਨਾਥ+ ਦੇ ਵਾਸੀਆਂ ਨੂੰ ਨਹੀਂ ਭਜਾਇਆ, ਸਗੋਂ ਉਹ ਦੇਸ਼ ਵਿਚ ਰਹਿੰਦੇ ਕਨਾਨੀਆਂ ਵਿਚਕਾਰ ਵੱਸਦੇ ਰਹੇ।+ ਉਹ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਤੋਂ ਜਬਰੀ ਮਜ਼ਦੂਰੀ ਕਰਾਉਂਦੇ ਸਨ।
34 ਅਮੋਰੀਆਂ ਨੇ ਦਾਨ ਦੇ ਲੋਕਾਂ ਨੂੰ ਪਹਾੜੀ ਇਲਾਕੇ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਉਹ ਉਨ੍ਹਾਂ ਨੂੰ ਥੱਲੇ ਮੈਦਾਨੀ ਇਲਾਕੇ ਵਿਚ ਆਉਣ ਨਹੀਂ ਦਿੰਦੇ ਸਨ।+ 35 ਅਮੋਰੀ ਹਰਸ ਪਹਾੜ, ਅੱਯਾਲੋਨ+ ਅਤੇ ਸ਼ਾਲਬੀਮ+ ਵਿਚ ਰਹਿਣ ਤੇ ਅੜੇ ਰਹੇ। ਪਰ ਜਦੋਂ ਯੂਸੁਫ਼ ਦੇ ਘਰਾਣੇ ਦੀ ਤਾਕਤ* ਵਧ ਗਈ,* ਤਾਂ ਉਨ੍ਹਾਂ ਨੇ ਅਮੋਰੀਆਂ ਤੋਂ ਜ਼ਬਰਦਸਤੀ ਸਖ਼ਤ ਮਜ਼ਦੂਰੀ ਕਰਾਈ। 36 ਅਮੋਰੀਆਂ ਦਾ ਇਲਾਕਾ ਅਕਰਾਬੀਮ ਦੀ ਚੜ੍ਹਾਈ+ ਤੋਂ ਅਤੇ ਸੀਲਾ ਤੋਂ ਉਤਾਂਹ ਵੱਲ ਸੀ।