ਯਿਰਮਿਯਾਹ
3 ਲੋਕ ਪੁੱਛਦੇ ਹਨ: “ਜੇ ਇਕ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਉਹ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਅਤੇ ਫਿਰ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੀ ਹੈ, ਤਾਂ ਕੀ ਉਸ ਆਦਮੀ ਨੂੰ ਉਸ ਔਰਤ ਨੂੰ ਦੁਬਾਰਾ ਅਪਣਾਉਣਾ ਚਾਹੀਦਾ ਹੈ?”
ਕੀ ਇਹ ਦੇਸ਼ ਪੂਰੀ ਤਰ੍ਹਾਂ ਭ੍ਰਿਸ਼ਟ ਨਹੀਂ ਹੋ ਚੁੱਕਾ?+
“ਤੂੰ ਕਈ ਪ੍ਰੇਮੀਆਂ ਨਾਲ ਹਰਾਮਕਾਰੀ ਕੀਤੀ ਹੈ,+
ਤਾਂ ਫਿਰ, ਕੀ ਹੁਣ ਤੈਨੂੰ ਮੇਰੇ ਕੋਲ ਵਾਪਸ ਆਉਣਾ ਚਾਹੀਦਾ?” ਯਹੋਵਾਹ ਕਹਿੰਦਾ ਹੈ।
2 “ਆਪਣੀਆਂ ਨਜ਼ਰਾਂ ਚੁੱਕ ਕੇ ਪਹਾੜੀਆਂ ਵੱਲ ਦੇਖ।
ਕਿੱਥੇ-ਕਿੱਥੇ ਤੇਰਾ ਬਲਾਤਕਾਰ ਨਹੀਂ ਹੋਇਆ?
ਜਿਵੇਂ ਉਜਾੜ ਵਿਚ ਕੋਈ ਟੱਪਰੀਵਾਸੀ* ਇੰਤਜ਼ਾਰ ਕਰਦਾ ਹੈ,
ਉਸੇ ਤਰ੍ਹਾਂ ਤੂੰ ਰਾਹ ਵਿਚ ਬੈਠ ਕੇ ਆਪਣੇ ਪ੍ਰੇਮੀਆਂ ਦਾ ਇੰਤਜ਼ਾਰ ਕਰਦੀ ਸੀ।
ਤੂੰ ਆਪਣੀ ਵੇਸਵਾਗਿਰੀ ਅਤੇ ਦੁਸ਼ਟਤਾ ਨਾਲ
ਦੇਸ਼ ਨੂੰ ਲਗਾਤਾਰ ਭ੍ਰਿਸ਼ਟ ਕਰ ਰਹੀ ਹੈਂ।+
3 ਇਸ ਲਈ ਮੀਂਹ ਨੂੰ ਰੋਕ ਦਿੱਤਾ ਗਿਆ+
ਅਤੇ ਬਸੰਤ ਵਿਚ ਬਾਰਸ਼ ਨਹੀਂ ਪੈਂਦੀ।
4 ਪਰ ਹੁਣ ਤੂੰ ਮੈਨੂੰ ਪੁਕਾਰ ਕੇ ਕਹਿੰਦੀ ਹੈਂ,
‘ਹੇ ਮੇਰੇ ਪਿਤਾ, ਜਵਾਨੀ ਤੋਂ ਤੂੰ ਹੀ ਮੇਰਾ ਸਾਥੀ ਹੈਂ!+
5 ਕੀ ਤੂੰ ਹਮੇਸ਼ਾ ਮੇਰੇ ਨਾਲ ਗੁੱਸੇ ਰਹੇਂਗਾ
ਜਾਂ ਮੇਰੇ ਨਾਲ ਨਾਰਾਜ਼ ਰਹੇਂਗਾ?’
ਤੂੰ ਇਹ ਕਹਿੰਦੀ ਤਾਂ ਹੈਂ,
ਪਰ ਤੂੰ ਉਹ ਸਭ ਬੁਰੇ ਕੰਮ ਕਰਦੀ ਰਹਿੰਦੀ ਹੈਂ ਜੋ ਤੂੰ ਕਰ ਸਕਦੀ ਹੈਂ।”+
6 ਰਾਜਾ ਯੋਸੀਯਾਹ+ ਦੇ ਦਿਨਾਂ ਵਿਚ ਯਹੋਵਾਹ ਨੇ ਮੈਨੂੰ ਕਿਹਾ: “ਕੀ ਤੂੰ ਦੇਖਿਆ ਕਿ ਬੇਵਫ਼ਾ ਇਜ਼ਰਾਈਲ ਨੇ ਕੀ ਕੀਤਾ ਹੈ? ਉਸ ਨੇ ਹਰ ਉੱਚੇ ਪਹਾੜ ʼਤੇ ਜਾ ਕੇ ਅਤੇ ਹਰ ਸੰਘਣੇ ਦਰਖ਼ਤ ਦੇ ਥੱਲੇ ਵੇਸਵਾਗਿਰੀ ਕੀਤੀ।+ 7 ਭਾਵੇਂ ਕਿ ਉਸ ਨੇ ਇਹ ਸਭ ਕੁਝ ਕੀਤਾ, ਫਿਰ ਵੀ ਮੈਂ ਉਸ ਨੂੰ ਆਪਣੇ ਕੋਲ ਵਾਪਸ ਬੁਲਾਉਂਦਾ ਰਿਹਾ,+ ਪਰ ਉਹ ਮੇਰੇ ਕੋਲ ਵਾਪਸ ਨਾ ਆਈ। ਯਹੂਦਾਹ ਆਪਣੀ ਧੋਖੇਬਾਜ਼ ਭੈਣ ਇਜ਼ਰਾਈਲ ਨੂੰ ਬੱਸ ਦੇਖਦੀ ਰਹੀ।+ 8 ਜਦ ਮੈਂ ਇਹ ਦੇਖਿਆ, ਤਾਂ ਮੈਂ ਬੇਵਫ਼ਾ ਇਜ਼ਰਾਈਲ ਨੂੰ ਉਸ ਦੀ ਹਰਾਮਕਾਰੀ ਕਰਕੇ+ ਤਲਾਕਨਾਮਾ ਦੇ ਕੇ ਭੇਜ ਦਿੱਤਾ।+ ਪਰ ਇਹ ਦੇਖ ਕੇ ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਨਹੀਂ ਡਰੀ ਅਤੇ ਉਸ ਨੇ ਵੀ ਜਾ ਕੇ ਵੇਸਵਾਗਿਰੀ ਕੀਤੀ।+ 9 ਉਸ ਨੇ ਆਪਣੇ ਵੇਸਵਾ ਦੇ ਕੰਮਾਂ ਨੂੰ ਹਲਕੀ ਜਿਹੀ ਗੱਲ ਸਮਝਿਆ ਅਤੇ ਉਹ ਪੱਥਰਾਂ ਅਤੇ ਦਰਖ਼ਤਾਂ ਨਾਲ ਹਰਾਮਕਾਰੀ ਕਰ ਕੇ ਦੇਸ਼ ਨੂੰ ਭ੍ਰਿਸ਼ਟ ਕਰਦੀ ਰਹੀ।+ 10 ਇਹ ਸਭ ਕੁਝ ਹੋਣ ਦੇ ਬਾਵਜੂਦ, ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਾ ਮੁੜੀ, ਉਸ ਨੇ ਸਿਰਫ਼ ਵਾਪਸ ਮੁੜਨ ਦਾ ਦਿਖਾਵਾ ਕੀਤਾ,’ ਯਹੋਵਾਹ ਕਹਿੰਦਾ ਹੈ।”
11 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਬੇਵਫ਼ਾ ਇਜ਼ਰਾਈਲ ਆਪਣੀ ਧੋਖੇਬਾਜ਼ ਭੈਣ ਯਹੂਦਾਹ ਨਾਲੋਂ ਘੱਟ ਦੋਸ਼ੀ ਹੈ।+ 12 ਤੂੰ ਉੱਤਰ ਵਿਚ ਜਾ ਕੇ ਇਨ੍ਹਾਂ ਗੱਲਾਂ ਦਾ ਐਲਾਨ ਕਰ:+
“‘“ਹੇ ਬਾਗ਼ੀ ਇਜ਼ਰਾਈਲ, ਤੂੰ ਮੇਰੇ ਕੋਲ ਵਾਪਸ ਆਜਾ,” ਯਹੋਵਾਹ ਕਹਿੰਦਾ ਹੈ।’+ ‘“ਮੈਂ ਤੇਰੇ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਨਹੀਂ ਦੇਖਾਂਗਾ+ ਕਿਉਂਕਿ ਮੈਂ ਵਫ਼ਾਦਾਰ ਹਾਂ,” ਯਹੋਵਾਹ ਕਹਿੰਦਾ ਹੈ।’ ‘“ਮੈਂ ਹਮੇਸ਼ਾ ਤੇਰੇ ਨਾਲ ਨਾਰਾਜ਼ ਨਹੀਂ ਰਹਾਂਗਾ। 13 ਤੂੰ ਬੱਸ ਆਪਣਾ ਪਾਪ ਕਬੂਲ ਕਰ ਕਿਉਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਤੂੰ ਹਰ ਸੰਘਣੇ ਦਰਖ਼ਤ ਥੱਲੇ ਅਜਨਬੀਆਂ* ਨਾਲ ਸੰਬੰਧ ਕਾਇਮ ਕਰਦੀ ਰਹੀ, ਪਰ ਤੂੰ ਮੇਰਾ ਕਹਿਣਾ ਨਹੀਂ ਮੰਨਿਆ,” ਯਹੋਵਾਹ ਕਹਿੰਦਾ ਹੈ।’”
14 “ਹੇ ਬਾਗ਼ੀ ਪੁੱਤਰੋ, ਤੁਸੀਂ ਮੇਰੇ ਕੋਲ ਵਾਪਸ ਆ ਜਾਓ,” ਯਹੋਵਾਹ ਕਹਿੰਦਾ ਹੈ। “ਕਿਉਂਕਿ ਮੈਂ ਹੀ ਤੁਹਾਡਾ ਅਸਲੀ ਮਾਲਕ* ਬਣ ਗਿਆ ਹਾਂ ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ। ਮੈਂ ਹਰ ਸ਼ਹਿਰ ਵਿੱਚੋਂ ਇਕ ਜਣੇ ਨੂੰ ਅਤੇ ਹਰ ਪਰਿਵਾਰ ਵਿੱਚੋਂ ਦੋ ਜਣਿਆਂ ਨੂੰ ਲਵਾਂਗਾ ਅਤੇ ਤੁਹਾਨੂੰ ਸੀਓਨ ਵਿਚ ਲੈ ਆਵਾਂਗਾ।+ 15 ਮੈਂ ਤੁਹਾਨੂੰ ਚਰਵਾਹੇ ਦਿਆਂਗਾ ਜੋ ਮੇਰੀ ਇੱਛਾ* ਮੁਤਾਬਕ ਚੱਲਣਗੇ+ ਅਤੇ ਉਹ ਤੁਹਾਨੂੰ ਗਿਆਨ ਅਤੇ ਡੂੰਘੀ ਸਮਝ ਦੀ ਖ਼ੁਰਾਕ ਦੇਣਗੇ। 16 ਉਨ੍ਹਾਂ ਦਿਨਾਂ ਵਿਚ ਦੇਸ਼ ਵਿਚ ਤੁਹਾਡੀ ਗਿਣਤੀ ਵਧੇਗੀ ਅਤੇ ਤੁਸੀਂ ਵਧੋ-ਫੁੱਲੋਗੇ,” ਯਹੋਵਾਹ ਕਹਿੰਦਾ ਹੈ।+ “ਫਿਰ ਉਹ ਕਦੇ ਨਹੀਂ ਕਹਿਣਗੇ, ‘ਯਹੋਵਾਹ ਦੇ ਇਕਰਾਰ ਦਾ ਸੰਦੂਕ!’ “ਇਸ ਦਾ ਖ਼ਿਆਲ ਵੀ ਉਨ੍ਹਾਂ ਦੇ ਮਨ ਵਿਚ ਨਹੀਂ ਆਵੇਗਾ ਅਤੇ ਨਾ ਹੀ ਉਹ ਇਸ ਨੂੰ ਯਾਦ ਕਰਨਗੇ ਤੇ ਨਾ ਹੀ ਇਸ ਦੀ ਕਮੀ ਮਹਿਸੂਸ ਕਰਨਗੇ ਅਤੇ ਇਹ ਦੁਬਾਰਾ ਨਹੀਂ ਬਣਾਇਆ ਜਾਵੇਗਾ। 17 ਉਸ ਵੇਲੇ ਉਹ ਯਰੂਸ਼ਲਮ ਨੂੰ ਯਹੋਵਾਹ ਦਾ ਸਿੰਘਾਸਣ ਕਹਿਣਗੇ+ ਅਤੇ ਸਾਰੀਆਂ ਕੌਮਾਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲਈ ਯਰੂਸ਼ਲਮ ਵਿਚ ਇਕੱਠੀਆਂ ਹੋਣਗੀਆਂ+ ਤੇ ਉਹ ਫਿਰ ਕਦੇ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਮੁਤਾਬਕ ਨਹੀਂ ਚੱਲਣਗੇ।”
18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+ 19 ਨਾਲੇ ਮੈਂ ਸੋਚਿਆ, ‘ਮੈਂ ਕਿੰਨਾ ਖ਼ੁਸ਼ ਸੀ ਜਦੋਂ ਮੈਂ ਤੈਨੂੰ ਆਪਣੇ ਪੁੱਤਰਾਂ ਵਿਚ ਗਿਣਿਆ ਸੀ ਅਤੇ ਤੈਨੂੰ ਇਕ ਵਧੀਆ ਦੇਸ਼ ਦਿੱਤਾ ਸੀ ਜੋ ਕੌਮਾਂ ਵਿਚ* ਸਭ ਤੋਂ ਸੋਹਣੀ ਵਿਰਾਸਤ ਸੀ।+ ਮੈਂ ਇਹ ਵੀ ਸੋਚਿਆ ਸੀ ਕਿ ਤੂੰ ਮੈਨੂੰ ਆਪਣਾ ਪਿਤਾ ਕਹਿ ਕੇ ਬੁਲਾਏਂਗੀ ਅਤੇ ਤੂੰ ਮੇਰੇ ਪਿੱਛੇ-ਪਿੱਛੇ ਚੱਲਣੋਂ ਨਹੀਂ ਹਟੇਂਗੀ। 20 ‘ਪਰ ਜਿਵੇਂ ਇਕ ਪਤਨੀ ਆਪਣੇ ਪਤੀ* ਨਾਲ ਵਿਸ਼ਵਾਸਘਾਤ ਕਰ ਕੇ ਉਸ ਨੂੰ ਛੱਡ ਦਿੰਦੀ ਹੈ, ਉਸੇ ਤਰ੍ਹਾਂ ਹੇ ਇਜ਼ਰਾਈਲ ਦੇ ਘਰਾਣੇ, ਤੂੰ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,’+ ਯਹੋਵਾਹ ਕਹਿੰਦਾ ਹੈ।”
21 ਪਹਾੜੀਆਂ ਉੱਪਰ ਰੌਲ਼ਾ ਸੁਣਾਈ ਦਿੰਦਾ ਹੈ,
ਇਜ਼ਰਾਈਲ ਦੇ ਲੋਕ ਰੋ ਰਹੇ ਹਨ ਅਤੇ ਤਰਲੇ ਕਰ ਰਹੇ ਹਨ,
ਉਹ ਕੁਰਾਹੇ ਪੈ ਗਏ ਹਨ;
ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁਲਾ ਦਿੱਤਾ ਹੈ।+
22 “ਹੇ ਬਾਗ਼ੀ ਪੁੱਤਰੋ, ਤੁਸੀਂ ਵਾਪਸ ਮੁੜ ਆਓ।
ਮੈਂ ਤੁਹਾਡੀ ਬਗਾਵਤ ਕਰਨ ਦੀ ਬੀਮਾਰੀ ਦਾ ਇਲਾਜ ਕਰਾਂਗਾ।”+
“ਦੇਖ, ਅਸੀਂ ਤੇਰੇ ਕੋਲ ਆ ਗਏ ਹਾਂ
ਕਿਉਂਕਿ ਹੇ ਯਹੋਵਾਹ, ਤੂੰ ਹੀ ਸਾਡਾ ਪਰਮੇਸ਼ੁਰ ਹੈਂ।+
23 ਅਸਲ ਵਿਚ ਪਹਾੜੀਆਂ ਅਤੇ ਪਹਾੜਾਂ ʼਤੇ ਰੌਲ਼ਾ-ਰੱਪਾ ਪਾ ਕੇ ਅਸੀਂ ਖ਼ੁਦ ਨੂੰ ਧੋਖਾ ਦਿੱਤਾ।+
ਸਾਡਾ ਪਰਮੇਸ਼ੁਰ ਯਹੋਵਾਹ ਹੀ ਇਜ਼ਰਾਈਲ ਦਾ ਮੁਕਤੀਦਾਤਾ ਹੈ।+