ਗਿਣਤੀ
36 ਗਿਲਆਦ ਦੀ ਔਲਾਦ ਦੇ ਪਰਿਵਾਰਾਂ ਦੇ ਮੁਖੀਆਂ ਨੇ ਆ ਕੇ ਮੂਸਾ ਅਤੇ ਇਜ਼ਰਾਈਲੀਆਂ ਦੇ ਪਰਿਵਾਰਾਂ ਦੇ ਮੁਖੀਆਂ ਨਾਲ ਗੱਲ ਕੀਤੀ। ਗਿਲਆਦ ਮਾਕੀਰ ਦਾ ਪੁੱਤਰ ਸੀ+ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ ਅਤੇ ਮਨੱਸ਼ਹ ਯੂਸੁਫ਼ ਦੇ ਪੁੱਤਰਾਂ ਦੇ ਪਰਿਵਾਰਾਂ ਵਿੱਚੋਂ ਸੀ। 2 ਉਨ੍ਹਾਂ ਨੇ ਕਿਹਾ: “ਯਹੋਵਾਹ ਨੇ ਸਾਡੇ ਮਾਲਕ ਨੂੰ ਹੁਕਮ ਦਿੱਤਾ ਸੀ ਕਿ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਜ਼ਮੀਨ ਗੁਣੇ ਪਾ ਕੇ ਦਿੱਤੀ ਜਾਵੇ;+ ਅਤੇ ਯਹੋਵਾਹ ਨੇ ਸਾਡੇ ਮਾਲਕ ਨੂੰ ਇਹ ਵੀ ਹੁਕਮ ਦਿੱਤਾ ਸੀ ਕਿ ਸਾਡੇ ਭਰਾ ਸਲਾਫਹਾਦ ਦੀ ਵਿਰਾਸਤ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ।+ 3 ਜੇ ਉਹ ਇਜ਼ਰਾਈਲ ਦੇ ਕਿਸੇ ਹੋਰ ਗੋਤ ਦੇ ਆਦਮੀਆਂ ਨਾਲ ਵਿਆਹ ਕਰਾਉਂਦੀਆਂ ਹਨ, ਤਾਂ ਉਨ੍ਹਾਂ ਔਰਤਾਂ ਦੀ ਵਿਰਾਸਤ ਸਾਡੇ ਪਿਉ-ਦਾਦਿਆਂ ਦੀ ਵਿਰਾਸਤ ਦਾ ਹਿੱਸਾ ਨਹੀਂ ਰਹੇਗੀ। ਉਨ੍ਹਾਂ ਦੀ ਵਿਰਾਸਤ ਉਸ ਗੋਤ ਦੀ ਵਿਰਾਸਤ ਵਿਚ ਸ਼ਾਮਲ ਹੋ ਜਾਵੇਗੀ ਜਿਸ ਗੋਤ ਵਿਚ ਉਹ ਵਿਆਹ ਕਰਾਉਣਗੀਆਂ। ਇਸ ਕਰਕੇ ਇਹ ਸਾਡੀ ਵਿਰਾਸਤ ਦਾ ਹਿੱਸਾ ਨਹੀਂ ਰਹੇਗੀ। 4 ਫਿਰ ਜਦੋਂ ਇਜ਼ਰਾਈਲ ਦੇ ਲੋਕਾਂ ਲਈ ਆਜ਼ਾਦੀ ਦਾ ਸਾਲ+ ਆਵੇਗਾ, ਤਾਂ ਉਨ੍ਹਾਂ ਔਰਤਾਂ ਦੀ ਵਿਰਾਸਤ ਹਮੇਸ਼ਾ ਲਈ ਉਸ ਗੋਤ ਦੀ ਵਿਰਾਸਤ ਬਣ ਜਾਵੇਗੀ ਜਿਸ ਗੋਤ ਵਿਚ ਉਨ੍ਹਾਂ ਨੇ ਵਿਆਹ ਕਰਾਏ ਹਨ। ਇਸ ਕਰਕੇ ਉਨ੍ਹਾਂ ਦੀ ਵਿਰਾਸਤ ਸਾਡੇ ਪਿਉ-ਦਾਦਿਆਂ ਦੀ ਵਿਰਾਸਤ ਦਾ ਹਿੱਸਾ ਨਹੀਂ ਰਹੇਗੀ।”
5 ਫਿਰ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਇਜ਼ਰਾਈਲੀਆਂ ਨੂੰ ਕਹੇ: “ਯੂਸੁਫ਼ ਦੇ ਪੁੱਤਰਾਂ ਦਾ ਗੋਤ ਸਹੀ ਕਹਿ ਰਿਹਾ ਹੈ। 6 ਯਹੋਵਾਹ ਨੇ ਸਲਾਫਹਾਦ ਦੀਆਂ ਧੀਆਂ ਨੂੰ ਇਹ ਹੁਕਮ ਦਿੱਤਾ ਹੈ: ‘ਉਹ ਜਿਸ ਨਾਲ ਚਾਹੁਣ ਵਿਆਹ ਕਰਾ ਸਕਦੀਆਂ ਹਨ, ਪਰ ਉਹ ਆਪਣੇ ਪਿਤਾ ਦੇ ਗੋਤ ਦੇ ਕਿਸੇ ਪਰਿਵਾਰ ਵਿਚ ਹੀ ਵਿਆਹ ਕਰਾਉਣ। 7 ਇਜ਼ਰਾਈਲੀਆਂ ਦੀ ਵਿਰਾਸਤ ਇਕ ਗੋਤ ਤੋਂ ਦੂਜੇ ਗੋਤ ਵਿਚ ਨਹੀਂ ਜਾਣੀ ਚਾਹੀਦੀ। ਇਜ਼ਰਾਈਲੀ ਆਪਣੀ ਵਿਰਾਸਤ ਆਪਣੇ ਪਿਉ-ਦਾਦਿਆਂ ਦੇ ਗੋਤ ਵਿਚ ਹੀ ਰੱਖਣ। 8 ਜੇ ਕਿਸੇ ਕੁੜੀ ਨੂੰ ਇਜ਼ਰਾਈਲ ਦੇ ਗੋਤਾਂ ਵਿਚ ਵਿਰਾਸਤ ਮਿਲਦੀ ਹੈ, ਤਾਂ ਉਹ ਆਪਣੇ ਪਿਤਾ ਦੇ ਗੋਤ ਦੇ ਕਿਸੇ ਆਦਮੀ ਨਾਲ ਹੀ ਵਿਆਹ ਕਰਾਵੇ+ ਤਾਂਕਿ ਇਜ਼ਰਾਈਲੀ ਆਪਣੇ ਪਿਉ-ਦਾਦਿਆਂ ਦੀ ਵਿਰਾਸਤ ਆਪਣੇ ਕੋਲ ਹੀ ਰੱਖਣ। 9 ਕਿਸੇ ਦੀ ਵੀ ਵਿਰਾਸਤ ਇਕ ਗੋਤ ਤੋਂ ਦੂਜੇ ਗੋਤ ਵਿਚ ਨਹੀਂ ਜਾਣੀ ਚਾਹੀਦੀ, ਸਗੋਂ ਇਜ਼ਰਾਈਲ ਦੇ ਸਾਰੇ ਗੋਤ ਆਪਣੀ ਵਿਰਾਸਤ ਆਪਣੇ ਕੋਲ ਹੀ ਰੱਖਣ।’”
10 ਸਲਾਫਹਾਦ ਦੀਆਂ ਧੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+ 11 ਇਸ ਲਈ ਸਲਾਫਹਾਦ ਦੀਆਂ ਧੀਆਂ+ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ ਅਤੇ ਨੋਆਹ ਨੇ ਆਪਣੇ ਚਾਚੇ-ਤਾਏ ਦੇ ਪੁੱਤਰਾਂ ਨਾਲ ਵਿਆਹ ਕਰਾਏ। 12 ਉਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪਰਿਵਾਰਾਂ ਦੇ ਆਦਮੀਆਂ ਦੀਆਂ ਪਤਨੀਆਂ ਬਣੀਆਂ ਤਾਂਕਿ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਪਿਤਾ ਦੇ ਪਰਿਵਾਰ ਦੇ ਗੋਤ ਵਿਚ ਹੀ ਰਹੇ।
13 ਇਹ ਉਹ ਹੁਕਮ ਅਤੇ ਕਾਨੂੰਨ ਹਨ ਜੋ ਯਹੋਵਾਹ ਨੇ ਮੂਸਾ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਦਿੱਤੇ ਸਨ ਜਦੋਂ ਉਹ ਯਰੀਹੋ ਦੇ ਨੇੜੇ ਯਰਦਨ ਦਰਿਆ ਲਾਗੇ ਮੋਆਬ ਦੀ ਉਜਾੜ ਵਿਚ ਸਨ।+