ਯਸਾਯਾਹ
20 ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਨੇ ਤਰਤਾਨ* ਨੂੰ ਅਸ਼ਦੋਦ+ ਭੇਜਿਆ, ਉਦੋਂ ਤਰਤਾਨ ਨੇ ਅਸ਼ਦੋਦ ਨਾਲ ਲੜ ਕੇ ਇਸ ਉੱਤੇ ਕਬਜ਼ਾ ਕਰ ਲਿਆ।+ 2 ਉਸ ਸਮੇਂ ਯਹੋਵਾਹ ਨੇ ਆਮੋਜ਼ ਦੇ ਪੁੱਤਰ ਯਸਾਯਾਹ+ ਰਾਹੀਂ ਕਿਹਾ: “ਜਾਹ, ਆਪਣੇ ਲੱਕ ਤੋਂ ਤੱਪੜ ਉਤਾਰ ਸੁੱਟ ਅਤੇ ਪੈਰੋਂ ਜੁੱਤੀ ਲਾਹ ਦੇ।” ਉਸ ਨੇ ਇਸੇ ਤਰ੍ਹਾਂ ਕੀਤਾ ਤੇ ਉਹ ਨੰਗੇ ਪਿੰਡੇ* ਅਤੇ ਨੰਗੇ ਪੈਰੀਂ ਘੁੰਮਦਾ ਰਿਹਾ।
3 ਫਿਰ ਯਹੋਵਾਹ ਨੇ ਕਿਹਾ: “ਜਿਵੇਂ ਮੇਰਾ ਸੇਵਕ ਯਸਾਯਾਹ ਤਿੰਨ ਸਾਲਾਂ ਤਕ ਨੰਗੇ ਪਿੰਡੇ ਤੇ ਨੰਗੇ ਪੈਰੀਂ ਘੁੰਮਦਾ ਰਿਹਾ ਜੋ ਇਸ ਗੱਲ ਦੀ ਨਿਸ਼ਾਨੀ+ ਤੇ ਚੇਤਾਵਨੀ ਸੀ ਕਿ ਮਿਸਰ ਅਤੇ ਇਥੋਪੀਆ ਨਾਲ ਕੀ ਹੋਵੇਗਾ,+ 4 ਉਸੇ ਤਰ੍ਹਾਂ ਅੱਸ਼ੂਰ ਦਾ ਰਾਜਾ ਮਿਸਰ ਅਤੇ ਇਥੋਪੀਆ ਦੇ ਲੋਕਾਂ, ਹਾਂ, ਮੁੰਡਿਆਂ ਅਤੇ ਬੁੱਢੇ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਲਿਜਾਵੇਗਾ।+ ਉਨ੍ਹਾਂ ਦੇ ਪਿੰਡੇ, ਪੈਰ ਤੇ ਚਿੱਤੜ ਨੰਗੇ ਕੀਤੇ ਜਾਣਗੇ, ਹਾਂ, ਮਿਸਰ ਦਾ ਨੰਗੇਜ਼ ਉਘਾੜਿਆ ਜਾਵੇਗਾ।* 5 ਇਥੋਪੀਆ ʼਤੇ ਆਸ ਲਾਉਣ ਵਾਲੇ ਅਤੇ ਮਿਸਰ ʼਤੇ ਫ਼ਖ਼ਰ ਕਰਨ ਵਾਲੇ* ਡਰ ਜਾਣਗੇ ਤੇ ਸ਼ਰਮਿੰਦਾ ਹੋਣਗੇ। 6 ਉਸ ਦਿਨ ਸਮੁੰਦਰ ਦੇ ਕੰਢੇ ਦੇ ਵਾਸੀ ਕਹਿਣਗੇ, ‘ਦੇਖੋ, ਸਾਡੀ ਉਮੀਦ ਦਾ ਕੀ ਹਸ਼ਰ ਹੋਇਆ ਜਿਸ ਕੋਲ ਅਸੀਂ ਮਦਦ ਲਈ ਭੱਜੇ ਗਏ ਸੀ ਕਿ ਉਹ ਸਾਨੂੰ ਅੱਸ਼ੂਰ ਦੇ ਰਾਜੇ ਤੋਂ ਬਚਾਵੇਗਾ! ਹੁਣ ਅਸੀਂ ਕਿਵੇਂ ਬਚ ਪਾਵਾਂਗੇ?’”