ਯਿਰਮਿਯਾਹ
13 ਫਿਰ ਯਹੋਵਾਹ ਨੇ ਮੈਨੂੰ ਇਹ ਕਿਹਾ: “ਜਾਹ ਅਤੇ ਮਲਮਲ ਦਾ ਇਕ ਕਮਰਬੰਦ ਖ਼ਰੀਦ ਅਤੇ ਇਸ ਨੂੰ ਆਪਣੇ ਲੱਕ ਦੁਆਲੇ ਬੰਨ੍ਹ ਲੈ, ਪਰ ਇਸ ਨੂੰ ਪਾਣੀ ਵਿਚ ਨਾ ਡੋਬੀਂ।” 2 ਇਸ ਲਈ ਮੈਂ ਯਹੋਵਾਹ ਦੇ ਕਹੇ ਅਨੁਸਾਰ ਇਕ ਕਮਰਬੰਦ ਖ਼ਰੀਦਿਆ ਅਤੇ ਆਪਣੇ ਲੱਕ ਦੁਆਲੇ ਬੰਨ੍ਹ ਲਿਆ। 3 ਫਿਰ ਯਹੋਵਾਹ ਦਾ ਸੰਦੇਸ਼ ਮੈਨੂੰ ਦੂਸਰੀ ਵਾਰ ਮਿਲਿਆ: 4 “ਤੂੰ ਜਿਹੜਾ ਕਮਰਬੰਦ ਖ਼ਰੀਦ ਕੇ ਆਪਣੇ ਲੱਕ ਦੁਆਲੇ ਬੰਨ੍ਹਿਆ ਹੈ, ਉਸ ਨੂੰ ਲੈ ਕੇ ਫ਼ਰਾਤ ਦਰਿਆ ਕੋਲ ਜਾਹ ਅਤੇ ਉੱਥੇ ਉਸ ਨੂੰ ਇਕ ਚਟਾਨ ਦੀ ਤਰੇੜ ਵਿਚ ਲੁਕਾ ਦੇ।” 5 ਇਸ ਲਈ ਮੈਂ ਯਹੋਵਾਹ ਦੇ ਹੁਕਮ ਮੁਤਾਬਕ ਫ਼ਰਾਤ ਦਰਿਆ ਕੋਲ ਗਿਆ ਅਤੇ ਉੱਥੇ ਉਸ ਕਮਰਬੰਦ ਨੂੰ ਲੁਕਾ ਦਿੱਤਾ।
6 ਫਿਰ ਬਹੁਤ ਦਿਨਾਂ ਬਾਅਦ ਯਹੋਵਾਹ ਨੇ ਮੈਨੂੰ ਕਿਹਾ: “ਉੱਠ ਅਤੇ ਫ਼ਰਾਤ ਦਰਿਆ ਕੋਲ ਜਾਹ ਅਤੇ ਉੱਥੋਂ ਉਹ ਕਮਰਬੰਦ ਲੈ ਕੇ ਆ ਜਿਸ ਨੂੰ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ।” 7 ਇਸ ਲਈ ਮੈਂ ਫ਼ਰਾਤ ਦਰਿਆ ਕੋਲ ਗਿਆ ਅਤੇ ਜਿਸ ਜਗ੍ਹਾ ਮੈਂ ਕਮਰਬੰਦ ਲੁਕਾਇਆ ਸੀ, ਮੈਂ ਉੱਥੋਂ ਪੁੱਟ ਕੇ ਕਮਰਬੰਦ ਕੱਢਿਆ। ਮੈਂ ਦੇਖਿਆ ਕਿ ਉਹ ਪੂਰੀ ਤਰ੍ਹਾਂ ਗਲ਼ ਗਿਆ ਸੀ ਜਿਸ ਕਰਕੇ ਉਹ ਕਿਸੇ ਕੰਮ ਦਾ ਨਹੀਂ ਰਿਹਾ।
8 ਫਿਰ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 9 “ਯਹੋਵਾਹ ਕਹਿੰਦਾ ਹੈ, ‘ਮੈਂ ਇਸੇ ਤਰ੍ਹਾਂ ਯਹੂਦਾਹ ਦੇ ਘਮੰਡ ਨੂੰ ਚੂਰ-ਚੂਰ ਕਰ ਦਿਆਂਗਾ ਅਤੇ ਯਰੂਸ਼ਲਮ ਦਾ ਹੰਕਾਰ ਤੋੜ ਸੁੱਟਾਂਗਾ।+ 10 ਇਹ ਦੁਸ਼ਟ ਲੋਕ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕਰਦੇ ਹਨ,+ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕਰਦੇ ਹਨ,+ ਦੂਜੇ ਦੇਵਤਿਆਂ ਦੇ ਪਿੱਛੇ ਚੱਲਦੇ ਹਨ, ਉਨ੍ਹਾਂ ਦੀ ਭਗਤੀ ਕਰਦੇ ਹਨ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ ਹਨ। ਇਹ ਸਾਰੇ ਇਸ ਕਮਰਬੰਦ ਵਾਂਗ ਹੋ ਜਾਣਗੇ ਜੋ ਕਿਸੇ ਕੰਮ ਦਾ ਨਹੀਂ ਰਿਹਾ।’ 11 ਯਹੋਵਾਹ ਕਹਿੰਦਾ ਹੈ, ‘ਜਿਵੇਂ ਇਕ ਕਮਰਬੰਦ ਆਦਮੀ ਦੇ ਲੱਕ ਦੁਆਲੇ ਬੱਝਾ ਹੁੰਦਾ ਹੈ, ਉਸੇ ਤਰ੍ਹਾਂ ਮੈਂ ਇਜ਼ਰਾਈਲ ਦੇ ਸਾਰੇ ਘਰਾਣੇ ਅਤੇ ਯਹੂਦਾਹ ਦੇ ਸਾਰੇ ਘਰਾਣੇ ਨੂੰ ਆਪਣੇ ਨਾਲ ਬੰਨ੍ਹਿਆ ਸੀ ਤਾਂਕਿ ਉਹ ਮੇਰੇ ਲੋਕ ਬਣਨ,+ ਮੇਰੇ ਨਾਂ ਦੀ ਮਹਿਮਾ ਕਰਨ,+ ਮੇਰੀ ਵਡਿਆਈ ਕਰਨ ਅਤੇ ਮੇਰੀ ਸ਼ਾਨ ਵਧਾਉਣ। ਪਰ ਉਨ੍ਹਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ।’+
12 “ਤੂੰ ਉਨ੍ਹਾਂ ਨੂੰ ਇਹ ਸੰਦੇਸ਼ ਵੀ ਦੇਈਂ, ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ: “ਹਰ ਵੱਡਾ ਘੜਾ ਦਾਖਰਸ ਨਾਲ ਭਰਿਆ ਜਾਵੇ।”’ ਉਹ ਤੈਨੂੰ ਜਵਾਬ ਦੇਣਗੇ, ‘ਕੀ ਸਾਨੂੰ ਨਹੀਂ ਪਤਾ ਕਿ ਹਰ ਵੱਡਾ ਘੜਾ ਦਾਖਰਸ ਨਾਲ ਭਰਿਆ ਜਾਣਾ ਚਾਹੀਦਾ ਹੈ?’ 13 ਫਿਰ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਦੇਖੋ, ਮੈਂ ਇਸ ਦੇਸ਼ ਦੇ ਵਾਸੀਆਂ ਨੂੰ, ਦਾਊਦ ਦੇ ਸਿੰਘਾਸਣ ʼਤੇ ਬੈਠੇ ਰਾਜਿਆਂ ਨੂੰ, ਪੁਜਾਰੀਆਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਇੰਨਾ ਦਾਖਰਸ ਪਿਲਾਵਾਂਗਾ ਕਿ ਉਹ ਨਸ਼ੇ ਵਿਚ ਚੂਰ ਹੋ ਜਾਣਗੇ।+ 14 ਮੈਂ ਉਨ੍ਹਾਂ ਨੂੰ ਇਕ-ਦੂਜੇ ਵਿਚ ਪਟਕਾ-ਪਟਕਾ ਕੇ ਮਾਰਾਂਗਾ। ਮੈਂ ਪਿਤਾਵਾਂ ਤੇ ਪੁੱਤਰਾਂ ਨਾਲ ਇਸੇ ਤਰ੍ਹਾਂ ਕਰਾਂਗਾ,” ਯਹੋਵਾਹ ਕਹਿੰਦਾ ਹੈ।+ “ਮੈਂ ਉਨ੍ਹਾਂ ʼਤੇ ਤਰਸ ਨਹੀਂ ਖਾਵਾਂਗਾ ਅਤੇ ਨਾ ਹੀ ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਹੋਵੇਗਾ ਅਤੇ ਨਾ ਹੀ ਮੈਂ ਉਨ੍ਹਾਂ ʼਤੇ ਰਹਿਮ ਕਰਾਂਗਾ। ਕੋਈ ਵੀ ਚੀਜ਼ ਮੈਨੂੰ ਉਨ੍ਹਾਂ ਨੂੰ ਤਬਾਹ ਕਰਨ ਤੋਂ ਰੋਕ ਨਹੀਂ ਸਕਦੀ।”’+
15 ਸੁਣੋ ਅਤੇ ਧਿਆਨ ਦਿਓ।
ਹੰਕਾਰੀ ਨਾ ਬਣੋ ਕਿਉਂਕਿ ਯਹੋਵਾਹ ਗੱਲ ਕਰ ਰਿਹਾ ਹੈ।
16 ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰੋ
ਇਸ ਤੋਂ ਪਹਿਲਾਂ ਕਿ ਉਹ ਹਨੇਰਾ ਕਰ ਦੇਵੇ,
ਇਸ ਤੋਂ ਪਹਿਲਾਂ ਕਿ ਸ਼ਾਮ ਨੂੰ ਪਹਾੜਾਂ ਉੱਤੇ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ।
17 ਜੇ ਤੁਸੀਂ ਸੁਣਨ ਤੋਂ ਇਨਕਾਰ ਕਰੋਗੇ,
ਤਾਂ ਮੈਂ ਤੁਹਾਡੇ ਘਮੰਡ ਕਰਕੇ ਲੁਕ-ਲੁਕ ਕੇ ਰੋਵਾਂਗਾ।
ਮੈਂ ਫੁੱਟ-ਫੁੱਟ ਕੇ ਰੋਵਾਂਗਾ ਅਤੇ ਮੇਰੀਆਂ ਅੱਖਾਂ ਤੋਂ ਹੰਝੂਆਂ ਦਾ ਚਸ਼ਮਾ ਵਗੇਗਾ+
ਕਿਉਂਕਿ ਯਹੋਵਾਹ ਦੇ ਇੱਜੜ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
18 ਆਪਣੇ ਰਾਜੇ ਅਤੇ ਰਾਜ-ਮਾਤਾ ਨੂੰ ਕਹਿ,+ ‘ਆਪਣੇ ਸਿੰਘਾਸਣਾਂ ਤੋਂ ਉੱਠ ਕੇ ਹੇਠਾਂ ਬੈਠੋ
ਕਿਉਂਕਿ ਤੁਹਾਡੇ ਸੋਹਣੇ ਮੁਕਟ ਤੁਹਾਡੇ ਸਿਰਾਂ ਤੋਂ ਡਿਗ ਪੈਣਗੇ।’
19 ਦੱਖਣ ਦੇ ਸ਼ਹਿਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ,* ਉਨ੍ਹਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਹੈ।
ਯਹੂਦਾਹ ਦੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਗਿਆ।+
20 ਆਪਣੀਆਂ ਨਜ਼ਰਾਂ ਚੁੱਕ ਕੇ ਉੱਤਰ ਤੋਂ ਆਉਣ ਵਾਲਿਆਂ ਨੂੰ ਦੇਖ।+
ਕਿੱਥੇ ਹਨ ਤੇਰੇ ਇੱਜੜ ਦੀਆਂ ਸੋਹਣੀਆਂ ਭੇਡਾਂ ਜੋ ਤੈਨੂੰ ਦਿੱਤੀਆਂ ਗਈਆਂ ਸਨ?+
21 ਤੂੰ ਉਸ ਸਮੇਂ ਕੀ ਕਹੇਂਗੀ ਜਦੋਂ ਤੈਨੂੰ ਉਨ੍ਹਾਂ ਲੋਕਾਂ ਤੋਂ ਸਜ਼ਾ ਮਿਲੇਗੀ
ਜਿਨ੍ਹਾਂ ਨੂੰ ਤੂੰ ਸ਼ੁਰੂ ਤੋਂ ਆਪਣੇ ਕਰੀਬੀ ਦੋਸਤ ਬਣਾਇਆ ਹੈ?+
ਕੀ ਤੈਨੂੰ ਬੱਚਾ ਜਣਨ ਵਾਲੀ ਔਰਤ ਵਾਂਗ ਪੀੜਾਂ ਨਹੀਂ ਲੱਗਣਗੀਆਂ?+
22 ਤੂੰ ਆਪਣੇ ਦਿਲ ਵਿਚ ਸੋਚਦੀ ਹੈਂ, ‘ਇਹ ਸਭ ਕੁਝ ਮੇਰੇ ਨਾਲ ਕਿਉਂ ਵਾਪਰਿਆ?’+
ਤੇਰੇ ਪਾਪਾਂ ਕਾਰਨ ਤੇਰਾ ਘੱਗਰਾ ਲਾਹ ਦਿੱਤਾ ਗਿਆ+
ਅਤੇ ਤੇਰੀਆਂ ਅੱਡੀਆਂ ਨੂੰ ਬੇਹੱਦ ਦਰਦ ਸਹਿਣਾ ਪਿਆ ਹੈ।
23 ਕੀ ਇਕ ਕੂਸ਼ੀ* ਆਦਮੀ ਆਪਣੀ ਚਮੜੀ ਦਾ ਰੰਗ ਬਦਲ ਸਕਦਾ ਹੈ?
ਜਾਂ ਕੀ ਇਕ ਚੀਤਾ ਆਪਣੇ ਧੱਬੇ ਬਦਲ ਸਕਦਾ ਹੈ?+
ਜੇ ਹਾਂ, ਤਾਂ ਫਿਰ ਤੂੰ ਵੀ ਚੰਗੇ ਕੰਮ ਕਰ ਸਕਦੀ ਹੈਂ,
ਭਾਵੇਂ ਤੂੰ ਬੁਰੇ ਕੰਮ ਕਰਨ ਦੀ ਸਿਖਲਾਈ ਲਈ ਹੈ।
24 ਇਸ ਲਈ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਖਿੰਡਾ ਦਿਆਂਗਾ,
ਜਿਵੇਂ ਉਜਾੜ ਵੱਲੋਂ ਵਗਦੀ ਹਵਾ ਘਾਹ-ਫੂਸ ਉਡਾ ਲੈ ਜਾਂਦੀ ਹੈ।+
25 ਇਹ ਤੇਰਾ ਹਿੱਸਾ ਹੈ ਜੋ ਮੈਂ ਤੈਨੂੰ ਮਾਪ ਕੇ ਦਿੱਤਾ ਹੈ,” ਯਹੋਵਾਹ ਕਹਿੰਦਾ ਹੈ
“ਕਿਉਂਕਿ ਤੂੰ ਮੈਨੂੰ ਭੁੱਲ ਗਈ ਹੈਂ+ ਅਤੇ ਤੂੰ ਝੂਠ ʼਤੇ ਯਕੀਨ ਕਰਦੀ ਹੈਂ।+
26 ਇਸ ਲਈ ਮੈਂ ਤੇਰਾ ਘੱਗਰਾ ਤੇਰੇ ਮੂੰਹ ਤਕ ਚੁੱਕਾਂਗਾ
ਅਤੇ ਤੇਰਾ ਨੰਗੇਜ਼ ਉਘਾੜਿਆ ਜਾਵੇਗਾ,+
27 ਤੇਰੇ ਹਰਾਮਕਾਰੀ ਦੇ ਕੰਮ,+ ਤੇਰੀ ਕਾਮ-ਵਾਸ਼ਨਾ,
ਤੇਰੀ ਘਿਣਾਉਣੀ* ਬਦਚਲਣੀ ਜ਼ਾਹਰ ਹੋ ਜਾਵੇਗੀ।
ਮੈਂ ਪਹਾੜਾਂ ਤੇ ਮੈਦਾਨਾਂ ਵਿਚ ਤੇਰੇ ਘਿਣਾਉਣੇ ਕੰਮ ਦੇਖੇ ਹਨ।+
ਹੇ ਯਰੂਸ਼ਲਮ, ਲਾਹਨਤ ਹੈ ਤੇਰੇ ʼਤੇ!
ਤੂੰ ਕਦ ਤਕ ਅਸ਼ੁੱਧ ਰਹੇਂਗੀ?”+