ਪਹਿਲਾ ਰਾਜਿਆਂ
20 ਹੁਣ ਸੀਰੀਆ+ ਦੇ ਬਨ-ਹਦਦ+ ਨੇ 32 ਰਾਜਿਆਂ ਅਤੇ ਉਨ੍ਹਾਂ ਦੇ ਘੋੜਿਆਂ ਤੇ ਰਥਾਂ ਸਮੇਤ ਆਪਣੀ ਸਾਰੀ ਫ਼ੌਜ ਨੂੰ ਇਕੱਠਾ ਕੀਤਾ; ਉਹ ਉੱਪਰ ਗਿਆ ਅਤੇ ਉਸ ਨੇ ਸਾਮਰਿਯਾ+ ਨੂੰ ਘੇਰਾ ਪਾ ਲਿਆ+ ਤੇ ਉਸ ਨਾਲ ਲੜਿਆ। 2 ਫਿਰ ਉਸ ਨੇ ਸ਼ਹਿਰ ਵਿਚ ਇਜ਼ਰਾਈਲ ਦੇ ਰਾਜਾ ਅਹਾਬ+ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ ਅਤੇ ਉਸ ਨੂੰ ਕਿਹਾ: “ਬਨ-ਹਦਦ ਇਹ ਕਹਿੰਦਾ ਹੈ, 3 ‘ਤੇਰਾ ਸੋਨਾ-ਚਾਂਦੀ ਅਤੇ ਤੇਰੀਆਂ ਸਭ ਤੋਂ ਖ਼ੂਬਸੂਰਤ ਪਤਨੀਆਂ ਅਤੇ ਪੁੱਤਰ ਮੇਰੇ ਹਨ।’” 4 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਜਿੱਦਾਂ ਤੂੰ ਕਿਹਾ ਹੈ, ਮੈਂ ਅਤੇ ਮੇਰਾ ਸਭ ਕੁਝ ਤੇਰਾ ਹੀ ਹੈ।”+
5 ਬਾਅਦ ਵਿਚ ਸੰਦੇਸ਼ ਦੇਣ ਵਾਲੇ ਫਿਰ ਆਏ ਅਤੇ ਕਹਿਣ ਲੱਗੇ: “ਬਨ-ਹਦਦ ਕਹਿੰਦਾ ਹੈ, ‘ਮੈਂ ਤੈਨੂੰ ਇਹ ਸੰਦੇਸ਼ ਭੇਜਿਆ ਸੀ: “ਤੂੰ ਆਪਣਾ ਸੋਨਾ-ਚਾਂਦੀ, ਆਪਣੀਆਂ ਪਤਨੀਆਂ ਅਤੇ ਆਪਣੇ ਪੁੱਤਰ ਮੈਨੂੰ ਦੇ ਦੇ।” 6 ਪਰ ਕੱਲ੍ਹ ਇਸੇ ਵਕਤ ਮੈਂ ਆਪਣੇ ਸੇਵਕਾਂ ਨੂੰ ਤੇਰੇ ਕੋਲ ਭੇਜਾਂਗਾ ਤੇ ਉਹ ਤੇਰੇ ਮਹਿਲ ਅਤੇ ਤੇਰੇ ਸੇਵਕਾਂ ਦੇ ਘਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣਗੇ ਤੇ ਤੇਰੀਆਂ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਜ਼ਬਤ ਕਰ ਕੇ ਲੈ ਜਾਣਗੇ।’”
7 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਬੁਲਾ ਕੇ ਕਿਹਾ: “ਕਿਰਪਾ ਕਰ ਕੇ ਧਿਆਨ ਦਿਓ ਕਿ ਇਹ ਆਦਮੀ ਮੁਸੀਬਤ ਲਿਆਉਣ ʼਤੇ ਤੁਲਿਆ ਹੋਇਆ ਹੈ ਕਿਉਂਕਿ ਉਸ ਨੇ ਮੇਰੇ ਤੋਂ ਮੇਰੀਆਂ ਪਤਨੀਆਂ, ਮੇਰੇ ਪੁੱਤਰਾਂ ਅਤੇ ਮੇਰੇ ਸੋਨੇ-ਚਾਂਦੀ ਦੀ ਮੰਗ ਕੀਤੀ ਹੈ ਤੇ ਮੈਂ ਉਸ ਨੂੰ ਮਨ੍ਹਾ ਨਹੀਂ ਕੀਤਾ।” 8 ਫਿਰ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਉਸ ਨੂੰ ਕਿਹਾ: “ਉਸ ਦਾ ਕਹਿਣਾ ਨਾ ਮੰਨੀਂ, ਉਸ ਨੂੰ ਹਾਂ ਨਾ ਕਰੀਂ।” 9 ਇਸ ਲਈ ਉਸ ਨੇ ਬਨ-ਹਦਦ ਦਾ ਸੰਦੇਸ਼ ਲਿਆਉਣ ਵਾਲਿਆਂ ਨੂੰ ਕਿਹਾ: “ਮੇਰੇ ਪ੍ਰਭੂ ਅਤੇ ਮਹਾਰਾਜ ਨੂੰ ਕਹਿਓ, ‘ਜੋ ਤੁਸੀਂ ਆਪਣੇ ਦਾਸ ਤੋਂ ਪਹਿਲਾਂ ਮੰਗਿਆ ਸੀ, ਉਹ ਮੈਂ ਕਰਨ ਲਈ ਤਿਆਰ ਹਾਂ, ਪਰ ਮੈਂ ਦੂਜੀ ਮੰਗ ਪੂਰੀ ਨਹੀਂ ਕਰ ਸਕਦਾ।’” ਇਹ ਸੁਣ ਕੇ ਸੰਦੇਸ਼ ਲਿਆਉਣ ਵਾਲੇ ਚਲੇ ਗਏ ਅਤੇ ਜਾ ਕੇ ਉਸ ਨੂੰ ਇਹ ਸਭ ਦੱਸਿਆ।
10 ਹੁਣ ਬਨ-ਹਦਦ ਨੇ ਉਸ ਨੂੰ ਇਹ ਸੰਦੇਸ਼ ਭੇਜਿਆ: “ਜੇ ਮੈਂ ਸਾਮਰਿਯਾ ਵਿਚ ਇੰਨੀ ਕੁ ਧੂੜ ਵੀ ਛੱਡਾਂ ਕਿ ਮੇਰੇ ਪਿੱਛੇ ਚੱਲਣ ਵਾਲੇ ਫ਼ੌਜੀਆਂ ਵਿੱਚੋਂ ਹਰੇਕ ਦੀ ਮੁੱਠੀ ਭਰ ਸਕੇ, ਤਾਂ ਦੇਵਤੇ ਮੇਰੇ ਨਾਲ ਬੁਰੇ ਤੋਂ ਬੁਰਾ ਕਰਨ!” 11 ਇਜ਼ਰਾਈਲ ਦੇ ਰਾਜੇ ਨੇ ਜਵਾਬ ਦਿੱਤਾ: “ਉਸ ਨੂੰ ਕਹਿਓ, ‘ਯੁੱਧ ਦੇ ਹਥਿਆਰ ਪਾਉਣ ਵਾਲਾ ਹਥਿਆਰ ਲਾਹੁਣ ਵਾਲੇ ਵਾਂਗ ਸ਼ੇਖ਼ੀ ਨਾ ਮਾਰੇ।’”+ 12 ਜਦੋਂ ਬਨ-ਹਦਦ ਨੂੰ ਇਹ ਸੰਦੇਸ਼ ਮਿਲਿਆ ਉਦੋਂ ਉਹ ਤੇ ਰਾਜੇ ਆਪਣੇ ਤੰਬੂਆਂ* ਵਿਚ ਸ਼ਰਾਬ ਪੀ ਰਹੇ ਸਨ। ਇਹ ਸੰਦੇਸ਼ ਸੁਣਦੇ ਸਾਰ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ: “ਹਮਲਾ ਕਰਨ ਲਈ ਤਿਆਰ ਹੋ ਜਾਓ!” ਇਸ ਲਈ ਉਹ ਸ਼ਹਿਰ ʼਤੇ ਹਮਲਾ ਕਰਨ ਲਈ ਤਿਆਰ ਹੋ ਗਏ।
13 ਪਰ ਇਕ ਨਬੀ ਇਜ਼ਰਾਈਲ ਦੇ ਰਾਜੇ ਅਹਾਬ+ ਕੋਲ ਆਇਆ ਅਤੇ ਕਹਿਣ ਲੱਗਾ: “ਯਹੋਵਾਹ ਇਹ ਕਹਿੰਦਾ ਹੈ, ‘ਕੀ ਤੂੰ ਇਸ ਵੱਡੀ ਸਾਰੀ ਭੀੜ ਨੂੰ ਦੇਖਿਆ? ਅੱਜ ਮੈਂ ਇਸ ਨੂੰ ਤੇਰੇ ਹੱਥ ਦੇ ਦਿਆਂਗਾ ਅਤੇ ਤੂੰ ਜਾਣੇਂਗਾ ਕਿ ਮੈਂ ਯਹੋਵਾਹ ਹਾਂ।’”+ 14 ਅਹਾਬ ਨੇ ਪੁੱਛਿਆ: “ਕਿਹਦੇ ਰਾਹੀਂ?” ਜਵਾਬ ਵਿਚ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰਾਂ ਰਾਹੀਂ।’” ਅੱਗੋਂ ਉਸ ਨੇ ਪੁੱਛਿਆ: “ਯੁੱਧ ਕੌਣ ਸ਼ੁਰੂ ਕਰੇਗਾ?” ਉਸ ਨੇ ਜਵਾਬ ਦਿੱਤਾ: “ਤੂੰ!”
15 ਫਿਰ ਅਹਾਬ ਨੇ ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰਾਂ ਦੀ ਗਿਣਤੀ ਕੀਤੀ ਜੋ 232 ਸਨ; ਉਸ ਤੋਂ ਬਾਅਦ ਉਸ ਨੇ ਸਾਰੇ ਇਜ਼ਰਾਈਲੀ ਆਦਮੀਆਂ ਦੀ ਗਿਣਤੀ ਕੀਤੀ ਜੋ 7,000 ਸਨ। 16 ਉਹ ਦੁਪਹਿਰ ਵੇਲੇ ਬਾਹਰ ਗਏ ਜਦੋਂ ਬਨ-ਹਦਦ ਉਸ ਦੀ ਮਦਦ ਕਰਨ ਵਾਲੇ 32 ਰਾਜਿਆਂ ਨਾਲ ਤੰਬੂਆਂ* ਵਿਚ ਪੀ-ਪੀ ਕੇ ਟੱਲੀ ਹੋ ਰਿਹਾ ਸੀ। 17 ਜਦੋਂ ਪਹਿਲਾਂ ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰ ਬਾਹਰ ਆਏ, ਤਾਂ ਬਨ-ਹਦਦ ਨੇ ਉਸੇ ਵੇਲੇ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ। ਉਨ੍ਹਾਂ ਨੇ ਆ ਕੇ ਉਸ ਨੂੰ ਦੱਸਿਆ: “ਸਾਮਰਿਯਾ ਤੋਂ ਆਦਮੀ ਬਾਹਰ ਨਿਕਲ ਆਏ ਹਨ।” 18 ਇਹ ਸੁਣ ਕੇ ਉਸ ਨੇ ਕਿਹਾ: “ਜੇ ਉਹ ਸ਼ਾਂਤੀ ਦੇ ਇਰਾਦੇ ਨਾਲ ਆਏ ਹਨ, ਤਾਂ ਉਨ੍ਹਾਂ ਨੂੰ ਜੀਉਂਦੇ ਫੜ ਲਿਆਇਓ; ਜੇ ਉਹ ਯੁੱਧ ਦੇ ਇਰਾਦੇ ਨਾਲ ਆਏ ਹਨ, ਤਾਂ ਵੀ ਉਨ੍ਹਾਂ ਨੂੰ ਜੀਉਂਦੇ ਫੜ ਲਿਆਇਓ।” 19 ਪਰ ਜਦੋਂ ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰ ਅਤੇ ਉਨ੍ਹਾਂ ਦੇ ਮਗਰ ਚੱਲ ਰਹੀਆਂ ਫ਼ੌਜਾਂ ਸ਼ਹਿਰ ਤੋਂ ਬਾਹਰ ਆਈਆਂ, 20 ਤਾਂ ਹਰੇਕ ਨੇ ਆਪਣੇ ਵਿਰੋਧੀ ਨੂੰ ਵੱਢ ਸੁੱਟਿਆ। ਫਿਰ ਸੀਰੀਆ ਦੇ ਫ਼ੌਜੀ ਭੱਜ ਗਏ+ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਪਰ ਸੀਰੀਆ ਦਾ ਰਾਜਾ ਬਨ-ਹਦਦ ਆਪਣੇ ਕੁਝ ਘੋੜਸਵਾਰਾਂ ਸਣੇ ਘੋੜੇ ʼਤੇ ਚੜ੍ਹ ਕੇ ਬਚ ਨਿਕਲਿਆ। 21 ਫਿਰ ਇਜ਼ਰਾਈਲ ਦਾ ਰਾਜਾ ਬਾਹਰ ਨਿਕਲਿਆ ਅਤੇ ਉਹ ਘੋੜਿਆਂ ਤੇ ਰਥਾਂ ʼਤੇ ਹਮਲਾ ਕਰਦਾ ਗਿਆ ਅਤੇ ਉਸ ਨੇ ਸੀਰੀਆ ਦੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਇਆ।*
22 ਬਾਅਦ ਵਿਚ ਉਹ ਨਬੀ+ ਇਜ਼ਰਾਈਲ ਦੇ ਰਾਜੇ ਕੋਲ ਜਾ ਕੇ ਕਹਿਣ ਲੱਗਾ: “ਜਾਹ, ਆਪਣੇ ਆਪ ਨੂੰ ਤਕੜਾ ਕਰ ਅਤੇ ਧਿਆਨ ਨਾਲ ਸੋਚ ਕਿ ਤੂੰ ਕੀ ਕਰੇਂਗਾ+ ਕਿਉਂਕਿ ਅਗਲੇ ਸਾਲ* ਦੇ ਸ਼ੁਰੂ ਵਿਚ ਸੀਰੀਆ ਦਾ ਰਾਜਾ ਇਕ ਵਾਰ ਫਿਰ ਤੇਰੇ ਖ਼ਿਲਾਫ਼ ਆਵੇਗਾ।”+
23 ਹੁਣ ਸੀਰੀਆ ਦੇ ਰਾਜੇ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਉਨ੍ਹਾਂ ਦਾ ਪਰਮੇਸ਼ੁਰ ਪਹਾੜਾਂ ਦਾ ਪਰਮੇਸ਼ੁਰ ਹੈ। ਇਸੇ ਕਰਕੇ ਉਹ ਸਾਡੇ ʼਤੇ ਭਾਰੀ ਪੈ ਗਏ ਸਨ। ਪਰ ਜੇ ਆਪਾਂ ਉਨ੍ਹਾਂ ਨਾਲ ਮੈਦਾਨ ਵਿਚ ਲੜਾਂਗੇ, ਤਾਂ ਉਨ੍ਹਾਂ ʼਤੇ ਭਾਰੀ ਪੈ ਜਾਵਾਂਗੇ। 24 ਨਾਲੇ ਇਹ ਵੀ ਕਰ: ਯੁੱਧ ਵਿੱਚੋਂ ਸਾਰੇ ਰਾਜਿਆਂ+ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਰਾਜਪਾਲਾਂ ਨੂੰ ਠਹਿਰਾ। 25 ਫਿਰ ਉੱਨੀ ਹੀ ਫ਼ੌਜ ਇਕੱਠੀ* ਕਰ ਜਿੰਨੀ ਤੂੰ ਗੁਆਈ ਹੈ, ਨਾਲੇ ਉੱਨੇ ਹੀ ਘੋੜੇ ਅਤੇ ਰਥ। ਆਓ ਆਪਾਂ ਉਨ੍ਹਾਂ ਨਾਲ ਮੈਦਾਨ ਵਿਚ ਲੜੀਏ ਅਤੇ ਅਸੀਂ ਪੱਕਾ ਉਨ੍ਹਾਂ ʼਤੇ ਭਾਰੀ ਪੈ ਜਾਵਾਂਗੇ।” ਇਸ ਲਈ ਉਸ ਨੇ ਉਨ੍ਹਾਂ ਦੀ ਸਲਾਹ ਮੰਨੀ ਅਤੇ ਉਸੇ ਤਰ੍ਹਾਂ ਕੀਤਾ।
26 ਸਾਲ* ਦੇ ਸ਼ੁਰੂ ਵਿਚ ਬਨ-ਹਦਦ ਨੇ ਸੀਰੀਆ ਦੇ ਫ਼ੌਜੀਆਂ ਨੂੰ ਇਕੱਠਾ ਕੀਤਾ ਅਤੇ ਇਜ਼ਰਾਈਲ ਖ਼ਿਲਾਫ਼ ਲੜਨ ਲਈ ਅਫੇਕ+ ਨੂੰ ਚੜ੍ਹਿਆ। 27 ਇਜ਼ਰਾਈਲ ਦੇ ਲੋਕਾਂ ਨੂੰ ਵੀ ਇਕੱਠਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜ ਦੀਆਂ ਚੀਜ਼ਾਂ ਦਿੱਤੀਆਂ ਗਈਆਂ ਤੇ ਉਹ ਉਨ੍ਹਾਂ ਦਾ ਮੁਕਾਬਲਾ ਕਰਨ ਗਏ। ਜਦੋਂ ਇਜ਼ਰਾਈਲੀ ਲੋਕਾਂ ਨੇ ਉਨ੍ਹਾਂ ਦੇ ਸਾਮ੍ਹਣੇ ਡੇਰਾ ਲਾਇਆ, ਤਾਂ ਉਹ ਬੱਕਰੀਆਂ ਦੇ ਦੋ ਛੋਟੇ-ਛੋਟੇ ਝੁੰਡਾਂ ਵਾਂਗ ਲੱਗ ਰਹੇ ਸਨ ਜਦ ਕਿ ਸੀਰੀਆ ਦੇ ਫ਼ੌਜੀਆਂ ਨਾਲ ਸਾਰਾ ਮੈਦਾਨ ਭਰਿਆ ਹੋਇਆ ਸੀ।+ 28 ਫਿਰ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਇਜ਼ਰਾਈਲ ਦੇ ਰਾਜੇ ਕੋਲ ਆ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਕਿਉਂਕਿ ਸੀਰੀਆਈ ਲੋਕਾਂ ਨੇ ਕਿਹਾ ਹੈ: “ਯਹੋਵਾਹ ਪਹਾੜਾਂ ਦਾ ਪਰਮੇਸ਼ੁਰ ਹੈ, ਉਹ ਮੈਦਾਨਾਂ ਦਾ ਪਰਮੇਸ਼ੁਰ ਨਹੀਂ ਹੈ,” ਇਸ ਲਈ ਮੈਂ ਇਸ ਵੱਡੀ ਭੀੜ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ+ ਅਤੇ ਤੂੰ ਪੱਕਾ ਜਾਣ ਲਵੇਂਗਾ ਕਿ ਮੈਂ ਯਹੋਵਾਹ ਹਾਂ।’”+
29 ਉਨ੍ਹਾਂ ਨੇ ਇਕ-ਦੂਜੇ ਖ਼ਿਲਾਫ਼ ਸੱਤ ਦਿਨਾਂ ਤਕ ਡੇਰਾ ਲਾਈ ਰੱਖਿਆ ਅਤੇ ਸੱਤਵੇਂ ਦਿਨ ਯੁੱਧ ਸ਼ੁਰੂ ਹੋ ਗਿਆ। ਇਜ਼ਰਾਈਲ ਦੇ ਲੋਕਾਂ ਨੇ ਸੀਰੀਆ ਦੇ 1,00,000 ਪੈਦਲ ਚੱਲਣ ਵਾਲੇ ਫ਼ੌਜੀਆਂ ਨੂੰ ਇਕ ਦਿਨ ਵਿਚ ਹੀ ਮਾਰ ਮੁਕਾਇਆ। 30 ਅਤੇ ਬਾਕੀ ਫ਼ੌਜੀ ਅਫੇਕ ਸ਼ਹਿਰ ਨੂੰ ਭੱਜ ਗਏ।+ ਪਰ ਬਚੇ ਹੋਏ 27,000 ਆਦਮੀਆਂ ʼਤੇ ਕੰਧ ਡਿਗ ਪਈ। ਬਨ-ਹਦਦ ਵੀ ਸ਼ਹਿਰ ਨੂੰ ਭੱਜ ਗਿਆ ਅਤੇ ਇਕ ਕੋਠੜੀ ਵਿਚ ਲੁਕ ਗਿਆ।
31 ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਦੇਖ, ਅਸੀਂ ਸੁਣਿਆ ਹੈ ਕਿ ਇਜ਼ਰਾਈਲ ਦੇ ਘਰਾਣੇ ਦੇ ਰਾਜੇ ਬਹੁਤ ਦਇਆਵਾਨ* ਹੁੰਦੇ ਹਨ। ਚਲੋ ਆਪਾਂ ਆਪਣੇ ਲੱਕ ਦੁਆਲੇ ਤੱਪੜ ਪਾ ਲਈਏ ਅਤੇ ਆਪਣੇ ਸਿਰਾਂ ʼਤੇ ਰੱਸੀਆਂ ਲਪੇਟ ਕੇ ਇਜ਼ਰਾਈਲ ਦੇ ਰਾਜੇ ਕੋਲ ਚੱਲੀਏ। ਸ਼ਾਇਦ ਉਹ ਤੇਰੀ ਜਾਨ ਬਖ਼ਸ਼ ਦੇਵੇ।”+ 32 ਇਸ ਲਈ ਉਨ੍ਹਾਂ ਨੇ ਆਪਣੇ ਲੱਕ ਦੁਆਲੇ ਤੱਪੜ ਪਾਇਆ ਅਤੇ ਆਪਣੇ ਸਿਰਾਂ ʼਤੇ ਰੱਸੀਆਂ ਲਪੇਟ ਕੇ ਇਜ਼ਰਾਈਲ ਦੇ ਰਾਜੇ ਕੋਲ ਗਏ ਅਤੇ ਕਹਿਣ ਲੱਗੇ: “ਤੇਰਾ ਸੇਵਕ ਬਨ-ਹਦਦ ਕਹਿੰਦਾ ਹੈ, ‘ਕਿਰਪਾ ਕਰ ਕੇ ਮੇਰੀ ਜਾਨ ਬਖ਼ਸ਼ ਦੇ।’” ਉਸ ਨੇ ਜਵਾਬ ਦਿੱਤਾ: “ਕੀ ਉਹ ਹਾਲੇ ਜੀਉਂਦਾ ਹੈ? ਉਹ ਮੇਰਾ ਭਰਾ ਹੈ।” 33 ਉਨ੍ਹਾਂ ਆਦਮੀਆਂ ਨੂੰ ਇਹ ਸ਼ੁੱਭ-ਚਿੰਨ੍ਹ ਲੱਗਾ ਜਿਸ ਕਰਕੇ ਉਨ੍ਹਾਂ ਨੇ ਝੱਟ ਉਸ ਦੀ ਗੱਲ ਮੰਨ ਲਈ, ਇਸ ਲਈ ਉਨ੍ਹਾਂ ਨੇ ਕਿਹਾ: “ਬਨ-ਹਦਦ ਤੇਰਾ ਭਰਾ ਹੀ ਹੈ।” ਇਹ ਸੁਣ ਕੇ ਉਸ ਨੇ ਕਿਹਾ: “ਜਾਓ, ਉਸ ਨੂੰ ਇੱਥੇ ਲੈ ਕੇ ਆਓ।” ਫਿਰ ਬਨ-ਹਦਦ ਉਸ ਕੋਲ ਬਾਹਰ ਆਇਆ ਅਤੇ ਅਹਾਬ ਨੇ ਉਸ ਨੂੰ ਰਥ ʼਤੇ ਚੜ੍ਹਾ ਲਿਆ।
34 ਹੁਣ ਬਨ-ਹਦਦ ਨੇ ਉਸ ਨੂੰ ਕਿਹਾ: “ਮੇਰੇ ਪਿਤਾ ਨੇ ਤੇਰੇ ਪਿਤਾ ਕੋਲੋਂ ਜਿਹੜੇ ਸ਼ਹਿਰ ਲੈ ਲਏ ਸਨ ਮੈਂ ਉਹ ਮੋੜ ਦਿਆਂਗਾ ਅਤੇ ਤੂੰ ਦਮਿਸਕ ਵਿਚ ਆਪਣੇ ਲਈ ਬਾਜ਼ਾਰ ਲਗਾਈਂ* ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿਚ ਲਗਾਏ ਸਨ।”
ਅਹਾਬ ਨੇ ਜਵਾਬ ਦਿੱਤਾ: “ਇਸ ਸਮਝੌਤੇ* ਦੇ ਆਧਾਰ ʼਤੇ ਮੈਂ ਤੈਨੂੰ ਛੱਡ ਦੇਵਾਂਗਾ।”
ਇਹ ਕਹਿ ਕੇ ਉਸ ਨੇ ਉਸ ਨਾਲ ਸਮਝੌਤਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।
35 ਯਹੋਵਾਹ ਦੇ ਬਚਨ ਅਨੁਸਾਰ ਨਬੀਆਂ ਦੇ ਪੁੱਤਰਾਂ*+ ਵਿੱਚੋਂ ਇਕ ਨੇ ਆਪਣੇ ਸਾਥੀ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਮਾਰ।” ਪਰ ਉਸ ਆਦਮੀ ਨੇ ਉਸ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 36 ਇਸ ਲਈ ਉਸ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਯਹੋਵਾਹ ਦੀ ਆਵਾਜ਼ ਨਹੀਂ ਸੁਣੀ, ਇਸ ਲਈ ਜਿਉਂ ਹੀ ਤੂੰ ਮੇਰੇ ਕੋਲੋਂ ਜਾਵੇਂਗਾ ਇਕ ਸ਼ੇਰ ਤੈਨੂੰ ਮਾਰ ਦੇਵੇਗਾ।” ਜਦੋਂ ਉਹ ਉਸ ਕੋਲੋਂ ਚਲਾ ਗਿਆ, ਤਾਂ ਇਕ ਸ਼ੇਰ ਨੇ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।
37 ਉਸ ਨਬੀ ਨੂੰ ਇਕ ਹੋਰ ਆਦਮੀ ਮਿਲਿਆ ਅਤੇ ਉਸ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਮਾਰ।” ਇਸ ਲਈ ਉਸ ਆਦਮੀ ਨੇ ਉਸ ʼਤੇ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
38 ਫਿਰ ਨਬੀ ਗਿਆ ਅਤੇ ਰਾਹ ਵਿਚ ਰਾਜੇ ਦਾ ਇੰਤਜ਼ਾਰ ਕਰਨ ਲੱਗਾ। ਉਸ ਨੇ ਆਪਣੀਆਂ ਅੱਖਾਂ ʼਤੇ ਪੱਟੀ ਬੰਨ੍ਹੀ ਤਾਂਕਿ ਉਹ ਪਛਾਣਿਆ ਨਾ ਜਾਵੇ। 39 ਜਦੋਂ ਰਾਜਾ ਉੱਥੋਂ ਲੰਘ ਰਿਹਾ ਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਰਾਜੇ ਨੂੰ ਪੁਕਾਰ ਕੇ ਕਿਹਾ: “ਤੇਰਾ ਸੇਵਕ ਘਮਸਾਣ ਯੁੱਧ ਵਿਚ ਗਿਆ ਸੀ ਅਤੇ ਉੱਥੇ ਇਕ ਆਦਮੀ ਆਇਆ ਜੋ ਕਿਸੇ ਆਦਮੀ ਨੂੰ ਮੇਰੇ ਕੋਲ ਲੈ ਆਇਆ ਅਤੇ ਕਹਿਣ ਲੱਗਾ: ‘ਇਸ ਆਦਮੀ ʼਤੇ ਨਿਗਾਹ ਰੱਖ, ਜੇ ਇਹ ਆਦਮੀ ਭੱਜ ਗਿਆ, ਤਾਂ ਇਸ ਦੀ ਜਾਨ ਦੇ ਬਦਲੇ ਤੇਰੀ ਜਾਨ ਲੈ ਲਈ ਜਾਵੇਗੀ,+ ਜਾਂ ਤੈਨੂੰ ਇਕ ਕਿੱਕਾਰ* ਚਾਂਦੀ ਦੇਣੀ ਪਵੇਗੀ।’ 40 ਅਤੇ ਜਦੋਂ ਤੇਰਾ ਸੇਵਕ ਉੱਥੇ ਕਿਸੇ ਕੰਮ ਵਿਚ ਰੁੱਝਾ ਹੋਇਆ ਸੀ, ਤਾਂ ਉਹ ਆਦਮੀ ਅਚਾਨਕ ਗਾਇਬ ਹੋ ਗਿਆ।” ਇਜ਼ਰਾਈਲ ਦੇ ਰਾਜੇ ਨੇ ਉਸ ਨੂੰ ਕਿਹਾ: “ਤਾਂ ਫਿਰ ਤੇਰੀ ਇਹੀ ਸਜ਼ਾ ਹੋਵੇਗੀ; ਇਹ ਫ਼ੈਸਲਾ ਤੂੰ ਆਪ ਹੀ ਕੀਤਾ ਹੈ।” 41 ਫਿਰ ਉਸ ਨੇ ਤੁਰੰਤ ਆਪਣੀਆਂ ਅੱਖਾਂ ਤੋਂ ਪੱਟੀ ਲਾਹ ਦਿੱਤੀ ਅਤੇ ਇਜ਼ਰਾਈਲ ਦੇ ਰਾਜੇ ਨੇ ਉਸ ਨੂੰ ਪਛਾਣ ਲਿਆ ਕਿ ਉਹ ਨਬੀਆਂ ਵਿੱਚੋਂ ਇਕ ਸੀ।+ 42 ਨਬੀ ਨੇ ਉਸ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਕਿਉਂਕਿ ਤੂੰ ਉਸ ਆਦਮੀ ਨੂੰ ਆਪਣੇ ਹੱਥੋਂ ਬਚ ਕੇ ਜਾਣ ਦਿੱਤਾ ਜਿਸ ਨੂੰ ਮੈਂ ਮਾਰਨ ਲਈ ਤੈਨੂੰ ਕਿਹਾ ਸੀ,+ ਇਸ ਲਈ ਉਸ ਦੀ ਜਾਨ ਦੇ ਬਦਲੇ ਤੇਰੀ ਜਾਨ ਲਈ ਜਾਵੇਗੀ+ ਅਤੇ ਉਸ ਦੇ ਲੋਕਾਂ ਦੇ ਬਦਲੇ ਤੇਰੇ ਲੋਕ ਨਾਸ਼ ਕੀਤੇ ਜਾਣਗੇ।’”+ 43 ਇਹ ਸੁਣ ਕੇ ਇਜ਼ਰਾਈਲ ਦਾ ਰਾਜਾ ਉਦਾਸ ਹੋ ਗਿਆ ਤੇ ਮੂੰਹ ਲਟਕਾਈ ਸਾਮਰਿਯਾ+ ਵਿਚ ਆਪਣੇ ਘਰ ਚਲਾ ਗਿਆ।