ਨਿਆਈਆਂ
17 ਇਫ਼ਰਾਈਮ ਦੇ ਪਹਾੜੀ ਇਲਾਕੇ+ ਵਿਚ ਮੀਕਾਹ ਨਾਂ ਦਾ ਇਕ ਆਦਮੀ ਸੀ। 2 ਉਸ ਨੇ ਆਪਣੀ ਮਾਤਾ ਨੂੰ ਕਿਹਾ: “ਤੇਰੇ ਜਿਹੜੇ ਚਾਂਦੀ ਦੇ 1,100 ਟੁਕੜੇ ਚੋਰੀ ਹੋ ਗਏ ਸਨ, ਜਿਨ੍ਹਾਂ ਕਰਕੇ ਤੂੰ ਸਰਾਪ ਦਿੱਤਾ ਸੀ ਜੋ ਮੈਂ ਆਪਣੇ ਕੰਨੀਂ ਸੁਣਿਆ ਸੀ, ਦੇਖ! ਉਹ ਚਾਂਦੀ ਮੇਰੇ ਕੋਲ ਹੈ। ਮੈਂ ਹੀ ਉਹ ਚਾਂਦੀ ਲਈ ਸੀ।” ਇਹ ਸੁਣ ਕੇ ਉਸ ਦੀ ਮਾਤਾ ਨੇ ਕਿਹਾ: “ਹੇ ਮੇਰੇ ਪੁੱਤਰ, ਯਹੋਵਾਹ ਤੈਨੂੰ ਬਰਕਤ ਦੇਵੇ।” 3 ਉਸ ਨੇ ਚਾਂਦੀ ਦੇ 1,100 ਟੁਕੜੇ ਆਪਣੀ ਮਾਤਾ ਨੂੰ ਵਾਪਸ ਦੇ ਦਿੱਤੇ, ਪਰ ਉਸ ਦੀ ਮਾਤਾ ਨੇ ਕਿਹਾ: “ਮੈਂ ਇਹ ਚਾਂਦੀ ਆਪਣੇ ਹੱਥੀਂ ਯਹੋਵਾਹ ਲਈ ਪਵਿੱਤਰ ਕਰਾਂਗੀ ਤਾਂਕਿ ਮੇਰਾ ਪੁੱਤਰ ਇਸ ਨਾਲ ਘੜੀ ਹੋਈ ਮੂਰਤ ਅਤੇ ਧਾਤ ਦਾ ਬੁੱਤ* ਬਣਾਵੇ।+ ਹੁਣ ਇਹ ਮੈਂ ਤੈਨੂੰ ਮੋੜ ਰਹੀ ਹਾਂ।”
4 ਜਦੋਂ ਉਸ ਨੇ ਆਪਣੀ ਮਾਤਾ ਨੂੰ ਚਾਂਦੀ ਵਾਪਸ ਕੀਤੀ, ਤਾਂ ਉਸ ਦੀ ਮਾਤਾ ਨੇ ਚਾਂਦੀ ਦੇ 200 ਟੁਕੜੇ ਲੈ ਕੇ ਸੁਨਿਆਰੇ ਨੂੰ ਦੇ ਦਿੱਤੇ। ਉਸ ਨੇ ਇਕ ਘੜੀ ਹੋਈ ਮੂਰਤ ਅਤੇ ਧਾਤ ਦਾ ਇਕ ਬੁੱਤ* ਬਣਾਇਆ; ਅਤੇ ਉਨ੍ਹਾਂ ਨੂੰ ਮੀਕਾਹ ਦੇ ਘਰ ਵਿਚ ਰੱਖ ਦਿੱਤਾ ਗਿਆ। 5 ਮੀਕਾਹ ਨਾਂ ਦੇ ਇਸ ਆਦਮੀ ਦੇ ਘਰ ਦੇਵਤਿਆਂ ਦਾ ਇਕ ਮੰਦਰ ਸੀ ਅਤੇ ਉਸ ਨੇ ਇਕ ਏਫ਼ੋਦ+ ਤੇ ਬੁੱਤ* ਬਣਾਏ+ ਅਤੇ ਆਪਣੇ ਲਈ ਪੁਜਾਰੀ ਵਜੋਂ ਆਪਣੇ ਇਕ ਪੁੱਤਰ ਨੂੰ ਨਿਯੁਕਤ ਕੀਤਾ।*+ 6 ਉਨ੍ਹਾਂ ਦਿਨਾਂ ਵਿਚ ਇਜ਼ਰਾਈਲ ਵਿਚ ਕੋਈ ਰਾਜਾ ਨਹੀਂ ਸੀ।+ ਹਰ ਕੋਈ ਉਹੀ ਕਰਦਾ ਸੀ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਸੀ।*+
7 ਯਹੂਦਾਹ ਦੇ ਬੈਤਲਹਮ+ ਵਿਚ ਇਕ ਨੌਜਵਾਨ ਸੀ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਸੀ। ਉਹ ਇਕ ਲੇਵੀ ਸੀ+ ਜੋ ਕੁਝ ਸਮੇਂ ਤੋਂ ਉੱਥੇ ਰਹਿ ਰਿਹਾ ਸੀ। 8 ਉਹ ਯਹੂਦਾਹ ਦੇ ਬੈਤਲਹਮ ਸ਼ਹਿਰ ਨੂੰ ਛੱਡ ਕੇ ਆਪਣੇ ਰਹਿਣ ਲਈ ਹੋਰ ਜਗ੍ਹਾ ਲੱਭਣ ਤੁਰ ਪਿਆ। ਸਫ਼ਰ ਦੌਰਾਨ ਉਹ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਮੀਕਾਹ ਦੇ ਘਰ ਪਹੁੰਚ ਗਿਆ।+ 9 ਫਿਰ ਮੀਕਾਹ ਨੇ ਉਸ ਨੂੰ ਪੁੱਛਿਆ: “ਤੂੰ ਕਿੱਥੋਂ ਆਇਆ ਹੈਂ?” ਉਸ ਨੇ ਜਵਾਬ ਦਿੱਤਾ: “ਮੈਂ ਇਕ ਲੇਵੀ ਹਾਂ ਤੇ ਯਹੂਦਾਹ ਦੇ ਬੈਤਲਹਮ ਤੋਂ ਆਇਆ ਹਾਂ ਤੇ ਮੈਂ ਆਪਣੇ ਰਹਿਣ ਲਈ ਇਕ ਜਗ੍ਹਾ ਲੱਭਦਾ ਫਿਰਦਾ ਹਾਂ।” 10 ਇਸ ਲਈ ਮੀਕਾਹ ਨੇ ਉਸ ਨੂੰ ਕਿਹਾ: “ਮੇਰੇ ਨਾਲ ਰਹਿ ਤੇ ਮੇਰਾ ਸਲਾਹਕਾਰ* ਤੇ ਪੁਜਾਰੀ ਬਣ ਜਾ। ਮੈਂ ਤੈਨੂੰ ਖਾਣਾ, ਇਕ ਜੋੜਾ ਕੱਪੜੇ ਤੇ ਹਰ ਸਾਲ ਚਾਂਦੀ ਦੇ ਦਸ ਟੁਕੜੇ ਦਿਆ ਕਰਾਂਗਾ।” ਇਸ ਲਈ ਲੇਵੀ ਅੰਦਰ ਚਲਾ ਗਿਆ। 11 ਇਸ ਤਰ੍ਹਾਂ ਉਹ ਲੇਵੀ ਉਸ ਆਦਮੀ ਨਾਲ ਰਹਿਣ ਲਈ ਰਾਜ਼ੀ ਹੋ ਗਿਆ ਅਤੇ ਉਹ ਨੌਜਵਾਨ ਉਸ ਲਈ ਉਸ ਦੇ ਪੁੱਤਰਾਂ ਵਾਂਗ ਬਣ ਗਿਆ। 12 ਇਸ ਤੋਂ ਇਲਾਵਾ, ਮੀਕਾਹ ਨੇ ਉਸ ਲੇਵੀ ਨੂੰ ਆਪਣੇ ਲਈ ਪੁਜਾਰੀ ਵਜੋਂ ਨਿਯੁਕਤ ਕੀਤਾ*+ ਅਤੇ ਉਹ ਮੀਕਾਹ ਦੇ ਘਰ ਰਹਿਣ ਲੱਗਾ। 13 ਫਿਰ ਮੀਕਾਹ ਨੇ ਕਿਹਾ: “ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰਾ ਭਲਾ ਕਰੇਗਾ ਕਿਉਂਕਿ ਇਕ ਲੇਵੀ ਮੇਰਾ ਪੁਜਾਰੀ ਬਣ ਗਿਆ ਹੈ।”