14 ਸ਼ਬਦਾਂ ਦਾ ਅਰਥ
ਅੱਤ ਪਵਿੱਤਰ: ਇਹ ਤੰਬੂ ਦਾ ਅਤੇ ਬਾਅਦ ਵਿਚ ਮੰਦਰ ਦਾ ਅੰਦਰਲਾ ਕਮਰਾ ਹੁੰਦਾ ਸੀ ਅਤੇ ਇਸ ਕਮਰੇ ਵਿਚ ਇਕਰਾਰ ਦਾ ਸੰਦੂਕ ਰੱਖਿਆ ਗਿਆ ਸੀ।
ਅਥਾਹ ਕੁੰਡ: ਇਹ ਬਹੁਤ ਹੀ ਡੂੰਘਾ ਟੋਆ ਹੈ, ਪਰ ਇਹ ਕੋਈ ਸੱਚੀਂ-ਮੁੱਚੀਂ ਦਾ ਟੋਆ ਨਹੀਂ, ਸਗੋਂ ਇਹ ਕਿਸੇ ਨੂੰ ਕੈਦ ਵਿਚ ਰੱਖੇ ਜਾਣ ਦੀ ਹਾਲਤ ਨੂੰ ਦਰਸਾਉਂਦਾ ਹੈ।
ਅਮਰਤਾ: ਅਜਿਹੀ ਜ਼ਿੰਦਗੀ ਜੋ ਹਮੇਸ਼ਾ ਚੱਲਦੀ ਰਹਿੰਦੀ ਹੈ ਅਤੇ ਜਿਸ ਨੂੰ ਕਦੀ ਖ਼ਤਮ ਨਹੀਂ ਕੀਤਾ ਜਾ ਸਕਦਾ।
ਅਵਿਨਾਸ਼ੀ ਸਰੀਰ: ਅਜਿਹਾ ਸਰੀਰ ਜੋ ਨਾ ਕਦੇ ਗਲ਼ਦਾ-ਸੜਦਾ ਹੈ ਤੇ ਨਾ ਕਦੇ ਨਾਸ਼ ਹੁੰਦਾ ਹੈ।
ਆਮੀਨ: ਇਸ ਦਾ ਮਤਲਬ ਹੈ “ਇਸੇ ਤਰ੍ਹਾਂ ਹੋਵੇ” ਜਾਂ “ਸੱਤ ਬਚਨ।” ਇਹ ਸ਼ਬਦ ਇਬਰਾਨੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਇਸ ਦਾ ਅਰਥ ਹੈ ਕਿ ਗੱਲ ਸੱਚੀ ਤੇ ਭਰੋਸੇਯੋਗ ਹੈ। ਬਾਈਬਲ ਵਿਚ ਯਿਸੂ ਨੂੰ “ਆਮੀਨ” ਕਿਹਾ ਗਿਆ ਹੈ ਕਿਉਂਕਿ ਉਹ “ਵਫ਼ਾਦਾਰ ਤੇ ਸੱਚਾ ਗਵਾਹ” ਹੈ। ਪ੍ਰਾਰਥਨਾ ਦੇ ਅਖ਼ੀਰ ਵਿਚ ਆਮੀਨ ਕਿਹਾ ਜਾਂਦਾ ਹੈ।
ਆਰਮਾਗੇਡਨ: ਇਸ ਦਾ ਮਤਲਬ ਹੈ “ਮਗਿੱਦੋ ਪਹਾੜ।” ਭਵਿੱਖ ਵਿਚ ਇਹ ਲੜਾਈ ਪੂਰੀ ਦੁਨੀਆਂ ਵਿਚ ਲੜੀ ਜਾਵੇਗੀ। ਇਸ ਵਿਚ ਯਹੋਵਾਹ ਦਾ ਚੁਣਿਆ ਹੋਇਆ ਰਾਜਾ ਯਿਸੂ ਮਸੀਹ ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਖ਼ਤਮ ਕਰ ਦੇਵੇਗਾ।
ਇਕਰਾਰ ਦਾ ਸੰਦੂਕ: ਇਹ ਪਵਿੱਤਰ ਸੰਦੂਕ ਪਹਿਲਾਂ ਤੰਬੂ ਅਤੇ ਬਾਅਦ ਵਿਚ ਸੁਲੇਮਾਨ ਦੇ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਰੱਖਿਆ ਗਿਆ ਸੀ। ਯਹੋਵਾਹ ਨੇ ਇਸ ਨੂੰ ਬਣਾਉਣ ਦਾ ਹੁਕਮ ਦਿੱਤਾ ਸੀ ਅਤੇ ਦੱਸਿਆ ਸੀ ਕਿ ਇਹ ਕਿਸ ਤਰ੍ਹਾਂ ਬਣਾਇਆ ਜਾਣਾ ਚਾਹੀਦਾ ਸੀ। ਇਸ ਵਿਚ ਖ਼ਾਸ ਕਰਕੇ ਪੱਥਰ ਦੀਆਂ ਦੋ ਫੱਟੀਆਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਦਸ ਹੁਕਮ ਲਿਖੇ ਹੋਏ ਸਨ।
ਸਹਾਇਕ ਸੇਵਕ: ਯੂਨਾਨੀ ਸ਼ਬਦ “ਡਾਏਕੋਨੌਸ” ਦਾ ਮਤਲਬ ਹੈ ‘ਨੌਕਰ’ ਜਾਂ ‘ਸੇਵਕ।’ ਸਾਰੇ ਮਸੀਹੀ ਪਰਮੇਸ਼ੁਰ ਦੇ ‘ਸੇਵਕ’ ਜਾਂ ‘ਨੌਕਰ’ ਹਨ। ਪਰ ਮੰਡਲੀ ਵਿਚ ਇਸ ਸ਼ਬਦ ਦਾ ਖ਼ਾਸ ਮਤਲਬ ਹੁੰਦਾ ਹੈ। ਸਹਾਇਕ ਸੇਵਕ ਉਹ ਭਰਾ ਹੁੰਦੇ ਹਨ ਜਿਹੜੇ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਵਿਚ ਬਜ਼ੁਰਗਾਂ ਦੀ ਮਦਦ ਕਰਦੇ ਹਨ।
ਸਦੂਕੀ: ਯਹੂਦੀ ਧਰਮ ਦਾ ਇਕ ਮੁੱਖ ਧਾਰਮਿਕ ਪੰਥ ਜੋ ਪੁਜਾਰੀ ਵਰਗ ਨਾਲ ਜੁੜਿਆ ਹੋਇਆ ਸੀ। ਸਦੂਕੀ ਮਹਾਸਭਾ ਜਾਂ ਸੁਪਰੀਮ ਕੋਰਟ ਦੇ ਮੈਂਬਰ ਹੁੰਦੇ ਸਨ।
ਸਬਤ: ਇਹ ਇਬਰਾਨੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਮਤਲਬ ਹੈ “ਆਰਾਮ ਕਰਨਾ, ਰੁਕਣਾ।” ਮੂਸਾ ਦੇ ਕਾਨੂੰਨ ਵਿਚ ਹਰ ਹਫ਼ਤੇ ਸਬਤ ਰੱਖਣ ਦੇ ਨਾਲ-ਨਾਲ ਸਾਲ ਵਿਚ ਕੁਝ ਹੋਰ ਖ਼ਾਸ ਦਿਨਾਂ ʼਤੇ ਵੀ ਸਬਤ ਰੱਖਣ ਲਈ ਕਿਹਾ ਗਿਆ ਸੀ। ਨਾਲੇ ਹਰ ਸੱਤਵੇਂ ਸਾਲ ਅਤੇ ਹਰ ਪੰਜਾਹਵੇਂ ਸਾਲ ਵੀ ਸਬਤ ਰੱਖਿਆ ਜਾਂਦਾ ਸੀ। ਯਹੂਦੀ ਆਪਣੇ ਕਲੰਡਰ ਮੁਤਾਬਕ ਸੱਤਵੇਂ ਦਿਨ, ਸ਼ੁੱਕਰਵਾਰ ਨੂੰ ਸੂਰਜ ਡੁੱਬਣ ਤੋਂ ਲੈ ਕੇ ਸ਼ਨੀਵਾਰ ਸੂਰਜ ਡੁੱਬਣ ਤਕ ਸਬਤ ਰੱਖਦੇ ਸਨ। ਯਹੋਵਾਹ ਪਰਮੇਸ਼ੁਰ ਨੇ ਆਪਣੇ ਅਤੇ ਇਜ਼ਰਾਈਲੀਆਂ ਵਿਚ ਇਕ ਨਿਸ਼ਾਨੀ ਦੇ ਤੌਰ ਤੇ ਸਬਤ ਦਾ ਦਿਨ ਰੱਖਿਆ ਸੀ। ਇਸ ਖ਼ਾਸ ਦਿਨ ʼਤੇ ਸਾਰੇ ਲੋਕ ਆਪਣੇ ਕੰਮ-ਧੰਦਿਆਂ ਤੋਂ ਆਰਾਮ ਕਰਦੇ ਸਨ। ਪਰ ਮਸੀਹੀਆਂ ਦੇ ਸਮਿਆਂ ਦੌਰਾਨ ਸਬਤ ਸੰਬੰਧੀ ਹੋਰ ਬਹੁਤ ਸਾਰੇ ਨਿਯਮ ਲੋਕਾਂ ਉੱਤੇ ਥੋਪੇ ਗਏ ਸਨ।
ਸਭਾ ਘਰ: ਉਹ ਜਗ੍ਹਾ ਜਿੱਥੇ ਯਹੂਦੀ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਸਨ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਦੇ ਸਨ।
ਸ਼ੈਤਾਨ: ਇਬਰਾਨੀ ਭਾਸ਼ਾ ਵਿਚ ਇਸ ਦਾ ਮਤਲਬ ਹੈ ਵਿਰੋਧ ਕਰਨ ਵਾਲਾ। ਇਹ ਪਰਮੇਸ਼ੁਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
ਹੋਮ ਬਲੀ: ਇਜ਼ਰਾਈਲੀ ਆਪਣੀ ਇੱਛਾ ਨਾਲ ਪੂਰੇ ਦਾ ਪੂਰਾ ਬਲੀਦਾਨ ਪਰਮੇਸ਼ੁਰ ਨੂੰ ਚੜ੍ਹਾਉਂਦੇ ਸਨ ਅਤੇ ਬਲ਼ੀ ਚੜ੍ਹਾਏ ਜਾਨਵਰ ਦਾ ਕੋਈ ਵੀ ਹਿੱਸਾ ਆਪਣੇ ਲਈ ਨਹੀਂ ਰੱਖਦੇ ਸਨ। ਹੋਮ ਬਲ਼ੀ ਦੇ ਤੌਰ ਤੇ ਬਲਦ, ਭੇਡੂ, ਬੱਕਰੇ, ਕਬੂਤਰ ਜਾਂ ਘੁੱਗੀਆਂ ਦੀ ਬਲ਼ੀ ਦਿੱਤੀ ਜਾਂਦੀ ਸੀ।
ਕਰੂਬੀ: ਇਹ ਉੱਚੀ ਪਦਵੀ ਵਾਲੇ ਸਵਰਗੀ ਦੂਤ ਹਨ ਜਿਨ੍ਹਾਂ ਦੀਆਂ ਖ਼ਾਸ ਜ਼ਿੰਮੇਵਾਰੀਆਂ ਹੁੰਦੀਆਂ ਹਨ। ਕਰੂਬੀ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੇ ਨਜ਼ਦੀਕ ਹੁੰਦੇ ਹਨ ਅਤੇ ਖ਼ਾਸ ਕਰਕੇ ਉਸ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਕੀਮਤੀ ਪੱਥਰ: ਯਸ਼ਬ: ਵੱਖੋ-ਵੱਖਰੇ ਰੰਗਾਂ ਦਾ, ਆਮ ਤੌਰ ਤੇ ਪਾਰਦਰਸ਼ੀ। (ਪ੍ਰਕਾ 21:11) ਕੁਝ ਵਿਦਵਾਨ ਕਹਿੰਦੇ ਹਨ ਕਿ ਇੱਥੇ ਹੀਰੇ ਦੀ ਗੱਲ ਹੋ ਰਹੀ ਹੈ। ਨੀਲਮ: ਨੀਲੇ ਰੰਗ ਦਾ। ਦੂਧੀਆ ਅਕੀਕ: ਪਾਰਦਰਸ਼ੀ, ਕਈ ਰੰਗਾਂ ਦਾ। ਪੰਨਾ: ਪਾਰਦਰਸ਼ੀ ਹਰੇ ਰੰਗ ਦਾ। ਸੁਲੇਮਾਨੀ: ਇਸ ਵਿਚ ਦੂਧੀਆ ਚਿੱਟੇ ਤੇ ਪਾਰਦਰਸ਼ੀ ਲਾਲ, ਸੁਨਹਿਰੀ ਜਾਂ ਭੂਰੇ ਰੰਗ ਦੀਆਂ ਪਰਤਾਂ ਹੁੰਦੀਆਂ ਹਨ। ਲਾਲ ਅਕੀਕ: ਪਾਰਦਰਸ਼ੀ, ਲਾਲ-ਭੂਰੇ ਰੰਗ ਦਾ। ਸਬਜ਼ਾ: ਪਾਰਦਰਸ਼ੀ, ਪੀਲ਼ੇ ਜਾਂ ਹਰੇ ਰੰਗ ਦਾ। ਫ਼ਿਰੋਜ਼ਾ: ਆਮ ਤੌਰ ਤੇ ਪੀਲ਼ੇ-ਹਰੇ ਰੰਗ ਦਾ, ਪਰ ਕਈ ਹੋਰ ਰੰਗਾਂ ਦਾ ਵੀ ਜਾਂ ਬੇਰੰਗ। ਪੁਖਰਾਜ: ਬੇਰੰਗ ਜਾਂ ਵੱਖੋ-ਵੱਖਰੇ ਰੰਗਾਂ ਦਾ। ਇਸ ਦੇ ਲਾਲ-ਪੀਲ਼ੇ ਰੰਗ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹਰਾ ਅਕੀਕ: ਪਾਰਦਰਸ਼ੀ, ਹਰੇ ਰੰਗ ਦਾ। ਜ਼ਰਕੂਨ: ਗੂੜ੍ਹਾ ਨੀਲਾ। ਲਾਜਵਰਦ: ਬੈਂਗਣੀ ਜਾਂ ਜਾਮਣੀ ਰੰਗ ਦਾ।
ਕੋਰੜੇ ਮਾਰਨਾ: ਪਹਿਲੀ ਸਦੀ ਵਿਚ ਕਿਸੇ ਨੂੰ ਤਸੀਹੇ ਦੇਣ ਲਈ ਉਸ ਦੇ ਕੋਰੜੇ ਮਾਰੇ ਜਾਂਦੇ ਸਨ। ਕਈ ਕੋਰੜਿਆਂ ਉੱਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਲੋਹੇ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬੰਨ੍ਹੀਆਂ ਹੁੰਦੀਆਂ ਸਨ। ਕਈਆਂ ʼਤੇ ਚਮੜੇ ਦੀਆਂ ਪੱਟੀਆਂ ਨੂੰ ਗੁੰਦ ਕੇ ਉਨ੍ਹਾਂ ਵਿਚ ਤਿੱਖੀਆਂ ਹੱਡੀਆਂ ਅਤੇ ਧਾਤ ਦੇ ਟੁਕੜੇ ਲੱਗੇ ਹੁੰਦੇ ਸਨ।
ਖ਼ੁਸ਼ ਖ਼ਬਰੀ: ਇਹ ਪਰਮੇਸ਼ੁਰ ਦੇ ਰਾਜ ਦੀ ਅਤੇ ਯਿਸੂ ਮਸੀਹ ʼਤੇ ਨਿਹਚਾ ਕਰਨ ਕਰਕੇ ਮਿਲਣ ਵਾਲੀ ਮੁਕਤੀ ਦੀ ਖ਼ੁਸ਼ ਖ਼ਬਰੀ ਹੈ।
ਗੰਧਰਸ: ਇਹ ਖ਼ੁਸ਼ਬੂਦਾਰ ਗੂੰਦ ਹੁੰਦਾ ਹੈ ਜੋ ਕਈ ਤਰ੍ਹਾਂ ਦੀਆਂ ਕੰਡਿਆਲੀਆਂ ਝਾੜੀਆਂ ਜਾਂ ਛੋਟੇ ਦਰਖ਼ਤਾਂ ਵਿੱਚੋਂ ਕੱਢਿਆ ਜਾਂਦਾ ਹੈ। ਇਨ੍ਹਾਂ ਦੀ ਲੱਕੜ ਅਤੇ ਸੱਕ ਦੀ ਖ਼ੁਸ਼ਬੂ ਬੜੀ ਤੇਜ਼ ਹੁੰਦੀ ਹੈ।
ਗ੍ਰੰਥੀ: ਇਹ ਇਬਰਾਨੀ ਲਿਖਤਾਂ ਦੇ ਨਕਲਨਵੀਸ ਹੁੰਦੇ ਸਨ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਵੇਲੇ ਮੂਸਾ ਦੇ ਕਾਨੂੰਨ ਦਾ ਗਿਆਨ ਰੱਖਣ ਵਾਲਿਆਂ ਨੂੰ ਵੀ ਗ੍ਰੰਥੀ ਕਿਹਾ ਜਾਂਦਾ ਸੀ।
ਚੜ੍ਹਾਵੇ ਦੀਆਂ ਰੋਟੀਆਂ: ਤੰਬੂ ਜਾਂ ਮੰਦਰ ਦੇ ਪਵਿੱਤਰ ਕਮਰੇ ਵਿਚ ਇਕ ਮੇਜ਼ ਉੱਤੇ 12 ਰੋਟੀਆਂ ਰੱਖੀਆਂ ਹੁੰਦੀਆਂ ਸਨ ਅਤੇ ਹਰ ਸਬਤ ਦੇ ਦਿਨ ਬੇਹੀਆਂ ਰੋਟੀਆਂ ਚੁੱਕ ਕੇ ਤਾਜ਼ੀਆਂ ਰੱਖੀਆਂ ਜਾਂਦੀਆਂ ਸਨ।
ਜਾਦੂਗਰੀ: ਯੂਨਾਨੀ ਸ਼ਬਦ ਦਾ ਮਤਲਬ ਹੈ “ਅਮਲ ਜਾਂ ਨਸ਼ਾ।” ਇਹ ਸ਼ਬਦ ਜਾਦੂਗਰੀ ਵਾਸਤੇ ਇਸ ਕਰਕੇ ਵਰਤੇ ਜਾਣ ਲੱਗੇ ਕਿਉਂਕਿ ਪੁਰਾਣੇ ਜ਼ਮਾਨਿਆਂ ਵਿਚ ਜਾਦੂਗਰੀ ਕਰਨ ਵੇਲੇ ਅਤੇ ਦੁਸ਼ਟ ਦੂਤਾਂ ਨੂੰ ਸੱਦਣ ਵੇਲੇ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਜਾਦੂਗਰੀ ਕਰਨ ਵਾਲੇ ਮੰਨਦੇ ਹਨ ਕਿ ਇਨਸਾਨ ਦੇ ਮਰਨ ਤੋਂ ਬਾਅਦ ਉਸ ਦੀ ਆਤਮਾ ਬਚ ਜਾਂਦੀ ਹੈ ਅਤੇ ਉਹ ਜੀਉਂਦੇ ਲੋਕਾਂ ਨਾਲ ਗੱਲਬਾਤ ਕਰ ਸਕਦੀ ਹੈ, ਖ਼ਾਸ ਕਰਕੇ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਕਿਸੇ ਇਨਸਾਨ ਦੇ ਰਾਹੀਂ।
ਜ਼ਬੂਰ: ਪਰਮੇਸ਼ੁਰ ਦੀ ਮਹਿਮਾ ਦੇ ਗੀਤ। ਜ਼ਬੂਰਾਂ ਨੂੰ ਸੰਗੀਤ-ਬੱਧ ਕੀਤਾ ਗਿਆ ਸੀ ਅਤੇ ਇਹ ਗੀਤ ਪਰਮੇਸ਼ੁਰ ਦੇ ਭਗਤਾਂ ਦੁਆਰਾ ਗਾਏ ਜਾਂਦੇ ਸਨ। ਜਦੋਂ ਲੋਕ ਯਰੂਸ਼ਲਮ ਵਿਚ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਲਈ ਮੰਦਰ ਵਿਚ ਇਕੱਠੇ ਹੁੰਦੇ ਸਨ, ਉਦੋਂ ਵੀ ਇਹ ਗੀਤ ਗਾਏ ਜਾਂਦੇ ਸਨ।
ਤੱਪੜ: ਇਹ ਕੱਪੜਾ ਆਮ ਤੌਰ ਤੇ ਭੂਰੇ ਜਾਂ ਕਾਲੇ ਰੰਗ ਦੀ ਬੱਕਰੀ ਦੇ ਵਾਲ਼ਾਂ ਦਾ ਬਣਿਆ ਹੁੰਦਾ ਸੀ ਅਤੇ ਸੋਗ ਮਨਾਉਣ ਵੇਲੇ ਇਸ ਨੂੰ ਪਾਇਆ ਜਾਂਦਾ ਸੀ।
ਤੋਬਾ: “ਤੋਬਾ ਕਰਨ” ਦਾ ਮਤਲਬ ਹੈ “ਆਪਣੇ ਪਿੱਛਲੇ ਕੰਮਾਂ (ਜਾਂ ਉਹ ਕੰਮ ਜਿਨ੍ਹਾਂ ਨੂੰ ਕਰਨ ਬਾਰੇ ਤੁਸੀਂ ਸੋਚਿਆ ਸੀ) ਜਾਂ ਚਾਲ-ਚਲਣ ਦੇ ਮਾਮਲੇ ਵਿਚ ਪਛਤਾਵਾ ਜਾਂ ਨਿਰਾਸ਼ਾ ਹੋਣ ਕਰਕੇ ਆਪਣੇ ਆਪ ਨੂੰ ਬਦਲਣਾ।” ਬਾਈਬਲ ਵਿਚ “ਤੋਬਾ ਕਰਨ” ਦਾ ਮਤਲਬ ਹੈ ਆਪਣੀ ਪੁਰਾਣੀ ਜ਼ਿੰਦਗੀ ਜਾਂ ਗ਼ਲਤ ਕੰਮਾਂ ਜਾਂ ਨਾ ਕੀਤੇ ਕੰਮਾਂ ਉੱਤੇ ਪਛਤਾਵਾ ਕਰਨਾ।
ਦਰਸ਼ਣ: ਕਿਸੇ ਇਨਸਾਨ ਦੇ ਮਨ ਵਿਚ ਦਿਨੇ ਜਾਂ ਰਾਤ ਨੂੰ ਚਮਤਕਾਰੀ ਢੰਗ ਨਾਲ ਦਿਖਾਇਆ ਗਿਆ ਕੋਈ ਦ੍ਰਿਸ਼। ਕਈ ਵਾਰ ਦਰਸ਼ਣ ਦੇਖਣ ਵਾਲੇ ਨੂੰ ਆਪਣੇ ਆਲੇ-ਦੁਆਲੇ ਦੀ ਸੁੱਧ-ਬੁੱਧ ਨਹੀਂ ਹੁੰਦੀ ਸੀ ਅਤੇ ਕਈ ਵਾਰੀ ਇਹ ਸੁਪਨੇ ਰਾਹੀਂ ਦਿਖਾਇਆ ਜਾਂਦਾ ਸੀ।
ਦਾਖਰਸ: ਜਦੋਂ ਬਾਈਬਲ ਵਿਚ ਦਾਖਰਸ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਅੰਗੂਰਾਂ ਦਾ ਰਸ ਨਹੀਂ, ਸਗੋਂ ਵਾਈਨ ਹੁੰਦਾ ਹੈ। ਉਦਾਹਰਣ ਲਈ, ਯਿਸੂ ਦੇ ਦੁਸ਼ਮਣਾਂ ਨੇ ਉਸ ਉੱਤੇ “ਸ਼ਰਾਬੀ” ਹੋਣ ਦਾ ਦੋਸ਼ ਲਾਇਆ ਸੀ। ਇਸ ਦੋਸ਼ ਦਾ ਕੋਈ ਮਤਲਬ ਨਹੀਂ ਹੋਣਾ ਸੀ ਜੇ ਉਹ ਸਿਰਫ਼ ਅੰਗੂਰਾਂ ਦਾ ਰਸ ਹੀ ਪੀਂਦਾ ਸੀ।
ਦਿਨ ਦਾ ਤਾਰਾ: ਇਹ ‘ਸਵੇਰ ਦੇ ਤਾਰੇ’ ਵਰਗਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਇਹ ਪੂਰਬ ਵਿਚ ਦਿਸਣ ਵਾਲਾ ਅਖ਼ੀਰਲਾ ਤਾਰਾ ਹੈ ਅਤੇ ਨਵਾਂ ਦਿਨ ਚੜ੍ਹਨ ਦਾ ਸੰਕੇਤ ਦਿੰਦਾ ਹੈ।
ਦੁਸ਼ਟ ਦੂਤ: ਇਹ ਉਹ ਸ਼ਕਤੀਸ਼ਾਲੀ ਦੂਤ ਹਨ ਜਿਨ੍ਹਾਂ ਨੇ ਨੂਹ ਦੇ ਦਿਨਾਂ ਵਿਚ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਸੀ ਅਤੇ ਯਹੋਵਾਹ ਦੇ ਖ਼ਿਲਾਫ਼ ਹੋ ਕੇ ਸ਼ੈਤਾਨ ਨਾਲ ਰਲ਼ ਗਏ ਸਨ।
ਧਾਰਮਿਕਤਾ: ਇਬਰਾਨੀ ਅਤੇ ਯੂਨਾਨੀ ਸ਼ਬਦ ਦਾ ਮਤਲਬ ਹੈ “ਖਰਾ” ਜਾਂ “ਸਿੱਧਾ” ਜਾਂ ਅਸੂਲਾਂ ਮੁਤਾਬਕ ਚੱਲਣਾ। ਬਾਈਬਲ ਵਿਚ ਦਰਜ ਅਸੂਲ ਪਰਮੇਸ਼ੁਰ ਨੇ ਕਾਇਮ ਕੀਤੇ ਹਨ। ਯੂਨਾਨੀ ਲਿਖਤਾਂ ਵਿਚ “ਧਾਰਮਿਕਤਾ” ਸ਼ਬਦ ਦਾ ਮਤਲਬ ਹੈ “ਸਹੀ ਜਾਂ ਜਾਇਜ਼।” “ਧਰਮੀ” ਇਨਸਾਨ ਉਹ ਹੁੰਦਾ ਹੈ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ ਤੇ ਉਸ ਦੇ ਹੁਕਮਾਂ ਨੂੰ ਮੰਨਦਾ ਹੈ। ਇਸ ਤੋਂ ਇਲਾਵਾ, ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਹੈ ਅਤੇ ਖਰਾ, ਨਿਰਪੱਖ ਤੇ ਈਮਾਨਦਾਰ ਹੁੰਦਾ ਹੈ। ਉਸ ਦਾ ਚਾਲ-ਚਲਣ ਨੇਕ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਅਨੈਤਿਕ ਕੰਮਾਂ ਤੋਂ ਦੂਰ ਰੱਖਦਾ ਹੈ।
ਨਬੀ: ਉਹ ਇਨਸਾਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਆਪਣੀ ਇੱਛਾ ਤੇ ਮਕਸਦ ਬਾਰੇ ਦੱਸਦਾ ਹੈ। ਉਹ ਪਰਮੇਸ਼ੁਰ ਦੇ ਸੰਦੇਸ਼ ਸੁਣਾਉਂਦੇ ਹਨ ਅਤੇ ਕਦੇ-ਕਦੇ ਭਵਿੱਖਬਾਣੀਆਂ ਵੀ ਕਰਦੇ ਹਨ।
ਨਿਆਂ ਦਾ ਦਿਨ: ਇਕ ਖ਼ਾਸ “ਦਿਨ” ਜਾਂ ਸਮਾਂ ਜਦੋਂ ਕੁਝ ਸਮੂਹਾਂ, ਕੌਮਾਂ ਜਾਂ ਪੂਰੀ ਦੁਨੀਆਂ ਨੂੰ ਪਰਮੇਸ਼ੁਰ ਨੂੰ ਲੇਖਾ ਦੇਣਾ ਪੈਂਦਾ ਹੈ। ਇਸ ਸਮੇਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਲਾਇਕ ਠਹਿਰਾਇਆ ਜਾ ਚੁੱਕਾ ਹੈ। ਦੂਸਰੇ ਪਾਸੇ, ਨਿਆਂ ਦੇ ਸਮੇਂ ਕੁਝ ਲੋਕਾਂ ਨੂੰ ਮੁਕਤੀ ਪਾਉਣ, ਇੱਥੋਂ ਤਕ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੱਤਾ ਜਾਵੇਗਾ।
ਨਿਗਾਹਬਾਨ: ਆਮ ਤੌਰ ਤੇ ਨਿਗਾਹਬਾਨ ਉਹ ਹੁੰਦੇ ਹਨ ਜਿਹੜੇ ਮਾਮਲਿਆਂ ਦੀ ਨਿਗਰਾਨੀ ਤੇ ਜਾਂਚ ਕਰਦੇ ਹਨ, ਲੋਕਾਂ ਨੂੰ ਮਿਲਦੇ ਹਨ ਅਤੇ ਜ਼ਿੰਮੇਵਾਰੀਆਂ ਸੌਂਪਦੇ ਹਨ। ਮਸੀਹੀ ਨਿਗਾਹਬਾਨਾਂ ਨੂੰ ਮੰਡਲੀ ਵਿਚ “ਬਜ਼ੁਰਗ” ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ ਮੰਡਲੀ ਦੇ ਮੈਂਬਰਾਂ ਦੀ ਦੇਖ-ਰੇਖ ਕਰਨੀ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਝੁੰਡ ਵਿਚ ਰੱਖਣਾ।
ਪਸਾਹ ਦਾ ਤਿਉਹਾਰ: ਜਿਸ ਦਿਨ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ ਸਨ, ਉਸ ਤੋਂ ਇਕ ਰਾਤ ਪਹਿਲਾਂ ਇਹ ਤਿਉਹਾਰ ਪਹਿਲੀ ਵਾਰ ਮਨਾਇਆ ਗਿਆ ਸੀ। ਉਸ ਰਾਤ ਪਰਮੇਸ਼ੁਰ ਦੇ ਦੂਤ ਨੇ ਮਿਸਰ ਦੇ ਸਾਰੇ ਜੇਠਿਆਂ ਨੂੰ ਮਾਰ ਦਿੱਤਾ ਸੀ, ਪਰ ਇਜ਼ਰਾਈਲੀਆਂ ਦੇ ਜੇਠਿਆਂ ਨੂੰ ਨਹੀਂ ਮਾਰਿਆ ਸੀ ਅਤੇ ਉਸੇ ਰਾਤ ਇਜ਼ਰਾਈਲੀ ਮਿਸਰੀਆਂ ਤੋਂ ਆਜ਼ਾਦ ਹੋਏ ਸਨ। ਇਹ ਪਸਾਹ ਦਾ ਤਿਉਹਾਰ ਇਸ ਗੱਲ ਦੀ ਯਾਦ ਵਿਚ ਮਨਾਇਆ ਜਾਂਦਾ ਸੀ। ਪਹਿਲੀ ਵਾਰ ਇਹ ਤਿਉਹਾਰ 1513 ਈਸਵੀ ਪੂਰਵ ਵਿਚ ਅਬੀਬ ਮਹੀਨੇ (ਬਾਅਦ ਵਿਚ ਨੀਸਾਨ) ਦੇ 14ਵੇਂ ਦਿਨ ਨੂੰ ਮਨਾਇਆ ਗਿਆ ਸੀ, ਜਦੋਂ ਪੂਰਾ ਚੰਦ ਨਿਕਲਿਆ ਹੋਇਆ ਸੀ। ਇਸ ਤੋਂ ਬਾਅਦ ਇਹ ਹਰ ਸਾਲ ਮਨਾਇਆ ਜਾਣ ਲੱਗਾ।
ਪਵਿੱਤਰ ਕਮਰਾ: ਇਹ ਤੰਬੂ ਦਾ ਅਤੇ ਬਾਅਦ ਵਿਚ ਮੰਦਰ ਦਾ ਪਹਿਲਾ ਕਮਰਾ ਸੀ ਜੋ ਅੱਤ ਪਵਿੱਤਰ ਕਮਰੇ ਨਾਲੋਂ ਵੱਖਰਾ ਅਤੇ ਵੱਡਾ ਸੀ। ਇਸ ਵਿਚ ਸੋਨੇ ਦਾ ਸ਼ਮਾਦਾਨ, ਧੂਪ ਧੁਖਾਉਣ ਲਈ ਸੋਨੇ ਦੀ ਵੇਦੀ, ਹਜ਼ੂਰੀ ਦੀਆਂ ਰੋਟੀਆਂ ਰੱਖਣ ਲਈ ਮੇਜ਼ ਅਤੇ ਸੋਨੇ ਦੇ ਭਾਂਡੇ ਰੱਖੇ ਹੁੰਦੇ ਸਨ।
ਪੰਤੇਕੁਸਤ: ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਵਾਢੀ ਦੇ ਤਿਉਹਾਰ (ਕੂਚ 23:16) ਜਾਂ ਅਠਵਾਰੇ (ਹਫ਼ਤਿਆਂ) ਦੇ ਤਿਉਹਾਰ ਨੂੰ ਪੰਤੇਕੁਸਤ ਕਿਹਾ ਗਿਆ ਹੈ। (ਕੂਚ 34:22) ਪੰਤੇਕੁਸਤ ਦਾ ਮਤਲਬ ਹੈ “ਪੰਜਾਹਵਾਂ।” ਇਹ ਤਿਉਹਾਰ ਨੀਸਾਨ 16 ਤੋਂ ਪੰਜਾਹ ਦਿਨ ਗਿਣ ਕੇ ਯਹੂਦੀ ਕਲੰਡਰ ਦੇ ਮੁਤਾਬਕ ਸੀਵਾਨ ਮਹੀਨੇ ਦੀ 6 ਤਾਰੀਖ਼ ਨੂੰ ਮਨਾਇਆ ਜਾਂਦਾ ਸੀ।
ਪੀਣ ਦੀ ਭੇਟ: ਦਾਖਰਸ ਨੂੰ ਪੀਣ ਦੀ ਭੇਟ ਦੇ ਤੌਰ ਤੇ ਵੇਦੀ ਉੱਤੇ ਡੋਲ੍ਹਿਆ ਜਾਂਦਾ ਸੀ ਅਤੇ ਆਮ ਤੌਰ ਤੇ ਦੂਸਰੀਆਂ ਭੇਟਾਂ ਦੇ ਨਾਲ ਚੜ੍ਹਾਈ ਜਾਂਦੀ ਸੀ। ਜਦੋਂ ਪੌਲੁਸ ਨੇ ਕਿਹਾ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਦੇ ਭਲੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਲਈ ਤਿਆਰ ਸੀ, ਤਾਂ ਉਸ ਨੇ ਆਪਣੇ ਆਪ ਨੂੰ ਪੀਣ ਦੀ ਭੇਟ ਵਾਂਗ ਦਰਸਾਇਆ।
ਪੁਜਾਰੀ: ਇਹ ਮੰਦਰ ਵਿਚ ਪਰਮੇਸ਼ੁਰ ਦੀ ਸੇਵਾ ਕਰਦੇ ਸਨ ਅਤੇ ਲੋਕਾਂ ਨੂੰ ਪਰਮੇਸ਼ੁਰ ਦੀ ਅਤੇ ਉਸ ਦੇ ਕਾਨੂੰਨਾਂ ਦੀ ਸਿੱਖਿਆ ਦਿੰਦੇ ਸਨ। ਨਾਲੇ ਇਹ ਪਰਮੇਸ਼ੁਰ ਅੱਗੇ ਲੋਕਾਂ ਲਈ ਬਲ਼ੀਆਂ ਚੜ੍ਹਾਉਂਦੇ ਸਨ ਅਤੇ ਉਨ੍ਹਾਂ ਲਈ ਬੇਨਤੀਆਂ ਤੇ ਪ੍ਰਾਰਥਨਾਵਾਂ ਕਰਦੇ ਸਨ।
ਫ਼ਰੀਸੀ: ਪਹਿਲੀ ਸਦੀ ਵਿਚ ਯਹੂਦੀ ਧਰਮ ਦਾ ਇਕ ਮੁੱਖ ਧਾਰਮਿਕ ਪੰਥ। ਕੁਝ ਫ਼ਰੀਸੀ ਯਹੂਦੀ ਮਹਾਸਭਾ ਜਾਂ ਸੁਪਰੀਮ ਕੋਰਟ ਦੇ ਵੀ ਮੈਂਬਰ ਹੁੰਦੇ ਸਨ ਅਤੇ ਇਹ ਮੂਸਾ ਦੇ ਕਾਨੂੰਨ ਵਿਚ ਜੋੜੇ ਗਏ ਬਹੁਤ ਸਾਰੇ ਯਹੂਦੀ ਰੀਤਾਂ-ਰਿਵਾਜਾਂ ਨੂੰ ਸਖ਼ਤੀ ਨਾਲ ਮੰਨਦੇ ਸਨ।
ਬਜ਼ੁਰਗ: ਵੱਡੀ ਉਮਰ ਦੇ ਲੋਕ, ਪਰ ਬਾਈਬਲ ਵਿਚ ਖ਼ਾਸ ਤੌਰ ਤੇ ਉਨ੍ਹਾਂ ਨੂੰ ਬਜ਼ੁਰਗ ਕਿਹਾ ਗਿਆ ਹੈ ਜਿਨ੍ਹਾਂ ਦੀ ਸਮਾਜ ਜਾਂ ਕੌਮ ਵਿਚ ਉੱਚੀ ਪਦਵੀ ਹੁੰਦੀ ਸੀ ਜਾਂ ਮੰਡਲੀ ਵਿਚ ਜ਼ਿੰਮੇਵਾਰੀ ਹੁੰਦੀ ਸੀ। ਪ੍ਰਕਾਸ਼ ਦੀ ਕਿਤਾਬ ਵਿਚ ਜ਼ਿਕਰ ਕੀਤੇ ਗਏ ਸਵਰਗੀ ਪ੍ਰਾਣੀਆਂ ਲਈ ਵੀ ਇਹ ਸ਼ਬਦ ਵਰਤਿਆ ਗਿਆ ਹੈ।
ਬਪਤਿਸਮਾ: ਇਸ ਦਾ ਮਤਲਬ ਹੈ ਪਾਣੀ ਵਿਚ ਚੁੱਭੀ ਲੈਣੀ ਜਾਂ ਡੁਬਕੀ ਲੈਣੀ। ਬਪਤਿਸਮਾ ਲੈ ਕੇ ਇਨਸਾਨ ਦਿਖਾਉਂਦਾ ਹੈ ਕਿ ਉਸ ਨੇ ਯਿਸੂ ਮਸੀਹ ਦੇ ਨਾਂ ʼਤੇ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਬਿਨਾਂ ਕਿਸੇ ਸ਼ਰਤ ਦੇ ਸਮਰਪਿਤ ਕੀਤੀ ਹੈ। ਬਾਈਬਲ ਵਿਚ ਕਈ ਤਰ੍ਹਾਂ ਦੇ ਬਪਤਿਸਮਿਆਂ ਬਾਰੇ ਦੱਸਿਆ ਗਿਆ ਹੈ। ਮਿਸਾਲ ਲਈ, ਇਸ ਵਿਚ ਯੂਹੰਨਾ ਦੁਆਰਾ ਦਿੱਤੇ ਗਏ ਬਪਤਿਸਮੇ ਬਾਰੇ ਅਤੇ ਪਵਿੱਤਰ ਸ਼ਕਤੀ ਤੇ ਅੱਗ ਨਾਲ ਬਪਤਿਸਮਾ ਲੈਣ ਬਾਰੇ ਦੱਸਿਆ ਗਿਆ ਹੈ।
ਮਸੀਹ: ਯੂਨਾਨੀ ਵਿਚ “ਕ੍ਰਿਸਟੋਸ”; ਇਬਰਾਨੀ ਵਿਚ “ਮਾਸ਼ੀਆਖ” ਜੋ ਇਕ ਖ਼ਿਤਾਬ ਹੈ ਜਿਸ ਦਾ ਮਤਲਬ ਹੈ “ਮਸੀਹ” ਜਾਂ ਚੁਣਿਆ ਹੋਇਆ। ਇਹ ਇਕ ਨਿੱਜੀ ਨਾਂ ਨਹੀਂ ਹੈ।
ਮਸੀਹ ਦਾ ਵਿਰੋਧੀ: ਬਾਈਬਲ ਵਿਚ ਮਸੀਹ ਦਾ ਵਿਰੋਧੀ ਉਸ ਇਨਸਾਨ ਨੂੰ ਕਿਹਾ ਗਿਆ ਹੈ ਜਿਹੜਾ ਇਸ ਗੱਲ ਦਾ ਇਨਕਾਰ ਕਰਦਾ ਹੈ ਕਿ “ਯਿਸੂ ਹੀ ਮਸੀਹ ਹੈ” ਜਾਂ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਜੋ “ਇਨਸਾਨ ਦੇ ਰੂਪ ਵਿਚ” ਧਰਤੀ ਉੱਤੇ ਆਇਆ ਸੀ। (2 ਯੂਹੰ 7) ਸੋ ਇਹ ਵਿਰੋਧੀ ਉਨ੍ਹਾਂ ਸਾਰਿਆਂ ਲੋਕਾਂ ਨੂੰ ਦਰਸਾਉਂਦਾ ਹੈ ਜਿਹੜੇ ਯਿਸੂ ਮਸੀਹ ਦਾ ਵਿਰੋਧ ਕਰਦੇ ਹਨ ਜਾਂ ਖ਼ੁਦ ਮਸੀਹ ਜਾਂ ਮਸੀਹੀ ਹੋਣ ਦਾ ਝੂਠਾ ਦਾਅਵਾ ਕਰਦੇ ਹਨ ਜਾਂ ਫਿਰ ਪਰਮੇਸ਼ੁਰ ਦੇ ਬਚਨ ਵਿਚ ਮਸੀਹ ਬਾਰੇ ਲਿਖੀਆਂ ਗੱਲਾਂ ਮੰਨਣ ਤੋਂ ਇਨਕਾਰ ਕਰਦੇ ਹਨ।
ਮਹਾਸਭਾ: ਇਹ ਯਰੂਸ਼ਲਮ ਵਿਚ ਯਹੂਦੀਆਂ ਦੀ ਸੁਪਰੀਮ ਕੋਰਟ ਸੀ। ਯਿਸੂ ਦੇ ਜ਼ਮਾਨੇ ਵਿਚ ਇਸ ਅਦਾਲਤ ਦੇ 71 ਮੈਂਬਰ ਹੁੰਦੇ ਸਨ ਜਿਨ੍ਹਾਂ ਵਿਚ ਮਹਾਂ ਪੁਜਾਰੀ, ਉਸ ਦੇ ਪਰਿਵਾਰ ਦੇ ਮੈਂਬਰ, ਬਜ਼ੁਰਗ ਅਤੇ ਗ੍ਰੰਥੀ ਹੁੰਦੇ ਸਨ। ਜਿਹੜੇ ਆਦਮੀ ਪਹਿਲਾਂ ਮਹਾਂ ਪੁਜਾਰੀ ਦੇ ਤੌਰ ਤੇ ਸੇਵਾ ਕਰ ਚੁੱਕੇ ਸਨ, ਉਹ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਮਹਾਸਭਾ ਦੇ ਮੈਂਬਰ ਹੁੰਦੇ ਸਨ। ਮਹਾਸਭਾ ਕੋਲ ਸਮਾਜਕ, ਪ੍ਰਬੰਧਕੀ ਅਤੇ ਧਾਰਮਿਕ ਮਾਮਲਿਆਂ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਹੁੰਦਾ ਸੀ।
ਮਹਾਂ ਬਾਬਲ: ਇਹ ਨਾਂ ਉਨ੍ਹਾਂ ਸਾਰੇ ਧਰਮਾਂ ਲਈ ਵਰਤਿਆ ਗਿਆ ਜਿਹੜੇ ਪੁਰਾਣੇ ਜ਼ਮਾਨੇ ਦੇ ਬਾਬਲ ਸ਼ਹਿਰ ਦੀਆਂ ਧਾਰਮਿਕ ਸਿੱਖਿਆਵਾਂ ਅਤੇ ਰਵੱਈਏ ਨੂੰ ਅਪਣਾਉਂਦੇ ਹਨ ਅਤੇ ਉਹ ਕੰਮ ਕਰਦੇ ਹਨ ਜੋ ਉਸ ਸ਼ਹਿਰ ਵਿਚ ਹੁੰਦੇ ਸਨ।
ਮਨੁੱਖ ਦਾ ਪੁੱਤਰ: ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀਆਂ ਕਿਤਾਬਾਂ ਵਿਚ ਇਹ ਸ਼ਬਦ ਲਗਭਗ 80 ਵਾਰ ਆਉਂਦੇ ਹਨ ਅਤੇ ਇਹ ਹਰ ਵਾਰ ਯਿਸੂ ਮਸੀਹ ਲਈ ਵਰਤੇ ਗਏ ਹਨ। ਇਨ੍ਹਾਂ ਸ਼ਬਦਾਂ ਦੁਆਰਾ ਦਿਖਾਇਆ ਗਿਆ ਸੀ ਕਿ ਯਿਸੂ ਮਸੀਹ ਦਾਨੀਏਲ 7:13, 14 ਵਿਚ ਦਰਜ ਭਵਿੱਖਬਾਣੀ ਨੂੰ ਪੂਰਾ ਕਰੇਗਾ। ਇਬਰਾਨੀ ਲਿਖਤਾਂ ਵਿਚ ਇਹ ਸ਼ਬਦ ਹਿਜ਼ਕੀਏਲ ਅਤੇ ਦਾਨੀਏਲ ਲਈ ਵਰਤੇ ਗਏ ਹਨ ਅਤੇ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਉਹ ਮਰਨਹਾਰ ਇਨਸਾਨ ਸਨ। ਇਨ੍ਹਾਂ ਸ਼ਬਦਾਂ ਨੇ ਇਹ ਵੀ ਦਿਖਾਇਆ ਕਿ ਇਨਸਾਨੀ ਬੁਲਾਰੇ ਅਤੇ ਅੱਤ ਮਹਾਨ ਪਰਮੇਸ਼ੁਰ ਵਿਚ ਕਿੰਨਾ ਫ਼ਰਕ ਹੈ। ਯਿਸੂ ਨੇ ਆਪਣੇ ਲਈ ਇਹ ਸ਼ਬਦ ਵਰਤ ਕੇ ਦਿਖਾਇਆ ਕਿ ਉਸ ਨੇ ਪਰਮੇਸ਼ੁਰ ਦਾ ਪੁੱਤਰ ਹੋਣ ਦੇ ਬਾਵਜੂਦ ਧਰਤੀ ʼਤੇ ਸੱਚ-ਮੁੱਚ ਇਕ ਇਨਸਾਨ ਦੇ ਰੂਪ ਵਿਚ ਜਨਮ ਲਿਆ ਸੀ, ਨਾ ਕਿ ਉਹ ਕਿਸੇ ਦੇਹਧਾਰੀ ਦੂਤ ਦੇ ਰੂਪ ਵਿਚ ਧਰਤੀ ʼਤੇ ਆਇਆ ਸੀ।
ਮੰਡਲੀ: ਇਸ ਸ਼ਬਦ ਦੇ ਮਤਲਬ ਇਹ ਹਨ: ਪੂਰੀ ਦੁਨੀਆਂ ਵਿਚ ਮਸੀਹੀ ਭਾਈਚਾਰਾ; ਸਵਰਗੀ ਜੀਵਨ ਲਈ ਚੁਣੇ ਗਏ ਮਸੀਹੀਆਂ ਦਾ ਸਮੂਹ; ਕਿਸੇ ਇਲਾਕੇ ਵਿਚ ਰਹਿੰਦੇ ਮਸੀਹੀਆਂ ਦਾ ਸਮੂਹ; ਜਾਂ ਸਭਾਵਾਂ ਕਰਨ ਲਈ ਕਿਸੇ ਦੇ ਘਰ ਵਿਚ ਇਕੱਠੇ ਹੋਏ ਮਸੀਹੀਆਂ ਦਾ ਸਮੂਹ।
ਮੰਨ: ਚਾਲੀ ਸਾਲ ਉਜਾੜ ਵਿਚ ਰਹੇ ਇਜ਼ਰਾਈਲੀਆਂ ਦਾ ਇਹ ਮੁੱਖ ਭੋਜਨ ਸੀ ਜੋ ਯਹੋਵਾਹ ਚਮਤਕਾਰੀ ਢੰਗ ਨਾਲ ਉਨ੍ਹਾਂ ਨੂੰ ਦਿੱਤਾ ਸੀ। ਇਹ ਜ਼ਮੀਨ ʼਤੇ ਪ੍ਰਗਟ ਹੋ ਜਾਂਦਾ ਸੀ ਅਤੇ ਇਜ਼ਰਾਈਲੀ ਇਸ ਨੂੰ ਇਕੱਠਾ ਕਰ ਲੈਂਦੇ ਸਨ ਅਤੇ ਇਸ ਨੂੰ ਪੀਹ ਕੇ ਜਾਂ ਕੁੱਟ ਕੇ ਉਬਾਲ ਲੈਂਦੇ ਸਨ ਜਾਂ ਫਿਰ ਇਸ ਦੀਆਂ ਰੋਟੀਆਂ ਬਣਾ ਲੈਂਦੇ ਸਨ। ਅੱਜ ਦੀ ਕੋਈ ਵੀ ਕੁਦਰਤੀ ਖਾਣ ਵਾਲੀ ਚੀਜ਼ ਇਸ ਨਾਲ ਮਿਲਦੀ-ਜੁਲਦੀ ਨਹੀਂ ਹੈ।
ਯੁਗ: ਯੂਨਾਨੀ ਸ਼ਬਦ ਦਾ ਮਤਲਬ ਹੈ ਲੰਬਾ ਸਮਾਂ ਜਿਸ ਦੌਰਾਨ ਕੋਈ ਖ਼ਾਸ ਘਟਨਾ ਹੋਈ ਹੋਵੇ ਜਾਂ ਹੁੰਦੀ ਹੈ; ਕਿਸੇ ਮਸ਼ਹੂਰ ਬੰਦੇ ਦਾ ਜ਼ਮਾਨਾ ਜਿਸ ਕਰਕੇ ਉਹ ਸਮਾਂ ਖ਼ਾਸ ਬਣ ਜਾਂਦਾ ਹੈ, ਮਿਸਾਲ ਲਈ, ‘ਨੂਹ ਦੇ ਦਿਨ’; ‘ਅੰਤ ਦਾ ਸਮਾਂ।’ ਇਹ ਸ਼ਬਦ ਕਿਸੇ ਖ਼ਾਸ ਸਮੇਂ ਦੌਰਾਨ ਰਹਿਣ ਵਾਲੇ ਲੋਕਾਂ ਦੇ ਸਮਾਜ ਲਈ ਵੀ ਵਰਤਿਆ ਜਾਂਦਾ ਹੈ ਜੋ ਆਪਣੇ ਰਵੱਈਏ ਜਾਂ ਗੁਣਾਂ ਤੋਂ ਪਛਾਣੇ ਜਾਂਦੇ ਹਨ।
ਰਸੂਲ: ਯੂਨਾਨੀ ਵਿਚ ਇਸ ਦਾ ਮਤਲਬ ਹੈ “ਭੇਜਿਆ ਹੋਇਆ।” ਰਸੂਲ ਸ਼ਬਦ ਖ਼ਾਸ ਤੌਰ ਤੇ ਉਨ੍ਹਾਂ 12 ਚੇਲਿਆਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਯਿਸੂ ਨੇ ਆਪ ਚੁਣਿਆ ਸੀ।
ਰਿਹਾਈ ਦੀ ਕੀਮਤ: ਕਿਸੇ ਚੀਜ਼ ਨੂੰ ਵਾਪਸ ਖ਼ਰੀਦਣ ਲਈ ਜਾਂ ਕਿਸੇ ਬੰਧਨ ਜਾਂ ਮੁਸ਼ਕਲ ਹਾਲਤ ਤੋਂ ਛੁਟਕਾਰਾ ਪਾਉਣ ਲਈ ਦਿੱਤੀ ਗਈ ਕੀਮਤ। ਇਸ ਵਿਚ ਦੋ ਵਿਚਾਰ ਪ੍ਰਗਟ ਹੁੰਦੇ ਹਨ: (1) ਕੀਮਤ ਕਿਸੇ ਚੀਜ਼ ਦੇ ਬਦਲੇ ਵਿਚ ਦਿੱਤੀ ਜਾਂਦੀ ਹੈ ਅਤੇ (2) ਇਹ ਕੀਮਤ ਉਸ ਚੀਜ਼ ਦੀ ਕੀਮਤ ਦੇ ਬਰਾਬਰ ਹੋਣੀ ਚਾਹੀਦੀ ਹੈ।
ਵੇਦੀ: ਇਕ ਥੜ੍ਹਾ ਜਿਸ ਉੱਤੇ ਸੱਚੇ ਪਰਮੇਸ਼ੁਰ ਨੂੰ ਜਾਂ ਕਿਸੇ ਹੋਰ ਦੇਵੀ-ਦੇਵਤੇ ਨੂੰ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ ਜਾਂ ਭਗਤੀ ਕਰਨ ਵੇਲੇ ਧੂਪ ਧੁਖਾਇਆ ਜਾਂਦਾ ਸੀ।