ਪਾਠ 11
ਉਨ੍ਹਾਂ ਨੇ ਯਿਸੂ ਬਾਰੇ ਲਿਖਿਆ
ਕੀ ਤੂੰ ਇਸ ਤਸਵੀਰ ਵਿਚ ਆਦਮੀ ਦੇਖਦਾ ਹੈਂ?— ਇਹ ਮੱਤੀ, ਮਰਕੁਸ, ਲੂਕਾ, ਯੂਹੰਨਾ, ਪਤਰਸ, ਯਾਕੂਬ, ਯਹੂਦਾਹ ਅਤੇ ਪੌਲੁਸ ਹਨ। ਇਹ ਸਾਰੇ ਆਦਮੀ ਯਿਸੂ ਦੇ ਜ਼ਮਾਨੇ ਵਿਚ ਰਹਿੰਦੇ ਸੀ ਅਤੇ ਉਨ੍ਹਾਂ ਨੇ ਯਿਸੂ ਬਾਰੇ ਜਾਣਕਾਰੀ ਲਿਖੀ। ਆਓ ਆਪਾਂ ਉਨ੍ਹਾਂ ਬਾਰੇ ਹੋਰ ਜਾਣੀਏ।
ਇਨ੍ਹਾਂ ਆਦਮੀਆਂ ਬਾਰੇ ਤੂੰ ਕੀ ਜਾਣਦਾ ਹੈਂ?
ਇਨ੍ਹਾਂ ਵਿੱਚੋਂ ਤਿੰਨ ਆਦਮੀ ਯਿਸੂ ਦੇ ਰਸੂਲ ਸਨ ਜਿਨ੍ਹਾਂ ਨੇ ਉਸ ਨਾਲ ਮਿਲ ਕੇ ਪ੍ਰਚਾਰ ਕੀਤਾ ਸੀ। ਕੀ ਤੈਨੂੰ ਪਤਾ ਉਹ ਕਿਹੜੇ ਤਿੰਨ ਜਣੇ ਹਨ?— ਮੱਤੀ, ਯੂਹੰਨਾ ਅਤੇ ਪਤਰਸ। ਮੱਤੀ ਤੇ ਯੂਹੰਨਾ ਯਿਸੂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਉਨ੍ਹਾਂ ਦੋਵਾਂ ਨੇ ਯਿਸੂ ਦੀ ਜ਼ਿੰਦਗੀ ਬਾਰੇ ਇਕ-ਇਕ ਕਿਤਾਬ ਲਿਖੀ। ਯੂਹੰਨਾ ਨੇ ਪ੍ਰਕਾਸ਼ ਦੀ ਕਿਤਾਬ ਲਿਖੀ, ਨਾਲੇ ਉਸ ਨੇ ਇਹ ਤਿੰਨ ਚਿੱਠੀਆਂ ਵੀ ਲਿਖੀਆਂ: ਪਹਿਲਾ ਯੂਹੰਨਾ, ਦੂਜਾ ਯੂਹੰਨਾ ਅਤੇ ਤੀਸਰਾ ਯੂਹੰਨਾ। ਪਤਰਸ ਨੇ ਬਾਈਬਲ ਦੀਆਂ ਦੋ ਚਿੱਠੀਆਂ ਲਿਖੀਆਂ: ਪਹਿਲਾ ਪਤਰਸ ਅਤੇ ਦੂਸਰਾ ਪਤਰਸ। ਆਪਣੀ ਦੂਸਰੀ ਚਿੱਠੀ ਵਿਚ ਪਤਰਸ ਨੇ ਉਸ ਸਮੇਂ ਬਾਰੇ ਲਿਖਿਆ ਜਦੋਂ ਯਹੋਵਾਹ ਨੇ ਸਵਰਗ ਤੋਂ ਬੋਲ ਕੇ ਯਿਸੂ ਬਾਰੇ ਕਿਹਾ: ‘ਇਹ ਮੇਰਾ ਪੁੱਤਰ ਹੈ। ਮੈਂ ਉਸ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਉਸ ਤੋਂ ਖ਼ੁਸ਼ ਹਾਂ।’
ਤਸਵੀਰ ਵਿਚ ਦਿਖਾਏ ਦੂਸਰੇ ਆਦਮੀ ਵੀ ਆਪਣੀਆਂ ਕਿਤਾਬਾਂ ਵਿਚ ਸਾਨੂੰ ਯਿਸੂ ਬਾਰੇ ਦੱਸਦੇ ਹਨ। ਇਕ ਹੈ ਮਰਕੁਸ। ਲੱਗਦਾ ਹੈ ਕਿ ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਉਦੋਂ ਮਰਕੁਸ ਉੱਥੇ ਸੀ। ਇਕ ਹੋਰ ਹੈ ਲੂਕਾ। ਲੂਕਾ ਇਕ ਡਾਕਟਰ ਸੀ ਜੋ ਸ਼ਾਇਦ ਯਿਸੂ ਦੀ ਮੌਤ ਤੋਂ ਬਾਅਦ ਉਸ ਦਾ ਚੇਲਾ ਬਣਿਆ ਸੀ।
ਤਸਵੀਰ ਵਿਚ ਦੋ ਹੋਰ ਬਾਈਬਲ ਲਿਖਾਰੀ ਯਿਸੂ ਦੇ ਛੋਟੇ ਭਰਾ ਸਨ। ਕੀ ਤੂੰ ਉਨ੍ਹਾਂ ਦੇ ਨਾਂ ਜਾਣਦਾ ਹੈਂ?— ਉਨ੍ਹਾਂ ਦੇ ਨਾਂ ਸਨ ਯਾਕੂਬ ਅਤੇ ਯਹੂਦਾਹ। ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਨੇ ਯਿਸੂ ʼਤੇ ਵਿਸ਼ਵਾਸ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਸੋਚਿਆ ਕਿ ਯਿਸੂ ਪਾਗਲ ਹੋ ਗਿਆ ਸੀ। ਪਰ ਬਾਅਦ ਵਿਚ ਉਨ੍ਹਾਂ ਨੂੰ ਯਿਸੂ ʼਤੇ ਵਿਸ਼ਵਾਸ ਹੋ ਗਿਆ ਅਤੇ ਉਹ ਮਸੀਹੀ ਬਣ ਗਏ।
ਤਸਵੀਰ ਵਿਚ ਆਖ਼ਰੀ ਲਿਖਾਰੀ ਹੈ ਪੌਲੁਸ। ਮਸੀਹੀ ਬਣਨ ਤੋਂ ਪਹਿਲਾਂ, ਉਸ ਦਾ ਨਾਂ ਸੌਲੁਸ ਸੀ। ਉਹ ਮਸੀਹੀਆਂ ਨਾਲ ਨਫ਼ਰਤ ਕਰਦਾ ਸੀ ਤੇ ਉਨ੍ਹਾਂ ਨੂੰ ਸਤਾਉਂਦਾ ਸੀ। ਕੀ ਤੈਨੂੰ ਪਤਾ ਕਿ ਪੌਲੁਸ ਮਸੀਹੀ ਕਿਉਂ ਬਣਿਆ?— ਇਕ ਦਿਨ ਜਦੋਂ ਪੌਲੁਸ ਰਾਹ ʼਤੇ ਤੁਰਿਆ ਜਾ ਰਿਹਾ ਸੀ, ਉਦੋਂ ਅਚਾਨਕ ਸਵਰਗ ਤੋਂ ਆਵਾਜ਼ ਸੁਣਾਈ ਦਿੱਤੀ। ਇਹ ਯਿਸੂ ਦੀ ਆਵਾਜ਼ ਸੀ! ਉਸ ਨੇ ਪੌਲੁਸ ਨੂੰ ਪੁੱਛਿਆ: ‘ਤੂੰ ਮੇਰੇ ਚੇਲਿਆਂ ʼਤੇ ਕਿਉਂ ਜ਼ੁਲਮ ਕਰਦਾ ਹੈਂ?’ ਇਸ ਤੋਂ ਬਾਅਦ, ਪੌਲੁਸ ਬਦਲ ਗਿਆ ਤੇ ਮਸੀਹੀ ਬਣ ਗਿਆ। ਪੌਲੁਸ ਨੇ ਰੋਮੀਆਂ ਤੋਂ ਲੈ ਕੇ ਇਬਰਾਨੀਆਂ ਤਕ ਬਾਈਬਲ ਦੀਆਂ 14 ਕਿਤਾਬਾਂ ਲਿਖੀਆਂ।
ਅਸੀਂ ਰੋਜ਼ ਬਾਈਬਲ ਪੜ੍ਹਦੇ ਹਾਂ, ਹੈ ਨਾ?— ਬਾਈਬਲ ਪੜ੍ਹ ਕੇ ਅਸੀਂ ਯਿਸੂ ਬਾਰੇ ਬਹੁਤ ਸਾਰੀਆਂ ਗੱਲਾਂ ਸਿੱਖਦੇ ਹਾਂ। ਕੀ ਤੂੰ ਯਿਸੂ ਬਾਰੇ ਹੋਰ ਵੀ ਜਾਣਨਾ ਚਾਹੁੰਦਾ ਹੈਂ?—