ਪਾਠ 59
ਚਾਰ ਮੁੰਡਿਆਂ ਨੇ ਯਹੋਵਾਹ ਦਾ ਕਹਿਣਾ ਮੰਨਿਆ
ਜਦੋਂ ਨਬੂਕਦਨੱਸਰ ਯਹੂਦਾਹ ਦੇ ਰਾਜਕੁਮਾਰਾਂ ਨੂੰ ਬਾਬਲ ਲੈ ਗਿਆ, ਤਾਂ ਉਸ ਨੇ ਅਸ਼ਪਨਜ਼ ਨਾਂ ਦੇ ਮੁੱਖ ਦਰਬਾਰੀ ਨੂੰ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਕਿਹਾ। ਨਬੂਕਦਨੱਸਰ ਨੇ ਅਸ਼ਪਨਜ਼ ਨੂੰ ਕਿਹਾ ਕਿ ਇਨ੍ਹਾਂ ਮੁੰਡਿਆਂ ਵਿੱਚੋਂ ਸਿਹਤਮੰਦ ਤੇ ਸਮਝਦਾਰ ਮੁੰਡੇ ਚੁਣੇ। ਇਨ੍ਹਾਂ ਮੁੰਡਿਆਂ ਨੂੰ ਤਿੰਨ ਸਾਲਾਂ ਤਕ ਸਿਖਲਾਈ ਦਿੱਤੀ ਜਾਣੀ ਸੀ। ਇਸ ਸਿਖਲਾਈ ਕਰਕੇ ਇਨ੍ਹਾਂ ਨੂੰ ਬਾਬਲ ਵਿਚ ਅਧਿਕਾਰੀ ਬਣਾਇਆ ਜਾਣਾ ਸੀ। ਇਨ੍ਹਾਂ ਮੁੰਡਿਆਂ ਨੂੰ ਬਾਬਲ ਦੀ ਅੱਕਾਦੀ ਭਾਸ਼ਾ ਪੜ੍ਹਨੀ, ਲਿਖਣੀ ਤੇ ਬੋਲਣੀ ਸਿੱਖਣੀ ਪੈਣੀ ਸੀ। ਇਨ੍ਹਾਂ ਨੇ ਉਹੀ ਭੋਜਨ ਖਾਣਾ ਸੀ ਜੋ ਰਾਜਾ ਤੇ ਉਸ ਦੇ ਦਰਬਾਰੀ ਖਾਂਦੇ ਸਨ। ਇਨ੍ਹਾਂ ਮੁੰਡਿਆਂ ਵਿੱਚੋਂ ਚਾਰ ਮੁੰਡੇ ਸਨ, ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ। ਅਸ਼ਪਨਜ਼ ਨੇ ਇਨ੍ਹਾਂ ਨੂੰ ਨਵੇਂ ਬਾਬਲੀ ਨਾਂ ਦਿੱਤੇ: ਬੇਲਟਸ਼ੱਸਰ, ਸ਼ਦਰਕ, ਮੇਸ਼ਕ ਤੇ ਅਬਦਨਗੋ। ਕੀ ਇਸ ਸਿਖਲਾਈ ਕਰਕੇ ਇਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣੀ ਸੀ?
ਇਨ੍ਹਾਂ ਚਾਰਾਂ ਮੁੰਡਿਆਂ ਨੇ ਯਹੋਵਾਹ ਦਾ ਕਹਿਣਾ ਮੰਨਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਇਹ ਮੁੰਡੇ ਜਾਣਦੇ ਸਨ ਕਿ ਇਨ੍ਹਾਂ ਨੂੰ ਰਾਜੇ ਦੇ ਭੋਜਨ ਵਿੱਚੋਂ ਨਹੀਂ ਖਾਣਾ ਚਾਹੀਦਾ ਕਿਉਂਕਿ ਉਸ ਖਾਣੇ ਵਿਚ ਕੁਝ ਅਜਿਹੀਆਂ ਚੀਜ਼ਾਂ ਸਨ ਜੋ ਯਹੋਵਾਹ ਦੇ ਕਾਨੂੰਨ ਮੁਤਾਬਕ ਅਸ਼ੁੱਧ ਸਨ। ਇਸ ਲਈ ਇਨ੍ਹਾਂ ਨੇ ਅਸ਼ਪਨਜ਼ ਨੂੰ ਬੇਨਤੀ ਕੀਤੀ: ‘ਸਾਨੂੰ ਰਾਜੇ ਦੇ ਭੋਜਨ ਵਿੱਚੋਂ ਖਾਣ ਨੂੰ ਨਾ ਦੇਈਂ।’ ਅਸ਼ਪਨਜ਼ ਨੇ ਮੁੰਡਿਆਂ ਨੂੰ ਕਿਹਾ: ‘ਜੇ ਤੁਸੀਂ ਸ਼ਾਹੀ ਖਾਣਾ ਨਹੀਂ ਖਾਓਗੇ ਤੇ ਰਾਜਾ ਤੁਹਾਨੂੰ ਦੇਖੇਗਾ ਕਿ ਤੁਸੀਂ ਕਮਜ਼ੋਰ ਹੋ ਗਏ ਹੋ, ਤਾਂ ਉਹ ਮੈਨੂੰ ਮਾਰ ਦੇਵੇਗਾ!’
ਦਾਨੀਏਲ ਨੇ ਇਕ ਤਰਕੀਬ ਸੋਚੀ। ਉਸ ਨੇ ਦੇਖ-ਭਾਲ ਕਰਨ ਵਾਲੇ ਨੂੰ ਕਿਹਾ: ‘ਕਿਰਪਾ ਕਰ ਕੇ ਸਾਨੂੰ ਦਸ ਦਿਨਾਂ ਲਈ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਦੇ। ਫਿਰ ਦੇਖੀਂ ਕਿ ਅਸੀਂ ਉਨ੍ਹਾਂ ਨੌਜਵਾਨਾਂ ਦੇ ਮੁਕਾਬਲੇ ਕਿਹੋ ਜਿਹੇ ਲੱਗਦੇ ਹਾਂ ਜਿਹੜੇ ਸ਼ਾਹੀ ਖਾਣਾ ਖਾਂਦੇ ਹਨ।’ ਦੇਖ-ਭਾਲ ਕਰਨ ਵਾਲਾ ਮੰਨ ਗਿਆ।
ਦਸ ਦਿਨਾਂ ਬਾਅਦ ਦਾਨੀਏਲ ਅਤੇ ਉਸ ਦੇ ਤਿੰਨੇ ਦੋਸਤ ਬਾਕੀ ਮੁੰਡਿਆਂ ਨਾਲੋਂ ਜ਼ਿਆਦਾ ਸਿਹਤਮੰਦ ਲੱਗ ਰਹੇ ਸਨ। ਯਹੋਵਾਹ ਖ਼ੁਸ਼ ਸੀ ਕਿ ਉਨ੍ਹਾਂ ਨੇ ਉਸ ਦਾ ਕਹਿਣਾ ਮੰਨਿਆ। ਉਸ ਨੇ ਤਾਂ ਦਾਨੀਏਲ ਨੂੰ ਦਰਸ਼ਣ ਅਤੇ ਸੁਪਨਿਆਂ ਦੇ ਅਰਥ ਸਮਝਣ ਲਈ ਬੁੱਧ ਵੀ ਦਿੱਤੀ।
ਸਿਖਲਾਈ ਖ਼ਤਮ ਹੋਣ ਤੋਂ ਬਾਅਦ ਅਸ਼ਪਨਜ਼ ਮੁੰਡਿਆਂ ਨੂੰ ਨਬੂਕਦਨੱਸਰ ਕੋਲ ਲੈ ਕੇ ਆਇਆ। ਰਾਜੇ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਦੇਖਿਆ ਕਿ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਬਾਕੀਆਂ ਮੁੰਡਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਤੇ ਚੁਕੰਨੇ ਸਨ। ਰਾਜੇ ਨੇ ਉਨ੍ਹਾਂ ਨੂੰ ਆਪਣੇ ਦਰਬਾਰ ਵਿਚ ਕੰਮ ਕਰਨ ਲਈ ਚੁਣ ਲਿਆ। ਰਾਜਾ ਅਕਸਰ ਉਨ੍ਹਾਂ ਤੋਂ ਜ਼ਰੂਰੀ ਮਾਮਲਿਆਂ ਬਾਰੇ ਸਲਾਹ ਲੈਂਦਾ ਸੀ। ਯਹੋਵਾਹ ਨੇ ਉਨ੍ਹਾਂ ਨੂੰ ਰਾਜੇ ਦੇ ਬੁੱਧੀਮਾਨ ਆਦਮੀਆਂ ਅਤੇ ਜਾਦੂਗਰਾਂ ਤੋਂ ਕਿਤੇ ਜ਼ਿਆਦਾ ਬੁੱਧ ਦਿੱਤੀ ਸੀ।
ਭਾਵੇਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਪਰਾਏ ਦੇਸ਼ ਵਿਚ ਸਨ, ਪਰ ਉਹ ਇਹ ਗੱਲ ਨਹੀਂ ਭੁੱਲੇ ਕਿ ਉਹ ਯਹੋਵਾਹ ਦੇ ਲੋਕ ਸਨ। ਕੀ ਤੁਸੀਂ ਵੀ ਹਮੇਸ਼ਾ ਯਹੋਵਾਹ ਨੂੰ ਯਾਦ ਰੱਖੋਗੇ, ਉਦੋਂ ਵੀ ਜਦੋਂ ਤੁਹਾਡੇ ਮਾਪੇ ਤੁਹਾਡੇ ਨਾਲ ਨਹੀਂ ਹੁੰਦੇ?
“ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਕਦੇ ਵੀ ਐਵੇਂ ਨਾ ਸਮਝੇ। ਇਸ ਦੀ ਬਜਾਇ, ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ।”—1 ਤਿਮੋਥਿਉਸ 4:12