“ਰੁੱਖ ਦੇ ਦਿਨਾਂ ਵਰਗੇ”
ਤਿੰਨ ਹਜ਼ਾਰ ਤੋਂ ਵਧ ਵਰ੍ਹਿਆਂ ਪਹਿਲਾਂ, ਮੂਸਾ ਨੇ ਲਿਖਿਆ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ।”—ਜ਼ਬੂਰਾਂ ਦੀ ਪੋਥੀ 90:10.
ਡਾਕਟਰੀ ਤਰੱਕੀ ਦੇ ਬਾਵਜੂਦ, ਆਦਮੀ ਦੇ ਜੀਵਨ ਦੀ ਲੰਮਾਈ ਅਜੇ ਵੀ ਉੱਨੀ ਹੀ ਹੈ ਜਿੰਨੀ ਕਿ ਇਹ ਮੂਸਾ ਦੇ ਦਿਨਾਂ ਵਿਚ ਸੀ। ਫਿਰ ਵੀ, ਮਨੁੱਖ ਸਦਾ ਲਈ ਅਜਿਹੇ ਥੋੜ੍ਹ-ਚਿਰਾ ਜੀਵਨ ਦੀ ਸਜ਼ਾ ਨਹੀਂ ਭੋਗਣਗੇ। ਯਸਾਯਾਹ ਨਾਮਕ ਬਾਈਬਲ ਪੋਥੀ ਵਿਚ, ਪਰਮੇਸ਼ੁਰ ਨੇ ਕਿਹਾ: “ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”—ਯਸਾਯਾਹ 65:22.
ਬਾਈਬਲ ਦੇਸ਼ਾਂ ਵਿਚ ਸਭ ਤੋਂ ਲੰਮੀ ਆਯੂ ਵਾਲੇ ਦਰਖ਼ਤਾਂ ਵਿੱਚੋਂ ਇਕ ਜ਼ੈਤੂਨ ਦਰਖ਼ਤ ਹੈ। ਇੱਥੇ ਦਿਖਾਇਆ ਗਿਆ ਦਰਖ਼ਤ ਉਨ੍ਹਾਂ ਅਨੇਕ ਹਜ਼ਾਰ-ਵਰ੍ਹਿਆਂ ਦੇ ਜ਼ੈਤੂਨ ਦਰਖ਼ਤਾਂ ਵਿੱਚੋਂ ਇਕ ਹੈ ਜਿਹੜੇ ਹਾਲੇ ਵੀ ਗਲੀਲ ਵਿਚ ਵਧਦੇ-ਫੁੱਲਦੇ ਹਨ। ਮਨੁੱਖ ਕਦੋਂ ਇੰਨੇ ਲੰਮੇ ਚਿਰ ਲਈ ਜੀ ਸਕਣਗੇ? ਉਹੋ ਭਵਿੱਖਬਾਣੀ ਵਿਆਖਿਆ ਕਰਦੀ ਹੈ ਕਿ ਇਹ ਉਦੋਂ ਹੋਵੇਗਾ ਜਦੋਂ ਪਰਮੇਸ਼ੁਰ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਉਤਪੰਨ ਕਰੇਗਾ।—ਯਸਾਯਾਹ 65:17.
ਪਰਕਾਸ਼ ਦੀ ਪੋਥੀ ਵੀ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੀ ਸਥਾਪਨਾ ਬਾਰੇ ਭਵਿੱਖਬਾਣੀ ਕਰਦੀ ਹੈ—ਇਕ ਨਵੀਂ ਸਵਰਗੀ ਸਰਕਾਰ ਅਤੇ ਇਕ ਨਵਾਂ ਮਾਨਵ ਸਮਾਜ, ਜਦੋਂ ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:1, 4.
ਇਹ ਈਸ਼ਵਰੀ ਵਾਅਦਾ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਸ ਵੇਲੇ, ਇਕ ਜ਼ੈਤੂਨ ਦਰਖ਼ਤ ਦੇ ਦਿਨ ਵੀ ਕੇਵਲ 24-ਘੰਟਿਆਂ ਦਾ ਇਕ ਦਿਨ ਜਾਪੇਗਾ। ਅਤੇ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਆਨੰਦ ਭੋਗਣ ਲਈ ਸਾਡੇ ਕੋਲ ਚੋਖਾ ਸਮਾਂ ਹੋਵੇਗਾ। (w95 3/1)