ਕੀ ਸ਼ਾਂਤੀ ਸੰਭਵ ਹੈ?
“ਕਿਤੇ ਨਾ ਕਿਤੇ ਤਾਂ ਯੁੱਧ ਹਮੇਸ਼ਾ ਹੁੰਦਾ ਰਹੇਗਾ। ਇਹੋ ਹੀ ਮਨੁੱਖਜਾਤੀ ਦੇ ਬਾਰੇ ਸ਼ੋਕਮਈ ਸੱਚਾਈ ਹੈ।” ਇਹ ਨਕਾਰਾਤਮਕ ਦ੍ਰਿਸ਼ਟੀਕੋਣ ਹਾਲ ਹੀ ਵਿਚ ਨਿਊਜ਼ਵੀਕ ਰਸਾਲੇ ਵਿਚ ਇਕ ਪਾਠਕ ਵੱਲੋਂ ਪੱਤਰ ਵਿਚ ਪ੍ਰਕਾਸ਼ਿਤ ਹੋਇਆ। ਕੀ ਤੁਸੀਂ ਇਸ ਨਾਲ ਸਹਿਮਤ ਹੋ? ਕੀ ਯੁੱਧ ਅਟੱਲ ਅਤੇ ਸ਼ਾਂਤੀ ਅਸੰਭਵ ਹੈ? ਜੇਕਰ ਇਤਿਹਾਸ ਪਖੋਂ ਦੇਖਿਆ ਜਾਵੇ, ਤਾਂ ਇਨ੍ਹਾਂ ਦੋਹਾਂ ਸਵਾਲਾਂ ਦਾ ਜਵਾਬ ਹਾਂ ਵਿਚ ਨਾ ਦੇਣਾ ਮੁਸ਼ਕਲ ਹੈ। ਜਦੋਂ ਤੋਂ ਰਿਕਾਰਡ ਰੱਖੇ ਗਏ ਹਨ, ਮਨੁੱਖਜਾਤੀ ਇਕ ਯੁੱਧ ਦੇ ਬਾਅਦ ਦੂਜੀ ਵਿਚ ਉਲਝੀ ਹੈ, ਅਤੇ ਤਕਰਾਰ ਅਧਿਕ ਤੋਂ ਅਧਿਕ ਵਿਨਾਸ਼ਕਾਰੀ ਹੋ ਗਏ, ਜਿਉਂ-ਜਿਉਂ ਮਨੁੱਖਾਂ ਨੇ ਇਕ ਦੂਜੇ ਨੂੰ ਕਤਲ ਕਰਨ ਦੇ ਹੋਰ ਪ੍ਰਭਾਵਕ ਤਰੀਕਿਆਂ ਨੂੰ ਵਿਕਸਿਤ ਕੀਤਾ।
ਇਸ 20ਵੀਂ ਸਦੀ ਵਿਚ ਵੀ ਇਹੋ ਹੀ ਹੋਇਆ ਹੈ। ਸੱਚ-ਮੁੱਚ, ਇਸ ਨੇ ਸਭ ਤੋਂ ਖ਼ੂਨੀ ਯੁੱਧਾਂ ਨੂੰ ਦੇਖਿਆ ਹੈ, ਪਰੰਤੂ ਇਸ ਨੇ ਕੁਝ ਨਵਾਂ ਵੀ ਦੇਖਿਆ ਹੈ। ਪੰਜਾਹ ਵਰ੍ਹਿਆਂ ਪਹਿਲਾਂ ਸੰਯੁਕਤ ਰਾਜ ਨੇ ਜਪਾਨ ਉੱਤੇ ਦੋ ਪਰਮਾਣੂ-ਬੰਬ ਸੁੱਟ ਕੇ ਨਿਊਕਲੀ ਯੁਗ ਨੂੰ ਆਰੰਭ ਕੀਤਾ। ਉਸ ਸਮੇਂ ਤੋਂ ਲੈ ਕੇ ਪੰਜ ਦਹਾਕਿਆਂ ਵਿਚ, ਕੌਮਾਂ ਨੇ ਨਿਊਕਲੀ ਹਥਿਆਰਾਂ ਦਾ ਵਿਸ਼ਾਲ ਢੇਰ ਲਾਇਆ ਹੈ ਜੋ ਮਨੁੱਖਜਾਤੀ ਨੂੰ ਕਈ ਵਾਰੀ ਨਾਸ਼ ਕਰ ਸਕਦਾ ਹੈ। ਕੀ ਨਿਊਕਲੀ ਹਥਿਆਰਾਂ ਦੀ ਹੋਂਦ ਦੇ ਕਾਰਨ ਮਨੁੱਖ ਆਖ਼ਰਕਾਰ ਯੁੱਧ ਲੜਨ ਤੋਂ ਡਰ ਜਾਣਗੇ? ਤੱਥ ਖ਼ੁਦ ਜਵਾਬ ਦਿੰਦੇ ਹਨ। ਸੰਨ 1945 ਤੋਂ ਕਈ ਲੱਖ ਲੋਕ ਯੁੱਧਾਂ ਵਿਚ ਮਰੇ ਹਨ—ਭਾਵੇਂ ਕਿ ਅਜੇ ਤਕ ਹੋਰ ਨਿਊਕਲੀ-ਬੰਬ ਨਹੀਂ ਸੁੱਟੇ ਗਏ ਹਨ।
ਮਾਨਵ ਨਸਲ ਇੰਨੀ ਜੰਗਬਾਜ਼ ਕਿਉਂ ਹੈ? ਐਨਸਾਈਕਲੋਪੀਡੀਆ ਅਮੈਰੀਕਾਨਾ ਮਾਨਵ ਸਮਾਜ ਦੇ ਕੁਝ ਪਹਿਲੂਆਂ ਦਾ ਜ਼ਿਕਰ ਕਰਦਾ ਹੈ ਜੋ ਇਤਿਹਾਸਕ ਤੌਰ ਤੇ ਯੁੱਧ ਦਾ ਕਾਰਨ ਰਹੇ ਹਨ। ਇਨ੍ਹਾਂ ਵਿਚ ਸ਼ਾਮਲ ਹੈ ਧਾਰਮਿਕ ਅਸਹਿਣਸ਼ੀਲਤਾ, ਨਸਲਵਾਦ, ਸਭਿਆਚਾਰਕ ਭਿੰਨਤਾਵਾਂ, ਵੱਖਰੇ ਸਿਧਾਂਤ (ਜਿਵੇਂ ਕਿ ਸਾਮਵਾਦ ਅਤੇ ਪੂੰਜੀਵਾਦ), ਰਾਸ਼ਟਰਵਾਦ ਅਤੇ ਕੌਮੀ ਪ੍ਰਭੁਸੱਤਾ ਦਾ ਸਿਧਾਂਤ, ਆਰਥਿਕ ਦਸ਼ਾ, ਅਤੇ ਸੈਨਾਵਾਦ ਦੀ ਜਨਤਕ ਸਵੀਕ੍ਰਿਤੀ। ਜਦੋਂ ਤੁਸੀਂ ਇਹ ਸੂਚੀ ਪੜ੍ਹਦੇ ਹੋ, ਤਾਂ ਕੀ ਤੁਹਾਨੂੰ ਇਕ ਵੀ ਚੀਜ਼ ਨਜ਼ਰ ਆਉਂਦੀ ਹੈ ਜਿਸ ਦੀ ਨੇੜੇ ਭਵਿੱਖ ਵਿਚ ਬਦਲਣ ਦੀ ਸੰਭਾਵਨਾ ਹੈ? ਕੀ ਕੌਮਾਂ ਆਪਣੀ ਪ੍ਰਭੁਸੱਤਾ ਨੂੰ ਕਾਇਮ ਰੱਖਣ ਲਈ ਘੱਟ ਦ੍ਰਿੜ੍ਹ ਹੋਣਗੀਆਂ? ਕੀ ਮਨੁੱਖ ਘੱਟ ਨਸਲਵਾਦੀ ਹੋਣਗੇ? ਕੀ ਧਾਰਮਿਕ ਮੂਲਵਾਦੀ ਘੱਟ ਕੱਟੜ ਹੋਣਗੇ? ਇਸ ਦੀ ਘੱਟ ਹੀ ਸੰਭਾਵਨਾ ਹੈ।
ਤਾਂ ਫਿਰ, ਕੀ ਕੋਈ ਵੀ ਉਮੀਦ ਨਹੀਂ ਹੈ ਕਿ ਕਿਸੇ ਦਿਨ ਹਾਲਾਤਾਂ ਬਿਹਤਰ ਹੋਣਗੀਆਂ ਅਤੇ ਸਥਾਈ ਸ਼ਾਂਤੀ ਹੋਵੇਗੀ? ਜੀ ਹਾਂ, ਉਮੀਦ ਹੈ। ਇਸ ਸੰਸਾਰ ਦੀ ਗੜਬੜੀ ਦੇ ਬਾਵਜੂਦ, ਅੱਜ ਵੀ ਸ਼ਾਂਤੀ ਨੂੰ ਪ੍ਰਾਪਤ ਕਰਨਾ ਸੰਭਵ ਹੈ। ਲੱਖਾਂ ਲੋਕਾਂ ਨੇ ਪ੍ਰਾਪਤ ਕੀਤੀ ਹੈ। ਆਓ ਅਸੀਂ ਤੁਹਾਨੂੰ ਇਨ੍ਹਾਂ ਲੋਕਾਂ ਵਿੱਚੋਂ ਕੁਝ ਇਕ ਬਾਰੇ ਦੱਸੀਏ ਅਤੇ ਦੇਖੀਏ ਕਿ ਉਨ੍ਹਾਂ ਦੇ ਅਨੁਭਵ ਤੁਹਾਡੇ ਲਈ ਕੀ ਅਰਥ ਰੱਖ ਸਕਦੇ ਹਨ। (w96 1/1)
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Background cover and page 32: Reuters/Bettmann
[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Reuters/Bettmann