ਉਹ ਆਪਣਾ ਬਲ ਕਿੱਥੋਂ ਹਾਸਲ ਕਰਦੇ ਹਨ?
ਜੇਕਰ ਤੁਸੀਂ ਇਸ ਫੋਟੋ ਵਿਚ ਤਿਤਲੀ ਨੂੰ ਗਹੁ ਨਾਲ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਉਸ ਦੇ ਚਾਰ ਖੰਭਾਂ ਵਿੱਚੋਂ ਇਕ ਖੰਭ ਬਿਲਕੁਲ ਹੀ ਬੇਕਾਰ ਹੈ। ਫਿਰ ਵੀ, ਤਿਤਲੀ ਭੋਜਨ ਕਰਨਾ ਅਤੇ ਉਡਣਾ ਜਾਰੀ ਰੱਖਦੀ ਹੈ। ਇਹ ਕੋਈ ਅਨੋਖੀ ਗੱਲ ਨਹੀਂ ਹੈ। ਤਿਤਲੀਆਂ ਨੂੰ ਆਪਣੇ ਖੰਭਾਂ ਦੇ 70 ਫੀ ਸਦੀ ਸਤਹ ਤੋਂ ਬਿਨਾਂ ਵੀ ਆਪਣਾ ਰੋਜ਼ਾਨਾ ਕਾਰਜ ਕਰਦੇ ਹੋਏ ਦੇਖਿਆ ਗਿਆ ਹੈ।
ਇਸੇ ਤਰ੍ਹਾਂ, ਅਨੇਕ ਲੋਕੀ ਦ੍ਰਿੜ੍ਹ ਮਨੋਬਿਰਤੀ ਪ੍ਰਦਰਸ਼ਿਤ ਕਰਦੇ ਹਨ। ਘੋਰ ਸਰੀਰਕ ਜਾਂ ਭਾਵਾਤਮਕ ਸਮੱਸਿਆਵਾਂ ਤੋਂ ਪੀੜਿਤ ਹੋਣ ਦੇ ਬਾਵਜੂਦ, ਉਹ ਹਾਰ ਨਹੀਂ ਮੰਨਦੇ ਹਨ।—ਤੁਲਨਾ ਕਰੋ 2 ਕੁਰਿੰਥੀਆਂ 4:16.
ਰਸੂਲ ਪੌਲੁਸ ਨੇ ਆਪਣੇ ਮਿਸ਼ਨਰੀ ਸਫ਼ਰਾਂ ਦੇ ਦੌਰਾਨ ਵਿਅਕਤੀਗਤ ਤੌਰ ਤੇ ਵੱਡੀਆਂ ਮੁਸੀਬਤਾਂ ਸਹੀਆਂ। ਉਸ ਨੂੰ ਕੋਰੜੇ ਮਾਰੇ ਗਏ, ਕੁੱਟਿਆ ਗਿਆ, ਪਥਰਾਉ ਕੀਤਾ ਗਿਆ, ਅਤੇ ਕੈਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਹ ਕਿਸੇ ਪ੍ਰਕਾਰ ਦੀ ਲਾਚਾਰੀ ਤੋਂ ਵੀ ਪੀੜਿਤ ਸੀ, ਸ਼ਾਇਦ ਆਪਣੀਆਂ ਅੱਖਾਂ ਦੀ ਕੋਈ ਸਮੱਸਿਆ, ਜੋ ਉਸ ਦੇ ਲਈ ਨਿਰੰਤਰ “ਸਰੀਰ ਵਿੱਚ ਇੱਕ ਕੰਡਾ” ਸੀ।—2 ਕੁਰਿੰਥੀਆਂ 12:7-9; ਗਲਾਤੀਆਂ 4:15.
ਇਕ ਮਸੀਹੀ ਬਜ਼ੁਰਗ ਨਾਮਕ ਡੇਵਿਡ, ਜਿਸ ਨੇ ਕਈ ਸਾਲਾਂ ਦੇ ਲਈ ਡੂੰਘੀ ਹਤਾਸ਼ਾ ਦੇ ਨਾਲ ਸੰਘਰਸ਼ ਕੀਤਾ, ਵਿਸ਼ਵਾਸ ਕਰਦਾ ਹੈ ਕਿ ਯਹੋਵਾਹ ਦਾ ਬਲ ਉਸ ਦੀ ਰੋਗ-ਮੁਕਤੀ ਵਿਚ ਬਹੁਤ ਹੀ ਮਹੱਤਵਪੂਰਣ ਸੀ। “ਵਾਰ-ਵਾਰ, ਮੁਸ਼ਕਲ ਨਾਲ ਹੋਇਆ ਸੁਧਾਰ ਗਾਇਬ ਹੁੰਦਾ ਜਾਪਦਾ ਸੀ,” ਉਹ ਵਿਆਖਿਆ ਕਰਦਾ ਹੈ। “ਅਜਿਹੀ ਹਿੰਮਤ-ਸ਼ਿਕਨੀ ਦੇ ਸਾਮ੍ਹਣੇ, ਮੈਂ ਆਪਣੇ ਆਪ ਨੂੰ ਯਹੋਵਾਹ ਦੇ ਸਹਾਰੇ ਉੱਤੇ ਸੁੱਟ ਦਿੰਦਾ ਸੀ, ਅਤੇ ਉਸ ਨੇ ਸੱਚ-ਮੁੱਚ ਹੀ ਮੈਨੂੰ ਸੰਭਾਲਿਆ। ਅਜਿਹੇ ਅਵਸਰ ਹੁੰਦੇ ਸਨ ਜਦੋਂ ਮੈਂ ਲਗਾਤਾਰ ਘੰਟਿਆਂ ਤਕ ਪ੍ਰਾਰਥਨਾ ਕਰਦਾ ਸੀ। ਜਦੋਂ ਮੈਂ ਯਹੋਵਾਹ ਨਾਲ ਗੱਲ ਕਰਦਾ ਸੀ, ਤਾਂ ਮੇਰੀ ਤਨਹਾਈ ਅਤੇ ਵਿਅਰਥਤਾ ਦੀਆਂ ਭਾਵਨਾਵਾਂ ਗਾਇਬ ਹੋ ਜਾਂਦੀਆਂ ਸਨ। ਮੈਂ ਵੱਡੀ ਕਮਜ਼ੋਰੀ ਦੀਆਂ ਅਵਧੀਆਂ ਵਿੱਚੋਂ ਲੰਘਿਆ ਹਾਂ, ਪਰੰਤੂ ਯਹੋਵਾਹ ਦਾ ਸ਼ੁਕਰ ਹੈ, ਇਸ ਕਮਜ਼ੋਰੀ ਵਿੱਚੋਂ ਬਲ ਹਾਸਲ ਹੋਇਆ ਹੈ—ਇੱਥੋਂ ਤਕ ਕਿ ਦੂਜਿਆਂ ਨੂੰ ਮਦਦ ਕਰਨ ਦੇ ਲਈ ਵੀ ਬਲ।”
ਯਹੋਵਾਹ ਪਰਮੇਸ਼ੁਰ ਨੇ ਪੌਲੁਸ ਨੂੰ ਬਲ ਦਿੱਤਾ। ਇਸ ਲਈ, ਉਹ ਕਹਿ ਸਕਦਾ ਸੀ: “ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰਥੀਆਂ 12:10) ਜੀ ਹਾਂ, ਪੌਲੁਸ ਦੀਆਂ ਕਮਜ਼ੋਰੀਆਂ ਨੇ ਉਸ ਨੂੰ ਪਰਮੇਸ਼ੁਰ-ਦਿੱਤ ਬਲ ਉੱਤੇ ਨਿਰਭਰ ਹੋਣਾ ਸਿਖਾਇਆ। “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ,” ਰਸੂਲ ਨੇ ਕਿਹਾ। (ਫ਼ਿਲਿੱਪੀਆਂ 4:13) ਯਹੋਵਾਹ ਆਪਣੇ ਸੇਵਕਾਂ ਨੂੰ ਨਿਸ਼ਚੇ ਹੀ ਬਲ ਦਿੰਦਾ ਹੈ। (w96 5/15)