“ਮੈਂ ਸੁਪਨਾ ਤਾਂ ਨਹੀਂ ਲੈ ਰਿਹਾ ਹਾਂ?”
ਨਿਮਨਲਿਖਿਤ ਰਿਪੋਰਟ ਮਲਾਵੀ ਤੋਂ ਆਈ ਹੈ ਅਤੇ ਇਹ ਯਹੋਵਾਹ ਦੇ ਗਵਾਹਾਂ ਦੇ ਇਤਿਹਾਸਕ “ਆਨੰਦਮਈ ਸਤੁਤੀਕਰਤਾ” ਜ਼ਿਲ੍ਹਾ ਮਹਾਂ-ਸੰਮੇਲਨਾਂ ਵਿੱਚੋਂ ਇਕ ਦੇ ਸੰਬੰਧ ਵਿਚ ਹੈ ਜੋ, 1995 ਦੀਆਂ ਗਰਮੀਆਂ ਦੇ ਦੌਰਾਨ ਉਥੇ ਆਯੋਜਿਤ ਕੀਤਾ ਗਿਆ ਸੀ।
“ਇਕ ਮੁੱਖ ਸੜਕ ਤੇ, ਮਲਾਵੀ ਝੀਲ ਦੇ ਪੱਛਮੀ ਕੰਢੇ ਦੇ ਲਗਭਗ ਅੱਧੇ ਰਾਹ ਤੇ, 29 ਸਾਲਾਂ ਵਿਚ ਪਹਿਲੀ ਵਾਰ ਇਕ ਸਾਈਨ-ਬੋਰਡ ਲਗਾਇਆ ਗਿਆ ਹੈ। ਇਸ ਤੇ ਲਿਖਿਆ ਹੋਇਆ ਹੈ, ‘ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਮਹਾਂ-ਸੰਮੇਲਨ।’
“ਉਸ ਸਾਈਨ-ਬੋਰਡ ਦੇ ਲਾਗੇ ਇਕ ਵੱਡਾ ਟਰੱਕ ਖੜ੍ਹਾ ਹੈ, ਅਤੇ ਇਸ ਦੀ ਟ੍ਰਾਲੀ ਵਿੱਚੋਂ ਮਜ਼ੂਜ਼ੂ ਨਗਰ ਤੋਂ ਆਏ ਹੋਏ 200 ਤੋਂ ਵੱਧ ਪ੍ਰਤਿਨਿਧ ਨਿਕਲਦੇ ਹਨ। ਉਹ ਦੂਜੀਆਂ ਥਾਵਾਂ ਤੋਂ ਆਏ ਆਪਣੇ ਲਗਭਗ 3,000 ਭੈਣਾਂ-ਭਰਾਵਾਂ ਨਾਲ ਇਕੱਠੇ ਹੋਣ ਦੇ ਲਈ ਆਪਣੇ ਨਾਲ ਕੱਪੜਿਆਂ ਦੀਆਂ ਪੋਟਲੀਆਂ, ਕੰਬਲ, ਹਾਂਡੀਆਂ, ਬਾਲਟੀਆਂ, ਭੋਜਨ ਵਸਤ, ਬਾਲਣ, ਅਤੇ ਬਾਈਬਲਾਂ ਲੈ ਕੇ ਆਏ ਹਨ।
“ਜਿਉਂ ਹੀ ਅਸੀਂ ਟਰੱਕ ਤੋਂ ਉਤਰਦੇ ਭਰਾਵਾਂ ਨੂੰ ਸੁਆਗਤ ਕਰਦੇ ਹਾਂ, ਜੌਰਜ ਚੀਕਾਕੌ, 63, ਨਕੌਟਾਕੌਟਾ ਤੋਂ ਦੋ ਦਿਨ ਸਾਈਕਲ ਚਲਾਉਣ ਤੋਂ ਬਾਅਦ, ਰੇਤ ਵਿਚ ਆਪਣੀ ਸਾਈਕਲ ਧਕੇਲਦੇ ਹੋਏ ਉੱਥੇ ਪਹੁੰਚਦਾ ਹੈ। ਸਾਲਾਂ ਦੇ ਦੌਰਾਨ, ਭਾਈ ਚੀਕਾਕੌ ਨੇ ਬਾਈਬਲ ਸਿਧਾਂਤਾਂ ਦਾ ਸਮਝੌਤਾ ਨਾ ਕਰਨ ਦੇ ਸਿੱਟੇ ਵਜੋਂ ਚਾਰ ਵਾਰ ਕੈਦ ਦੀ ਸਜ਼ਾ ਭੁਗਤੀ ਹੈ। ਉਸ ਦਾ ਚਚੇਰਾ ਭਰਾ ਕੈਦ ਦੌਰਾਨ ਪਏ ਕੁਟਾਪੇ ਦੇ ਕਾਰਨ ਮਰ ਗਿਆ ਸੀ। ‘ਮੈਂ ਸੁਪਨਾ ਤਾਂ ਨਹੀਂ ਲੈ ਰਿਹਾ ਹਾਂ?’ ਭਾਈ ਚੀਕਾਕੌ ਪੁੱਛਦਾ ਹੈ। ‘ਇਹ ਮਹਾਂ-ਸੰਮੇਲਨ ਖੁੱਲ੍ਹੇ-ਆਮ ਆਯੋਜਿਤ ਕੀਤਾ ਜਾ ਰਿਹਾ ਹੈ, ਅਤੇ ਇਹ ਲੋਕੀ ਉੱਚੀ ਆਵਾਜ਼ ਵਿਚ ਰਾਜ ਗੀਤ ਗਾ ਰਹੇ ਹਨ! ਇੰਨੇ ਸਾਲਾਂ ਲਈ, ਸਾਨੂੰ ਰਾਤ ਦੇ ਹਨੇਰੇ ਵਿਚ ਇਕੱਠੇ ਹੋਣਾ ਪਿਆ, ਰਾਜ ਗੀਤਾਂ ਨੂੰ ਧੀਮੀ ਆਵਾਜ਼ ਵਿਚ ਗਾਉਣਾ ਪਿਆ, ਅਤੇ ਤਾੜੀਆਂ ਲਈ ਆਪਣੇ ਹੱਥਾਂ ਨੂੰ ਇਕੱਠੇ ਮਲਨਾ ਪਿਆ। ਹੁਣ ਅਸੀਂ ਖੁੱਲ੍ਹੇ-ਆਮ ਮਿਲ ਰਹੇ ਹਾਂ ਅਤੇ ਲੋਕੀ ਇਹ ਦੇਖ ਕੇ ਹੈਰਾਨ ਹਨ ਕਿ ਅਸੀਂ ਇੰਨੇ ਸਾਰੇ ਹਾਂ ਜਦ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਅਸੀਂ ਥੋੜ੍ਹੇ ਜਿਹੇ ਹੀ ਸਨ!’
“ਮਹਾਂ-ਸੰਮੇਲਨ ਦਾ ਸਥਾਨ ਇਕ ਘਾਹ ਦੀ ਵਾੜ ਨਾਲ ਘੇਰਿਆ ਹੋਇਆ ਹੈ ਅਤੇ ਛਾਂ ਦੇਣ ਲਈ ਕਾਨਿਆਂ ਨਾਲ ਢਿੱਲੇ ਢੰਗ ਨਾਲ ਛੱਪਰ ਪਾਇਆ ਗਿਆ ਹੈ। ਪ੍ਰਤਿਨਿਧਾਂ ਦੇ ਠਹਿਰਨ ਲਈ ਘਾਹ ਦੀਆਂ ਛੋਟੀਆਂ-ਛੋਟੀਆਂ ਝੌਂਪੜੀਆਂ ਅਤੇ ਖੁੱਲ੍ਹੀਆਂ ਡਾਰਮਿਟਰੀਆਂ ਉਸਾਰੀਆਂ ਗਈਆਂ। ਰਾਤ ਦਾ ਵਾਤਾਵਰਣ ਸੁੰਦਰ ਸੁਰੀਲੀਆਂ ਆਵਾਜ਼ਾਂ ਨਾਲ ਗੂੰਝ ਰਿਹਾ ਹੈ ਜੋ ਹੁਣ ਸਤਾਹਟ ਦੇ ਡਰ ਦੇ ਕਾਰਨ ਧੀਮੀਆਂ ਨਹੀਂ ਕੀਤੀਆਂ ਗਈਆਂ ਹਨ।
“ਕਿੰਨਾ ਹੀ ਉਚਿਤ ਹੈ ਕਿ ਇਸ ਮਹਾਂ-ਸੰਮੇਲਨ ਦਾ ਵਿਸ਼ੇ ‘ਆਨੰਦਮਈ ਸਤੁਤੀਕਰਤਾ’ ਹੈ!” (w96 8/1)
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Mountain High Maps® Copyright © 1995 Digital Wisdom, Inc.