“ਉਨ੍ਹਾਂ ਨੂੰ ਨਾ ਭਜਾਓ!”
“ਜੇਕਰ ਇਕ, ਜਾਂ ਦੋ ਵੀ ਯਹੋਵਾਹ ਦੇ ਗਵਾਹ ਤੁਹਾਡੇ ਦਰਵਾਜ਼ੇ ਦੀ ਘੰਟੀ ਵਜਾਉਣ, ਤਾਂ ਉਨ੍ਹਾਂ ਨੂੰ ਨਾ ਭਜਾਓ!” ਕੋਰੀਏਰ ਡੇਲਾ ਸੇਰਾ ਸਲਾਹ ਦਿੰਦੀ ਹੈ। ਇਹ ਅਖ਼ਬਾਰ ਉਸ ਘਟਨਾ ਦਾ ਜ਼ਿਕਰ ਕਰ ਰਹੀ ਸੀ ਜੋ ਟ੍ਰੇਵੀਜ਼ੋ, ਉੱਤਰੀ ਇਟਲੀ ਵਿਚ ਵਾਪਰੀ, ਜਿਸ ਵਿਚ ਇਕ ਵਪਾਰੀ ਦਸ ਲੱਖ ਤੋਂ ਅਧਿਕ ਲੀਰਾ (600 ਤੋਂ ਵੱਧ ਅਮਰੀਕੀ ਡਾਲਰ) ਗੁਆਉਣ ਦੇ ਖ਼ਤਰੇ ਵਿਚ ਸੀ ਕਿਉਂਕਿ ਉਸ ਨੇ ਦੋ ਗਵਾਹਾਂ ਨੂੰ, ਜੋ ਉਸ ਨੂੰ ਮਿਲਣ ਲਈ ਆਏ ਸਨ, ਮੋੜ ਦਿੱਤਾ।
ਅਖ਼ਬਾਰ ਦੇ ਅਨੁਸਾਰ, ਦੋ ਗਵਾਹਾਂ ਨੇ ਉਸ ਆਦਮੀ ਨੂੰ ਇਨ੍ਹਾਂ ਸ਼ਬਦਾਂ ਵਿਚ ਆਪਣਾ ਪਰੀਚੈ ਦਿੱਤਾ: “ਅੱਜ ਤੁਹਾਡੇ ਲਈ ਇਕ ਚੰਗਾ ਦਿਨ ਹੈ। ਅਸੀਂ ਯਹੋਵਾਹ ਦੇ ਗਵਾਹ ਹਾਂ, ਅਤੇ ਸਾਡੇ ਕੋਲ ਤੁਹਾਨੂੰ ਦੇਣ ਦੇ ਲਈ ਕੁਝ ਕੀਮਤੀ ਚੀਜ਼ ਹੈ।” ਇਸ ਤੇ, ਉਸ ਰੁੱਖੇ ਵਪਾਰੀ ਨੇ ਦਰਵਾਜ਼ਾ ਬੰਦ ਕਰ ਦਿੱਤਾ, ਅਤੇ ਉਨ੍ਹਾਂ ਨੂੰ ਆਪਣੀ ਗੱਲ ਵੀ ਪੂਰੀ ਨਹੀਂ ਕਰਨ ਦਿੱਤੀ।
ਜੇਕਰ ਉਸ ਆਦਮੀ ਨੇ ਸੁਣਿਆ ਹੁੰਦਾ, ਤਾਂ ਉਸ ਨੂੰ ਪਤਾ ਲੱਗਦਾ ਕਿ ਗਵਾਹ ਉਸ ਦੇ ਘਰ ਉਸ ਦਾ ਬਟੂਆ ਵਾਪਸ ਕਰਨ ਦੇ ਲਈ ਆਏ ਸਨ, ਜੋ ਉਨ੍ਹਾਂ ਨੂੰ ਇਕ ਪਾਰਕ ਦੇ ਬੈਂਚ ਤੇ ਮਿਲਿਆ ਸੀ। ਇਸ ਲਈ ਉਸ ਬਟੂਏ ਨੂੰ ਉਸ ਦੇ ਪੈਸਿਆਂ ਸਮੇਤ ਸਭ ਤੋਂ ਨੇੜਲੀ ਪੁਲਸ ਚੌਕੀ ਤੇ ਲੈ ਜਾਣ ਤੋਂ ਇਲਾਵਾ, ਗਵਾਹਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਅਗਲੇ ਦਿਨ, ਪੁਲਸ ਨੇ ਇਸ ਨੂੰ ਉਸ ਦੇ ਹੱਕੀ ਮਾਲਕ ਨੂੰ ਵਾਪਸ ਦੇ ਦਿੱਤਾ।
“ਜੇਕਰ ਉਨ੍ਹਾਂ ਦੋ ਬੇਚਾਰੇ [ਗਵਾਹਾਂ] ਦੀ ਜਗ੍ਹਾ ਕੋਈ ਹੋਰ ਹੁੰਦਾ,” ਈਲ ਗਾਜ਼ੇਟੀਨੋ ਡੀ ਟ੍ਰੇਵੀਜ਼ੋ ਨੇ ਕਿਹਾ, “ਤਾਂ ਉਹ ਸ਼ਾਇਦ . . . ਉਸ ਬਟੂਏ ਦੇ ਬਥੇਰੇ ਪੈਸਿਆਂ ਨੂੰ ਆਪਣੇ ਕੋਲ ਹੀ ਰੱਖ ਲੈਂਦਾ। ਪਰੰਤੂ ਯਹੋਵਾਹ ਦੇ ਗਵਾਹ ਇੰਜ ਨਹੀਂ ਕਰਨਗੇ, ਜਿਨ੍ਹਾਂ ਨੂੰ ਪੂਰਣ ਰੂਪ ਵਿਚ ਇਮਾਨਦਾਰ ਹੋਣਾ ਹੈ।”
ਯਹੋਵਾਹ ਦੇ ਗਵਾਹਾਂ ਨੂੰ “ਪੂਰਣ ਰੂਪ ਵਿਚ ਇਮਾਨਦਾਰ” ਹੋਣ ਦੇ ਲਈ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ? ਇਹ ਹੈ ਯਿਸੂ ਮਸੀਹ ਦੀਆਂ ਸਿੱਖਿਆਵਾਂ ਦੇ ਅਨੁਸਾਰ, ਪਰਮੇਸ਼ੁਰ ਦੇ ਲਈ ਅਤੇ ਗੁਆਂਢੀ ਦੇ ਲਈ ਉਨ੍ਹਾਂ ਦਾ ਪ੍ਰੇਮ। (ਮੱਤੀ 22:37-39) ਇਸੇ ਹੀ ਕਾਰਨ ਯਹੋਵਾਹ ਦੇ ਗਵਾਹ ਯਹੋਵਾਹ ਪਰਮੇਸ਼ੁਰ ਵੱਲੋਂ ਵਾਅਦਾ ਕੀਤੀ ਗਈ ਅਦਭੁਤ “ਨਵੀਂ ਧਰਤੀ” ਦੇ ਬਾਰੇ ਖ਼ੁਸ਼ ਖ਼ਬਰੀ ਘੋਸ਼ਿਤ ਕਰਨ ਦੇ ਲਈ ਘਰ-ਘਰ ਜਾਂਦੇ ਹਨ। ਉਮੀਦ ਦਾ ਅਜਿਹਾ ਸੰਦੇਸ਼ ਕਿਸੇ ਵੀ ਭੌਤਿਕ ਸੰਪਤੀ ਤੋਂ ਕਿਤੇ ਹੀ ਵੱਧ ਕੀਮਤੀ ਹੈ।—2 ਪਤਰਸ 3:13. (w96 9/1)