“ਅਸੀਂ ਸਾਰੇ ਇੱਕੋ ਹੀ ਪਰਿਵਾਰ ਦੇ ਹਾਂ”
ਹਾਲ ਹੀ ਦੇ ਸਾਲਾਂ ਵਿਚ ਧਾਰਮਿਕ ਪੱਖਪਾਤ ਅਤੇ ਜਾਤੀਵਾਦ ਪੂਰੀ ਧਰਤੀ ਉੱਤੇ ਫੈਲ ਗਏ ਹਨ। ਨਸਲੀ ਭੇਦ-ਭਾਵ ਨੇ ਕਤਲ, ਤਸੀਹੇ, ਅਤੇ ਹੋਰ ਦੂਜੇ ਸ਼ਰਮਨਾਕ ਅਤਿਆਚਾਰਾਂ ਨੂੰ ਭੜਕਾਇਆ ਹੈ। ਐਮਨਸਟੀ ਇੰਟਰਨੈਸ਼ਨਲ ਦੁਆਰਾ ਇਕ ਰਿਪੋਰਟ ਅਨੁਸਾਰ, ਮਾਨਵ ਹੱਕਾਂ ਦੀ ਉਲੰਘਣਾ ਦੇ ਕਾਰਨ ਸੰਸਾਰ ਭਰ ਵਿਚ 2.3 ਕਰੋੜ ਤੋਂ ਵੱਧ ਲੋਕ 1994 ਵਿਚ ਆਪਣੇ ਘਰਾਂ ਤੋਂ ਫ਼ਰਾਰ ਹੋਣ ਲਈ ਮਜਬੂਰ ਹੋਏ।
ਕੇਵਲ ਰਵਾਂਡਾ ਵਿਚ ਹੀ, ਕੁਝ 5,00,000 ਲੋਕਾਂ ਦੀ ਹੱਤਿਆ ਕੀਤੀ ਗਈ ਅਤੇ ਹੋਰ 20,00,000 ਤੋਂ ਅਧਿਕ ਲੋਕ ਸ਼ਰਨਾਰਥੀ ਬਣ ਗਏ ਜਦੋਂ ਟੂਟਸੀ ਅਤੇ ਹੁਟੂ ਦੇ ਵਿਚਕਾਰ ਹਿੰਸਾ ਭੜਕ ਉੱਠੀ। ਬੈਲਜੀਅਮੀ ਅਖ਼ਬਾਰ ਲ ਸੁਆਰ ਰਿਪੋਰਟ ਕਰਦਾ ਹੈ, “ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਹਥਿਆਰ ਨਾ ਉਠਾਉਣ ਦੇ ਲਈ ਸਤਾਇਆ ਗਿਆ।” ਯਹੋਵਾਹ ਦੇ ਗਵਾਹ ਹਥਿਆਰਬੰਦ ਲੜਾਈਆਂ ਵਿਚ ਭਾਗ ਨਹੀਂ ਲੈਂਦੇ ਹਨ। ਫਿਰ ਵੀ, ਉਨ੍ਹਾਂ ਵਿੱਚੋਂ ਸੈਂਕੜੇ ਲੋਕ ਹਿੰਸਾ ਵਿਚ ਮਾਰੇ ਗਏ। ਇਹ ਸਾਨੂੰ ਯਿਸੂ ਦੇ ਆਪਣੇ ਚੇਲਿਆਂ ਨੂੰ ਕਹੇ ਗਏ ਸ਼ਬਦਾਂ ਦੀ ਯਾਦ ਦਿਲਾਉਂਦੀ ਹੈ: “ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ . . . ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।”—ਯੂਹੰਨਾ 15:19.
ਇਕ ਗਵਾਹ ਪਰਿਵਾਰ—ਇਉਜ਼ਾਨ ਨਟਾਬਨਾਨਾ, ਉਸ ਦੀ ਪਤਨੀ, ਅਤੇ ਦੋ ਬੱਚੇ—ਰਾਜਧਾਨੀ, ਕਿਗਾਲੀ ਵਿਚ ਰਹਿੰਦੇ ਸਨ। ਆਪਣੇ ਗੁਆਂਢੀਆਂ ਨੂੰ ਮਸੀਹੀ ਨਿਰਪੱਖਤਾ ਬਾਰੇ ਸਮਝਾਉਂਦੇ ਹੋਏ, ਇਉਜ਼ਾਨ ਅਕਸਰ ਬੂਗਨਵਿਲੀਆ ਬਾਰੇ ਗੱਲ ਕਰਦਾ ਸੀ, ਜੋ ਕਿ ਗਰਮ ਜਲਵਾਯੂ ਵਿਚ ਪੱਲਰਨ ਵਾਲੀ ਇਕ ਵੇਲ ਹੈ।—ਮੱਤੀ 22:21.
“ਇੱਥੇ ਕਿਗਾਲੀ ਵਿਚ,” ਇਉਜ਼ਾਨ ਸਮਝਾਉਂਦਾ, “ਬੂਗਨਵਿਲੀਆ ਲਾਲ, ਗੁਲਾਬੀ, ਅਤੇ ਕਦੇ-ਕਦੇ ਚਿੱਟੇ ਫੁੱਲ ਦਿੰਦਾ ਹੈ। ਫਿਰ ਵੀ, ਉਹ ਸਾਰੇ ਇੱਕੋ ਹੀ ਪਰਿਵਾਰ ਦੇ ਹਨ। ਇਹੋ ਗੱਲ ਮਾਨਵ ਬਾਰੇ ਸੱਚ ਹੈ। ਹਾਲਾਂਕਿ ਅਸੀਂ ਵੱਖਰੀ-ਵੱਖਰੀ ਜਾਤੀ, ਚਮੜੀ ਦੇ ਰੰਗ, ਜਾਂ ਨਸਲੀ ਪਿਛੋਕੜ ਦੇ ਹਾਂ, ਅਸੀਂ ਸਾਰੇ ਇੱਕੋ ਹੀ ਪਰਿਵਾਰ ਦੇ ਹਾਂ, ਅਰਥਾਤ ਮਨੁੱਖਜਾਤੀ ਦਾ ਪਰਿਵਾਰ।”
ਦੁਖਾਂਤਕ ਤੌਰ ਤੇ, ਉਨ੍ਹਾਂ ਦੇ ਸ਼ਾਂਤਮਈ ਸੁਭਾਅ ਅਤੇ ਨਿਰਪੱਖ ਸਥਿਤੀ ਦੇ ਬਾਵਜੂਦ, ਨਟਾਬਨਾਨਾ ਪਰਿਵਾਰ ਨੂੰ ਇਕ ਖ਼ੂਨ ਦੀ ਪਿਆਸੀ ਭੀੜ ਨੇ ਕਤਲ ਕਰ ਦਿੱਤਾ। ਫਿਰ ਵੀ, ਉਹ ਵਫ਼ਾਦਾਰ ਰਹਿੰਦੇ ਹੋਏ ਮਰੇ। ਅਸੀਂ ਯਕੀਨੀ ਹੋ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਅਜਿਹਿਆਂ ਦੇ ਪ੍ਰਤੀ ਆਪਣੇ ਵਾਅਦੇ ਨੂੰ ਪੂਰਾ ਕਰੇਗਾ, ਅਤੇ ਉਹ ਇਕ ਅਜਿਹੇ ਸੰਸਾਰ ਦੇ ਵਾਰਸ ਬਣਨ ਦੇ ਲਈ ਪੁਨਰ-ਉਥਿਤ ਕੀਤੇ ਜਾਣਗੇ, ਜਿੱਥੇ ਫਿਰ ਕਦੇ ਪੱਖਪਾਤ ਨਹੀਂ ਹੋਵੇਗਾ। (ਰਸੂਲਾਂ ਦੇ ਕਰਤੱਬ 24:15) ਉਦੋਂ, ਨਟਾਬਨਾਨਾ ਪਰਿਵਾਰ, ਦੂਜਿਆਂ ਸਹਿਤ, “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:11.