ਯੂਨਾਨ ਵਿਚ ਯਹੋਵਾਹ ਦੇ ਗਵਾਹਾਂ ਲਈ ਇਕ ਹੋਰ ਜਿੱਤ
ਅਕਤੂਬਰ 6, 1995 ਨੂੰ, ਯਹੋਵਾਹ ਦੇ ਗਵਾਹਾਂ ਦੇ ਦੋ ਪੂਰਣ-ਕਾਲੀ ਸੇਵਕਾਂ ਨੂੰ ਸ਼ਾਮਲ ਕਰਦਾ ਇਕ ਮੁਕੱਦਮਾ, ਅਥੇਨੈ ਵਿਖੇ ਤਿੰਨ-ਸਦੱਸ ਮੈਜਿਸਟ੍ਰੇਟ ਅਦਾਲਤ ਵੱਲੋਂ ਸੁਣਿਆ ਗਿਆ ਸੀ। ਇਲਜ਼ਾਮ ਸੀ ਧਰਮ-ਪਰਿਵਰਤਨ, ਅਤੇ ਗਵਾਹਾਂ ਦੁਆਰਾ ਇਕ ਪੁਲਸ ਅਫ਼ਸਰ ਦੇ ਘਰ ਮੁਲਾਕਾਤ ਕੀਤੇ ਜਾਣ ਮਗਰੋਂ, ਉਸ ਨੇ ਇਕ ਕਾਨੂੰਨੀ ਦਾਅਵਾ ਦਾਇਰ ਕੀਤਾ ਸੀ।
ਪ੍ਰਧਾਨ ਨਿਆਂਕਾਰੀ ਦੁਆਰਾ ਪੁੱਛੇ ਗਏ ਸਵਾਲ ਦਿਖਾਉਂਦੇ ਸਨ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਕੰਮ ਵਿਚ ਬਹੁਤ ਦਿਲਚਸਪੀ ਰੱਖਦੀ ਸੀ। ਉਦਾਹਰਣ ਦੇ ਤੌਰ ਤੇ, ਉਸ ਨੇ ਪੁੱਛਿਆ: “ਤੁਸੀਂ ਇਹ ਕੰਮ ਕਿੰਨੇ ਚਿਰ ਤੋਂ ਕਰਦੇ ਆਏ ਹੋ? ਸਾਲਾਂ ਦੇ ਦੌਰਾਨ ਲੋਕ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਉ ਕਰਦੇ ਆਏ ਹਨ? ਤੁਹਾਡੇ ਕੰਮ ਦੇ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤਿਕ੍ਰਿਆ ਦਿਖਾਈ ਗਈ ਹੈ? ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ਿਆਂ ਤੇ ਕੀ ਕਹਿੰਦੇ ਹੋ?” ਅਦਾਲਤ ਵਿਚ ਹਾਜ਼ਰ ਹੋਏ ਸਾਰੇ ਵਿਅਕਤੀਆਂ ਨੇ ਉਸ ਵਧੀਆ ਗਵਾਹੀ ਨੂੰ ਉਤਸੁਕਤਾ ਨਾਲ ਸੁਣਿਆ ਜੋ ਦਿੱਤੀ ਗਈ।
ਗਵਾਹਾਂ ਲਈ ਇਹ ਬਹੁਤ ਹੀ ਹੈਰਾਨੀ ਦੀ ਗੱਲ ਬਣੀ ਜਦੋਂ ਸਰਕਾਰੀ ਵਕੀਲ ਵੀ ਉਨ੍ਹਾਂ ਦੇ ਪੱਖ ਵਿਚ ਬੋਲ ਪਿਆ। “ਯਹੋਵਾਹ ਦੇ ਗਵਾਹਾਂ ਕੋਲ ਨਾ ਸਿਰਫ਼ ਆਪਣੇ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਣ ਅਤੇ ਉਸ ਦੀ ਉਪਾਸਨਾ ਕਰਨ ਦਾ ਸੰਵਿਧਾਨਕ ਹੱਕ ਹੈ,” ਉਸ ਨੇ ਆਪਣੇ ਸਮਾਪਤੀ ਭਾਸ਼ਣ ਵਿਚ ਟਿੱਪਣੀ ਕੀਤੀ, “ਪਰੰਤੂ ਆਪਣੇ ਵਿਸ਼ਵਾਸ ਨੂੰ ਘਰ-ਘਰ ਤੋਂ, ਪਬਲਿਕ ਚੌਂਕੀਆਂ ਵਿਚ, ਅਤੇ ਸੜਕਾਂ ਉੱਤੇ ਫੈਲਾਉਣ ਦਾ ਵੀ ਹੱਕ ਹੈ, ਇੱਥੋਂ ਤਕ ਕਿ ਆਪਣਾ ਸਾਹਿੱਤ ਵੀ ਮੁਫ਼ਤ ਵੰਡ ਸਕਦੇ ਹਨ ਜੇਕਰ ਉਹ ਚਾਹੁੰਦੇ ਹਨ।” ਸਰਕਾਰੀ ਵਕੀਲ ਨੇ ਅਦਾਲਤਾਂ ਅਤੇ ਸਰਕਾਰ ਦੀ ਕੌਂਸਲ ਦੁਆਰਾ ਜਾਰੀ ਕੀਤੇ ਦੋਸ਼-ਮੁਕਤੀ ਦੇ ਵਿਭਿੰਨ ਫ਼ੈਸਲਿਆਂ ਦੇ ਹਵਾਲੇ ਦਿੱਤੇ। ਉਸ ਨੇ ਕੋਕੀਨਾਕਿਸ ਵਿਰੁੱਧ ਯੂਨਾਨ ਦੇ ਮੁਕੱਦਮੇ ਦਾ ਵੀ ਜ਼ਿਕਰ ਕੀਤਾ, ਜਿਸ ਦਾ ਫ਼ੈਸਲਾ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਦੁਆਰਾ ਯਹੋਵਾਹ ਦੇ ਗਵਾਹਾਂ ਦੇ ਪੱਖ ਵਿਚ ਕੀਤਾ ਗਿਆ ਸੀ।a “ਕਿਰਪਾ ਕਰ ਕੇ ਨੋਟ ਕਰੋ,” ਸਰਕਾਰੀ ਵਕੀਲ ਨੇ ਚੇਤਾਵਨੀ ਦਿੱਤੀ, “ਕਿ ਯੂਨਾਨ ਨੇ ਇਸ ਮੁਕੱਦਮੇ ਵਿਚ ਹਰਜਾਨਾ ਵੀ ਭਰਿਆ ਸੀ। ਇਸ ਲਈ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਅਜਿਹੇ ਮੁਕੱਦਮਿਆਂ ਵਿਚ ਨਿਰਣੇ ਕਰਨ ਲਈ ਸੱਦੇ ਜਾਂਦੇ ਹਾਂ। ਅਸਲ ਵਿਚ, ਇਨ੍ਹਾਂ ਮਾਮਲਿਆਂ ਨੂੰ ਅਦਾਲਤ ਵਿਚ ਪਹਿਲਾਂ ਤਾਂ ਕਦੇ ਲਿਆਉਣਾ ਹੀ ਨਹੀਂ ਚਾਹੀਦਾ ਹੈ।”
ਸਰਕਾਰੀ ਵਕੀਲ ਦੇ ਭਾਸ਼ਣ ਤੋਂ ਬਾਅਦ, ਗਵਾਹਾਂ ਦੇ ਵਕੀਲ ਕੋਲ ਕਹਿਣ ਲਈ ਬਹੁਤ ਕੁਝ ਨਹੀਂ ਰਿਹਾ। ਫਿਰ ਵੀ, ਉਸ ਨੇ ਇਸ ਗੱਲ ਉੱਤੇ ਜ਼ੋਰ ਦੇਣ ਲਈ ਮੌਕੇ ਦਾ ਲਾਭ ਉਠਾਇਆ ਕਿ ਧਰਮ-ਪਰਿਵਰਤਨ ਦਾ ਕਾਨੂੰਨ ਸੰਵਿਧਾਨ-ਵਿਰੁੱਧ ਹੈ ਅਤੇ ਯੂਨਾਨ ਲਈ ਇਹ ਅੰਤਰ-ਰਾਸ਼ਟਰੀ ਪੈਮਾਨੇ ਤੇ ਸ਼ਰਮਿੰਦਗੀ ਦਾ ਕਾਰਨ ਰਿਹਾ ਹੈ।
ਪ੍ਰਧਾਨ ਨਿਆਂਕਾਰੀ ਨੇ ਦੂਜੇ ਦੋ ਨਿਆਂਕਾਰੀਆਂ ਵੱਲ ਸਿਰਫ਼ ਨਜ਼ਰ ਹੀ ਮਾਰੀ, ਅਤੇ ਉਹ ਭਰਾ ਅਤੇ ਭੈਣ ਸਰਬ-ਸੰਮਤੀ ਨਾਲ ਬਰੀ ਕੀਤੇ ਗਏ ਸਨ। ਇਹ ਮੁਕੱਦਮਾ, ਜੋ ਇਕ ਘੰਟਾ ਅਤੇ ਦਸ ਮਿੰਟਾਂ ਲਈ ਜਾਰੀ ਰਿਹਾ, ਯਹੋਵਾਹ ਦੇ ਨਾਂ ਅਤੇ ਉਸ ਦੇ ਲੋਕਾਂ ਦੋਹਾਂ ਲਈ ਇਕ ਜਿੱਤ ਸੀ।
ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਦੇ ਦੁਆਰਾ ਸੁਣੇ ਗਏ ਕੋਕੀਨਾਕਿਸ ਦੇ ਮੁਕੱਦਮੇ ਤੋਂ ਬਾਅਦ, ਧਰਮ-ਪਰਿਵਰਤਨ ਨੂੰ ਸ਼ਾਮਲ ਕਰਦਾ ਇਹ ਦੋਸ਼-ਮੁਕਤੀ ਦਾ ਚੌਥਾ ਮੁਕੱਦਮਾ ਹੈ। ਯੂਨਾਨ ਵਿਚ ਯਹੋਵਾਹ ਦੇ ਗਵਾਹ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਦੇ ਪ੍ਰਚਾਰ ਦੇ ਸੰਬੰਧ ਵਿਚ ਸਮੱਸਿਆਵਾਂ ਹੁਣ ਤਕਰੀਬਨ ਖ਼ਤਮ ਹਨ ਅਤੇ ਕਿ ਰੁਕਾਵਟ ਦੇ ਬਗੈਰ ਕੰਮ ਜਾਰੀ ਰੱਖਣਾ ਮੁਮਕਿਨ ਹੈ।
[ਫੁਟਨੋਟ]
a ਸਤੰਬਰ 1, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 27-31 ਦੇਖੋ।