ਬੱਚਿਆਂ ਵਿਚ ਨੈਤਿਕ ਗੁਣ ਵਿਕਸਿਤ ਕਰਨਾ ਕੀ ਇਹ ਅਜੇ ਵੀ ਸੰਭਵ ਹੈ?
“ਅਸੀਂ ਹੁਣ ਇਕ ਬਹੁਤ ਗੁੰਝਲਦਾਰ ਸਮਾਜ, ਅਰਥਾਤ ਇਕ ਬਹੁਤ ਵਿਰੋਧੀ ਸਭਿਆਚਾਰ ਵਿਚ ਰਹਿੰਦੇ ਹਾਂ, ਜਿੱਥੇ ਨੈਤਿਕਤਾ ਦੀ ਕੋਈ ਇਕ ਨਿਯਮਾਵਲੀ ਨਹੀਂ ਹੈ,” ਓਟਾਵਾ, ਕੈਨੇਡਾ, ਵਿਚ ਪਰਿਵਾਰ ਲਈ ਵਾਨਯੇ ਸੰਸਥਾ ਦੇ ਰੌਬਰਟ ਗਲੌਸਪ ਨੇ ਟਿੱਪਣੀ ਕੀਤੀ। ਇਸ ਦਾ ਨਤੀਜਾ ਕੀ ਨਿਕਲਦਾ ਹੈ? ਦ ਟੋਰੌਂਟੋ ਸਟਾਰ ਅਖ਼ਬਾਰ ਵਿਚ ਇਕ ਰਿਪੋਰਟ ਕਹਿੰਦੀ ਹੈ: “ਕਿਸ਼ੋਰ-ਆਯੂ ਵਿਚ ਗਰਭ-ਅਵਸਥਾ, ਨੌਜਵਾਨਾਂ ਵਿਚ ਹਿੰਸਾ ਅਤੇ ਕਿਸ਼ੋਰਾਂ ਵਿਚ ਆਤਮ-ਹੱਤਿਆ, ਇਹ ਸਭ ਚੀਜ਼ਾਂ ਵੱਧ ਰਹੀਆਂ ਹਨ।”
ਇਹ ਸਮੱਸਿਆ ਸਿਰਫ਼ ਉੱਤਰੀ ਅਮਰੀਕਾ ਤਕ ਹੀ ਸੀਮਿਤ ਨਹੀਂ ਹੈ। ਰੋਡ ਆਈਲੈਂਡ, ਯੂ. ਐੱਸ. ਏ., ਵਿਚ ਬਰਾਊਨ ਯੂਨੀਵਰਸਿਟੀ ਵਿਚ ਮਾਨਵ ਵਿਕਾਸ ਦੇ ਕੇਂਦਰ ਦੇ ਨਿਰਦੇਸ਼ਕ, ਬਿਲ ਡੇਮਨ ਨੇ ਬਰਤਾਨੀਆ ਅਤੇ ਦੂਸਰੇ ਯੂਰਪੀ ਦੇਸ਼ਾਂ, ਅਤੇ ਆਸਟ੍ਰੇਲੀਆ, ਇਜ਼ਰਾਈਲ, ਅਤੇ ਜਪਾਨ ਵਿਚ ਵੀ ਇਨ੍ਹਾਂ ਸਮੱਸਿਆਵਾਂ ਦਾ ਅਧਿਐਨ ਕੀਤਾ ਹੈ। ਉਸ ਨੇ ਜਵਾਨਾਂ ਨੂੰ ਅਗਵਾਈ ਦੇਣ ਵਿਚ ਗਿਰਜਿਆਂ, ਸਕੂਲਾਂ, ਅਤੇ ਦੂਸਰੀਆਂ ਸੰਸਥਾਵਾਂ ਦੇ ਪਤਨ ਵੱਲ ਇਸ਼ਾਰਾ ਕੀਤਾ। ਉਹ ਮੰਨਦਾ ਹੈ ਕਿ ਸਾਡਾ ਸਭਿਆਚਾਰ, “ਸਚੇਤ ਨਹੀਂ ਹੈ ਕਿ ਬੱਚਿਆਂ ਵਿਚ ਆਚਰਣ ਅਤੇ ਯੋਗਤਾਵਾਂ ਪੈਦਾ ਕਰਨ ਲਈ ਕੀ ਜ਼ਰੂਰੀ ਹੈ।” ਪਰਵਰਿਸ਼ ਮਾਹਰਾਂ ਦੀ ਸਿਖਾਈ ਗਈ ਗੱਲ ਦਾ ਹਵਾਲਾ ਦਿੰਦੇ ਹੋਏ ਕਿ “ਅਨੁਸ਼ਾਸਨ ਬੱਚਿਆਂ ਦੀ ਸਿਹਤ ਅਤੇ ਕਲਿਆਣ ਲਈ ਖ਼ਤਰਨਾਕ ਹੈ,” ਡੇਮਨ ਦਾਅਵੇ ਨਾਲ ਕਹਿੰਦਾ ਹੈ ਕਿ ਇਹ “ਬੱਚਿਆਂ ਨੂੰ ਹਠੀਲੇ ਅਤੇ ਅਵੱਗਿਆਕਾਰੀ ਬਣਾਉਣ ਦਾ ਨੁਸਖਾ ਹੈ।”
ਅੱਜ ਦੇ ਨੌਜਵਾਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਉਨ੍ਹਾਂ ਨੂੰ ਨਿਰੰਤਰ ਪ੍ਰੇਮਮਈ ਸਿਖਲਾਈ ਦੀ ਜ਼ਰੂਰਤ ਹੈ ਜੋ ਉਨ੍ਹਾਂ ਦੇ ਮਨਾਂ ਅਤੇ ਦਿਲਾਂ ਨੂੰ ਸਿੱਧਾ ਰੱਖਦੀ ਹੈ। ਵੱਖਰੇ-ਵੱਖਰੇ ਨੌਜਵਾਨਾਂ ਨੂੰ ਵੱਖਰੀ-ਵੱਖਰੀ ਕਿਸਮ ਦੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਜਦੋਂ ਅਨੁਸ਼ਾਸਨ ਪ੍ਰੇਮ ਦੁਆਰਾ ਪ੍ਰੇਰਿਤ ਹੁੰਦਾ ਹੈ, ਤਾਂ ਇਹ ਅਕਸਰ ਤਰਕ ਦੁਆਰਾ ਦਿੱਤਾ ਜਾ ਸਕਦਾ ਹੈ। ਇਸੇ ਲਈ ਕਹਾਉਤਾਂ 8:33 ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਸਿੱਖਿਆ [“ਅਨੁਸ਼ਾਸਨ,” ਨਿ ਵ] ਨੂੰ ਸੁਣੋ।” ਪਰੰਤੂ ਕੁਝ ‘ਨਿਰੀਆਂ ਗੱਲਾਂ ਨਾਲ ਨਹੀਂ ਸੌਰਦੇ’ ਹਨ। ਉਨ੍ਹਾਂ ਨੂੰ ਅਵੱਗਿਆਕਾਰੀ ਲਈ ਉਚਿਤ ਹੱਦ ਤਕ ਸਜ਼ਾ ਦੇਣੀ ਸ਼ਾਇਦ ਜ਼ਰੂਰੀ ਹੋਵੇ। (ਕਹਾਉਤਾਂ 17:10; 23:13, 14; 29:19) ਇਹ ਸਲਾਹ ਦਿੰਦੇ ਸਮੇਂ, ਬਾਈਬਲ ਗੁੱਸੇ ਵਿਚ ਬੱਚੇ ਨੂੰ ਬੈਂਤਾਂ ਮਾਰਨ ਜਾਂ ਬੁਰੀ ਤਰ੍ਹਾਂ ਕੁੱਟਣ ਦੀ ਪੁਸ਼ਟੀ ਨਹੀਂ ਕਰਦੀ ਹੈ, ਜਿਸ ਨਾਲ ਬੱਚੇ ਦੇ ਨੀਲ ਪੈ ਸਕਦੇ ਹਨ ਜਾਂ ਬੱਚਾ ਜ਼ਖ਼ਮੀ ਹੋ ਸਕਦਾ ਹੈ। (ਕਹਾਉਤਾਂ 16:32) ਇਸ ਦੀ ਬਜਾਇ, ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਨੂੰ ਕਿਉਂ ਸੁਧਾਰਿਆ ਜਾ ਰਿਹਾ ਹੈ ਅਤੇ ਮਹਿਸੂਸ ਹੋਣਾ ਚਾਹੀਦਾ ਹੈ ਕਿ ਇਹ ਇਸ ਕਰਕੇ ਹੈ ਕਿ ਉਸ ਦੇ ਮਾਤਾ-ਪਿਤਾ ਉਸ ਦੀ ਭਲਾਈ ਚਾਹੁੰਦੇ ਹਨ।—ਤੁਲਨਾ ਕਰੋ ਇਬਰਾਨੀਆਂ 12:6, 11.
ਅਜਿਹੀ ਵਿਵਹਾਰਕ ਅਤੇ ਵਧੀਆ ਬਾਈਬਲੀ ਸਲਾਹ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਵਿਚ ਦਿੱਤੀ ਗਈ ਹੈ।