ਉਨੀਂਦੀਆਂ ਰਾਤਾਂ ਜੋ ਲਾਭਦਾਇਕ ਸਨ
ਰਾਜਿਆਂ ਨੂੰ ਵੀ ਉਨੀਂਦੀਆਂ ਰਾਤਾਂ ਕੱਟਣੀਆਂ ਪੈਂਦੀਆਂ ਹਨ। ਪੰਜਵੀਂ ਸਦੀ ਸਾ.ਯੁ.ਪੂ. ਵਿਚ ਸ਼ਕਤੀਸ਼ਾਲੀ ਫਾਰਸੀ ਸ਼ਾਸਕ ਅਹਸ਼ਵੇਰੋਸ਼ ਨੇ ਵੀ ਉਨੀਂਦੀ ਰਾਤ ਕੱਟੀ। ਸ਼ਾਇਦ ਇਹ ਮਹਿਸੂਸ ਕਰਦੇ ਹੋਏ ਕਿ ਉਸ ਨੇ ਕਿਸੇ ਫ਼ਰਜ਼ ਨੂੰ ਨਹੀਂ ਨਿਭਾਇਆ, ਉਸ ਨੇ ਆਪਣੇ ਲਈ ਸ਼ਾਹੀ ਰਿਕਾਰਡ ਪੜ੍ਹਵਾਏ। ਉਸ ਨੇ ਜਾਣਿਆ ਕਿ ਇਕ ਵਫ਼ਾਦਾਰ ਸੇਵਕ, ਮਾਰਦਕਈ ਨੇ ਹੱਤਿਆ ਦੀ ਇਕ ਸਾਜ਼ਸ਼ ਨੂੰ ਨਿਸਫਲ ਕੀਤਾ ਸੀ ਪਰੰਤੂ ਉਸ ਨੂੰ ਇਨਾਮ ਨਹੀਂ ਦਿੱਤਾ ਗਿਆ ਸੀ। ਅਹਸ਼ਵੇਰੋਸ਼ ਨੇ ਇਸ ਅਣਗਹਿਲੀ ਨੂੰ ਤੁਰੰਤ ਸੋਧਣ ਦਾ ਦ੍ਰਿੜ੍ਹ ਨਿਸ਼ਚਾ ਕੀਤਾ। ਉਸ ਦੀ ਕਾਰਵਾਈ ਦਾ ਪਰਮੇਸ਼ੁਰ ਦੇ ਲੋਕਾਂ ਉੱਤੇ ਪਿਆ ਲਾਭਦਾਇਕ ਪ੍ਰਭਾਵ ਸੰਕੇਤ ਕਰਦਾ ਹੈ ਕਿ ਰਾਜੇ ਨੂੰ ਉਣੀਂਦਰਾ-ਰੋਗ ਪਰਮੇਸ਼ੁਰ ਦੁਆਰਾ ਲਾਇਆ ਗਿਆ ਸੀ।—ਅਸਤਰ 6:1-10.
ਦੱਖਣੀ ਅਫ਼ਰੀਕਾ ਦੇ ਤਟਵਰਤੀ ਨਗਰ ਹਰਮਾਨਸ ਵਿਚ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਕੋਲ ਬਾਈਬਲ ਦੇ ਇਸ ਭਾਗ ਨੂੰ ਯਾਦ ਕਰਨ ਦਾ ਕਾਰਨ ਹੈ। ਉਹ ਕਿਰਾਏ ਤੇ ਲਏ ਇਕ ਹਾਲ ਵਿਚ ਮਿਲਦੇ ਸਨ। ਬਹੁਤ ਸਾਲਾਂ ਤਕ ਉਨ੍ਹਾਂ ਨੇ ਆਪਣਾ ਰਾਜ ਗ੍ਰਹਿ ਬਣਾਉਣ ਲਈ ਜ਼ਮੀਨ ਖ਼ਰੀਦਣ ਦੀ ਕੋਸ਼ਿਸ਼ ਕੀਤੀ। ਆਖ਼ਰ, 1991 ਵਿਚ, ਨਗਰਪਾਲਿਕਾ ਨੇ ਉਨ੍ਹਾਂ ਨੂੰ ਸਭ ਤੋਂ ਵਧੀਆ ਜਗ੍ਹਾ ਪੇਸ਼ ਕੀਤੀ।
ਪਰੰਤੂ, ਕਈ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਇਹ ਜ਼ਮੀਨ ਵੇਚਣ ਦਾ ਵਿਰੋਧ ਕੀਤਾ। ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ, ਕਲੀਸਿਯਾ ਨੂੰ ਦੱਸਿਆ ਗਿਆ ਕਿ ਗਿਰਜਿਆਂ ਨੂੰ ਜਾਇਦਾਦ ਵੇਚਣ ਉੱਤੇ ਤਿੰਨ ਸਾਲ ਲਈ ਰੋਕ ਲਗਾ ਦਿੱਤੀ ਗਈ ਸੀ, ਅਤੇ ਜ਼ਮੀਨ ਦੀ ਪੇਸ਼ਕਸ਼ ਵਾਪਸ ਲੈ ਲਈ ਗਈ ਸੀ। ਮਈ 1993 ਵਿਚ, ਕਲੀਸਿਯਾ ਨੇ ਦੁਬਾਰਾ ਲਿਖਿਆ ਅਤੇ ਨਗਰਪਾਲਿਕਾ ਨੂੰ ਆਪਣੇ ਫ਼ੈਸਲੇ ਉੱਤੇ ਦੁਬਾਰਾ ਵਿਚਾਰ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਨੂੰ ਜਵਾਬ ਵਿਚ ਇਕ ਵਾਕ ਵਾਲਾ ਪੱਤਰ ਮਿਲਿਆ, ਜਿਸ ਵਿਚ ਲਿਖਿਆ ਸੀ ਕਿ ਰੋਕ ਅਜੇ ਵੀ ਜਾਰੀ ਸੀ।
ਉਸ ਸਾਲ ਅਕਤੂਬਰ ਵਿਚ, ਨਗਰਪਾਲਿਕਾ ਦੀ ਇਕ ਸਦੱਸ ਨੂੰ ਉਨੀਂਦੀ ਰਾਤ ਕੱਟਣੀ ਪਈ। ਉਸ ਨੇ ਇਹ ਦੇਖਣ ਲਈ ਕਿ ਕਿਸੇ ਮਾਮਲੇ ਵੱਲ ਧਿਆਨ ਦੇਣ ਦੀ ਤਾਂ ਲੋੜ ਨਹੀਂ, ਨਗਰਪਾਲਿਕਾ ਦੇ ਪੁਰਾਣੇ ਖਰੜੇ ਦੇ ਪੰਨਿਆਂ ਦੀ ਜਾਂਚ ਕਰਦਿਆਂ ਸਮਾਂ ਬਿਤਾਇਆ। ਨਗਰਪਾਲਿਕਾ ਨੂੰ ਆਪਣੇ ਫ਼ੈਸਲੇ ਉੱਤੇ ਦੁਬਾਰਾ ਵਿਚਾਰ ਕਰਨ ਲਈ ਗਵਾਹਾਂ ਦੁਆਰਾ ਲਿਖੀ ਗਈ ਚਿੱਠੀ ਨੇ ਉਸ ਦਾ ਧਿਆਨ ਖਿੱਚਿਆ। ਇਸ ਲਈ ਉਸ ਨੇ ਆਪਣੀ ਅਗਲੀ ਸਭਾ ਦੇ ਕਾਰਜ-ਸੂਚੀ ਵਿਚ ਇਸ ਮਾਮਲੇ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ। ਉਹ ਦੱਸਣਾ ਚਾਹੁੰਦੀ ਸੀ ਕਿ ਯਹੋਵਾਹ ਦੇ ਗਵਾਹਾਂ ਨੇ ਗਿਰਜਿਆਂ ਨੂੰ ਜਾਇਦਾਦ ਵੇਚਣ ਉੱਤੇ ਰੋਕ ਲੱਗਣ ਤੋਂ ਪਹਿਲਾਂ ਜ਼ਮੀਨ ਲਈ ਅਰਜ਼ੀ ਦਿੱਤੀ ਸੀ।
ਆਖ਼ਰਕਾਰ, ਕਲੀਸਿਯਾ ਨੂੰ ਉਹੀ ਜ਼ਮੀਨ ਦਿੱਤੀ ਗਈ ਜੋ ਸ਼ੁਰੂ ਵਿਚ ਉਨ੍ਹਾਂ ਨੂੰ 1991 ਵਿਚ ਪੇਸ਼ ਕੀਤੀ ਗਈ ਸੀ! ਇਹ ਮੁੱਖ ਸੜਕ ਉੱਤੇ ਹੈ, ਜਿੱਥੇ ਕਲੀਸਿਯਾ ਦੇ ਮੈਂਬਰ ਅਤੇ ਦਿਲਚਸਪੀ ਰੱਖਣ ਵਾਲੇ ਆਸਾਨੀ ਨਾਲ ਪਹੁੰਚ ਸਕਦੇ ਹਨ। ਉਨ੍ਹਾਂ ਨੇ ਇਕ ਸੋਹਣਾ ਰਾਜ ਗ੍ਰਹਿ ਬਣਾਇਆ ਹੈ, ਜੋ ਅਕਤੂਬਰ 5, 1996, ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਗਿਆ ਸੀ।
ਜਦ ਕਿ ਕਲੀਸਿਯਾ ਨੂੰ ਨਗਰਪਾਲਿਕਾ ਦੀ ਸਦੱਸ ਦੀ ਉਨੀਂਦੀ ਰਾਤ ਦੀ ਤਕਲੀਫ਼ ਲਈ ਅਫ਼ਸੋਸ ਹੈ, ਫਿਰ ਵੀ ਉਹ ਇਸ ਗੱਲ ਤੋਂ ਦਿਲਾਸਾ ਲੈ ਸਕਦੀ ਹੈ ਕਿ ਰਾਜਾ ਅਹਸ਼ਵੇਰੋਸ਼ ਨੂੰ ਵੀ ਉਨੀਂਦੀ ਰਾਤ ਕੱਟਣੀ ਪਈ ਸੀ। ਦੋਵੇਂ ਮਾਮਲਿਆਂ ਵਿਚ ਨਤੀਜਾ ਲਾਭਦਾਇਕ ਸੀ। ਹਰਮਾਨਸ ਦੀ ਕਲੀਸਿਯਾ ਆਪਣਾ ਰਾਜ ਗ੍ਰਹਿ ਹੋਣ ਕਾਰਨ ਯਕੀਨਨ ਅਤਿ ਸ਼ੁਕਰਗੁਜ਼ਾਰ ਹੈ ਜੋ ਇਸ ਲੋਕ-ਪ੍ਰਿਯ ਤਟਵਰਤੀ ਨਗਰ ਵਿਚ ਸ਼ੁੱਧ ਉਪਾਸਨਾ ਅਤੇ ਦੈਵ-ਸ਼ਾਸਕੀ ਸਿਖਲਾਈ ਦਾ ਕੇਂਦਰ ਹੈ।—ਇਬਰਾਨੀਆਂ 10:24, 25.