“ਤੁਹਾਡਾ ਆਚਰਣ ਅਜਿਹਾ ਹੈ ਜਿਸ ਦੀ ਪਰਮੇਸ਼ੁਰ ਸਾਡੇ ਤੋਂ ਆਸ ਰੱਖਦਾ ਹੈ”
“ਪ੍ਰਭੁ ਦੇ ਨਮਿੱਤ” ਸਰਕਾਰੀ ਅਧਿਕਾਰੀਆਂ ਨੂੰ ਸਹਿਯੋਗ ਦੇਣ ਦੇ ਕਾਰਨ ਮਸੀਹੀ “ਸੁਕਰਮੀਆਂ [ਦੇ ਤੌਰ ਤੇ] ਸੋਭਾ” ਪ੍ਰਾਪਤ ਕਰਨ ਦੀ ਆਸ ਰੱਖ ਸਕਦੇ ਹਨ। (1 ਪਤਰਸ 2:13-15) ਇਸ ਨੂੰ ਕੁਝ ਸਮੇਂ ਪਹਿਲਾਂ ਦੱਖਣੀ ਅਫ਼ਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਇਕ ਕਾਲਜ ਦੇ ਕੈਂਪਸ ਹਾਲ ਵਿਚ ਹੋਏ ਜ਼ਿਲ੍ਹਾ ਮਹਾਂ-ਸੰਮੇਲਨ ਦੇ ਦੌਰਾਨ ਅਨੁਭਵ ਕੀਤਾ।
ਮਹਾਂ-ਸੰਮੇਲਨ ਦੇ ਪਹਿਲੇ ਦਿਨ, ਕਾਲਜ ਦੀ ਸੁਰੱਖਿਆ ਪੁਲਸ ਨੇ ਕ੍ਰੋਧਵਾਨ ਅਤੇ ਅਸਹਿਯੋਗੀ ਪ੍ਰਤਿਨਿਧਾਂ ਦਾ ਸਾਮ੍ਹਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ, ਕਿਉਂਕਿ ਅਜਿਹੇ ਪ੍ਰਤਿਨਿਧਾਂ ਦਾ ਉਨ੍ਹਾਂ ਨੂੰ ਦੂਸਰੇ ਮਹਾਂ-ਸੰਮੇਲਨਾਂ ਵਿਚ ਸਾਮ੍ਹਣਾ ਕਰਨਾ ਪੈਂਦਾ ਸੀ। ਪਰੰਤੂ, ਕਿਉਂ ਜੋ ਉਨ੍ਹਾਂ ਦਾ ਯਹੋਵਾਹ ਦੇ ਗਵਾਹਾਂ ਨਾਲ ਕਦੀ ਵੀ ਕੋਈ ਵਾਹ ਨਹੀਂ ਪਿਆ ਸੀ, ਉਨ੍ਹਾਂ ਨੂੰ ਗਵਾਹਾਂ ਦੇ ਰਵੱਈਏ ਤੋਂ ਬੜੀ ਹੈਰਾਨੀ ਹੋਈ!
ਗੇਟ ਤੇ ਉਨ੍ਹਾਂ ਦੀ ਨਿਯਮਿਤ ਸੁਰੱਖਿਆ ਜਾਂਚ ਦੇ ਹਿੱਸੇ ਵਜੋਂ ਸੁਰੱਖਿਆ ਪੁਲਸ ਮਹਾਂ-ਸੰਮੇਲਨ ਦੀ ਥਾਂ ਤੇ ਆਉਂਦੀ-ਜਾਂਦੀ ਹਰ ਕਾਰ ਦੀ ਤਲਾਸ਼ੀ ਲੈ ਰਹੀ ਸੀ। ਉਹ ਹੈਰਾਨ ਹੋਏ, ਜਦੋਂ ਪ੍ਰਤਿਨਿਧ ਉਨ੍ਹਾਂ ਦੇ ਨਾਲ ਦੋਸਤੀ, ਧੀਰਜ, ਅਤੇ ਆਦਰ ਨਾਲ ਪੇਸ਼ ਆਏ, ਚਾਹੇ ਕਿ ਪ੍ਰਤਿਨਿਧਾਂ ਨੂੰ ਤਲਾਸ਼ੀ ਕਾਰਨ ਦੇਰ ਹੋ ਰਹੀ ਸੀ। ਉੱਥੇ ਕੋਈ ਵੀ ਆਮ ਨਜ਼ਰ ਆਉਣ ਵਾਲਾ ਵਿਰੋਧ, ਬਹਿਸ, ਅਤੇ ਗਾਲੀ-ਗਲੋਚ ਨਹੀਂ ਸੀ। ਸੁਰੱਖਿਆ ਪੁਲਸ ਦੇ ਇਕ ਅਫ਼ਸਰ ਨੇ ਕਿਹਾ: “ਇੱਥੇ ਆਉਣ ਵਾਲੇ ਦੂਜੇ ਲੋਕਾਂ ਤੋਂ ਅਲੱਗ, ਤੁਸੀਂ ਨਿਮਰ ਅਤੇ ਆਦਰ ਵਾਲੀ ਮਨੋਬਿਰਤੀ ਦਿਖਾਉਂਦੇ ਹੋ, ਜੋ ਕਿ ਸਾਨੂੰ ਸਾਰਿਆਂ ਨੂੰ ਸਪੱਸ਼ਟ ਨਜ਼ਰ ਆਉਂਦੀ ਹੈ।”
ਜਦੋਂ ਸੁਰੱਖਿਆ ਪੁਲਸ ਦੇ ਮੁਖੀ ਨੂੰ ਯਹੋਵਾਹ ਦੇ ਗਵਾਹਾਂ ਦੇ ਸਹਿਯੋਗੀ ਆਚਰਣ ਬਾਰੇ ਪਤਾ ਲੱਗਾ, ਤਾਂ ਉਸ ਨੇ ਇਹ ਫ਼ੈਸਲਾ ਕੀਤਾ ਕਿ ਕਾਰਾਂ ਦੀ ਤਲਾਸ਼ੀ ਲੈਣੀ ਜ਼ਰੂਰੀ ਨਹੀਂ, “ਕਿਉਂਕਿ,” ਉਸ ਨੇ ਕਿਹਾ, “ਤੁਸੀਂ ਚੰਗੀ ਤਰ੍ਹਾਂ ਅਨੁਸ਼ਾਸਿਤ ਹੋ।” ਸਿੱਟੇ ਵਜੋਂ, ਜਿਨ੍ਹਾਂ ਕਾਰਾਂ ਉੱਤੇ ਯਹੋਵਾਹ ਦੇ ਗਵਾਹਾਂ ਦੇ ਪਾਰਕਿੰਗ ਸਟਿੱਕਰ ਲੱਗੇ ਹੋਏ ਸਨ, ਉਨ੍ਹਾਂ ਕਾਰਾਂ ਨੂੰ ਬਿਨਾਂ ਤਲਾਸ਼ੀ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।
ਮਹਾਂ-ਸੰਮੇਲਨ ਦੇ ਅੰਤ ਵਿਚ, ਸੁਰੱਖਿਆ ਪੁਲਸ ਦੇ ਮੁਖੀ ਨੇ ਕਿਹਾ ਕਿ ਉਹ ਗਵਾਹਾਂ ਨੂੰ ਛੇਤੀ ਹੀ ਦੁਬਾਰਾ ਮਿਲਣ ਦੀ ਉਮੀਦ ਕਰਦਾ ਹੈ। ਉਸ ਨੇ ਕਿਹਾ: “ਅਸੀਂ ਇਸ ਤਰ੍ਹਾਂ ਦਾ ਚੰਗਾ ਵਰਤਾਉ ਕਰਨ ਵਾਲੇ ਲੋਕ ਕਦੇ ਵੀ ਨਹੀਂ ਵੇਖੇ। ਤੁਹਾਡਾ ਆਚਰਣ ਅਜਿਹਾ ਹੈ ਜਿਸ ਦੀ ਪਰਮੇਸ਼ੁਰ ਸਾਡੇ ਤੋਂ ਆਸ ਰੱਖਦਾ ਹੈ।” ਇਸ ਤਰ੍ਹਾਂ ਦੀ ਸ਼ਲਾਘਾ ਸੱਚੇ ਮਸੀਹੀਆਂ ਨੂੰ “ਆਪਣੀ ਚਾਲ ਨੇਕ” ਬਣਾਈ ਰੱਖਣ ਲਈ ਹੋਰ ਜ਼ਿਆਦਾ ਪ੍ਰੇਰਿਤ ਕਰਦੀ ਹੈ ਤਾਂਕਿ ਲੋਕ ‘ਸ਼ੁਭ ਕਰਮਾਂ ਦੇ ਕਾਰਨ ਜਿਹੜੇ ਉਹ ਵੇਖਦੇ ਹਨ ਪਰਮੇਸ਼ੁਰ ਦੀ ਵਡਿਆਈ ਕਰਨ।’—1 ਪਤਰਸ 2:12.