ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਸੱਚੇ ਪਰਮੇਸ਼ੁਰ ਦੀ ਖੋਜ ਕਰਨ ਦਾ ਇਨਾਮ ਮਿਲਿਆ
ਦਸਵੀਂ ਸਦੀ ਸਾ.ਯੁ.ਪੂ. ਵਿਚ, ਯਹੂਦਾਹ ਦੇ ਦੋ-ਗੋਤੀ ਰਾਜ ਨੇ ਝੂਠੀ ਉਪਾਸਨਾ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਸਨ। ਫਿਰ ਵੀ, ਇਸ ਅੱਤ ਦੀ ਫੈਲੀ ਹੋਈ ਮੂਰਤੀ ਪੂਜਾ ਦੇ ਦੌਰਾਨ, ਇਕ ਅਜਿਹਾ ਆਦਮੀ ਰਹਿੰਦਾ ਸੀ, ਜਿਸ ਨੇ ਆਪਣਾ ਦਿਲ ਪੂਰੀ ਤਰ੍ਹਾਂ ਯਹੋਵਾਹ ਵੱਲ ਲਾਇਆ ਹੋਇਆ ਸੀ। ਉਸ ਦਾ ਨਾਂ ਯਹੋਸ਼ਾਫਾਟ ਸੀ। ਨਬੀ ਯੇਹੂ ਨੇ ਉਸ ਬਾਰੇ ਕਿਹਾ: “ਤੇਰੇ ਵਿੱਚ ਗੁਣ ਹਨ ਕਿਉਂ ਜੋ ਤੂੰ . . . ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਹੈ।” (2 ਇਤਹਾਸ 19:3) ਉਸੇ ਤਰ੍ਹਾਂ ਅੱਜ ਵੀ, ਇਨ੍ਹਾਂ ‘ਭੈੜਿਆਂ ਸਮਿਆਂ ਵਿੱਚ’ ਲੱਖਾਂ ਹੀ ਲੋਕਾਂ ਨੇ ਸੱਚੇ ਪਰਮੇਸ਼ੁਰ, ਯਹੋਵਾਹ ਦੀ ਖੋਜ ਵਿਚ ‘ਆਪਣੇ ਦਿਲਾਂ ਨੂੰ ਲਾਇਆ ਹੈ।’ (2 ਤਿਮੋਥਿਉਸ 3:1-5) ਇਸ ਦੀ ਪੁਸ਼ਟੀ ਟੋਗੋ, ਪੱਛਮੀ ਅਫ਼ਰੀਕਾ ਤੋਂ ਮਿਲੇ ਇਕ ਤਜਰਬੇ ਤੋਂ ਕੀਤੀ ਗਈ ਹੈ।
ਕਾਜ਼ੀਮੀਰ ਇਕ ਕੈਥੋਲਿਕ ਸਕੂਲ ਵਿਚ ਪੜ੍ਹਦਾ ਸੀ ਅਤੇ ਨੌਂ ਸਾਲ ਦੀ ਉਮਰ ਵਿਚ ਉਸ ਨੇ ਆਪਣਾ ਪਹਿਲਾ ਹੋਲੀ ਕੰਮਿਊਨਿਯਨ ਮਨਾਇਆ। ਜਦੋਂ ਕਾਜ਼ੀਮੀਰ 14 ਸਾਲ ਦਾ ਹੋਇਆ, ਤਾਂ ਉਸ ਨੇ ਗਿਰਜੇ ਵਿਚ ਜਾਣਾ ਛੱਡ ਦਿੱਤਾ। ਇਸ ਕਰਕੇ ਉਹ ਡਰਿਆ ਰਹਿੰਦਾ ਸੀ, ਉਹ ਸੋਚਦਾ ਸੀ ਕਿ ਯੂਖਾਰਿਸਤ ਦਾ ਤਿਉਹਾਰ ਨਾ ਮਨਾਉਣ ਕਰਕੇ ਉਹ ਮਰਨ ਤੋਂ ਬਾਅਦ ਅਗਨਮਈ ਨਰਕ ਵਿਚ ਜਾਵੇਗਾ, ਜਾਂ ਘੱਟੋ-ਘੱਟ ਉਸ ਨੂੰ ਸੋਧਣ-ਸਥਾਨ ਵਿਚ ਤਾਂ ਜਾਣਾ ਹੀ ਪਵੇਗਾ।
ਸਕੂਲ ਵਿਚ ਕਾਜ਼ੀਮੀਰ ਨੌਜਵਾਨਾਂ ਦੇ ਇਕ ਸਮੂਹ ਵਿਚ ਸ਼ਾਮਲ ਹੋ ਗਿਆ, ਜੋ ਹਫ਼ਤੇ ਵਿਚ ਇਕ ਵਾਰ ਬਾਈਬਲ ਅਧਿਐਨ ਲਈ ਇਕੱਠਾ ਹੁੰਦਾ ਸੀ। ਉਸ ਨੇ ਵੀ ਖ਼ੁਦ ਆਪਣੀ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਇਕ ਵਾਰ ਕਾਜ਼ੀਮੀਰ ਨੇ ਪਰਕਾਸ਼ ਦੀ ਪੋਥੀ ਵਿਚ ਇਕ ਅਜਿਹੇ ਡਰਾਉਣੇ ਜੰਗਲੀ ਦਰਿੰਦੇ ਬਾਰੇ ਪੜ੍ਹਿਆ, ਜੋ ਸਮੁੰਦਰ ਵਿੱਚੋਂ ਬਾਹਰ ਨਿਕਲਦਾ ਹੈ। (ਪਰਕਾਸ਼ ਦੀ ਪੋਥੀ 13:1, 2) ਜਦੋਂ ਉਸ ਨੇ ਬਾਈਬਲ ਅਧਿਐਨ ਦੇ ਮੁਖੀ ਕੋਲੋਂ ਇਸ ਬਾਰੇ ਪੁੱਛਿਆ, ਤਾਂ ਮੁਖੀ ਨੇ ਉਸ ਨੂੰ ਦੱਸਿਆ ਕਿ ਇਹ ਦਰਿੰਦਾ ਅਸਲੀ ਸੀ ਅਤੇ ਇਹ ਸੱਚ-ਮੁੱਚ ਸਮੁੰਦਰ ਵਿੱਚੋਂ ਨਿਕਲੇਗਾ। ਇਸ ਵਿਆਖਿਆ ਨੇ ਕਾਜ਼ੀਮੀਰ ਨੂੰ ਪਰੇਸ਼ਾਨ ਕਰ ਦਿੱਤਾ, ਕਿਉਂਕਿ ਉਹ ਖ਼ੁਦ ਅੰਧਮਹਾਂਸਾਗਰ ਦੇ ਨੇੜੇ ਰਹਿੰਦਾ ਸੀ। ਇਸ ਕਰਕੇ ਉਸ ਨੂੰ ਯਕੀਨ ਹੋ ਗਿਆ ਕਿ ਉਹ ਹੀ ਪਹਿਲਾਂ ਜੰਗਲੀ ਦਰਿੰਦੇ ਦਾ ਸ਼ਿਕਾਰ ਬਣੇਗਾ।
ਕਾਜ਼ੀਮੀਰ ਨੇ ਆਪਣੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ, ਤਾਂਕਿ ਉਹ ਜੰਗਲੀ ਦਰਿੰਦੇ ਤੋਂ ਬਚਣ ਲਈ ਉੱਤਰ ਵੱਲ ਰੇਗਿਸਤਾਨ ਨੂੰ ਭੱਜ ਸਕੇ। ਉਸ ਨੇ ਆਪਣੇ ਸਹਿਪਾਠੀ ਨੂੰ ਆਪਣੀ ਯੋਜਨਾ ਬਾਰੇ ਦੱਸਿਆ। ਯਹੋਵਾਹ ਦਾ ਇਕ ਗਵਾਹ ਹੋਣ ਦੇ ਨਾਤੇ, ਉਸ ਦੇ ਸਹਿਪਾਠੀ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਕੋਈ ਸੱਚੀ-ਮੁੱਚੀ ਦਾ ਦਰਿੰਦਾ ਨਹੀਂ ਹੈ, ਜੋ ਸਮੁੰਦਰ ਵਿੱਚੋਂ ਨਿਕਲੇਗਾ। ਉਸ ਤੋਂ ਛੇਤੀ ਹੀ ਬਾਅਦ, ਕਾਜ਼ੀਮੀਰ ਨੂੰ ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਆਉਣ ਲਈ ਸੱਦਿਆ ਗਿਆ। ਉਸ ਨੇ ਸਭਾਵਾਂ ਦਾ ਆਨੰਦ ਮਾਣਿਆ ਅਤੇ ਇਨ੍ਹਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਲੱਗਾ। ਉਸ ਨੇ ਗ੍ਰਹਿ ਬਾਈਬਲ ਅਧਿਐਨ ਵੀ ਸਵੀਕਾਰ ਕਰ ਲਿਆ।
ਜਿਉਂ-ਜਿਉਂ ਕਾਜ਼ੀਮੀਰ ਆਪਣੇ ਅਧਿਐਨ ਵਿਚ ਤਰੱਕੀ ਕਰਦਾ ਗਿਆ, ਉਸ ਦੇ ਪਰਿਵਾਰ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਪਰਿਵਾਰ ਪੂਰਵਜ-ਪੂਜਾ ਕਰਦਾ ਸੀ ਅਤੇ ਉਨ੍ਹਾਂ ਬਲੀਆਂ ਦਾ ਮੀਟ ਖਾਂਦਾ ਸੀ, ਜਿਨ੍ਹਾਂ ਵਿੱਚੋਂ ਲਹੂ ਨੂੰ ਚੰਗੀ ਤਰ੍ਹਾਂ ਨਹੀਂ ਕੱਢਿਆ ਗਿਆ ਹੁੰਦਾ ਸੀ। ਜਦੋਂ ਕਾਜ਼ੀਮੀਰ ਨੇ ਮੀਟ ਖਾਣ ਤੋਂ ਨਿਮਰਤਾ ਨਾਲ ਨਾਂਹ ਕੀਤੀ, ਤਾਂ ਉਸ ਨੂੰ ਧਮਕੀ ਦਿੱਤੀ ਗਈ ਅਤੇ ਘਰ ਛੱਡ ਕੇ ਜਾਣ ਲਈ ਕਿਹਾ ਗਿਆ। ਕਾਜ਼ੀਮੀਰ ਸ਼ਾਂਤ ਰਿਹਾ ਅਤੇ ਉਸ ਨਾਲ ਉਨ੍ਹਾਂ ਧਮਕੀਆਂ ਦੇ ਮੁਤਾਬਕ ਸਲੂਕ ਨਹੀਂ ਕੀਤਾ ਗਿਆ। ਫਿਰ ਵੀ, ਤਿੰਨਾਂ ਮਹੀਨਿਆਂ ਤਕ ਸਿਰਫ਼ ਅਜਿਹਾ ਮੀਟ ਹੀ ਪਰਿਵਾਰਕ ਖਾਣੇ ਵਿਚ ਪਰੋਸਿਆ ਜਾਂਦਾ ਰਿਹਾ। ਕਾਜ਼ੀਮੀਰ ਨੂੰ ਦੂਜੀਆਂ ਚੀਜ਼ਾਂ ਬਹੁਤ ਘੱਟ ਖਾਣ ਨੂੰ ਮਿਲਦੀਆਂ ਸਨ, ਜਿਸ ਕਰਕੇ ਉਹ ਭੁੱਖਾ ਰਹਿ ਜਾਂਦਾ ਸੀ। ਫਿਰ ਵੀ ਉਸ ਨੇ ਇਸ ਕਠਿਨਾਈ ਨੂੰ ਅਤੇ ਦੂਜੀਆਂ ਹੋਰ ਕਠਿਨਾਈਆਂ ਨੂੰ ਸਹਾਰਿਆ।
ਕਾਜ਼ੀਮੀਰ ਨੇ ਲਗਾਤਾਰ ਅਧਿਆਤਮਿਕ ਤਰੱਕੀ ਕਰ ਕੇ ਆਪਣੇ ਆਪ ਦਾ ਸਮਰਪਣ ਕੀਤਾ ਅਤੇ ਬਪਤਿਸਮਾ ਲਿਆ। ਬਾਅਦ ਵਿਚ, ਉਸ ਨੂੰ ਸਹਾਇਕ ਸੇਵਕ ਵਜੋਂ ਨਿਯੁਕਤ ਕੀਤਾ ਗਿਆ ਅਤੇ ਉਹ ਟੋਗੋ ਵਿਚ ਸੇਵਕਾਈ ਸਿਖਲਾਈ ਸਕੂਲ ਦੀ ਚੌਥੀ ਕਲਾਸ ਵਿਚ ਹਾਜ਼ਰ ਹੋਇਆ। ਹੁਣ, ਉਹ ਸ਼ਾਖ਼ਾ ਵਿਚ ਸਵੈ-ਸੇਵਕ ਦੇ ਤੌਰ ਤੇ ਕੰਮ ਕਰਨ ਦਾ ਆਨੰਦ ਮਾਣ ਰਿਹਾ ਹੈ।
ਜੀ ਹਾਂ, ਅਨੇਕ ਉਦਾਹਰਣਾਂ ਵਿਚ ਰਾਜਾ ਦਾਊਦ ਦੇ ਇਹ ਸ਼ਬਦ ਕਿੰਨੇ ਸੱਚ ਸਾਬਤ ਹੋਏ: “ਜੇ ਤੂੰ [ਯਹੋਵਾਹ] ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।”—1 ਇਤਹਾਸ 28:9.
[ਸਫ਼ੇ 31 ਉੱਤੇ ਤਸਵੀਰਾਂ]
ਕਾਜ਼ੀਮੀਰ (ਸੱਜੇ ਪਾਸੇ) ਸ਼ਾਖ਼ਾ ਵਿਚ ਸਵੈ-ਇੱਛੁਕ ਸੇਵਾ ਦਾ ਆਨੰਦ ਮਾਣਦਾ ਹੈ