ਰਾਜ ਘੋਸ਼ਕ ਰਿਪੋਰਟ ਕਰਦੇ ਹਨ
“ਵੇਲੇ ਕੁਵੇਲੇ” ਪ੍ਰਚਾਰ ਕਰਨਾ
ਜਦੋਂ ਬੋਸਨੀਆ ਅਤੇ ਹਰਜ਼ੇਗੋਵੀਨਾ ਦਾ ਦੇਸ਼ ਯੁੱਧ ਦੀ ਲਪੇਟ ਵਿਚ ਆ ਗਿਆ, ਤਾਂ ਹਜ਼ਾਰਾਂ ਲੋਕਾਂ ਨੇ ਬੇਹੱਦ ਕਠਿਨਾਈਆਂ ਦਾ ਅਨੁਭਵ ਕੀਤਾ। ਉਸ ਕਸ਼ਟਦਾਇਕ ਸਮੇਂ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਲੋਕਾਂ ਨੂੰ ਉਤਸ਼ਾਹ ਅਤੇ ਉਮੀਦ ਦੇਣ ਦਾ ਪੂਰਾ ਜਤਨ ਕੀਤਾ। ਇਕ ਗਵਾਹ, ਜਿਸ ਨੇ ਸਾਰਾਜੇਵੋ ਵਿਚ ਕੁਝ ਸਮੇਂ ਲਈ ਸੇਵਾ ਕੀਤੀ, ਵੱਲੋਂ ਲਿਖੀ ਗਈ ਚਿੱਠੀ ਵਿੱਚੋਂ ਕੁਝ ਅਨੁਭਵ ਹੇਠਾਂ ਦਿੱਤੇ ਗਏ ਹਨ।
“ਇੱਥੇ ਜ਼ਿੰਦਗੀ ਬਹੁਤ ਕਠਿਨ ਹੈ, ਪਰ ਬਾਈਬਲ ਵਿਚ ਦੱਸੀ ਗਈ ਸੱਚਾਈ ਪ੍ਰਤੀ ਲੋਕ ਬਹੁਤ ਗ੍ਰਹਿਣਸ਼ੀਲ ਹਨ। ਇੱਥੇ ਦੇ ਗਵਾਹ ਨਿਹਚਾ ਦੀ ਇਕ ਸ਼ਾਨਦਾਰ ਮਿਸਾਲ ਹਨ। ਉਹ ਭੌਤਿਕ ਤੌਰ ਤੇ ਗ਼ਰੀਬ ਹਨ, ਪਰ ਉਨ੍ਹਾਂ ਦੀ ਮਨੋਬਿਰਤੀ ਬਹੁਤ ਵਧੀਆ ਹੈ। ਕਲੀਸਿਯਾ ਦੇ ਲਗਭਗ ਸਾਰੇ ਨੌਜਵਾਨ ਪੂਰਣ-ਕਾਲੀ ਸੇਵਕਾਈ ਕਰਦੇ ਹਨ। ਨਵੇਂ ਪ੍ਰਕਾਸ਼ਕ ਇਸ ਜੋਸ਼ ਨੂੰ ਦੇਖ ਕੇ ਉਤਸ਼ਾਹਿਤ ਹੁੰਦੇ ਹਨ ਅਤੇ ਇਹ ਆਮ ਦੇਖਿਆ ਜਾਂਦਾ ਹੈ ਕਿ ਉਹ ਆਪਣੀ ਸੇਵਕਾਈ ਦੇ ਪਹਿਲੇ ਮਹੀਨੇ ਤੋਂ ਹੀ ਪ੍ਰਚਾਰ ਕੰਮ ਵਿਚ ਹਰ ਮਹੀਨੇ ਸੱਠ ਜਾਂ ਸੱਠ ਤੋਂ ਜ਼ਿਆਦਾ ਘੰਟੇ ਬਿਤਾਉਂਦੇ ਹਨ।
“ਘਰ-ਘਰ ਦੀ ਸੇਵਕਾਈ ਕਰਨ ਤੋਂ ਇਲਾਵਾ, ਅਸੀਂ ਵੱਖੋ-ਵੱਖਰੇ ਤਰੀਕਿਆਂ ਨਾਲ ਲੋਕਾਂ ਤਕ ਪਹੁੰਚਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਦਾਹਰਣ ਲਈ, ਸ਼ਹਿਰ ਦੇ ਕਈ ਕਬਰਸਤਾਨਾਂ ਵਿਚ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਨੂੰ ਵੰਡਣ ਨਾਲ ਸਾਨੂੰ ਚੰਗੇ ਨਤੀਜੇ ਮਿਲੇ ਹਨ।
“ਹਸਪਤਾਲਾਂ ਵਿਚ ਵੀ ਗਵਾਹੀ ਦਿੱਤੀ ਗਈ ਹੈ। ਸਾਰਾਜੇਵੋ ਦੇ ਇਕ ਹਸਪਤਾਲ ਵਿਚ, ਦਿਲ ਦੇ ਰੋਗਾਂ ਦੇ ਵਿਭਾਗ ਦੇ ਸਭ ਤੋਂ ਵੱਡੇ ਡਾਕਟਰ ਨੇ 8 ਦਸੰਬਰ, 1996 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲਾ ਸਵੀਕਾਰ ਕੀਤਾ, ਜਿਸ ਦਾ ਸਿਰਲੇਖ ਸੀ, ‘ਦਿਲ ਦਾ ਦੌਰਾ—ਕੀ ਕੀਤਾ ਜਾ ਸਕਦਾ ਹੈ?’ ਉਸ ਨੇ ਇਸ ਦੀਆਂ ਹੋਰ ਕਾਪੀਆਂ ਵੀ ਮੰਗੀਆਂ ਤਾਂਕਿ ਉਹ ਇਨ੍ਹਾਂ ਨੂੰ ਦੂਜੇ ਡਾਕਟਰਾਂ ਨੂੰ ਵੀ ਦੇ ਸਕੇ। ਫਿਰ ਉਸ ਨੇ ਗਵਾਹਾਂ ਨੂੰ ਆਪਣੇ ਵਿਭਾਗ ਦੇ ਸਾਰੇ ਮਰੀਜ਼ਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਇਸ ਤਰ੍ਹਾਂ, ਇਕ ਕੁ ਘੰਟੇ ਵਿਚ ਹੀ, 100 ਤੋਂ ਜ਼ਿਆਦਾ ਰਸਾਲੇ ਮਰੀਜ਼ਾਂ ਨੂੰ ਵੰਡੇ ਗਏ। ਬਹੁਤ ਸਾਰੇ ਮਰੀਜ਼ਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਕਿ ਕੋਈ ਹਸਪਤਾਲ ਵਿਚ ਉਨ੍ਹਾਂ ਨੂੰ ਉਤਸ਼ਾਹ ਅਤੇ ਉਮੀਦ ਦੇਣ ਲਈ ਆਇਆ।
“ਇਕ ਹੋਰ ਮੌਕੇ ਤੇ ਅਸੀਂ ਬੱਚਿਆਂ ਲਈ ਢੁਕਵੇਂ ਲੇਖਾਂ ਵਾਲੇ ਰਸਾਲੇ ਲੈ ਕੇ ਬਾਲ-ਚਿਕਿਤਸਾ ਵਿਭਾਗ ਵਿਚ ਗਏ। ਉੱਥੇ ਦੀ ਸਭ ਤੋਂ ਵੱਡੀ ਡਾਕਟਰਨੀ ਨੇ ਵੀ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਦੀਆਂ ਕੁਝ ਕਾਪੀਆਂ ਸਵੀਕਾਰ ਕੀਤੀਆਂ ਅਤੇ ਇਨ੍ਹਾਂ ਨੂੰ ਪੜ੍ਹਨ ਵਾਲੇ ਕਮਰੇ ਵਿਚ ਰੱਖਿਆ। ਹੁਣ ਜਿਹੜੀਆਂ ਮਾਵਾਂ ਹਸਪਤਾਲ ਵਿਚ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਆਉਂਦੀਆਂ ਹਨ, ਉਹ ਹਰ ਰੋਜ਼ ਉਨ੍ਹਾਂ ਨੂੰ ਬਾਈਬਲ ਕਹਾਣੀਆਂ ਪੜ੍ਹ ਕੇ ਸੁਣਾਉਂਦੀਆਂ ਹਨ। ਇਸ ਡਾਕਟਰਨੀ ਨੂੰ ਉਸ ਦੇ ਘਰ ਜਾ ਕੇ ਮਿਲਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
“ਸਾਰਾਜੇਵੋ ਵਿਚ ਵੱਖੋ-ਵੱਖਰੀ ਕੌਮੀਅਤ ਦੇ ਹਜ਼ਾਰਾਂ ਨੈਟੋ [ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ] ਫ਼ੌਜੀ ਹਨ। ਇਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਗਵਾਹੀ ਦਿੱਤੀ ਗਈ ਹੈ। ਕਦੇ-ਕਦੇ ਅਸੀਂ ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ (Good News for All Nations) ਪੁਸਤਿਕਾ ਦੇ ਨਾਲ-ਨਾਲ ਕਈ ਭਾਸ਼ਾਵਾਂ ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦਾ ਇਸਤੇਮਾਲ ਕਰਦੇ ਹੋਏ ਬਕਤਰਬੰਦ ਕਾਰਾਂ ਦੇ ਫ਼ੌਜੀਆਂ ਨੂੰ ਪ੍ਰਚਾਰ ਕਰਦੇ ਹਾਂ। ਅਸੀਂ ਇਤਾਲਵੀ ਫ਼ੌਜਾਂ ਦੇ ਬੈਰਕਾਂ ਵਿਚ 200 ਤੋਂ ਵੀ ਵੱਧ ਰਸਾਲੇ ਵੰਡੇ। ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਇਤਾਲਵੀ ਫ਼ੌਜੀਆਂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਕਦੇ ਵੀ ਯਹੋਵਾਹ ਦੇ ਗਵਾਹਾਂ ਨਾਲ ਗੱਲ-ਬਾਤ ਨਹੀਂ ਕੀਤੀ ਸੀ। ਖ਼ੈਰ, ਉਨ੍ਹਾਂ ਦੀ ਸਾਡੇ ਨਾਲ ਸਾਰਾਜੇਵੋ ਵਿਚ ਮੁਲਾਕਾਤ ਹੋ ਗਈ।
“ਇਕ ਦਿਨ ਸੜਕ ਦੇ ਇਕ ਪਾਸੇ ਇਕ ਬਕਤਰਬੰਦ ਕਾਰ ਖੜ੍ਹੀ ਸੀ। ਮੈਂ ਆਪਣੀ ਛਤਰੀ ਨਾਲ ਉਸ ਕਾਰ ਨੂੰ ਖੜਕਾਇਆ, ਅਤੇ ਇਕ ਫ਼ੌਜੀ ਬਾਹਰ ਆਇਆ। ਮੈਂ ਉਸ ਨੂੰ ਇਕ ਪਹਿਰਾਬੁਰਜ ਪੇਸ਼ ਕੀਤਾ, ਜਿਸ ਦਾ ਸਿਰਲੇਖ ਸੀ, ‘ਸ਼ਾਂਤੀ ਦੇ ਸੰਦੇਸ਼ਵਾਹਕ—ਉਹ ਕੌਣ ਹਨ?’ (ਅੰਗ੍ਰੇਜ਼ੀ)। ਫ਼ੌਜੀ ਨੇ ਮੇਰੇ ਵੱਲ ਦੇਖ ਕੇ ਪੁੱਛਿਆ, ‘ਕੀ ਤੂੰ ਯਹੋਵਾਹ ਦਾ ਗਵਾਹ ਤਾਂ ਨਹੀਂ?’ ਇਹ ਪਤਾ ਲੱਗਣ ਤੋਂ ਬਾਅਦ ਕਿ ਮੈਂ ਇਕ ਯਹੋਵਾਹ ਦਾ ਗਵਾਹ ਹੀ ਹਾਂ, ਉਸ ਨੇ ਜਵਾਬ ਦਿੱਤਾ, ‘ਮੈਨੂੰ ਯਕੀਨ ਨਹੀਂ ਆਉਂਦਾ; ਤੁਸੀਂ ਇੱਥੇ ਵੀ ਮੌਜੂਦ ਹੋ! ਕੀ ਧਰਤੀ ਉੱਤੇ ਇਸ ਤਰ੍ਹਾਂ ਦੀ ਕੋਈ ਥਾਂ ਹੈ, ਜਿੱਥੇ ਗਵਾਹ ਨਾ ਹੋਣ?’”
ਪੌਲੁਸ ਰਸੂਲ ਨੇ ਤਾਕੀਦ ਕੀਤੀ: “ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ।” (2 ਤਿਮੋਥਿਉਸ 4:2) ਸੰਸਾਰ ਭਰ ਵਿਚ ਆਪਣੇ ਸੰਗੀ ਵਿਸ਼ਵਾਸੀਆਂ ਦੀ ਤਰ੍ਹਾਂ, ਯਹੋਵਾਹ ਦੇ ਗਵਾਹ ਸਾਰਾਜੇਵੋ ਵਿਚ ਵੀ ਪ੍ਰਚਾਰ ਕਰ ਰਹੇ ਹਨ, ਇੱਥੋਂ ਤਕ ਕਿ ਉਹ ਹਸਪਤਾਲਾਂ ਦੇ ਮਰੀਜ਼ਾਂ ਅਤੇ ਬਕਤਰਬੰਦ ਕਾਰਾਂ ਦੇ ਫ਼ੌਜੀਆਂ ਨੂੰ ਵੀ ਪ੍ਰਚਾਰ ਕਰਦੇ ਹਨ!