ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
◻ ਪੌਲੁਸ ਦੇ ਸ਼ਬਦ, “ਮਸੀਹ ਦੇ ਏਲਚੀ,” ਮਸਹ ਕੀਤੇ ਹੋਏ ਮਸੀਹੀਆਂ ਦੇ ਸੰਬੰਧ ਵਿਚ ਇੰਨੇ ਢੁਕਵੇਂ ਕਿਉਂ ਹਨ? (2 ਕੁਰਿੰਥੀਆਂ 5:20)
ਪ੍ਰਾਚੀਨ ਸਮਿਆਂ ਵਿਚ, ਏਲਚੀ ਮੁੱਖ ਤੌਰ ਤੇ ਵੈਰ ਦੇ ਸਮੇਂ ਇਹ ਪਤਾ ਕਰਨ ਲਈ ਘੱਲੇ ਜਾਂਦੇ ਸਨ ਕਿ ਲੜਾਈ ਸ਼ੁਰੂ ਹੋਣ ਤੋਂ ਰੋਕੀ ਜਾ ਸਕਦੀ ਹੈ ਜਾਂ ਨਹੀਂ। (ਲੂਕਾ 14:31, 32) ਕਿਉਂਕਿ ਪਾਪੀ ਸੰਸਾਰ ਪਰਮੇਸ਼ੁਰ ਤੋਂ ਅੱਡ ਹੋਇਆ ਹੈ, ਉਹ ਲੋਕਾਂ ਨੂੰ ਆਪਣੇ ਨਾਲ ਮੇਲ ਮਿਲਾਪ ਕਰਨ ਦੀਆਂ ਆਪਣੀਆਂ ਮੰਗਾਂ ਬਾਰੇ ਦੱਸਣ ਲਈ ਆਪਣੇ ਮਸਹ ਕੀਤੇ ਹੋਏ ਏਲਚੀ ਭੇਜਦਾ ਹੈ, ਜੋ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਸ਼ਾਂਤੀ ਭਾਲਣ ਲਈ ਉਤੇਜਿਤ ਕਰਦੇ ਹਨ।—w-PJ 12/1, ਸਫ਼ਾ 28.
◻ ਅਬਰਾਹਾਮ ਦੀ ਨਿਹਚਾ ਕਿਹੜਿਆਂ ਚਾਰ ਕਾਰਨਾਂ ਕਰਕੇ ਮਜ਼ਬੂਤ ਹੋਈ?
ਪਹਿਲਾ ਕਾਰਨ ਇਹ ਹੈ ਕਿ ਜਦੋਂ ਯਹੋਵਾਹ ਬੋਲਿਆ ਤਾਂ ਅਬਰਾਹਾਮ ਨੇ ਉਸ ਦੀ ਸੁਣੀ (ਇਬਰਾਨੀਆਂ 11:8); ਦੂਜਾ, ਉਸ ਦੀ ਨਿਹਚਾ ਦਾ ਉਸ ਦੀ ਆਸ ਨਾਲ ਬਹੁਤ ਗਹਿਰਾ ਸੰਬੰਧ ਸੀ (ਰੋਮੀਆਂ 4:18); ਤੀਜਾ, ਅਬਰਾਹਾਮ ਅਕਸਰ ਯਹੋਵਾਹ ਨਾਲ ਗੱਲ ਕਰਦਾ ਹੁੰਦਾ ਸੀ; ਅਤੇ ਚੌਥਾ, ਜਦੋਂ ਅਬਰਾਹਾਮ ਪਰਮੇਸ਼ੁਰ ਦੇ ਨਿਰਦੇਸ਼ਨ ਅਨੁਸਾਰ ਚੱਲਦਾ ਸੀ, ਤਾਂ ਯਹੋਵਾਹ ਉਸ ਦੀ ਮਦਦ ਕਰਦਾ ਸੀ। ਇਹੋ ਚੀਜ਼ਾਂ ਅੱਜ ਸਾਡੀ ਨਿਹਚਾ ਨੂੰ ਵੀ ਮਜ਼ਬੂਤ ਕਰ ਸਕਦੀਆਂ ਹਨ।—w-PJ 1/1, ਸਫ਼ੇ 17, 18.
◻ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ ਕਿ “ਸਾਨੂੰ ਪਰਤਾਵੇ ਵਿੱਚ ਨਾ ਲਿਆ”? (ਮੱਤੀ 6:13)
ਅਸੀਂ ਪਰਮੇਸ਼ੁਰ ਤੋਂ ਮੰਗ ਰਹੇ ਹਾਂ ਕਿ ਉਹ ਸਾਨੂੰ ਅਸਫ਼ਲ ਨਾ ਹੋਣ ਦੇਵੇ ਜਦੋਂ ਅਸੀਂ ਉਸ ਪ੍ਰਤੀ ਅਣਆਗਿਆਕਾਰ ਹੋਣ ਲਈ ਪਰਤਾਏ ਜਾਂਦੇ ਹਾਂ। ਯਹੋਵਾਹ ਸਾਡੀ ਅਗਵਾਈ ਕਰ ਸਕਦਾ ਹੈ ਤਾਂਕਿ ਅਸੀਂ ਹਾਰ ਨਾ ਮੰਨੀਏ ਅਤੇ ਸ਼ਤਾਨ, ਯਾਨੀ ਕਿ ‘ਬੁਰੇ’ ਨਾਲ ਮਿਲ ਨਾ ਜਾਈਏ। (1 ਕੁਰਿੰਥੀਆਂ 10:13)—w-PJ 1/1, ਸਫ਼ਾ 25.
◻ ਗ਼ਲਤੀ ਕਰਨ ਤੋਂ ਬਾਅਦ ਪਰਮੇਸ਼ੁਰ ਤੋਂ ਮਾਫ਼ੀ ਹਾਸਲ ਕਰਨ ਲਈ ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ?
ਪਰਮੇਸ਼ੁਰ ਦੇ ਸਾਮ੍ਹਣੇ ਗ਼ਲਤੀ ਕਬੂਲ ਕਰਨ ਦੇ ਨਾਲ-ਨਾਲ ਤੋਬਾ ਕਰਨੀ ਅਤੇ “ਤੋਬਾ ਦੇ ਲਾਇਕ ਫਲ” ਦੇਣ ਦੀ ਜ਼ਰੂਰਤ ਹੈ। (ਲੂਕਾ 3:8) ਇਕ ਪਸ਼ਚਾਤਾਪੀ ਰਵੱਈਆ ਅਤੇ ਗ਼ਲਤੀ ਨੂੰ ਸੁਧਾਰਨ ਦੀ ਇੱਛਾ ਸਾਨੂੰ ਮਸੀਹੀ ਬਜ਼ੁਰਗਾਂ ਦੀ ਅਧਿਆਤਮਿਕ ਮਦਦ ਭਾਲਣ ਲਈ ਪ੍ਰੇਰਿਤ ਕਰਨਗੇ। (ਯਾਕੂਬ 5:13-15)—w-PJ 1/1, ਸਫ਼ੇ 29, 30.
◻ ਸਾਨੂੰ ਨਿਮਰ ਹੋਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
ਇਕ ਨਿਮਰ ਵਿਅਕਤੀ ਧੀਰਜਵਾਨ ਹੁੰਦਾ ਹੈ, ਅਤੇ ਉਹ ਆਪਣੇ ਆਪ ਨੂੰ ਉੱਚਾ ਨਹੀਂ ਸਮਝਦਾ। ਨਿਮਰਤਾ ਸੱਚੇ ਮਿੱਤਰਾਂ ਨੂੰ ਭਾਉਂਦੀ ਹੈ ਜੋ ਤੁਹਾਨੂੰ ਪ੍ਰੇਮ ਕਰਦੇ ਹਨ। ਇਸ ਤੋਂ ਵੱਧ, ਇਹ ਯਹੋਵਾਹ ਦੀ ਬਰਕਤ ਲਿਆਉਂਦੀ ਹੈ। (ਕਹਾਉਤਾਂ 22:4)—w-PJ 2/1, ਸਫ਼ਾ 7.
◻ ਯਿਸੂ ਦੀ ਮੌਤ ਅਤੇ ਆਦਮ ਦੀ ਮੌਤ ਵਿਚਕਾਰ ਕਿਹੜਾ ਮਹੱਤਵਪੂਰਣ ਫ਼ਰਕ ਹੈ?
ਆਦਮ ਨੂੰ ਮਰਨਾ ਚਾਹੀਦਾ ਸੀ ਕਿਉਂਕਿ ਉਸ ਨੇ ਜਾਣ-ਬੁੱਝ ਕੇ ਆਪਣੇ ਸ੍ਰਿਸ਼ਟੀਕਰਤਾ ਦੀ ਅਵੱਗਿਆ ਕੀਤੀ। (ਉਤਪਤ 2:16, 17) ਇਸ ਦੀ ਤੁਲਨਾ ਵਿਚ, ਯਿਸੂ ਨੂੰ ਬਿਲਕੁਲ ਨਹੀਂ ਮਰਨਾ ਚਾਹੀਦਾ ਸੀ ਕਿਉਂਕਿ ਉਸ ਨੇ “ਕੋਈ ਪਾਪ ਨਹੀਂ ਕੀਤਾ।” (1 ਪਤਰਸ 2:22) ਇਸ ਲਈ ਜਦੋਂ ਯਿਸੂ ਮਰਿਆ, ਉਸ ਕੋਲ ਇਕ ਬਹੁਤ ਕੀਮਤੀ ਚੀਜ਼ ਸੀ ਜੋ ਪਾਪੀ ਆਦਮ ਕੋਲ ਉਸ ਦੇ ਮਰਨ ਦੇ ਸਮੇਂ ਤੇ ਨਹੀਂ ਸੀ—ਸੰਪੂਰਣ ਮਨੁੱਖੀ ਜੀਵਨ ਦਾ ਹੱਕ। ਇਸ ਲਈ, ਯਿਸੂ ਦੀ ਮੌਤ ਇਕ ਰਿਹਾਈ-ਕੀਮਤ ਬਲੀਦਾਨ ਵਜੋਂ ਮਨੁੱਖਜਾਤੀ ਲਈ ਕੰਮ ਕਰਦੀ ਹੈ।—w-PJ 2/1, ਸਫ਼ਾ 22.
◻ ਹਿਜ਼ਕੀਏਲ ਦੇ ਭਵਿੱਖ-ਸੂਚਕ ਦਰਸ਼ਣ ਵਿਚ ਦੇਖਿਆ ਗਿਆ ਸ਼ਹਿਰ ਕਿਸ ਚੀਜ਼ ਨੂੰ ਦਰਸਾਉਂਦਾ ਸੀ?
ਕਿਉਂਕਿ ਇਹ ਸ਼ਾਮਲਾਤ ਜ਼ਮੀਨ (ਜਿਸ ਨੂੰ ਪਵਿੱਤਰ ਨਹੀਂ ਠਹਿਰਾਇਆ ਗਿਆ) ਦੇ ਵਿਚਕਾਰ ਸਥਿਤ ਹੈ ਇਹ ਕੋਈ ਜ਼ਮੀਨੀ ਚੀਜ਼ ਹੋਵੇਗੀ। ਇਸ ਲਈ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸ਼ਹਿਰ ਧਰਤੀ ਉੱਤੇ ਉਸ ਪ੍ਰਬੰਧਕੀ ਵਿਵਸਥਾ ਨੂੰ ਦਰਸਾਉਂਦਾ ਹੈ ਜੋ ਜ਼ਮੀਨ ਉੱਤੇ ਪੂਰੇ ਧਰਮੀ ਭਾਈਚਾਰੇ ਨੂੰ ਲਾਭ ਪਹੁੰਚਾਉਂਦੀ ਹੈ।—w-PJ 3/1, ਸਫ਼ਾ 13.
◻ ਯਿਸੂ ਨੇ 33 ਸਾ.ਯੁ. ਵਿਚ ਪਸਾਹ ਦਾ ਤਿਉਹਾਰ ਮਨਾਉਂਦੇ ਸਮੇਂ ਆਪਣੇ ਚੇਲਿਆਂ ਦੇ ਪੈਰ ਕਿਉਂ ਧੋਤੇ ਸਨ?
ਯਿਸੂ ਪੈਰ ਧੋਣ ਦੀ ਕੋਈ ਰੀਤ ਨਹੀਂ ਸਥਾਪਿਤ ਕਰ ਰਿਹਾ ਸੀ। ਇਸ ਦੀ ਬਜਾਇ, ਉਹ ਆਪਣਿਆਂ ਰਸੂਲਾਂ ਦੀ ਇਕ ਨਵਾਂ ਰਵੱਈਆ ਅਪਣਾਉਣ ਵਿਚ ਮਦਦ ਕਰ ਰਿਹਾ ਸੀ, ਅਜਿਹਾ ਨਿਮਰ ਰਵੱਈਆ ਜਿਸ ਨਾਲ ਇਕ ਵਿਅਕਤੀ ਆਪਣਿਆਂ ਭਰਾਵਾਂ ਲਈ ਸਭ ਤੋਂ ਨੀਵਾਂ ਕੰਮ ਕਰਨ ਲਈ ਵੀ ਤਿਆਰ ਹੋਵੇਗਾ।—w-PJ 3/1, ਸਫ਼ਾ 30.
◻ ਦੂਸਰਿਆਂ ਨੂੰ ਸਿਖਾਉਣ ਵਿਚ, ਕੁਦਰਤੀ ਯੋਗਤਾਵਾਂ ਨਾਲੋਂ ਜ਼ਿਆਦਾ ਜ਼ਰੂਰੀ ਕੀ ਹੈ?
ਇਹ ਸੱਚਾਈ ਵਿਚ ਸਾਡੀਆਂ ਆਦਤਾਂ ਅਤੇ ਸਾਡੇ ਗੁਣ ਹਨ ਜਿਨ੍ਹਾਂ ਦੀ ਰੀਸ ਸਾਡੇ ਸਿੱਖਿਆਰਥੀ ਕਰ ਸਕਦੇ ਹਨ। (ਲੂਕਾ 6:40; 2 ਪਤਰਸ 3:11)—w-PJ 3/1, ਸਫ਼ੇ 20, 21.
◻ ਪਬਲਿਕ ਭਾਸ਼ਣਕਾਰ ਆਪਣੀ ਬਾਈਬਲ ਦੀ ਪੜ੍ਹਾਈ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਨ?
ਵਾਰ-ਵਾਰ ਪੜ੍ਹਨ ਦਾ ਅਭਿਆਸ ਕਰਨ ਦੁਆਰਾ। ਜੀ ਹਾਂ, ਉੱਚੀ ਆਵਾਜ਼ ਵਿਚ ਮੁੜ-ਮੁੜ ਕੇ ਉਦੋਂ ਤਕ ਪੜ੍ਹੀ ਜਾਣਾ ਜਦੋਂ ਤਕ ਉਹ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹਨ। ਜੇਕਰ ਬਾਈਬਲ ਦੀਆਂ ਆਡੀਓ-ਕੈਸੇਟਾਂ ਮਿਲ ਸਕਦੀਆਂ ਹਨ ਤਾਂ ਚੰਗਾ ਹੋਵੇਗਾ ਜੇ ਉਹ ਉਸ ਵਿਚ ਪੜ੍ਹਨ ਵਾਲੇ ਦੀ ਆਵਾਜ਼ ਸੁਣਨ ਅਤੇ ਦੇਖਣ ਕਿ ਉਹ ਅਰਥ ਉੱਤੇ ਜ਼ੋਰ ਦੇਣ ਲਈ ਕਿਸ ਤਰ੍ਹਾਂ ਆਪਣੀ ਆਵਾਜ਼ ਉੱਚੀ-ਨੀਵੀਂ ਕਰਦਾ ਹੈ ਅਤੇ ਧਿਆਨ ਦੇਣ ਕਿ ਉਹ ਨਾਂ ਅਤੇ ਅਸਾਧਾਰਣ ਸ਼ਬਦ ਕਿਸ ਤਰ੍ਹਾਂ ਕਹਿੰਦਾ ਹੈ।—w-PJ 3/1, ਸਫ਼ਾ 29.
◻ ਬਾਈਬਲ ਵਿਚ ਜਿਸ ਚੀਜ਼ ਨੂੰ ਆਤਮਾ ਕਿਹਾ ਗਿਆ ਹੈ, ਉਹ ਇਕ ਵਿਅਕਤੀ ਦੇ ਮਰਨ ਤੇ ਕਿਸ ਤਰ੍ਹਾਂ ‘ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ’? (ਉਪਦੇਸ਼ਕ ਦੀ ਪੋਥੀ 12:7)
ਬਾਈਬਲ ਵਿਚ “ਆਤਮਾ” ਦਾ ਅਰਥ ਜੀਵਨ-ਸ਼ਕਤੀ ਹੈ, ਅਤੇ ਇਹ ਇਸ ਭਾਵ ਵਿਚ ‘ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ’ ਕਿ ਭਵਿੱਖ ਵਿਚ ਵਿਅਕਤੀ ਦੇ ਜੀਵਨ ਦੀ ਆਸ ਹੁਣ ਪੂਰੀ ਤਰ੍ਹਾਂ ਪਰਮੇਸ਼ੁਰ ਉੱਤੇ ਨਿਰਭਰ ਕਰਦੀ ਹੈ। ਸਿਰਫ਼ ਪਰਮੇਸ਼ੁਰ ਹੀ ਦੁਬਾਰਾ ਆਤਮਾ ਜਾਂ ਜੀਵਨ-ਸ਼ਕਤੀ ਦੇ ਸਕਦਾ ਹੈ, ਜਿਸ ਨਾਲ ਇਕ ਵਿਅਕਤੀ ਦੁਬਾਰਾ ਜੀਉਂਦਾ ਹੋ ਜਾਵੇਗਾ। (ਜ਼ਬੂਰ 104:30)—w-PJ 4/1, ਸਫ਼ਾ 17.